ਪਲੀਤ ਹੋਏ ਅੰਗ-ਸਾਕ ( ਪੰਜਾਬੀ ਜਾਗਰਣ –– 28th April, 2024
ਵਰਿੰਦਰ ਵਾਲੀਆ
ਲਹੂ ਚਿੱਟਾ ਹੋ ਜਾਵੇ ਤਾਂ ਇਸ ਦੀ ਮਹਿਕ ਕਾਫ਼ੂਰ ਹੋ ਜਾਂਦੀ ਹੈ। ਰਿਸ਼ਤਿਆਂ ਦਾ ਗਵਾਚਾ ਨਿੱਘ ਫਿਰ ਸਿਵਿਆਂ ਦੀ ਅੱਗ ’ਚੋਂ ਹੀ ਲੱਭਦਾ ਹੈ। ਕਲਯੁੱਗ ਵਿਚ ਮੋਹ-ਮੁਹੱਬਤ ਦੀਆਂ ਤੰਦਾਂ ਤੜੱਕ ਕਰ ਕੇ ਟੁੱਟਣਾ ਆਮ ਵਰਤਾਰਾ ਹੋ ਗਿਆ ਹੈ। ਸਰਹੱਦੀ ਜ਼ਿਲ੍ਹੇ ਫ਼ਿਰੋਜ਼ਪੁਰ ਵਿਚ ਵਾਪਰੀਆਂ ਦੋ ਹੌਲਨਾਕ ਘਟਨਾਵਾਂ ਇਸ ਦੀ ਤਾਜ਼ਾ ਉਦਾਹਰਨ ਹਨ। ਪਹਿਲੀ ਹਿਰਦੇਵੇਧਕ ਘਟਨਾ ਪਿੰਡ ਗੋਗੋਆਈ (ਮੱਲਾਂਵਾਲਾ) ਦੀ ਹੈ। ਨਿਹੰਗ ਬਾਣੇ ਵਿਚ ਨੌਜਵਾਨ ਕਲਯੁੱਗੀ ਪੁੱਤਰ ਰਵਾਇਤੀ ਹਥਿਆਰਾਂ ਨਾਲ ਆਪਣੇ ਬਜ਼ੁਰਗ ਮਾਂ-ਬਾਪ ਦੀ ਭਜਾ-ਭਜਾ ਕੇ ਇਸ ਤਰ੍ਹਾਂ ਧੁਨਾਈ ਕਰਦਾ ਹੈ ਜਿਵੇਂ ਉਹ ਉਨ੍ਹਾਂ ਦਾ ਆਪਣਾ ਜਣਿਆ ਨਹੀਂ ਸਗੋਂ ਕੋਈ ਜਾਨੀ ਦੁਸ਼ਮਣ ਹੋਵੇ।
ਬੇਦਖ਼ਲ ਕੀਤਾ ਹੋਇਆ ਕਪੁੱਤਰ ਆਪਣੇ ਚਾਰ ਹੋਰ ਸਾਥੀਆਂ ਸਣੇ ਘਰ ਵਿਚ ਘੁਸਪੈਠ ਕਰ ਕੇ ਉਨ੍ਹਾਂ ਨੂੰ ਪਹਿਲਾਂ ਲੁੱਟਦਾ ਤੇ ਫਿਰ ਬੁਰੀ ਤਰ੍ਹਾਂ ਕੁੱਟਦਾ ਹੈ। ਨੰਗੇ ਸਿਰ ਕੱਛਾ-ਬਨੈਣ ਪਾਈ ਫੱਟੜ ਬਾਪ ਦੌੜ ਕੇ ਆਪਣੀ ਜਾਨ ਬਚਾਉਂਦਾ ਹੈ। ਨੀਲੇ ਬਾਣੇ ਵਾਲੇ ਵੱਲੋਂ ਬਾਪ ਦੇ ਸਰੀਰ ’ਤੇ ਪਾਏ ਨੀਲ ਨਿਸ਼ਚੇ ਹੀ ਜੱਗੋਂ ਤੇਰਵੀਂ ਘਟਨਾ ਹੈ। ਘਰ ਵਿਚ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਇਹ ਵਾਰਦਾਤ ਰੌਂਗਟੇ ਖੜ੍ਹੇ ਕਰਨ ਵਾਲੀ ਹੈ। ਸਿੱਖੀ ਵਿਚ ਬਾਣੀ ਤੇ ਬਾਣੇ ਦਾ ਸੁਮੇਲ ਹੈ। ਨਿਹੰਗ ਸ਼ਬਦ ਫ਼ਾਰਸੀ ’ਚੋਂ ਤਤਸਮ ਰੂਪ ਵਿਚ ਆਇਆ ਹੈ। ‘ਅਰਬੀ ਫ਼ਾਰਸੀ ’ਚੋਂ ਉਤਪੰਨ ਪੰਜਾਬੀ ਸ਼ਬਦਾਬਲੀ’ ਕੋਸ਼ ਨੇ ਨਿਹੰਗ (ਨਹੰਗ) ਦਾ ਸ਼ਾਬਦਿਕ ਅਰਥ ਨਿਰਦੋਸ਼, ਨਿਸ਼ਕਲੰਕ, ਬੇਦਾਗ਼, ਸਾਫ਼, ਖ਼ਾਲਿਸ, ਮਗਰਮੱਛ, ਤਲਵਾਰ, ਕਲਮ ਤੇ ਆਕਾਸ਼ ਕੀਤਾ ਹੈ। ਇਸ ਤੋਂ ਇਲਾਵਾ ਨਿਹੰਗ ਦੀ ਵਿਆਖਿਆ ‘ਅੰਮ੍ਰਿਤਧਾਰੀ ਸਿੱਖਾਂ ਦੀ ਇਕ ਸੰਪ੍ਰਦਾਇ, ਗੁਰੂ ਦੀਆਂ ਲਾਡਲੀਆਂ ਫ਼ੌਜਾਂ ਦਾ ਸਿਪਾਹੀ ਤੇ ਅਕਾਲੀ’ ਵਜੋਂ ਕੀਤੀ ਹੈ। ਇਕ ਸਮਾਂ ਸੀ ਜਦੋਂ ਅਣਜਾਣ ਲੋਕ ਕਿਸੇ ਨਿਹੰਗ ਦੀ ਮੌਜੂਦਗੀ ’ਚ ਖ਼ੁਦ ਨੂੰ ਸੁਰੱਖਿਅਤ ਮਹਿਸੂਸ ਕਰਦੇ ਸਨ। ਪੰਜਾਬ ਦਾ ਅਖਾਣ-‘ਆਏ ਨੀ ਨਿਹੰਗ, ਬੂਹਾ ਖੋਲ੍ਹ ਦੇ ਨਿਸੰਗ’ ਇਸ ਤੱਥ ਦੀ ਸ਼ਾਹਦੀ ਭਰਦਾ ਹੈ। ਉਪਰੋਕਤ ਘਟਨਾ ਵਿਚ ਪੀੜਤ ਮਾਂ-ਬਾਪ ਦੇ ‘ਲਾਡਲੇ’ ਨੇ ਗੁਰੂ ਦੀਆਂ ਲਾਡਲੀਆਂ ਫ਼ੌਜਾਂ ਦੇ ਬਾਣੇ ਨੂੰ ਦਾਗ਼ ਲਗਾਇਆ ਹੈ। ਬਜ਼ੁਰਗ ਅੰਗਰੇਜ਼ ਸਿੰਘ ਤੇ ਉਸ ਦੀ ਬਿਰਧ ਪਤਨੀ ਜਸਬੀਰ ਕੌਰ ਨੇ ਜ਼ਾਰ-ਜ਼ਾਰ ਰੋਂਦਿਆਂ ਦੱਸਿਆ ਕਿ ਜਦੋਂ ਉਨ੍ਹਾਂ ਦਾ ਬੇਦਖ਼ਲ ਕੀਤਾ ਹੋਇਆ ਵੱਡਾ ਮੁੰਡਾ ਲਵਪ੍ਰੀਤ ਸਾਥੀਆਂ ਸਣੇ ਘਰ ਆਣ ਧਮਕਿਆ ਤਾਂ ਉਨ੍ਹਾਂ ਨੂੰ ਪਹਿਲਾਂ ਬਿਠਾ ਕੇ ਪਾਣੀ-ਧਾਣੀ ਪਿਲਾਇਆ ਗਿਆ ਜੋ ਸੀਸੀਟੀਵੀ ਫੁਟੇਜ ਵਿਚ ਸਾਫ਼ ਦਿਖਾਈ ਦਿੰਦਾ ਹੈ। ਪੈਸੇ ਮੰਗਣ ’ਤੇ ਤੂੰ-ਤੂੰ, ਮੈਂ-ਮੈਂ ਹੋਈ ਤਾਂ ਲਵਪ੍ਰੀਤ ਨੇ ਆਪਣੇ ਪਿਤਾ ’ਤੇ ਬੇਸਬਾਲ ਤੇ ਫਿਰ ਗੰਡਾਸੇ ਨਾਲ ਜਾਨਲੇਵਾ ਹਮਲਾ ਕਰ ਦਿੱਤਾ। ਇਸ ਤੋਂ ਪਹਿਲਾਂ ਵੀ ਉਸ ਨੇ ਆਪਣੇ ਮਾਮੇ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਸੀ ਜਿਸ ਤੋਂ ਬਾਅਦ ਉਸ ਦੇ ਸਿਰ ’ਤੇ ਕਈ ਟਾਂਕੇ ਲੱਗੇ ਸਨ। ਬਜ਼ੁਰਗ ਜੋੜੇ ਨੇ ਕਿਹਾ ਕਿ ਕੁਝ ਸਾਲ ਪਹਿਲਾਂ ਉਨ੍ਹਾਂ ਨੇ ਲਵਪ੍ਰੀਤ ਨੂੰ ਲੱਖਾਂ ਰੁਪਏ ਖ਼ਰਚ ਕੇ ਕੈਨੇਡਾ ਭੇਜਿਆ ਸੀ ਪਰ ਉਹ ਸਾਲ ਬਾਅਦ ਹੀ ਪੜ੍ਹਾਈ ਵਿੱਚੇ ਛੱਡ ਕੇ ਆ ਗਿਆ। ਵਤਨ ਵਾਪਸੀ ਤੋਂ ਬਾਅਦ ਉਹ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਵਹੀਰ ਵਿਚ ਸ਼ਾਮਲ ਹੋ ਕੇ ਬਾਣਾ ਪਾਉਣ ਲੱਗ ਪਿਆ। ਅੱਥਰੇ ਮੁੰਡੇ ਨੇ ਫਿਰ ਘਰਦਿਆਂ ਤੇ ਰਿਸ਼ਤੇਦਾਰਾਂ ਨੂੰ ਡਰਾਉਣਾ ਧਮਕਾਉਣਾ ਸ਼ੁਰੂ ਕਰ ਦਿੱਤਾ। ਬਜ਼ੁਰਗ ਜੋੜਾ ਕਹਿ ਰਿਹਾ ਹੈ ਕਿ ਉਸ ਨੇ ਆਪਣੇ ਖ਼ਾਨਦਾਨ ਨੂੰ ਹੀ ਵੱਟਾ ਨਹੀਂ ਲਾਇਆ ਸਗੋਂ ਸਿੱਖੀ ਨੂੰ ਵੀ ਕਲੰਕਿਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਦੋਂ ਆਪਣਾ ਖ਼ੂਨ ਹੀ ਆਪਣਿਆਂ ਦੇ ਖ਼ੂਨ ਦਾ ਪਿਆਸਾ ਹੋ ਜਾਵੇ ਤਾਂ ਇਹ ਪਰਲੋ ਤੋਂ ਘੱਟ ਨਹੀਂ ਹੁੰਦਾ। ਔਲਾਦ ਦੇ ਸਿਰ ’ਤੇ ਬੰਦਾ ਉੱਡਦਾ ਫਿਰਦਾ ਹੈ। ਬਿਰਧ ਮਾਂ-ਬਾਪ ਦੀ ਡੰਗੋਰੀ ਬਣਨ ਦੀ ਬਜਾਏ ਉਨ੍ਹਾਂ ਦੀਆਂ ਲੱਤਾਂ-ਬਾਹਾਂ ਤੋੜਨ ਵਾਲੇ ਕਾਲੇ ਕਾਰਨਾਮੇ ਨੂੰ ਘੋਰ ਪਾਪ ਹੀ ਕਿਹਾ ਜਾ ਸਕਦਾ ਹੈ। ਇਸ ਜੋੜੇ ਨੇ ਪਤਾ ਨਹੀਂ ਕਿੰਨੀਆਂ ਕੁ ਸੁੱਖਣਾ ਸੁੱਖ ਕੇ ਔਲਾਦ ਦੀ ਦਾਤ ਪ੍ਰਾਪਤ ਕੀਤੀ ਹੋਵੇਗੀ ਜਿਸ ਨੇ ਉਨ੍ਹਾਂ ਨੂੰ ਢਲਦੀ ਉਮਰੇ ਕਿਸੇ ਨੂੰ ਮੂੰਹ ਦਿਖਾਉਣ ਜੋਗਾ ਨਹੀਂ ਛੱਡਿਆ। ਉਮਰਾਂ ਦਾ ਝੋਰਾ ਝੋਲੀ ਪਾਉਣ ਵਾਲੇ ਨਕਲੀ ਨਿਹੰਗ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ ਤੇ ਉਸ ਦੇ ਸਾਥੀਆਂ ਦੀ ਭਾਲ ਜਾਰੀ ਹੈ। ਅਸੀਸਾਂ ਦੀ ਛਹਿਬਰ ਦੀ ਬਜਾਏ ਬਜ਼ੁਰਗ ਜੋੜਾ ਆਪਣੇ ਜਾਏ ਨੂੰ ਦੁਰਅਸੀਸਾਂ ਦਿੰਦਾ ਹੋਇਆ ਅੰਤਾਂ ਦੀ ਪੀੜ ਹੰਢਾ ਰਿਹਾ ਹੈ। ਔਲਾਦ ਤਾਂ ਅਗਲੀਆਂ ਪੀੜ੍ਹੀਆਂ ਨਾਲ ਖ਼ੂਨ ਦੀ ਗੰਢ ਪਾਉਂਦੀ ਹੈ। ਗੁਰਬਾਣੀ ਦਾ ਮੁੱਖਵਾਕ ਹੈ, ‘‘ਕੈਹਾ ਕੰਚਨ ਤੁਟੈ ਸਾਰ, ਅਗਨੀ ਗੰਢੁ ਪਾਏ ਲੋਹਾਰ/ ਗੋਰੀ ਸੇਤੀ ਤੁਟੈ ਭਤਾਰੁ, ਪੁਤੀਂ ਗੰਢੁ ਪਵੈ ਸੰਸਾਰ।’’ ਹਤਾਸ਼ ਮਾਂ-ਬਾਪ ਨੇ ਜਿਊਂਦੇ ਜੀਅ ਆਪਣੇ ਪੁੱਤਰ ਨਾਲੋਂ ਨਾਤਾ ਤੋੜ ਲਿਆ ਹੈ। ਅਜਿਹਾ ਕਰਮ ਤਾਂ ਕਿਸੇ ਦੇ ਦਾਹ-ਸੰਸਕਾਰ ਵੇਲੇ ਸਿਵਿਆਂ ਵਿਚ ਤੋੜੇ ਤਿਣਕੇ ਵਰਗਾ ਮਹਿਸੂਸ ਹੁੰਦਾ ਹੈ। ਕਲਯੁੱਗ ਵਿਚ ਪਸ਼ੂ-ਬਿਰਤੀ/ਕਬਾਇਲੀ ਮਾਨਸਿਕਤਾ ਵਾਲੀ ਔਲਾਦ ਸਹਿਜੇ ਹੀ ਮਿਲ ਜਾਂਦੀ ਹੈ ਪਰ ਸਰਵਣ ਪੁੱਤਰ ਕਿਧਰੇ ਨਜ਼ਰੀਂ ਨਹੀਂ ਪੈਂਦੇ। ਰਿਸ਼ਤੇ-ਨਾਤਿਆਂ ਵਿਚ ਆਈਆਂ ਤਰੇੜਾਂ ਫਿਰੋਜ਼ਪੁਰ ਦੀ ਇਕ ਹੋਰ ਘਟਨਾ ਤੋਂ ਵੀ ਉਜਾਗਰ ਹੁੰਦੀਆਂ ਹਨ। ਇਸ ਸਨਸਨੀਖੇਜ਼ ਘਟਨਾ ਵਿਚ ਪਰਿਵਾਰ ਨੇ ਬਿਰਧ ਤੇ ਬਿਮਾਰ ਔਰਤ ਨੂੰ ਘਰ ਦੀ ਛੱਤ ’ਤੇ ਲਾਵਾਰਸ ਛੱਡ ਦਿੱਤਾ ਸੀ। ਪਤੀ ਨੇ ਕਿਸੇ ਹੋਰ ਨਾਲ ਵਿਆਹ ਕਰਵਾ ਲਿਆ ਤੇ ਉਹ ਪੀੜਤ ਔਰਤ ਦਾ ਇਲਾਜ ਵੀ ਨਹੀਂ ਸੀ ਕਰਵਾ ਰਿਹਾ। ਪੀੜ ਨਾਲ ਕਰਾਹ ਰਹੀ ਲਾਚਾਰ ਔਰਤ ਦੀ ਵੀਡੀਓ ਗੁਆਂਢੀ ਨੇ ਬਣਾ ਕੇ ਵਾਇਰਲ ਕੀਤੀ ਤਾਂ ਲੋਕਾਂ ਦੇ ਰੌਂਗਟੇ ਖੜ੍ਹੇ ਹੋ ਗਏ। ਪ੍ਰਸ਼ਾਸਨ ਸੰਵੇਦਨਾ ਤੋਂ ਵਿਹੂਣੇ ਪਰਿਵਾਰ ਦੇ ਬੂਹੇ ’ਤੇ ਦਸਤਕ ਦਿੰਦਾ ਹੈ। ਲੋਕ ਲਾਹਨਤਾਂ ਦੀ ਬਰਸਾਤ ਕਰਦੇ ਹਨ। ਪਰਿਵਾਰ ਦਾ ਮੁਖੀ ਤੇ ਪੀੜਤਾ ਦਾ ਪਤੀ ਜਨਤਕ ਤੌਰ ’ਤੇ ਮਾਫ਼ੀ ਮੰਗਦਾ ਹੈ। ਅਜਿਹਾ ਕਾਰਾ ਵੀ ਰਿਸ਼ਤਿਆਂ ’ਚ ਆਈ ਪਲੀਤਤਾ ਬਾਰੇ ਕਈ ਸਵਾਲ ਉਠਾਉਂਦਾ ਹੈ। ‘ਪੰਜਾਬ ਦੀ ਲੋਕ-ਧਾਰਾ’ ਵਿਚ ਅੰਗ-ਸਾਕ ਬਾਰੇ ਸੋਹਿੰਦਰ ਸਿੰਘ ਬੇਦੀ ਲਿਖਦੇ ਹਨ, ‘‘ਲਹੂ ਦੇ ਰਿਸ਼ਤੇ ਮਨੁੱਖ ਨੂੰ ਰੱਬੋਂ ਦਾਤ ਵਜੋਂ ਮਿਲਦੇ ਹਨ ਤੇ ਸਹਿਜ ਭਾਵ ’ਚ ਹੀ ਉਸ ਦੇ ਜੀਵਨ ਦਾ ਅੰਗ ਬਣਦੇ ਹਨ ਪਰ ਅਲਹੂ ਦੇ ਰਿਸ਼ਤੇ ਉਹ ਖ਼ੁਦ ਸਿਰਜਦਾ ਹੈ। ਜੀਵਨ ਦੀ ਫੁਲਕਾਰੀ ਵਿਚ ਸਭ ਤੋਂ ਪੀਡੀ ਤੰਦ ਲਹੂ-ਮਾਸ ਦੀ ਹੁੰਦੀ ਹੈ ਜੋ ਫਿੱਕੀ ਭਾਵੇਂ ਪੈ ਜਾਵੇ ਪਰ ਜਿਊਂਦੇ ਜੀਅ ਗਲ ਕੇ ਟੁੱਟਦੀ ਨਹੀਂ। ਰਿਸ਼ਤੇਦਾਰੀਆਂ ਦੀ ਫੁਲਕਾਰੀ ’ਚ ਹਰ ਤੰਦ ਦਾ ਆਪਣਾ ਰੰਗ ਤੇ ਸੁਹਜ ਹੁੰਦਾ ਹੈ...ਵਿਆਹੀ ਇਸਤਰੀ ਦਾ ਜੀਵਨ ਦੋ ਚੂਲਾਂ ਦੁਆਲੇ ਘੁੰਮਦਾ ਹੈ-ਪੇਕੇ ਤੇ ਸਹੁਰੇ। ਪੇਕਿਆਂ ਵਿਚ ਉਸ ਦੇ ਆਪਣੇ ਲਹੂ ਦੀ ਮਹਿਕ ਹੁੰਦੀ ਹੈ ਤੇ ਸਹੁਰਿਆਂ ਵਿਚ ਪਤੀ ਦੇ ਲਹੂ ਦੀ। ਇਕ ਵਿਚ ਉਸ ਦਾ ਦਿਲ ਹੁੰਦਾ ਹੈ ਤਾਂ ਦੂਜੇ ਵਿਚ ਧੜਕਣ। ਉਹ ਦੋਹਾਂ ਦੇ ਹੁਲਾਸ ਵਿਚ ਵਿਗਸਦੀ ਹੈ।’’ ਫ਼ਿਰੋਜ਼ਪੁਰ ਦੀਆਂ ਉਪਰੋਕਤ ਦੋਵੇਂ ਘਟਨਾਵਾਂ ਪੰਜਾਬ ਦੀ ਲੋਕ-ਧਾਰਾ ਦਾ ਬਿਲਕੁਲ ਹਿੱਸਾ ਨਹੀਂ ਜਾਪਦੀਆਂ। ਅਮੀਰ ਲੋਕ-ਧਾਰਾ ਨੂੰ ਪ੍ਰਦੂਸ਼ਿਤ ਕਰਨ ਦੇ ਕਾਰਨਾਂ ਨੂੰ ਖੋਜਣਾ ਸਮੇਂ ਦੀ ਲੋੜ ਹੈ।