VARINDER WALIA

ਹਰਮਨਪਿਆਰਾ ਕਾਲਮ –– ਹਰਫ਼ ਹਮੇਸ਼ / POPULAR COLUMN -- HARPH HAMESH

ਤੱਤੀਆਂ ਤਕਰੀਰਾਂ ਨਾਲ ਉੱਬਲਦਾ ਖ਼ੂਨ ( ਪੰਜਾਬੀ ਜਾਗਰਣ –– 8th June, 2022)

ਵਰਿੰਦਰ ਵਾਲੀਆ

ਅਕਾਲ ਤਖ਼ਤ ਸਾਹਿਬ ਮੀਰੀ-ਪੀਰੀ ਦਾ ਮਹਾਨ ਅਸਥਾਨ ਹੋਣ ਨਾਤੇ ਸਿੱਖ ਧਾਰਮਿਕ ਪ੍ਰਭੂਸੱਤਾ ਦਾ ਮੁੱਖ ਕੇਂਦਰ ਹੈ ਜਿੱਥੋਂ ਸਿੱਖ ਸਿਧਾਂਤਾਂ, ਰਹਿਤ-ਮਰਿਆਦਾ ਜਾਂ ਕੌਮੀ ਮਸਲਿਆਂ/ਚੁਣੌਤੀਆਂ ਸਬੰਧੀ ਰਹਿਨੁਮਾਈ ਲਈ ਹੁਕਮਨਾਮੇ/ਆਦੇਸ਼ ਜਾਰੀ ਕੀਤੇ ਜਾਂਦੇ ਹਨ। ਸਿੱਖਾਂ ਦੀ ਸਿਰਮੌਰ ਸੰਸਥਾ ਦੇ ਰਹਿਬਰ ਮੰਨੇ ਜਾਣ ਕਰਕੇ ਹਰ ਨਾਨਕ ਨਾਮਲੇਵਾ, ਜਥੇਦਾਰ ਅਕਾਲ ਤਖ਼ਤ ਦੇ ਕਿਸੇ ਵੀ ਹੁਕਮਨਾਮੇ ਨੂੰ ਅਕਾਲ ਪੁਰਖ ਦਾ ਹੁਕਮ ਸਮਝ ਕੇ ਮੰਨਦਾ ਆਇਆ ਹੈ। ਇਕ ਸਮਾਂ ਸੀ ਜਦੋਂ ਕੋਈ ਵੀ ਸਿੱਖ ਸ੍ਰੀ ਅਕਾਲ ਤਖ਼ਤ ਦੀ ਫ਼ਸੀਲ ਤੋਂ ਜਾਰੀ ਕੀਤੇ ਜਾਂਦੇ ਕਿਸੇ ਵੀ ਆਦੇਸ਼ ’ਤੇ ਕਿੰਤੂ-ਪ੍ਰੰਤੂ ਕਰਨ ਬਾਰੇ ਖ਼ਵਾਬ ਵਿਚ ਵੀ ਨਹੀਂ ਸੀ ਸੋਚਦਾ।

ਇੱਥੋਂ ਤਕ ਕਿ ਗ਼ੈਰ-ਸਿੱਖ ਵੀ ਸ਼ਰਧਾ ਵਸ ਹੁਕਮਨਾਮਿਆਂ ਦੀ ਆਲੋਚਨਾ ਕਰਨ ਤੋਂ ਅਕਸਰ ਗੁਰੇਜ਼ ਕਰਦੇ ਸਨ। ਹਰ ਹੁਕਮ ’ਤੇ ਕੌਮ ਸੀਸ ਨਿਵਾਉਂਦੀ ਰਹੀ ਹੈ। ਸਦੀ ਦੇ ਕਰਵਟ ਲੈਣ ਤੋਂ ਪਹਿਲਾਂ ਹੀ ਸਿੱਖ ਪੰਥ ਦੀ ਸਾਜਨਾ ਦੀ ਤ੍ਰੈ-ਸ਼ਤਾਬਦੀ (ਸੰਨ 1999) ਮਨਾਉਣ ਵੇਲੇ ਜਥੇਦਾਰ ਅਕਾਲ ਤਖ਼ਤ ਦੀ ਪਦਵੀ ਵਿਵਾਦਾਂ ਵਿਚ ਘਿਰਨੀ ਸ਼ੁਰੂ ਹੋ ਗਈ ਸੀ। ਇੱਕੀਵੀਂ ਸਦੀ ਦੇ ਆਗ਼ਾਜ਼ ਤੋਂ ਪਹਿਲਾਂ ਹੀ ਸਿੰਘ ਸਾਹਿਬਾਨ ਦੀਆਂ ਤਾਜਪੋਸ਼ੀਆਂ ਅਤੇ ਬਰਖ਼ਾਸਤਗੀਆਂ ’ਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਸਨ। ਜਥੇਦਾਰਾਂ ਨੂੰ ਪੰਥ ’ਚੋਂ ਛੇਕਣਾ ਇਸੇ ਸਦੀ ਦਾ ਵਰਤਾਰਾ ਹੈ ਜਿਸ ਦੀ ਤਵਾਰੀਖ਼ ਵਿਚ ਹੋਰ ਕੋਈ ਮਿਸਾਲ ਨਹੀਂ ਮਿਲਦੀ।

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਪਿੱਛੋਂ ਮੁਤਵਾਜ਼ੀ ਜਥੇਦਾਰਾਂ ਦੀ ਤਾਜਪੋਸ਼ੀ ਨੇ ਵੀ ਕੌਮ ਦੀ ਖਾਨਾਜੰਗੀ ਨੂੰ ਜੱਗ ਜ਼ਾਹਰ ਕੀਤਾ ਹੈ। ਕਈ ਜਥੇਦਾਰਾਂ ’ਤੇ ਪੱਖਪਾਤੀ ਹੋਣ ਦੇ ਵੀ ਦੋਸ਼ ਲੱਗਦੇ ਰਹੇ ਹਨ। ਬੇਅਦਬੀ ਕਾਂਡ ਤੋਂ ਬਾਅਦ ਡੇਰਾ ਸਿਰਸਾ ਮੁਖੀ ਨੂੰ ਅਕਾਲ ਤਖ਼ਤ ਵੱਲੋਂ ਮਾਫ਼ੀ ਦਿੱਤੇ ਜਾਣ ਉਪਰੰਤ ਤਤਕਾਲੀ ਜਥੇਦਾਰ ਅਕਾਲ ਤਖ਼ਤ ’ਤੇ ਤਿੱਖੇ ਸਵਾਲਾਂ ਦੀ ਬੁਛਾੜ ਹੁੰਦੀ ਰਹੀ ਤੇ ਆਖ਼ਰ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਦੀ ਕਮਾਨ ਹੇਠ ਚੱਲ ਰਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਨ੍ਹਾਂ ਨੂੰ ਮਜਬੂਰਨ ਅਹੁਦੇ ਤੋਂ ਫ਼ਾਰਗ ਕਰਨਾ ਪਿਆ ਸੀ।

ਜਥੇਦਾਰ ਅਕਾਲ ਤਖ਼ਤ ਭਾਵੇਂ ਸਿੱਖ ਕੌਮ ਦੀ ਮਾਇਆਨਾਜ਼ ਹਸਤੀ ਹੋਣ ਨਾਤੇ ਖ਼ੁਦਮੁਖਤਿਆਰ ਮੰਨੇ ਜਾਂਦੇ ਹਨ ਪਰ ਸੱਚਾਈ ਇਹ ਹੈ ਕਿ ਸ਼੍ਰੋਮਣੀ ਕਮੇਟੀ ਕੋਲ ਸਿੰਘ ਸਾਹਿਬਾਨ ਦੀ ਨਿਯੁਕਤੀ ਅਤੇ ਉਨ੍ਹਾਂ ਨੂੰ ਬਰਖ਼ਾਸਤ ਕਰਨ ਦੀ ਕਾਨੂੰਨੀ ਤਾਕਤ ਹਾਸਲ ਹੈ। ਸਿੱਖ ਪਰੰਪਰਾ ਅਨੁਸਾਰ ਅਕਾਲ ਤਖ਼ਤ ਤੋਂ ਜਾਰੀ ਕੀਤਾ ਗਿਆ ਹੁਕਮਨਾਮਾ ਵਾਪਸ ਨਹੀਂ ਲਿਆ ਜਾ ਸਕਦਾ। ਇਹੀ ਵਜ੍ਹਾ ਹੈ ਕਿ ਡੇਰਾ ਮੁਖੀ ਨੂੰ ਮਾਫ਼ੀ ਮਿਲਣ ਪਿੱਛੋਂ ਅਕਾਲ ਤਖ਼ਤ ਨੂੰ ਹੁਕਮਨਾਮਾ ਵਾਪਸ ਲੈਣਾ ਪਿਆ ਸੀ ਜਿਸ ਤੋਂ ਬਾਅਦ ਸੱਤਾਧਾਰੀ ਅਕਾਲੀ ਦਲ ਦੀ ਬੇਹੱਦ ਕਿਰਕਿਰੀ ਹੋਈ ਸੀ। ਇਸੇ ਵਜ੍ਹਾ ਕਰਕੇ 10 ਸਾਲ ਮੁਸਲਮਾਨ ਸੱਤਾ ’ਚ ਰਹੇ। ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਪੰਥਕ ਖੋਰਾ ਲੱਗਿਆ ਤੇ 2017 ਵਿਚ ਹੋਈਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਇਸ ਨੂੰ ਸੱਤਾ ਤੋਂ ਬਾਹਰ ਹੋਣਾ ਪਿਆ ਸੀ। ਨਮੋਸ਼ੀ ਭਰੀ ਹਾਰ ਕਾਰਨ ਸ਼੍ਰੋਮਣੀ ਅਕਾਲੀ ਦਲ ਨੂੰ ਵਿਧਾਨ ਸਭਾ ’ਚ ਵਿਰੋਧੀ ਧਿਰ ਬਣਨਾ ਵੀ ਨਸੀਬ ਨਾ ਹੋਇਆ।

ਅਮੀਰ ਵਿਰਾਸਤ ਸੰਭਾਲੀ ਬੈਠੇ ਸ਼੍ਰੋਮਣੀ ਅਕਾਲੀ ਦਲ ਦਾ ਸ਼ਤਾਬਦੀ ਵਰ੍ਹੇ ਅਜਿਹਾ ਹਸ਼ਰ ਕਿਸੇ ਨੇ ਤਸੱਵਰ ਵੀ ਨਹੀਂ ਸੀ ਕੀਤਾ। ਇਸ ਸਾਲ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਦਾ ਮਹਿਜ਼ ਤਿੰਨ ਸੀਟਾਂ ’ਤੇ ਸਿਮਟ ਜਾਣਾ ਨਵਾਂ ਇਤਿਹਾਸ ਸਿਰਜ ਗਿਆ। ਇਸ ਗੱਲ ਦਾ ਮਲਾਲ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ, ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਜ਼ਾਹਰ ਕੀਤਾ ਸੀ ਜਿਸ ਤੋਂ ਬਾਅਦ ਉਹ ਵਿਰੋਧੀਆਂ ਦੇ ਨਿਸ਼ਾਨੇ ’ਤੇ ਆ ਗਏ ਸਨ। ਫਿਰ ਖੇਰੂੰ-ਖੇਰੂੰ ਹੋ ਗਈ ‘ਪੰਥਕ-ਸ਼ਕਤੀ’ ਨੂੰ ਇਕੱਠਾ ਕਰਨ ਦੀਆਂ ਬਾਤਾਂ ਚੱਲ ਪਈਆਂ। ਜਦੋਂ ਸਰਾ ਵਿਸ਼ਵ, ਜਨ-ਸੰਖਿਆ ਵਿਸਫੋਟ ਦੀ ਚਿੰਤਾ ਵਿਚ ਡੁੱਬਿਆ ਹੋਇਆ ਹੈ, ਉਦੋਂ ਕਿਸੇ ਹੋਰ ਜਥੇਦਾਰ ਵੱਲੋਂ ਸਿੱਖਾਂ ਨੂੰ ਵੱਧ ਬੱਚੇ ਪੈਦਾ ਕਰਨ ਦੀਆਂ ਨਸੀਹਤਾਂ ਦੇਣਾ ਮੱਧਕਾਲੀ ਸੋਚ ਵਾਲਾ ਸਮਝਿਆ ਗਿਆ।

ਖ਼ੁਦਕੁਸ਼ੀਆਂ ਦੇ ਰਾਹ ’ਤੇ ਤੁਰੇ ਅੰਨਦਾਤੇ ਲਈ ਅਜਿਹੇ ਮਸ਼ਵਰੇ ਦਿਲ ਦੁਖਾਉਣ ਵਾਲੇ ਸਨ। ਬਦਲਦੇ ਪੰਥਕ ਸਮੀਕਰਨਾਂ ਵਿਚ ਅਕਾਲੀ ਨੇਤਾਵਾਂ ਦੇ ਸੁਰ ਤਿੱਖੇ ਹੋਣੇ ਸੰਭਾਵਿਤ ਸਨ। ਅਕਾਲੀ-ਭਾਜਪਾ ਦੀ ਸਾਂਝੀ ਸਰਕਾਰ ਵੇਲੇ ਠੰਢੇ ਬਸਤੇ ਵਿਚ ਪਏ ਰਹੇ ਕਈ ਮੁੱਦੇ ਅਚਾਨਕ ਇਕ-ਇਕ ਕਰ ਕੇ ਬਾਹਰ ਆ ਗਏ। ਵਿਰੋਧੀ ਕਹਿੰਦੇ ਹਨ ਕਿ ਸੱਤਾ ਤੋਂ ਬਾਹਰ ਹੁੰਦਿਆਂ ਹੀ ਅਕਾਲੀ ਦਲ ਨੂੰ ‘ਪੰਥ ਖ਼ਤਰੇ ਵਿਚ ਹੈ’ ਦਾ ਨਾਅਰਾ ਯਾਦ ਆ ਜਾਂਦਾ ਹੈ। ਅਕਾਲੀ ਦਲ ਧਰਮ ਅਤੇ ਸਿਆਸਤ ਦੇ ਸੁਮੇਲ ’ਚੋਂ ਸੱਤਾ ਹਾਸਲ ਕਰਦਾ ਰਿਹਾ ਹੈ। ਅਜਿਹਾ ਉਹ ਸਿੱਖ ਤਵਾਰੀਖ਼ ਦੇ ਨੁਕਤਾ-ਏ-ਨਿਗਾਹ ਤੋਂ ਵੀ ਦਰੁਸਤ ਮੰਨਦਾ ਹੈ।

ਸਿੱਖ ਵਿਦਵਾਨਾਂ ਦਾ ਤਰਕ ਹੈ ਕਿ ਰਾਜ ਹਾਸਲ ਕੀਤੇ ਬਿਨਾਂ ਧਰਮ ਸੁਰੱਖਿਅਤ ਨਹੀਂ ਰਹਿ ਸਕਦਾ। ਮੌਜੂਦਾ ਹਾਲਾਤ ਵਿਚ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਦੇ ਤਿੱਖੇ ਬੋਲਾਂ ’ਤੇ ਵੀ ਕਿੰਤੂ-ਪ੍ਰੰਤੂ ਹੋਣੇ ਸ਼ੁਰੂ ਹੋ ਗਏ ਹਨ। ਆਪ੍ਰੇਸ਼ਨ ਬਲਿਊ ਸਟਾਰ ਦੀ 38ਵੀਂ ਵਰ੍ਹੇਗੰਢ ਦੇ ਅਵਸਰ ’ਤੇ ਉਨ੍ਹਾਂ ਵੱਲੋਂ ਸਿੱਖਾਂ ਨੂੰ ਆਧੁਨਿਕ ਹਥਿਆਰਾਂ ਦੀ ਸਿਖਲਾਈ ਦੇਣ ਲਈ ਸ਼ੂਟਿੰਗ ਰੇਂਜਾਂ ਬਣਾਉਣ ਦੇ ਆਦੇਸ਼ ਨੇ ਸਿਆਸੀ ਗਲਿਆਰਿਆਂ ਵਿਚ ਤਿੱਖੀ ਬਹਿਸ ਨੂੰ ਜਨਮ ਦਿੱਤਾ ਹੈ।

ਸਿੰਘ ਸਾਹਿਬ ਦਾ ਤਰਕ ਹੈ ਕਿ ਦੇਸ਼ ਦੀ ਵੰਡ ਤੋਂ ਬਾਅਦ ਮੁਲਕ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਦੇ ਵਕਤ ਤੋਂ ਹੀ ਸਿੱਖ ਕੌਮ ਨੂੰ ਧਾਰਮਿਕ, ਸਮਾਜਿਕ, ਆਰਥਿਕ ਅਤੇ ਰਾਜਨੀਤਕ ਤੌਰ ’ਤੇ ‘ਨੱਪਣ’ ਲਈ ਨੀਤੀਆਂ-ਬਦਨੀਤੀਆਂ ਘੜੀਆਂ ਗਈਆਂ ਹਨ। ਉਨ੍ਹਾਂ ਨੇ ਸਿੱਖ ਨੌਜਵਾਨੀ ਦੇ ਨਸ਼ਿਆਂ ਵਿਚ ਗ੍ਰਸਤ ਹੋਣ ਬਾਰੇ ਵੀ ਚਿੰਤਾ ਦਾ ਇਜ਼ਹਾਰ ਕੀਤਾ ਹੈ। ਉਨ੍ਹਾਂ ਦੀ ਦਲੀਲ ਹੈ ਕਿ ਸਿੱਖ ਨੌਜਵਾਨਾਂ ਨੂੰ ਆਲ੍ਹਾ ਤਾਲੀਮ ਦੇਣ ਦੀ ਲੋੜ ਹੈ ਤਾਂ ਜੋ ਉਹ ਯਹੂਦੀਆਂ ਵਾਂਗ ਵਿਸ਼ਵ ਦੇ ਅਰਥਚਾਰੇ ’ਤੇ ਕਾਬਿਜ਼ ਹੋ ਸਕਣ। ਅਜਿਹੇ ਬਿਆਨ ਦੀ ਪ੍ਰਸ਼ੰਸਾ ਕਰਨੀ ਬਣਦੀ ਹੈ। ਹਥਿਆਰਾਂ ਦੀ ਸਿਖਲਾਈ ਦੇਣ ਦੀ ਵਕਾਲਤ ਕਰਦਿਆਂ ਉਨ੍ਹਾਂ ਨੇ ਸਿੱਖਾਂ ਨੂੰ ‘ਸ਼ੇਰਾਂ ਦੀ ਕੌਮ’ ਕਿਹਾ ਹੈ।

ਨਿਸ਼ਚੇ ਹੀ ਜਥੇਦਾਰ ਸਾਹਿਬ ਦੀ ਤਕਰੀਰ ਬੇਹੱਦ ਭਾਵੁਕ ਸੀ ਜਿਸ ਤੋਂ ਬਾਅਦ ਉਨ੍ਹਾਂ ਦਾ ਵਿਵਾਦਾਂ ’ਚ ਘਿਰਨਾ ਕੁਦਰਤੀ ਗੱਲ ਸੀ। ਇਸ ਦਾ ਸਪਸ਼ਟੀਕਰਨ ਦਿੰਦਿਆਂ ਉਨ੍ਹਾਂ ਨੇ ਕਿਹਾ ਹੈ ਕਿ ਆਧੁਨਿਕ ਹਥਿਆਰਾਂ ਦੀ ਟਰੇਨਿੰਗ ਦੇਣ ਨਾਲ ਭਾਰਤ ਦੀ ਏਕਤਾ ਤੇ ਅਖੰਡਤਾ ਨੂੰ ਕੋਈ ਖ਼ਤਰਾ ਪੈਦਾ ਨਹੀਂ ਹੋਣ ਵਾਲਾ। ਉਨ੍ਹਾਂ ਨੇ ਇਤਿਹਾਸ ਦੇ ਵਰਕੇ ਫਰੋਲਦਿਆਂ ਕਿਹਾ ਕਿ ਭਾਰਤ ਦੀਆਂ ਵੱਖ-ਵੱਖ ਕੌਮਾਂ ਦੇ ਰਹਿਬਰ ਸ਼ਸਤਰਧਾਰੀ ਹੋ ਕੇ ਹੀ ਜ਼ੁਲਮ ਤੇ ਜ਼ਾਲਮਾਂ ਖ਼ਿਲਾਫ਼ ਧਰਮ ਯੁੱਧ ਲੜਦੇ ਆਏ ਹਨ। ਸੋਸ਼ਲ ਮੀਡੀਆ ਦੇ ਇਕ ਵਰਗ ’ਤੇ ਦੋਸ਼ ਮੜ੍ਹਦਿਆਂ ਆਪ ਨੇ ਕਿਹਾ ਕਿ ਇਹ ‘ਗਿਰਝਾਂ’ ਹਨ ਜੋ ਉਨ੍ਹਾਂ ਦੀਆਂ ਤਕਰੀਰਾਂ ਨੂੰ ਤੋੜ-ਮਰੋੜ ਕੇ ਸਿੱਖਾਂ ਦੀ ਕਿਰਦਾਰਕੁਸ਼ੀ ਕਰ ਰਿਹਾ ਹੈ।

ਸਿੰਘ ਸਾਹਿਬ, ਇਹ ਇਤਿਹਾਸਕ ਸੱਚਾਈ ਹੈ ਕਿ ਮੁਗ਼ਲਾਂ ਵੱਲੋਂ ਕੀਤੇ ਜਾਂਦੇ ਜ਼ੁਲਮੋਂ-ਸਿਤਮ ਦਾ ਮੁਕਾਬਲਾ ਕਰਨ ਲਈ ਸ਼ਸਤਰਧਾਰੀ ਹੋਣਾ ਸਮੇਂ ਦੀ ਮੰਗ ਸੀ। ਮਾਰਸ਼ਲ ਆਰਟ, ਗੱਤਕੇ ਦੀ ਢਾਈ-ਫੱਟ ਲੜਾਈ ਨੇ ਜ਼ੁਲਮ ਦੀ ਜੜ੍ਹ ਪੁੱਟਣ ਵਿਚ ਵੱਡਾ ਯੋਗਦਾਨ ਪਾਇਆ ਸੀ। ਅਜੋਕੇ ਸਮੇਂ ਦੁਸ਼ਮਣ ਦੀ ਨਿਸ਼ਾਨਦੇਹੀ ਜਾਂ ਸ਼ਨਾਖ਼ਤ ਕੀਤੇ ਬਗ਼ੈਰ ਆਧੁਨਿਕ ਹਥਿਆਰਾਂ ਦੀ ਟਰੇਨਿੰਗ ਦੇਣਾ ਬਹੁਤਿਆਂ ਨੂੰ ਹਜ਼ਮ ਨਹੀਂ ਹੋਣਾ। ਅੱਜ ਹਥਿਆਰਾਂ ਨਾਲੋਂ ਵਿਚਾਰ ਵਧੇਰੇ ਕਾਰਗਰ ਹਨ। ਅੱਜ ਪੰਜਾਬ ਵਿਚ ਚੱਲ ਰਹੀ ਗੈਂਗਵਾਰ ਦੀਆਂ ਤਾਰਾਂ ਦੂਜੇ ਸੂਬਿਆਂ ਅਤੇ ਵਿਦੇਸ਼ਾਂ ਨਾਲ ਵੀ ਜੁੜੀਆਂ ਹੋਈਆਂ ਹਨ। ਸਿੱਧੂ ਮੂਸੇਵਾਲਾ ਦੇ ਕਤਲ ਵਿਚ ਸ਼ਾਮਲ ਨਸ਼ੇੜੀ ਪੁੱਤ ਦੀ ਮਾਂ ਕੂਕ-ਕੂਕ ਕੇ ਕਹਿ ਰਹੀ ਹੈ ਕਿ ਜੇ ਉਸ ਦਾ ਪੁੱਤ ਦੋਸ਼ੀ ਹੈ ਤਾਂ ਉਸ ਨੂੰ ਸ਼ਰੇਆਮ ਗੋਲ਼ੀ ਮਾਰ ਦਿਉ। ਨਸ਼ਿਆਂ ਤੋਂ ਇਲਾਵਾ ਹਥਿਆਰਾਂ ਨੇ ਪੰਜਾਬ ਦਾ ਅਣਕਿਆਸਿਆ ਨੁਕਸਾਨ ਕੀਤਾ ਹੈ। ਦੇਸ਼ ਦਾ ਕਿਸੇ ਵੇਲੇ ਨੰਬਰ ਇਕ ਮੰਨਿਆ ਜਾਂਦਾ ਰੰਗਲਾ ਪੰਜਾਬ ਅੱਜ ਕੰਗਾਲੀ ਦੇ ਦੌਰ ’ਚੋਂ ਗੁਜ਼ਰ ਰਿਹਾ ਹੈ।

ਇਸ ਦੀ ਮੁੱਖ ਵਜ੍ਹਾ ਉਹ ਸਿਆਹ ਦੌਰ ਹੈ ਜਦੋਂ ਪੰਜਾਬ ’ਚ ਬਾਰੂਦ ਦੀ ਭਾਸ਼ਾ ਬੋਲੀ ਜਾਂਦੀ ਸੀ। ਦਹਿਸ਼ਤਗਰਦੀ ਤੇ ਸਰਕਾਰੀ ਦਹਿਸ਼ਤਗਰਦੀ ਦੇ ਦੋ ਪੁੜਾਂ ’ਚ ਪਤਾ ਨਹੀਂ ਕਿੰਨੇ ਕੁ ਨੌਜਵਾਨ ਪੀੜੇ ਗਏ ਸਨ। ਤੱਤੀਆਂ ਤਕਰੀਰਾਂ ਨਾਲ ਨੌਜਵਾਨਾਂ ਦਾ ਤੱਤਾ ਖ਼ੂਨ ਉਬਾਲੇ ਖਾ ਸਕਦਾ ਹੈ। ਆਧੁਨਿਕ ਹਥਿਆਰਾਂ ਦੀ ਸਿਖਲਾਈ ਦੇਣ ਵਾਲਾ ਤਿੱਖਾ ਸੁਰ ਸਮੇਂ ਦਾ ਹਾਣੀ ਨਹੀਂ ਹੈ। ਜੇ ਹੁੰਦਾ ਤਾਂ ਖਿਡੌਣਿਆਂ ਵਾਂਗ ਹਥਿਆਰਾਂ ਨਾਲ ਖੇਡਣ ਵਾਲੇ ਗੈਂਗਸਟਰ ਦੀ ਮਾਂ ਆਪਣੀ ਕੁੱਖੋਂ ਜੰਮੇ ਪੁੱਤ ਨੂੰ ਗੋਲ਼ੀ ਨਾਲ ਉਡਾਉਣ ਦੀ ਗੱਲ ਨਾ ਕਰਦੀ। ਮਾਵਾਂ ਤਾਂ ਪੁੱਤਾਂ ਦੀਆਂ ਬਲਾਵਾਂ ਵੀ ਆਪਣੇ ਸਿਰ ਲੈ ਲੈਂਦੀਆਂ ਹਨ।

ਕਿਸੇ ਸਿਰਫਿਰੇ ਦੇ ਹੱਥ ਆਇਆ ਹਥਿਆਰ ਘੁੱਗ ਵਸਦੇ ਘਰਾਂ ਵਿਚ ਸੱਥਰ ਵਿਛਾ ਦਿੰਦਾ ਹੈ। ਵਿਸ਼ਵ ਦੀ ਸਭ ਤੋਂ ਵੱਡੀ ਹਥਿਆਰਾਂ ਦੀ ਮੰਡੀ ਸਮਝੇ ਜਾਂਦੇ ਅਮਰੀਕਾ ਦਾ ਸਦਰ ਵੀ ਅੱਜ ਹਥਿਆਰਾਂ ਤੋਂ ਤੌਬਾ ਕਰਦਾ ਪੂਰੇ ਆਲਮ ਨੇ ਵੇਖਿਆ ਹੈ। ਹਾਂ, ਬਾਣੀ ਅਤੇ ਬਾਣੇ ਦੇ ਧਾਰਨੀ ਹੋਣ ਦੇ ਸੰਦੇਸ਼ ਵਿਚ ਪੁਰਾਤਨ ਸਿੱਖ ਸਿਆਣਪ ਤੇ ਸਾਡਾ ਵਿਰਸਾ ਜੁੜਿਆ ਹੋਇਆ ਹੈ। ਸੱਚਾ-ਸੁੱਚਾ ਸਿੱਖ ਜ਼ੁਲਮ ਲਈ ਕਦੇ ਹਥਿਆਰ ਨਹੀਂ ਚੁੱਕਦਾ, ਇਹ ਸਿੱਖ ਇਤਿਹਾਸ ਦੇ ਸੁਨਹਿਰੀ ਪੰਨਿਆਂ ’ਤੇ ਜ਼ਰੂਰ ਅੰਕਿਤ ਹੈ।