VARINDER WALIA

ਹਰਮਨਪਿਆਰਾ ਕਾਲਮ –– ਹਰਫ਼ ਹਮੇਸ਼ / POPULAR COLUMN -- HARPH HAMESH

ਜਹਾ ਦਾਣੇ ਤਹਾਂ ਖਾਣੇ (ਪੰਜਾਬੀ ਜਾਗਰਣ –– 1st January, 2023)

ਵਰਿੰਦਰ ਵਾਲੀਆ

ਨਵੇਂ ਸਾਲ ਦਾ ਪਹੁ-ਫੁਟਾਲਾ ਆਸ ਦੀਆਂ ਕਿਰਨਾਂ ਨਾਲ ਭਰਪੂਰ ਸਮਝਿਆ ਜਾਂਦਾ ਹੈ। ਇਕੱਤੀ ਦਸੰਬਰ ਦੀ ਰਾਤ ਤੇ ਨਵੇਂ ਵਰ੍ਹੇ ਦੀ ਪ੍ਰਭਾਤ ਵਿਚਲਾ ਫ਼ਾਸਲਾ ਰੋਮਾਂਚ ਭਰਿਆ ਮਹਿਸੂਸ ਹੁੰਦਾ ਹੈ। ਆਲਮੀ ਪੱਧਰ ’ਤੇ ਹੋ ਰਹੇ ਜਸ਼ਨਾਂ ਦਾ ਆਲਮ ਹੀ ਨਿਰਾਲਾ ਹੁੰਦਾ ਹੈ। ਬੀਤ ਰਹੇ ਵਰ੍ਹੇ ਨੂੰ ਅਲਵਿਦਾ ਕਹਿਣ ਵੇਲੇ ਸੂਰਜ ਅੰਬਰ ’ਤੇ ਲਾਲੀ ਬਖੇਰਦਾ ਹੈ। ਸੂਰਜ ਦੇ ਡੁੱਬਣ ਨਾਲ ਅਣਗਿਣਤ ਲੋਕ ਮਦ ਦੇ ਦਰਿਆ ਵਿਚ ਡੁੱਬ ਜਾਂਦੇ ਹਨ। ਤਾਰਿਆਂ ਜੜੀ ਰਾਤ ਜਿਵੇਂ ਜ਼ਮੀਨ ’ਤੇ ਉਤਰ ਆਉਂਦੀ ਹੈ।

ਹਰ ਪਲ ਨੂੰ ਯਾਦਗਾਰੀ ਬਣਾਉਣ ਲਈ ਅਰਬਾਂ-ਖ਼ਰਬਾਂ ਖ਼ਰਚ ਹੋ ਜਾਂਦੇ ਹਨ। ਨਵੇਂ ਵਰ੍ਹੇ ਦੇ ਸੂਰਜ ਨੂੰ ਖ਼ੁਸ਼ਆਮਦੀਦ ਕਹਿਣ ਲਈ ਲੋਕਾਈ ਦੇ ਹੱਥ ਉੱਪਰ ਵੱਲ ਨੂੰ ਉੱਠਦੇ ਹਨ। ਮੁਬਾਰਕਾਂ ਦਾ ਦੌਰ ਚੱਲਦਾ ਹੈ। ਕੈਲੰਡਰ ਬਦਲ ਚੁੱਕਾ ਹੁੰਦਾ ਹੈ। ਪਰ ਬਦਲੀ ਤਰੀਕ ਆਮ ਆਦਮੀ ਦੀ ਤਕਦੀਰ ਨਹੀਂ ਬਦਲਦੀ। ਮਨੁੱਖੀ ਇਤਿਹਾਸ ਵਿਚ ਅਜਿਹੀਆਂ ਕਈ ਯੁੱਗ-ਪਲਟਾਊ ਘਟਨਾਵਾਂ ਸਨ ਜਿਨ੍ਹਾਂ ਨੇ ਅੱਖ ਦੇ ਫੋਰ ਨਾਲ ਦੁਨੀਆ ਦੀ ਤਸਵੀਰ ਬਦਲ ਦਿੱਤੀ ਸੀ। ਨਵੀਆਂ ਕਾਢਾਂ ਨੇ ਕ੍ਰਾਂਤੀਕਾਰੀ ਤਬਦੀਲੀਆਂ ਲਿਆਂਦੀਆਂ ਸਨ। ਇਨ੍ਹਾਂ ਦੇ ਮਨੁੱਖ ਦੇ ਦਿਲ-ਦਿਮਾਗ ’ਚ ਲਟਕ ਰਹੇ ਜਾਲਿਆਂ ਨੂੰ ਸਾਫ਼ ਕਰ ਕੇ ਮਿਥਿਹਾਸ ਨੂੰ ਲੀਰੋ-ਲੀਰ ਕੀਤਾ ਸੀ। ਦਿਸਹੱਦਿਆਂ ਤੋਂ ਪਾਰ ਦੇਖ ਸਕਣ ਵਾਲੀਆਂ ਕਾਢਾਂ ਨੇ ਅਣਗਿਣਤ ਰਹੱਸਾਂ ਦੀ ਗੁੱਥੀ ਸੁਲਝਾਈ ਸੀ।

ਅਗਨਿ-ਦੇਵਤਾ ਨੇ ਜਦੋਂ ਪੱਥਰਾਂ ਦੀ ਰਗੜ ਤੋਂ ਬਾਅਦ ਘਰਾਂ ਦੇ ਚੁੱਲ੍ਹਿਆਂ ’ਤੇ ਦਸਤਕ ਦਿੱਤੀ ਤਾਂ ਮਨੁੱਖ ਨੇ ਮਹਾਬਲੀ ਬਣਨ ਲਈ ਸਾਬਤ ਕਦਮ ਪੁੱਟ ਲਿਆ ਸੀ। ਪਹੀਆ ਈਜਾਦ ਕਰ ਕੇ ਉਸ ਨੇ ਵਿਕਾਸ ਦੀਆਂ ਬੁਲੰਦੀਆਂ ਨੂੰ ਸਰ ਕਰਨ ਦੀ ਠਾਣ ਲਈ। ਖੁਰਦਬੀਨ ਦੀ ਕਾਢ ਨੇ ਉਸ ਨੂੰ ਬ੍ਰਹਿਮੰਡ ਦੀਆਂ ਪਰਤਾਂ ਫਰੋਲਣ ਵਿਚ ਇਮਦਾਦ ਕੀਤੀ। ਸੈਟਲਾਈਟਾਂ/ਰਾਕਟਾਂ ਦੀ ਬਦੌਲਤ ਮਨੁੱਖ ਗੁੱਝੀਆਂ ਰਮਜ਼ਾਂ ਬੁੱਝਣ ਦੇ ਸਮਰੱਥ ਹੋ ਗਿਆ। ਚੰਨ ’ਤੇ ਪਈਆਂ ਪੈੜਾਂ ਨੇ ‘ਚੰਦਾ ਮਾਮਾ’ ਦਾ ਸਾਰਾ ਭੇਤ ਖੋਲ੍ਹ ਕੇ ਰੱਖ ਦਿੱਤਾ। ਮਨੁੱਖ ਨੇ ਹੁਣ ਚੰਨ ’ਤੇ ਬਸਤੀਆਂ ਉਸਾਰਨ ਦਾ ਵੀ ਸੁਪਨਾ ਬੁਣ ਲਿਆ ਹੈ।

ਮਸਨੂਈ ਬੌਧਿਕਤਾ/ਵਿਦਵਤਾ (Artificial Intelligence) ਨੇ ਤਾਂ ਦੁਨੀਆ ਦਾ ਰੰਗ-ਢੰਗ ਹੀ ਬਦਲ ਦਿੱਤਾ ਹੈ। ਆਰਟੀਫਿਸ਼ਲ ਇੰਟੈਲੀਜੈਂਸ ਈਜਾਦ ਕਰਨ ਵੇਲੇ ਉਸ ਨੇ ਸ਼ਾਇਦ ਤਸੱਵਰ ਵੀ ਨਹੀਂ ਕੀਤਾ ਹੋਣਾ ਕਿ ਇਕ ਦਿਨ ਉਹ ਖ਼ੁਦ ਇਸ ਦਾ ਗ਼ੁਲਾਮ ਬਣ ਜਾਵੇਗਾ। ਮਸਨੂਈ ਬੌਧਿਕਤਾ ਨੇ ਮਨੁੱਖ ਦੇ ਹਰ ਖੇਤਰ ਵਿਚ ਘੁਸਪੈਠ ਕਰ ਲਈ ਹੈ। ਮਸ਼ੀਨਾਂ ਨੇ ਵਿਸ਼ਵ-ਪੱਧਰ ’ਤੇ ਮਨੁੱਖਾਂ ਨੂੰ ਬੇਰੁਜ਼ਗਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਇੱਕੀਵੀਂ ਸਦੀ ਨੇ ਜਿੱਥੇ ਮਨੁੱਖ ਨੂੰ ਬਹੁਤ ਕੁਝ ਅਰਪਿਤ ਕੀਤਾ, ਓਥੇ ਉਸ ਕੋਲੋਂ ਬਹੁਤ ਕੁਝ ਖੋਹਿਆ ਵੀ ਹੈ। ਆਮ ਆਦਮੀ ਨੂੰ ਪੈਰ-ਪੈਰ ’ਤੇ ਚੁਣੌਤੀਆਂ ਦਾ ਮੁਕਾਬਲਾ ਕਰਨਾ ਪੈ ਰਿਹਾ ਹੈ।

ਖ਼ੈਰ, ਵੇਖਿਆ ਜਾਵੇ ਤਾਂ ਆਮ ਆਦਮੀ ਮੁੱਢ-ਕਦੀਮ ਤੋਂ ਹੀ ਚੁਣੌਤੀਆਂ ਨਾਲ ਦਸਤਪੰਜਾ ਲੈਂਦਾ ਆ ਰਿਹਾ ਹੈ। ਅੱਜ ਵੀ ਤਰੀਕਾਂ ਬਦਲਣ ਨਾਲ ਆਮ ਆਦਮੀ ਦੀ ਤਕਦੀਰ ਨਹੀਂ ਬਦਲਦੀ। ਨਵਾਂ ਵਰ੍ਹਾ ਆਉਂਦਾ ਤੇ ਬੀਤ ਜਾਂਦਾ ਹੈ। ਵਿਸ਼ਵ-ਪਿੰਡ ਦੇ ਲਾਲਡੋਰੇ ਦੇ ਅੰਦਰ ਤੇ ਇਸ ਤੋਂ ਬਾਹਰ ਰਹਿਣ ਵਾਲੇ ਲੋਕਾਂ ਦੀਆਂ ਹੱਥ-ਰੇਖਾਵਾਂ ਇੱਕੋ ਜਿਹੀਆਂ ਨਹੀਂ ਹਨ। ਲੋਕਾਂ ਤੇ ਜੋਕਾਂ ਵਿਚ ਵੰਡਿਆ ਸੰਸਾਰ ਅਜੇ ਵੀ ਓਦਾਂ ਚੱਲਿਆ ਆ ਰਿਹਾ ਹੈ। ਇਸੇ ਲਈ ਹਰੀਆਂ-ਚਰਾਂਦਾਂ ਦੀ ਭਾਲ ਵਿਚ ਲੋਕ ਧਰਤੀ ਦੇ ਇਕ ਟੁਕੜੇ ਤੋਂ ਦੂਜੇ ਟੁਕੜੇ ਵੱਲ ਪਲਾਇਨ ਕਰਦੇ ਆਏ ਹਨ। ਇਹ ਵਰਤਾਰਾ ਸਦੀਆਂ ਪੁਰਾਣਾ ਹੈ। ਅਜੇ ਵੀ ਭਾਰਤ, ਖ਼ਾਸ ਤੌਰ ’ਤੇ ਪੰਜਾਬ ’ਚੋਂ ਹਰ ਵਰ੍ਹੇ ਲੱਖਾਂ ਨੌਜਵਾਨ ਬੱਚੇ ਵਿਦੇਸ਼ਾਂ ’ਚ ਪੜ੍ਹਨ ਜਾਂ ਰੁਜ਼ਗਾਰ ਦੀ ਭਾਲ ਵਿਚ ਵਹੀਰਾਂ ਘੱਤੀ ਵਿਦੇਸ਼ਾਂ ਵੱਲ ਕੂਚ ਕਰ ਰਹੇ ਹਨ।

ਅੰਕੜਿਆਂ ਮੁਤਾਬਕ ਸੰਨ 2016 ਤੋਂ 2021 ਤਕ 26.44 ਲੱਖ ਭਾਰਤੀ ਵਿਦਿਆਰਥੀ ਉੱਚ ਸਿੱਖਿਆ ਗ੍ਰਹਿਣ ਕਰਨ ਲਈ ਵਿਦੇਸ਼ਾਂ ਵਿਚ ਗਏ ਸਨ। ਉਨ੍ਹਾਂ ਦੇ ਨਾਲ 24000 ਕਰੋੜ ਰੁਪਿਆ ਵੀ ਓਥੇ ਗਿਆ ਸੀ। ਭਾਰਤ ਵਿਚ ਉੱਚ ਸਿੱਖਿਆ ਦਾ ਸਾਲਾਨਾ ਬਜਟ ਇਸ ਰਕਮ ਤੋਂ ਕਿਤੇ ਘੱਟ ਹੈ। ਵਿਦੇਸ਼ ਜਾਣ ਵਾਲੇ ਭਾਰਤੀ ਵਿਦਿਆਰਥੀਆਂ ’ਚੋਂ ਪੰਜਾਬ ਅਤੇ ਆਂਧਰਾ ਪ੍ਰਦੇਸ਼ ਸੂਬੇ ਸਭ ਤੋਂ ਉੱਪਰ ਹਨ ਜਿੱਥੋਂ 12-12 ਫ਼ੀਸਦੀ ਪਾੜ੍ਹੇ ਪੰਜ ਸਾਲਾਂ ਵਿਚ ਬਾਹਰ ਗਏ ਸਨ। ਆਉਣ ਵਾਲੇ ਸਾਲਾਂ ਵਿਚ ਇਹ ਗਿਣਤੀ ਹੋਰ ਵਧ ਸਕਦੀ ਹੈ। ਗੁਜਰਾਤ ਵਿਚ ਇਹ ਕੇਵਲ ਅੱਠ ਫ਼ੀਸਦੀ ਹੈ। ਗੁਜਰਾਤ ਦੇ ਮੁਕਾਬਲੇ ਪੰਜਾਬ ਛੋਟਾ ਸੂਬਾ ਹੈ, ਫਿਰ ਵੀ ਇੱਥੋਂ ਬਾਹਰ ਪੜ੍ਹਨ ਜਾਣ ਵਾਲੇ ਵਿਦਿਆਰਥੀਆਂ ਦੀ ਤਾਦਾਦ ਕਿਤੇ ਵੱਧ ਹੈ। ਇਸ ਦਾ ਮੁੱਢਲਾ ਕਾਰਨ ਇਹ ਹੈ ਕਿ ਗੁਜਰਾਤ ਨੇ ਉੱਚ ਵਿੱਦਿਆ ਦੇ ਮਿਆਰ ਨੂੰ ਵਿਸ਼ਵ-ਪੱਧਰੀ ਬਣਾਉਣ ਲਈ ਨੈਸ਼ਨਲ ਐਜੂਕੇਸ਼ਨ ਪਾਲਿਸੀ-2020 ਉਲੀਕੀ ਹੈ।

ਪੰਜਾਬ ਵਾਂਗ ਗੁਜਰਾਤ ਵੀ ਭਾਵੇਂ ਸਰਹੱਦੀ ਸੂਬਾ ਹੈ ਫਿਰ ਵੀ ਉਹ ਦਿਨ-ਬ-ਦਿਨ ਵਿਕਾਸ ਦੀਆਂ ਪੁਲਾਂਘਾਂ ਪੁੱਟਦਾ ਆ ਰਿਹਾ ਹੈ। ਇਸ ਦਾ ਮੂਲ ਕਾਰਨ ਗੁਜਰਾਤ ਦਾ ਸ਼ਾਂਤਮਈ ਵਾਤਾਵਰਨ ਹੈ ਜੋ ਵਿਕਾਸ ਲਈ ਪੱਕੀ ਬੁਨਿਆਦ ਸਮਝਿਆ ਜਾਂਦਾ ਹੈ। ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਵੇਲੇ ਵਿਕਾਸ ਦੀਆਂ ਉਮੀਦਾਂ ਜਾਗੀਆਂ ਸਨ। ਮਾਨਸਾ ’ਚ ਸਿੱਧੂ ਮੂਸੇਵਾਲਾ, ਕੋਟਕਪੂਰਾ ਵਿਚ ਡੇਰਾ ਪ੍ਰੇਮੀ ਤੇ ਅੰਮ੍ਰਿਤਸਰ ਵਿਖੇ ਸ਼ਿਵ ਸੈਨਾ ਨੇਤਾ ਸੁਧੀਰ ਸੂਰੀ ਅਤੇ ਹੋਰ ਕਤਲੋਗਾਰਤ ਨੇ ਸੂਬੇ ਵਿਚ ਅਨਾਰਕੀ ਵਾਲਾ ਮਾਹੌਲ ਪੈਦਾ ਕਰ ਦਿੱਤਾ ਹੈ। ਗੈਂਗਵਾਰ, ਅੱਤਵਾਦ ਦਾ ਨਵਾਂ ਰੂਪ ਧਾਰ ਕੇ ਸੂਬੇ ਦੇ ਅਮਨ ਨੂੰ ਲਾਂਬੂ ਲਾ ਰਹੀ ਹੈ। ਗੈਂਗਸਟਰਾਂ ਦਾ ਤਾਣਾਬਾਣਾ ਵਿਦੇਸ਼ਾਂ ’ਚ ਵੀ ਫੈਲਿਆ ਹੋਇਆ ਹੈ। ਜੇਲ੍ਹਾਂ ’ਚੋਂ ਨਸ਼ੇ-ਪੱਤੇ ਤੇ ਮੋਬਾਈਲ ਮਿਲ ਰਹੇ ਹਨ।

ਸਾਕਾ ਨੀਲਾ ਤਾਰਾ ਤੋਂ ਸਰਹੱਦੀ ਪੱਟੀ ’ਚ ਲਗਾਈ ਗਈ ਕੰਡੇਦਾਰ ਤਾਰ ਦੀ ਕਾਟ ਡ੍ਰੋਨ ਬਣ ਗਏ ਹਨ। ਆਏ ਦਿਨ ਸਰਹੱਦ ਪਾਰੋਂ ਡ੍ਰੋਨਾਂ ਰਾਹੀਂ ਵਿਸਫੋਟਕ ਪਦਾਰਥ/ਹਥਿਆਰ ਆ ਰਹੇ ਹਨ। ਇਸੇ ਦੌਰਾਨ ਪੰਜਾਬ ’ਚ ਲੱਗ ਰਹੇ ਤੱਤੇ ਨਾਅਰੇ ਸੂਬੇ ਦੀ ਫ਼ਿਜ਼ਾ ਨੂੰ ਤੱਤਾ ਕਰ ਰਹੇ ਹਨ। ਇਨ੍ਹਾਂ ਤੱਤੀਆਂ ਤਕਰੀਰਾਂ ਦੌਰਾਨ ਚੜ੍ਹ ਰਿਹਾ ਨਵਾਂ ਸਾਲ ਕਈ ਤੌਖਲੇ ਖੜ੍ਹੇ ਕਰ ਰਿਹਾ ਹੈ। ਸੂਬੇ ਦੀ ਚੜ੍ਹਦੀਕਲਾ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਵਾਲਾ ਹਰ ਨਾਨਕ ਨਾਮਲੇਵਾ ਦੇ ਮੁੱਖੋਂ ਇਹੀ ਬੋਲ ਉਚਰਦੇ ਹਨ, ‘‘ਰੱਬ ਖ਼ੈਰ ਕਰੇ’।

ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਬਚਾਉਣ ਲਈ ਨਵੇਂ ਸਾਲ ਵਿਚ ਨਵੇਂ ਸੰਕਲਪ ਲੈਣ ਦੀ ਲੋੜ ਹੈ। ਜਥੇਦਾਰ ਅਕਾਲ ਤਖ਼ਤ ਗਿਆਨੀ ਹਰਪ੍ਰੀਤ ਸਿੰਘ ਨੇ ਸਰਹਿੰਦ ਵਿਖੇ ਸ਼ਹੀਦੀ ਪੰਦਰਵਾੜੇ ਵੇਲੇ ਭਾਵੁਕ ਹੁੰਦਿਆਂ ਵਿਦੇਸ਼ਾਂ ’ਚ ਗਏ ਪੰਜਾਬੀਆਂ, ਖ਼ਾਸ ਤੌਰ ’ਤੇ ਸਿੱਖਾਂ ਨੂੰ ਪੰਜਾਬ ਮੁੜ ਪਰਤਣ ਦੀ ਅਪੀਲ ਕੀਤੀ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਸਾਰਾ ਹੀ ਪੰਜਾਬ ਬਾਹਰ ਚਲਾ ਗਿਆ ਤਾਂ ਫਿਰ ਸ਼ਹੀਦੀ ਜੋੜ ਮੇਲ ਕੌਣ ਮਨਾਵੇਗਾ? ਇਸ ਅਪੀਲ ਦਾ ਬਹੁਤਾ ਅਸਰ ਹੋਣ ਦੇ ਆਸਾਰ ਘੱਟ ਹਨ। ਖੂਹ ਨੂੰ ਪੁੱਠਾ ਗੇੜਾ ਦੇਣ ਨਾਲ ਧਰਤੀ ਹੇਠੋਂ ਪਾਣੀ ਨਹੀਂ ਕੱਢਿਆ ਜਾ ਸਕਦਾ। ਜਿਨ੍ਹਾਂ ਨੇ ਕੈਨੇਡਾ, ਅਮਰੀਕਾ, ਬਰਤਾਨੀਆ ਜਾਂ ਆਸਟ੍ਰੇਲੀਆ ਆਦਿ ਦੀ ਨਾਗਰਿਕਤਾ ਲੈ ਲਈ ਹੈ, ਉਨ੍ਹਾਂ ’ਚੋਂ ਨਾਮਾਤਰ ਹੀ ਵਾਪਸ ਪਰਤਣ ਦੀ ਸੋਚਦੇ ਹੋਣਗੇ।

ਸੱਚਾਈ ਤਾਂ ਇਹ ਹੈ ਕਿ ਜਦੋਂ ਕਿਸੇ ਬੱਚੇ ਦਾ ਵੀਜ਼ਾ ਲੱਗਦਾ ਹੈ ਤਾਂ ਰੱਬ ਦੇ ਸ਼ੁਕਰਾਨੇ ਲਈ ਅਖੰਡ ਪਾਠ ਵੀ ਰੱਖਿਆ ਜਾਂਦਾ ਹੈ। ਸਾਡੇ ਰਾਗੀ, ਢਾਡੀ ਜਾਂ ਪ੍ਰਚਾਰਕ ਵੀ ਪਾਕਿਸਤਾਨ, ਅਫ਼ਗਾਨਿਸਤਾਨ ਦੀ ਬਜਾਏ ਪੱਛਮੀ ਦੇਸ਼ਾਂ ’ਚ ਹੀ ਜਾਣ ਨੂੰ ਤਰਜੀਹ ਦਿੰਦੇ ਹਨ ਜਿੱਥੋਂ ਉਨ੍ਹਾਂ ਨੂੰ ਭੇਟਾ ਡਾਲਰਾਂ-ਪੌਂਡਾਂ ਵਿਚ ਮਿਲਦੀ ਹੈ। ਸਿੰਘ ਸਾਹਿਬ ਦੀ ਤਕਰੀਰ ’ਚ ਇਕ ਗੱਲ ਜ਼ਰੂਰ ਟੁੰਬਦੀ ਹੈ ਕਿ ਜੇ ਵਿਦੇਸ਼ਾਂ ਵੱਲ ਰੁਖ਼ ਕਰਨਾ ਹੀ ਹੈ ਤਾਂ ਫਿਰ ਉੱਚ ਅਹੁਦਿਆਂ ਲਈ ਜਾਓ ਨਾ ਕਿ ਮਜ਼ਦੂਰੀ ਲਈ। ਮਜ਼ਦੂਰੀ ਹੀ ਕਰਨੀ ਹੈ ਤਾਂ ਫਿਰ ਇੱਥੇ ਜ਼ਮੀਨਾਂ-ਜਾਇਦਾਦਾਂ ਵੇਚ ਕੇ ਵਿਦੇਸ਼ਾਂ ’ਚ ਧੱਕੇ ਖਾਣ ਤੋਂ ਗੁਰੇਜ਼ ਕੀਤਾ ਜਾਣਾ ਚਾਹੀਦਾ ਹੈ।

ਸਿੰਘ ਸਾਹਿਬ ਨੂੰ ਇਹ ਵੀ ਇਤਰਾਜ਼ ਹੈ ਕਿ ਪਰਵਾਸੀ ਧੜਾ-ਧੜ ਪੰਜਾਬ ’ਚ ਜ਼ਮੀਨਾਂ-ਜਾਇਦਾਦਾਂ ਖ਼ਰੀਦ ਰਹੇ ਹਨ ਜਿਸ ’ਤੇ ਬੈਨ ਲੱਗਣਾ ਚਾਹੀਦਾ ਹੈ। ਜੇ ਅਜਿਹਾ ਬੈਨ ਬਾਹਰਲੇ ਦੇਸ਼ਾਂ ’ਚ ਵੀ ਲੱਗ ਗਿਆ ਤਾਂ ਉਨ੍ਹਾਂ ਪੰਜਾਬੀਆਂ ਦਾ ਕੀ ਬਣੇਗਾ ਜਿਨ੍ਹਾਂ ਨੇ ਉੱਥੇ ਖਰਬਾਂ ਰੁਪਇਆਂ ਦੀ ਜ਼ਮੀਨ-ਜਾਇਦਾਦ ਬਣਾ ਰੱਖੀ ਹੈ? ਗੁਰਬਾਣੀ ਦਾ ਫ਼ੁਰਮਾਨ ਹੈ ‘‘ਜਹਾ ਦਾਣੇ ਤਹਾਂ ਖਾਣੇ ਨਾਨਕਾ ਸਚੁ ਹੇ।’’

ਪਰਵਾਸ ਹੰਢਾ ਰਹੇ ਲੋਕ ਅਜੀਬੋ-ਗ੍ਰੀਬ ਤ੍ਰਾਸਦੀ ਹੰਢਾ ਰਹੇ ਹੁੰਦੇ ਹਨ। ਗੁਰਬਾਣੀ ਦਾ ਮਹਾਵਾਕ, ‘ਮਨ ਪਰਦੇਸੀ ਜੇ ਥੀਐ ਸਭ ਦੇਸ ਪਰਾਇਆ’ ਵਾਂਗ ਉਨ੍ਹਾਂ ਦੀ ਮਨੋ-ਸਥਿਤੀ ਦੀ ਥਾਹ ਪਾਉਣੀ ਬੇਹੱਦ ਮੁਹਾਲ ਹੁੰਦੀ ਹੈ। ਇਹ ਉਹ ਲੋਕ ਹਨ ਜਿਨ੍ਹਾਂ ਨੂੰ ਉਨ੍ਹਾਂ ਦੀ ਆਪਣੀ ਮਾਤਰ ਭੂਮੀ ਸੰਭਾਲਣ ਤੋਂ ਅਸਮਰੱਥ ਰਹੀ। ਉਨ੍ਹਾਂ ਦੀ ਮੁਹਾਰ ਮੋੜਨ ਲਈ ਸੁੱਖ-ਸ਼ਾਂਤੀ ਤੋਂ ਇਲਾਵਾ ਸੁਪਨੇ ਸਾਕਾਰ ਕਰਨ ਵਾਲੀ ਜ਼ਮੀਨ ਤਿਆਰ ਕਰਨੀ ਪਵੇਗੀ। ਨਵੇਂ ਸਾਲ ਵਿਚ ਇਸ ਬਾਰੇ ਚਿੰਤਾ ਦੀ ਬਜਾਏ ਚਿੰਤਨ ਕਰਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ।