ਖ਼ੂਨੀ ਤ੍ਰਿਵੇਣੀ (ਪੰਜਾਬੀ ਜਾਗਰਣ –– 8th January, 2023)
ਵਰਿੰਦਰ ਵਾਲੀਆ
ਇਜ਼ਰਾਈਲ ਸਥਿਤ ਦੁਨੀਆ ਦਾ ਸਭ ਤੋਂ ਪ੍ਰਾਚੀਨ ਨਗਰ ਯੇਰੂਸ਼ਲਮ ਯਹੂਦੀ, ਇਸਲਾਮ ਤੇ ਈਸਾਈ ਧਰਮਾਂ ਦੀ ਤ੍ਰਿਵੇਣੀ ਹੈ। ਸਦੀਆਂ ਤੋਂ ਸਾਂਝੀਆਂ ਇਬਰਾਹਮਿਕ ਜੜ੍ਹਾਂ ਵਾਲੇ ਤਿੰਨਾਂ ਫ਼ਿਰਕਿਆਂ ਦੇ ਸ਼ਰਧਾਲੂ ਇਸ ਅਨੂਠੀ ਸਰਜ਼ਮੀਨ ਨੂੰ ਨਤਮਸਤਕ ਹੁੰਦੇ ਆ ਰਹੇ ਹਨ। ਯੇਰੂਸ਼ਲਮ ਨੂੰ ਫ਼ਿਰਕੂ ਦੰਗਿਆਂ ਕਾਰਨ ਖ਼ੂਨ ਵਿਚ ਰੰਗਿਆ ਸ਼ਹਿਰ ਵੀ ਕਿਹਾ ਜਾਂਦਾ ਹੈ। ਇਜ਼ਰਾਈਲ ਦੇ ਰਾਸ਼ਟਰਵਾਦੀ ਮੰਤਰੀ ਇਤਾਮਾਰ ਬੇਨ-ਗਿਵਰ ਵੱਲੋਂ ਯੇਰੂਸ਼ਲਮ ਦੇ ਇਕ ਵਿਵਾਦਿਤ ਧਾਮ ’ਤੇ ਕੀਤੀ ਗਈ ਇਬਾਦਤ ਅੰਤਰਰਾਸ਼ਟਰੀ ਮੁੱਦਾ ਬਣੀ ਹੋਈ ਹੈ। ਫ਼ਲਸਤੀਨ, ਪਾਕਿਸਤਾਨ, ਸੀਰੀਆ, ਜਾਰਡਨ ਅਤੇ ਕਈ ਅਰਬ ਦੇਸ਼ਾਂ ਨੇ ਸਖ਼ਤ ਇਤਰਾਜ਼ ਪ੍ਰਗਟਾਉਂਦਿਆਂ ਇਸ ਨੂੰ ਮੁਸਲਮਾਨਾਂ ਦੀ ਹਿੱਕ ’ਤੇ ਮੂੰਗ ਦਲਣ ਵਾਲਾ ਕਦਮ ਕਿਹਾ ਹੈ।
ਮੁਸਲਮਾਨ ਭਾਈਚਾਰੇ ਅਨੁਸਾਰ ਯਹੂਦੀ ਉੱਥੇ ਜਾ ਤਾਂ ਸਕਦੇ ਹਨ ਪਰ ਇਬਾਦਤ ਨਹੀਂ ਕਰ ਸਕਦੇ। ਬੇਨ-ਗਿਵਰ ਲੰਬੇ ਸਮੇਂ ਤੋਂ ਯਹੂਦੀਆਂ ਨੂੰ ਇਸ ਪਵਿੱਤਰ ਅਸਥਾਨ ਦੀ ਜ਼ਿਆਰਤ ਕਰਨ ਦਾ ਸੱਦਾ ਦਿੰਦੇ ਆ ਰਹੇ ਹਨ। ਇਸ ਅਸਥਾਨ ਦੇ ਸਰਪ੍ਰਸਤ ਜਾਰਡਨ ਦੇ ਬਾਦਸ਼ਾਹ ਹਾਸ਼ੇਮਿਤੇ ਨੇ ਇਜ਼ਰਾਈਲ ਦੇ ਮੰਤਰੀ ਨੂੰ ਧਮਕੀਆਂ ਤਕ ਦੇ ਦਿੱਤੀਆਂ ਹਨ। ਇਸ ਘਟਨਾ ਤੋਂ ਬਾਅਦ ਇਸਲਾਮੀ ਅੱਤਵਾਦੀ ਸਮੂਹ ਹਮਾਸ ਵੱਲੋਂ ਇਜ਼ਰਾਈਲ ’ਤੇ ਇਕ ਵਾਰ ਫਿਰ ਫ਼ਿਦਾਈਨ ਹਮਲਿਆਂ ਦਾ ਖ਼ਤਰਾ ਵਧ ਗਿਆ ਹੈ। ਯੇਰੂਸ਼ਲਮ ਦੀ ਓਲਡ ਸਿਟੀ ਵਿਚ ਪਹਾੜੀ ਦੀ ਚੋਟੀ ’ਤੇ ਸਥਿਤ ਟੈਂਪਲ ਮਾਊਂਟ ਯਹੂਦੀਆਂ ਲਈ ਸਭ ਤੋਂ ਪਵਿੱਤਰ ਮੰਨਿਆ ਜਾਂਦਾ ਹੈ। ਇਬਰਾਹਮ ਦੀ ਯਾਦ ਵਿਚ ਬਣਿਆ ਯਹੂਦੀਆਂ ਦੀ ਸ਼ਰਧਾ ਦਾ ਧਾਮ ਰੋਮਨਾਂ ਨੇ ਤਹਿਸ-ਨਹਿਸ ਕਰ ਦਿੱਤਾ ਸੀ। ਰੋਮਨਾਂ ਤੋਂ ਬਾਅਦ ਵੀ ਇਸ ਨੂੰ ਨੇਸਤੋ-ਨਾਬੂਦ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਰਹੀਆਂ। ਇਸ ਪ੍ਰਾਚੀਨ ਮੰਦਰ ਦੀ ਪੱਛਮੀ ਬਾਹੀ ਬਚੀ ਰਹੀ ਜਿਸ ਨੂੰ ਯਹੂਦੀ ‘ਵੈਸਟਰਨ ਵਾਲ’ ਕਹਿੰਦੇ ਹਨ। ਇਸ ਕੰਧ ਨਾਲ ਲਿਪਟ ਕੇ ਯਹੂਦੀ ਸ਼ਰਧਾਲੂ ਦੁਹੱਥੜੇ ਮਾਰ ਕੇ ਰੋਂਦੇ-ਕੁਰਲਾਂਦੇ ਹਨ ਜਿਸ ਕਾਰਨ ਇਸ ਕੰਧ ਨੂੰ ‘ਵੇਲਿੰਗ ਵਾਲ’ ਵੀ ਕਿਹਾ ਜਾਂਦਾ ਹੈ। ਮੁਸਲਮਾਨਾਂ ਲਈ ਮੱਕੇ-ਮਦੀਨੇ ਤੋਂ ਬਾਅਦ ਯੇਰੂਸ਼ਲਮ ਤੀਜੀ ਸਭ ਤੋਂ ਵੱਧ ਮੁਕੱਦਸ ਥਾਂ ਹੈ। ਮਿਥਿਹਾਸ ਅਨੁਸਾਰ ਮੁਹੰਮਦ ਸਾਹਿਬ ਬਰਾਸਤਾ ਯੇਰੂਸ਼ਲਮ ਇਕ ਪਹਾੜੀ ਤੋਂ ਘੋੜੇ ਸਮੇਤ ਜੰਨਤ ਦਾ ਗੇੜਾ ਲਗਾ ਕੇ ਆਏ ਸਨ। ਜਿਸ ਪਹਾੜੀ ਤੋਂ ਉਹ ਜੰਨਤ ਗਏ ਉਸ ’ਤੇ ਹੀ ਮੁਸਲਮਾਨਾਂ ਦੀ ਇਬਾਦਤਗਾਹ ਹਰਮਲ ਸ਼ਰੀਫ ਤੇ ਉਸ ਦੇ ਨੇੜੇ ਅਲ-ਅਕਸਾ ਮਸਜਿਦ ਬਣੀ ਹੋਈ ਹੈ। ਈਸਾਈਆਂ ਲਈ ਵੀ ਇਹ ਬੇਹੱਦ ਪਵਿੱਤਰ ਧਾਮ ਹੈ। ਯਿਸੂ ਮਸੀਹ ਨੂੰ ਯੇਰੂਸ਼ਲਮ ਵਿਚ ਹੀ ਸੂਲੀ ’ਤੇ ਚੜ੍ਹਾਇਆ ਗਿਆ ਸੀ ਜਿੱਥੋਂ ਉਹ ਫਿਰ ਪ੍ਰਗਟ ਹੋਏ ਮੰਨੇ ਜਾਂਦੇ ਹਨ। ਈਸਾਈ ਵੱਖ-ਵੱਖ ਖੇਮਿਆਂ ਵਿਚ ਵੰਡੇ ਹੋਣ ਕਾਰਨ ਇਸ ਅਸਥਾਨ ਦੀਆਂ ਚਾਬੀਆਂ ਮੁਸਲਮਾਨ ਖ਼ਾਨਦਾਨ ਕੋਲ ਰਹੀਆਂ ਜੋ ਪੀੜ੍ਹੀ-ਦਰ-ਪੀੜ੍ਹੀ ਅੱਠ ਸਦੀਆਂ ਤੋਂ ਇਸ ਦੀ ਸਾਂਭ-ਸੰਭਾਲ ਕਰਦਾ ਆਇਆ ਹੈ। ਯੇਰੂਸ਼ਲਮ ਵਿਚ ਪੰਜਾਬੀ ਦੇ ਆਦਿ ਕਵੀ ਬਾਬਾ ਫ਼ਰੀਦ ਦੀ ਯਾਦਗਾਰ ਵੀ ਮੌਜੂਦ ਹੈ। ਕਹਿੰਦੇ ਹਨ ਕਿ ਬਾਬਾ ਜੀ ਨੇ ਇਕ ਇਮਾਰਤ ਦੇ ਤਹਿਖ਼ਾਨੇ ਵਿਚ ਇਬਾਦਤ ਕੀਤੀ ਸੀ। ਮਨੌਤ ਹੈ ਕਿ ਅੱਠ ਸਦੀਆਂ ਪਹਿਲਾਂ ਸੁਲਤਾਨ ਸਲਾਹੁਦੀਨ ਆਯੂਬ ਨੇ ਯੇਰੂਸ਼ਲਮ ’ਤੇ ਕਬਜ਼ਾ ਕਰਨ ਤੋਂ ਬਾਅਦ ਦਰਵੇਸ਼ਾਂ ਨੂੰ ਉੱਥੇ ਆਉਣ ਦਾ ਸੱਦਾ ਦਿੱਤਾ ਸੀ ਜਿਸ ਨੂੰ ਪ੍ਰਵਾਨ ਕਰ ਕੇ ਬਾਬਾ ਫ਼ਰੀਦ ਉੱਥੇ ਗਏ ਸਨ। ਅਰਬ ਦੇਸ਼ ਗ਼ਰੀਬ ਹੋਣ ਕਾਰਨ ਦੁਨੀਆ ਭਰ ’ਚੋਂ ਉਗਰਾਹੀ ਕਰ ਕੇ ਬਾਬਾ ਫ਼ਰੀਦ ਦੇ ਚਰਨ-ਛੋਹ ਪ੍ਰਾਪਤ ਅਸਥਾਨ ’ਤੇ ਆਲੀਸ਼ਾਨ ਇਮਾਰਤ ਉਸਾਰੀ ਗਈ। ਮੱਕਾ ਜਾਣ ਵਾਲੇ ਹਾਜੀ ਵੀ ਇਸ ਅਸਥਾਨ ’ਤੇ ਰੁਕ ਕੇ ਜਾਂਦੇ ਸਨ। ਭਾਰਤੀ ਨਵਾਬਾਂ ਨੇ ਵੀ ਇਸ ਇਮਾਰਤ ਨੂੰ ਉਸਾਰਨ ਲਈ ਚੋਖਾ ਦਾਨ ਦਿੱਤਾ। ਪਿਛਲੀ ਇਕ ਸਦੀ ਤੋਂ ਸਹਾਰਨਪੁਰ (ਭਾਰਤ) ਦਾ ਮੁਸਲਮਾਨ ਨਜ਼ੀਰ ਹਸਨ ਅੰਸਾਰੀ ਤੇ ਉਸ ਦਾ ਖ਼ਾਨਦਾਨ ਇਸ ਖ਼ਾਨਗਾਹ ਦੀ ਸੇਵਾ-ਸੰਭਾਲ ਕਰਦਾ ਆ ਰਿਹਾ ਹੈ। ਹੋ ਸਕਦਾ ਹੈ ਕਿ ਬਾਬਾ ਫ਼ਰੀਦ ਜੀ ਨੇ ਫ਼ਿਰਕੂ ਫਸਾਦਾਂ ਨੂੰ ਵੇਖਦਿਆਂ ਸ਼ਲੋਕ ਉਚਾਰਿਆ ਹੋਵੇ, ‘‘ਫਰੀਦਾ ਜੋ ਤੈ ਮਾਰਨਿ ਮੁਕੀਆ ਤਿਨਾ ਨ ਮਾਰੇ ਘੁੰਮਿ ਆਪਨੜੈ ਘਰਿ ਜਾਈਐ ਪੈਰ ਤਿਨਾ ਦੇ ਚੁੰਮਿ॥’’ ਇੰਨੇ ਧਰਮਾਂ ਦਾ ਸੰਗਮ ਹੋਣ ਦੇ ਬਾਵਜੂਦ ਯੇਰੂਸ਼ਲਮ ਪਿਛਲੀਆਂ ਕਈ ਸਦੀਆਂ ਤੋਂ ਅਸ਼ਾਂਤ ਰਿਹਾ ਹੈ। ਰੱਬ ਦੇ ਨਾਂ ’ਤੇ ਹੋਏ ਫ਼ਸਾਦਾਂ ਕਾਰਨ ਇਸ ਪਵਿੱਤਰ ਧਰਤੀ ਨੂੰ ਵੇਖ ਕੇ ਸ਼ਾਇਦ ਰੱਬ ਵੀ ਯੇਰੂਸ਼ਲਮ ਦੇ ਠੇਕੇਦਾਰਾਂ ਨਾਲ ਰੁੱਸ ਗਿਆ ਹੈ। ਵੈਸੇ ਰੱਬ ਦਾ ਅੱਜ ਤਕ ਕਿਸੇ ਨੇ ਭੇਤ ਹੀ ਨਹੀਂ ਪਾਇਆ। ਪ੍ਰੋ. ਮੋਹਨ ਸਿੰਘ ਰੱਬ ਨੂੰ ਇਕ ਗੁੰਝਲਦਾਰ ਬੁਝਾਰਤ ਮੰਨਦਾ ਹੈ : ਰੱਬ ਇਕ ਗੁੰਝਲਦਾਰ ਬੁਝਾਰਤ ਰੱਬ ਇਕ ਗੋਰਖ-ਧੰਦਾ। ਖੋਲ੍ਹਣ ਲੱਗਿਆਂ ਪੇਚ ਏਸ ਦੇ ਕਾਫ਼ਿਰ ਹੋ ਜਾਏ ਬੰਦਾ। ਕਾਫ਼ਿਰ ਹੋਣੋ ਡਰ ਕੇ ਜੀਵੇਂ ਖੋਜੋਂ ਮੂਲ ਨਾ ਖੁੰਝੀਂ। ਲਾਈਲਗ ਮੋਮਨ ਦੇ ਨਾਲੋਂ ਖੋਜੀ ਕਾਫ਼ਿਰ ਚੰਗਾ। ਸਿ੍ਰਸ਼ਟੀ/ਬ੍ਰਹਿਮੰਡ ਦੀ ਉਤਪਤੀ ਬਾਰੇ ਦੁਨੀਆ ਭਰ ਦੇ ਵਿਗਿਆਨੀਆਂ ਨੇ ਸਮੇਂ-ਸਮੇਂ ਖੋਜ ਕੀਤੀ ਹੈ। ਵਿਗਿਆਨੀਆਂ ਨੇ ਕੁਦਰਤ ਦੀਆਂ ਅਣਗਿਣਤ ਪਰਤਾਂ ਫਰੋਲੀਆਂ ਹਨ। ਹੁਣ ਤਕ ਦਾ ਸਭ ਤੋਂ ਵੱਡਾ ਭੌਤਿਕ ਵਿਗਿਆਨੀ ਅਲਬਰਟ ਆਇੰਸਟਾਈਨ ਨੂੰ ਮੰਨਿਆ ਜਾਂਦਾ ਹੈ ਜੋ ਯਹੂਦੀ ਪਰਿਵਾਰ ਵਿਚ ਜੰਮਿਆ ਸੀ। ਮਹਾਨ ਯਹੂਦੀ ਵਿਗਿਆਨੀ ਸਮੇਂ ਅਤੇ ਸਥਾਨ ਦੇ ਸੰਕਲਪ ਦੀ ਖੋਜ ਕਰਦਿਆਂ ਦਰਅਸਲ ਰੱਬ ਨੂੰ ਹੀ ਲੱਭਣ ਦੀ ਕੋਸ਼ਿਸ਼ ਕਰ ਰਿਹਾ ਸੀ। ਖੋਜੀ-ਬਿਰਤੀ ਵਾਲਾ ਆਇੰਸਟਾਈਨ ਸੋਚਦਾ ਸੀ ਕਿ ਜੇ ਸਮੇਂ ਤੇ ਸਥਾਨ ਦੇ ਭੇਤ ਦੀਆਂ ਪਰਤਾਂ ਖੁੱਲ੍ਹ ਗਈਆਂ ਤਾਂ ਬ੍ਰਹਿਮੰਡ ਦੇ ਆਦਿ ਬਿੰਦੂ ਤੇ ਇਸ ਦੇ ਪਸਾਰੇ ਦੀ ਗੁੱਥੀ ਵੀ ਸੁਲਝ ਜਾਵੇਗੀ। ਇਹ ਖੋਜ ਧਾਰਮਿਕ ਬਿਰਤੀ ਵਾਲੇ ਲੋਕਾਂ ਤੋਂ ਬਿਲਕੁਲ ਅਡਰੀ ਸੀ ਜੋ ਅੱਖਾਂ ਮੀਟ ਕੇ ਰੱਬ ਦੇ ਨਾਮ ’ਤੇ ਯੇਰੂਸ਼ਲਮ ਨੂੰ ਸਦੀਆਂ ਤੋਂ ਲਹੂ-ਲੁਹਾਣ ਕਰਦੇ ਆ ਰਹੇ ਸਨ। ਇਸੇ ਖੋਜ ਨੂੰ ਅੱਗੇ ਵਧਾਉਂਦਿਆਂ ਵਿਗਿਆਨੀਆਂ ਨੇ ਕੁਦਰਤ ਦੇ ਰਹੱਸਾਂ ਨੂੰ ਜਾਣਨ ਦੇ ਯਤਨ ਜਾਰੀ ਰੱਖੇ। ਉਹ ਇਸ ਮੁੱਦੇ ’ਤੇ ਇਕਮਤ ਸਨ ਕਿ ਮਾਦੇ ਦੀ ਨਾਭ ਦੇ ਸੂਖ਼ਮ ਕਣ ’ਚੋਂ ਬ੍ਰਹਿਮੰਡ ਦਾ ਪਸਾਰਾ ਹੋਇਆ ਹੈ। ਇਹ ਉਹ ਕਣ ਹੈ ਜੋ ਮਾਦੇ ਨੂੰ ਆਕਾਰ ਦਿੰਦਾ ਹੈ। ਚਾਰ ਜੁਲਾਈ 2012 ਨੂੰ ਫਰਾਂਸ-ਸਵਿਟਜ਼ਰਲੈਂਡ ਦੀ ਸਰਹੱਦ ਹੇਠਾਂ ਬਣਾਏ ‘ਲਾਰਜ ਹੈਡਰੌਨ ਕੋਲਾਈਡਰ’ ਵਿਚ ‘ਬਿੱਗ-ਬੈਂਗ’ ਦਾ ਤਜਰਬਾ ਹੋਇਆ। ਇਹ ਮਹਾ-ਧਮਾਕਾ 17 ਮੀਲ ਲੰਬੀ ਘੇਰੇਦਾਰ ਟਿਊਬ ਵਿਚ ਖਲਾਅ ਵਰਗੀ ਸਥਿਤੀ (ਸੁੰਨ ਅਵਸਥਾ) ਪੈਦਾ ਕਰ ਕੇ ਕੀਤਾ ਗਿਆ ਸੀ। ਅਜਿਹਾ ਮਹਾ-ਧਮਾਕਾ 13-14 ਅਰਬ ਸਾਲ ਪਹਿਲਾਂ ਹੋਇਆ ਮੰਨਿਆ ਗਿਆ ਸੀ। ਵਿਗਿਆਨੀਆਂ ਨੇ ਸੂਖ਼ਮ-ਕਣ ਨੂੰ ਲੱਭਣ ਦਾ ਦਾਅਵਾ ਕਰਦਿਆਂ ਇਸ ਨੂੰ ‘ਹਿੱਗਸ ਬੋਸੋਨ’ ਜਾਂ ‘ਰੱਬੀ ਕਣ’ ਦਾ ਨਾਮ ਦਿੱਤਾ ਸੀ। ਰੱਬ ਦੀ ਵਰਣਨਮਾਲਾ ਦਾ ਫਿਰ ਵੀ ਭੇਤ ਨਾ ਲੱਗਿਆ। ਲੋਕ ਪੁੱਛਦੇ ਰਹੇ ਕਿ ਜੇ ਬ੍ਰਹਿਮੰਡ ਦੀ ਸਿਰਜਣਾ ਬਾਰੇ ਗੁੱਥੀ ਸੁਲਝ ਗਈ ਹੈ ਤਾਂ ਫਿਰ ਉਹ (ਵਿਗਿਆਨੀ) ਇਹ ਵੀ ਦੱਸਣ ਕਿ ਆਖ਼ਰ ‘ਰੱਬੀ-ਕਣ’ ਕਿਸ ਨੇ ਪੈਦਾ ਕੀਤਾ ਸੀ? ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇ ਕਾਦਰ ਤੇ ਉਸ ਦੀ ਪੈਦਾ ਕੀਤੀ ਕਾਇਨਾਤ ਦਾ ਕੋਈ ਰਹੱਸ ਹੀ ਨਹੀਂ ਸਮਝ ਸਕਿਆ ਫਿਰ ਉਸ ਦਾ ਨਾਂ ਲੈ ਕੇ ਝਗੜੇ-ਝੇੜੇ ਕਿਉਂ ਹੁੰਦੇ ਹਨ? ਇਜ਼ਰਾਈਲ ਅਤੇ ਇਸ ਦੇ ਆਲੇ-ਦੁਆਲੇ ਵਸੇ ਮੁਸਲਮਾਨ ਦੇਸ਼ਾਂ ਦਰਮਿਆਨ ਹੁੰਦਾ ਆ ਰਿਹਾ ਟਕਰਾਅ ਆਖ਼ਰ ਕਦੋਂ ਖ਼ਤਮ ਹੋਵੇਗਾ? ਇਹ ਇਕ ਕੌੜੀ-ਕੁਸੈਲੀ ਸੱਚਾਈ ਹੈ ਕਿ ਇਜ਼ਰਾਈਲ ਹੋਂਦ ਵਿਚ ਆਉਣ ਤੋਂ ਪਹਿਲਾਂ ਯਹੂਦੀਆਂ ਦਾ ਵੱਡੇ ਪੱਧਰ ’ਤੇ ਕਤਲੇਆਮ ਹੋਇਆ ਤੇ ਉਹ ਆਪਣੀਆਂ ਜਾਨਾਂ ਲੁਕਾਉਂਦੇ ਹੋਏ ਦੂਜੇ ਦੇਸ਼ਾਂ ਵਿਚ ਪਲਾਇਨ ਕਰ ਗਏ ਸਨ। ਨਾਜ਼ੀ ਹਿਟਲਰ ਨੇ ਹਜ਼ਾਰਾਂ ਯਹੂਦੀਆਂ ਨੂੰ ਗੈਸ ਚੈਂਬਰਾਂ ਵਿਚ ਤਾੜ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਅੰਨ੍ਹਾ ਤਸ਼ੱਦਦ ਸਹਿਣ ਦੇ ਬਾਵਜੂਦ ਯਹੂਦੀਆਂ ਨੂੰ ਆਪਣੀ ਮਾਤ-ਭੂਮੀ ਕਦੇ ਨਾ ਭੁੱਲੀ। ਯੇਰੂਸ਼ਲਮ ਦੀ ਮਿੱਟੀ ਉਨ੍ਹਾਂ ਨੂੰ ਆਵਾਜ਼ਾਂ ਮਾਰਦੀ ਰਹੀ। ਦੂਜੀ ਆਲਮੀ ਜੰਗ ਤੋਂ ਬਾਅਦ ਬੇਹੱਦ ਯੋਜਨਾਬੱਧ ਤਰੀਕੇ ਨਾਲ ਯਹੂਦੀਆਂ ਨੇ ਇਜ਼ਰਾਈਲ ਵਿਚ ਫ਼ਲਸਤੀਨੀਆਂ ਕੋਲੋਂ ਜ਼ਮੀਨ ਖ਼ਰੀਦਣੀ ਸ਼ੁਰੂ ਕਰ ਦਿੱਤੀ। ਫ਼ਲਸਤੀਨੀਆਂ ਨੂੰ ਪਤਾ ਹੀ ਨਾ ਚੱਲਿਆ ਕਿ ਉਹ ਕਦੋਂ ਆਪਣੇ ਹੀ ਦੇਸ਼ ਵਿਚ ਸ਼ਰਨਾਰਥੀ ਬਣ ਗਏ। ਯਹੂਦੀਆਂ ਨੇ ਦੂਜੀ ਵਿਸ਼ਵ ਜੰਗ ਪਿੱਛੋਂ ਸਸਤੀਆਂ ਕੀਮਤਾਂ ’ਤੇ ਹਥਿਆਰ ਖ਼ਰੀਦ ਲਏ। ਅੱਜ ਸ਼ਾਇਦ ਹੀ ਅਜਿਹਾ ਕੋਈ ਯਹੂਦੀ ਹੋਵੇਗਾ ਜਿਸ ਨੂੰ ਅਗਨ-ਹਥਿਆਰ ਨਾ ਚਲਾਉਣੇ ਆਉਂਦੇ ਹੋਣ। ਇਸਲਾਮਿਕ ਦੇਸ਼ਾਂ ਵਿਚ ਘਿਰਿਆ ਹੋਣ ਦੇ ਬਾਵਜੂਦ ਇਜ਼ਰਾਈਲ ਦੁਨੀਆ ਭਰ ਦੇ ਮੁਸਲਿਮ ਭਾਈਚਾਰੇ ਨੂੰ ਅੱਖਾਂ ਦਿਖਾ ਰਿਹਾ ਹੈ।