ਕੰਧਾਂ ਸਾਰੀਆਂ ਢਾਹਵੋ... (ਪੰਜਾਬੀ ਜਾਗਰਣ –– 5th March, 2023)
ਵਰਿੰਦਰ ਵਾਲੀਆ
ਪੰਜਾਬ ਇਤਿਹਾਸ ਦੇ ਚੌਰਾਹੇ ’ਤੇ ਬੌਂਦਲਿਆ ਖੜ੍ਹਾ ਹੈ। ਦਿਸ਼ਾਹੀਣ! ਇਸ ਦੀ ਦਸ਼ਾ ਬਦ ਤੋਂ ਬਦਤਰ ਹੋ ਰਹੀ ਹੈ। ਪੰਜਾਬ ਦੇ ਅਸਲ ਵਾਰਸਾਂ ਦਾ ਆਪਣੀ ਜਨਮ ਭੋਇੰ ਤੋਂ ਮੋਹ ਭੰਗ ਹੋ ਰਿਹਾ ਹੈ। ਫਸਾਦੀ ਟੋਲੇ ਹਰਲ-ਹਰਲ ਕਰਦੇ ਸਾਡੇ ਗੌਰਵਸ਼ਾਲੀ ਵਿਰਸੇ ਨੂੰ ਗੰਧਲਾ ਕਰਨ ’ਤੇ ਤੁਲੇ ਹੋਏ ਹਨ। ਨਸ਼ਿਆਂ ਦਾ ਦਨਦਨਾਉਂਦਾ ਦੈਂਤ ਪੰਜਾਬ ਦੀ ਜਵਾਨੀ ਨੂੰ ਹੜੱਪਣ ਦੀ ਕੋਸ਼ਿਸ਼ ਕਰ ਰਿਹਾ ਹੈ। ਸਮਾਜਿਕ ਸਰੋਕਾਰਾਂ ਦੀ ਗੱਲ ਕੋਈ ਨਹੀਂ ਕਰ ਰਿਹਾ। ਕਤਲੋਗਾਰਤ, ਲੁੱਟਾਂ-ਖੋਹਾਂ ਤੇ ਖ਼ੁਦਕੁਸ਼ੀਆਂ ਨੇ ਪੰਜਾਬ ਨੂੰ ਚਾਰੋਂ ਖ਼ਾਨੇ ਚਿੱਤ ਕਰ ਦਿੱਤਾ ਹੈ। ਇਸ ਹਨੇਰਗਰਦੀ ਵਿਚ ਜੁਗਨੂੰ ਵੀ ਟਿਮਟਿਮਾਉਣ ਤੋਂ ਤ੍ਰਹਿੰਦੇ ਹਨ।
ਬੁੱਲ੍ਹੇ ਸ਼ਾਹ ਰਹਿ-ਰਹਿ ਕੇ ਯਾਦ ਆਉਂਦਾ ਹੈ, ‘‘ਦਰ ਖੁੱਲ੍ਹਾ ਹਸ਼ਰ ਪੰਜਾਬ ਦਾ/ਬੁਰਾ ਹਾਲ ਹੋਇਆ ਪੰਜਾਬ ਦਾ।’’ ਸੂਬੇ ਦੇ ਬਹੁਤੇ ਕਾਲਜਾਂ ਵਿਚ ਦਾਖ਼ਲੇ ਤੇਜ਼ੀ ਨਾਲ ਘਟ ਰਹੇ ਹਨ। ਬਹੁਤੇ ਇੰਜੀਨੀਅਰਿੰਗ, ਨਰਸਿੰਗ ਤੇ ਹੋਰ ਪ੍ਰੋਫੈਸ਼ਨਲ ਕਾਲਜਾਂ ਦਾ ਮਿਆਰ ਉੱਚ ਪਾਏ ਦਾ ਨਾ ਹੋਣ ਕਾਰਨ ਬੇਰੁਜ਼ਗਾਰਾਂ ਦੀ ਫ਼ੌਜ ਵਿਚ ਵਾਧਾ ਹੋ ਰਿਹਾ ਹੈ। ਸਰਦੇ-ਪੁੱਜਦੇ ਘਰਾਂ ਦੇ ਬੱਚੇ ਪਰਵਾਜ਼ ਭਰ ਕੇ ਵਿਦੇਸ਼ਾਂ ਵੱਲ ਰੁਖ਼ ਕਰਦੇ ਹਨ। ਹਰੀ ਕ੍ਰਾਂਤੀ ਵਿਚ ਮੋਹਰੀ ਭੂਮਿਕਾ ਨਿਭਾਉਣ ਵਾਲੇ ਸੂਬੇ ਦੀ ਜਰਖ਼ੇਜ਼ ਧਰਤੀ ਅੰਧਾ-ਧੁੰਦ ਜ਼ਹਿਰਾਂ ਦੇ ਛਿੜਕਾਅ ਕਾਰਨ ਜ਼ਹਿਰੀਲੀ ਹੋ ਰਹੀ ਹੈ। ਖੇਤ ਬਟਿਆਂ ਵਿਚ ਵੰਡੇ ਜਾਣ ਕਾਰਨ ਖੇਤੀ ਹੁਣ ਲਾਹੇਵੰਦ ਧੰਦਾ ਨਹੀਂ ਰਹੀ। ਖੇਤ ਛੋਟੇ ਹੋਣ ਦੇ ਬਾਵਜੂਦ ਹਰ ਕਿਸਾਨ ਟਰੈਕਟਰ ਤੇ ਖੇਤੀ ਦੇ ਹੋਰ ਆਧੁਨਿਕ ਸੰਦ ਰੱਖਣਾ ਸ਼ਾਨ ਸਮਝਦਾ ਹੈ। ਅਜਿਹੀ ਫੋਕੀ ਸ਼ਾਨ ਨੇ ਹੀ ਅੰਨਦਾਤੇ ਦੇ ਹੱਥਾਂ ਵਿਚ ਠੂਠਾ ਫੜਾਇਆ ਹੈ। ਪੰਜਾਬ ਦੇ ਕੈਬਨਿਟ ਮੰਤਰੀ ਡਾ. ਇੰਦਰਜੀਤ ਸਿੰਘ ਨਿੱਜਰ ਨੇ ਪੰਜਾਬੀਆਂ ਨੂੰ ਜਦੋਂ ‘ਸ਼ੀਸ਼ਾ’ ਦਿਖਾਇਆ ਤਾਂ ਉਹ ਮੋਢੇ ’ਤੇ ਡਾਂਗਾਂ ਉਲਾਰ ਕੇ ਉਨ੍ਹਾਂ ਦੇ ਪਿੱਛੇ ਪੈ ਗਏ ਸਨ। ਸੱਚ ਵਾਕਈ ਕੌੜਾ ਹੁੰਦਾ ਹੈ। ਆਖ਼ਰ ਉਨ੍ਹਾਂ ਨੇ ਮਾਫ਼ੀ ਮੰਗ ਕੇ ਆਪਣੀ ਕੌਮ ਤੋਂ ਖਹਿੜਾ ਛੁਡਾਇਆ ਸੀ। ਵੋਟਾਂ ਬਟੋਰਨ ਲਈ ਵੰਡੀਆਂ ਜਾਂਦੀਆਂ ਮੁਫ਼ਤ ਦੀਆਂ ਰਿਓੜੀਆਂ ਨੇ ਮਿਹਨਤਕਸ਼ ਕਿਸਾਨਾਂ ਦੇ ਹੱਡਾਂ ਵਿਚ ਪਾਣੀ ਪਾ ਦਿੱਤਾ ਹੈ। ਅਜਿਹਾ ਕਰਨਾ ਕਿਸੇ ਵੀ ਗ਼ੈਰਤਮੰਦ ਕੌਮ ਦੀਆਂ ਜੜ੍ਹਾਂ ’ਚ ਤੇਲ ਪਾਉਣ ਵਾਲਾ ਕੰਮ ਕਰਦਾ ਹੈ। ਮੁਫ਼ਤ ਦੇ ਬਿਜਲੀ-ਪਾਣੀ ਕਾਰਨ ਪੰਜਾਬ ਦਾ ਅਰਥਚਾਰਾ ਚਰਮਰਾ ਗਿਆ ਹੈ। ਮੁਫ਼ਤ ਦੀਆਂ ਮੋਟਰਾਂ ਬੇਤਹਾਸ਼ਾ ਪਾਣੀ ਕੱਢ ਕੇ ਬਲਾਕਾਂ ਦੇ ਬਲਾਕ ‘ਡਾਰਕ ਜ਼ੋਨਾਂ’ ਵਿਚ ਤਬਦੀਲ ਕਰ ਰਹੀਆਂ ਹਨ। ਆਉਣ ਵਾਲੀਆਂ ਪੀੜ੍ਹੀਆਂ ਨੂੰ ਅਸੀਂ ਕਿਹੋ ਜਿਹੀ ਵਿਰਾਸਤ ਛੱਡ ਕੇ ਜਾਵਾਂਗੇ, ਇਹ ਕੰਧ ’ਤੇ ਲਿਖਿਆ ਹੋਇਆ ਹੈ। ਰੀਸੋ-ਰੀਸੀ ਪੰਜਾਬੀ ਕਰਜ਼ਾ ਚੁੱਕ ਕੇ ਵਿਆਹਾਂ ਤੇ ਭੋਗਾਂ ਨੂੰ ਬੇਹੱਦ ਖ਼ਰਚੀਲਾ ਬਣਾ ਰਹੇ ਹਨ। ਰੰਗਲੇ ਪੰਜਾਬ ਦੀ ਆਬੋ-ਹਵਾ ਵੀ ਗੰਧਲੀ ਹੋ ਰਹੀ ਹੈ। ਇਸ ਨੂੰ ਦੂਸ਼ਿਤ ਕਰਨ ਲਈ ਸਰਕਾਰਾਂ ਤੋਂ ਇਲਾਵਾ ਅਸੀਂ ਖ਼ੁਦ ਜ਼ਿੰਮੇਵਾਰ ਹਾਂ। ਤੱਤੀਆਂ ਤਕਰੀਰਾਂ ਨੇ ਵੀ ਪੰਜਾਬ ਦੇ ਪਾਣੀਆਂ ਨੂੰ ਉਬਾਲਣ ਦਾ ਕੰਮ ਕੀਤਾ ਹੈ। ਫਿਰਕਾਪ੍ਰਸਤੀ ਚਰਮ-ਸੀਮਾ ’ਤੇ ਹੈ। ਪੰਜਾਬ ਦੀ ਵਰਤਮਾਨ ਦਸ਼ਾ ਨੂੰ ਬਿਆਨ ਕਰਦਿਆਂ ਪ੍ਰੋ. ਹਰਿੰਦਰ ਸਿੰਘ ਮਹਿਬੂਬ ਲਿਖਦੇ ਹਨ, ‘‘ਪੂਰਨ ਸਿੰਘ ਦਾ ਦੇਸ ਪੰਜਾਬ ਕਿੱਥੇ? ਅੱਖਾਂ ਡੁੱਲ੍ਹਦੀਆਂ ਬੇਲਿਆਂ ਤੋਂ ਵਿਛੜ ਕੇ ਪਿਆ ਰੋਣ ਆਵੇ ਦੇਸ ਪੰਜਾਬ ਨੂੰ ਤਕ ਕੇ।’’ ਪੰਜਾਬ ਇਕ ਵਿਸ਼ਾਲ ਭੂ-ਖੰਡ ਹੋਣ ਕਰਕੇ ਇਸ ਨੂੰ ‘ਦੇਸ’ ਹੀ ਲਿਖਿਆ ਜਾਂਦਾ ਸੀ। ਇਸ ਦਾ ਪੁਰਾਤਨ ਨਾਂ ‘ਸਪਤਸਿੰਧੂ’ ਸੀ ਜਿਸ ਵਿਚ ਸਿੰਧ ਤੇ ਸਰਸਵਤੀ ਸਣੇ ਸੱਤ ਮਹਾ ਦਰਿਆ ਕਲਕਲ ਵਗਦੇ ਸਨ। ਅਣਵੰਡੇ ਪੰਜਾਬ ਵਿਚ ਜੰਮੂ-ਕਸ਼ਮੀਰ ਤੇ ਅਫ਼ਗਾਨਿਸਤਾਨ ਵੀ ਸ਼ਾਮਲ ਸਨ। ਇਤਿਹਾਸਕਾਰਾਂ ਅਤੇ ਪੁਰਾਤੱਤਵ ਵਿਗਿਆਨੀਆਂ ਨੇ ਇਸ ਧਰਤੀ ਨੂੰ ਮਾਨਵ ਸੱਭਿਅਤਾ ਦਾ ਪੰਘੂੜਾ ਦੱਸਿਆ ਹੈ। ਗੁਆਚੀ ਹੋਈ ਇਸ ਅਮੀਰ ਸੱਭਿਅਤਾ ਦੀ ਨਿਸ਼ਾਨਦੇਹੀ ਹੜੱਪਾ ਅਤੇ ਮਹਿੰਜੋਦੜੋ ਦੇ ਅਵਿਸ਼ੇਸ਼ਾਂ ’ਚੋਂ ਹੁੰਦੀ ਹੈ। ਉੱਨ੍ਹੀਵੀਂ ਸਦੀ ਦੇ ਪੰਜਵੇਂ ਦਹਾਕੇ ਬਿ੍ਰਟਿਸ਼ ਇੰਜੀਨੀਅਰਾਂ, ਜੌਹਨ ਅਤੇ ਵਿਲੀਅਮ ਬਰਨਟਨ ਦੀ ਅਗਵਾਈ ਵਿਚ ਕਰਾਚੀ ਤੋਂ ਲਾਹੌਰ ਤਕ ਰੇਲਵੇ ਲਾਈਨਾਂ ਵਿਛਾਉਣ ਦਾ ਕਾਰਜ ਆਰੰਭਿਆ ਗਿਆ ਤਾਂ 1921 ਵਿਚ ਰਾਵੀ ਕੰਢੇ ਵਸੇ ਅਣਗੌਲੇ ਪਿੰਡ ਹੜੱਪਾ ਦੇ ਥੇਹਾਂ ’ਚੋਂ ਪੁਰਾਤਨ ਸੱਭਿਅਤਾ ਦੇ ਦੀਦਾਰ ਹੋਏ ਸਨ। ਥੇਹਾਂ ’ਚੋਂ ਮਿਲੀਆਂ ਪੱਕੀਆਂ ਇੱਟਾਂ ਨੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਪੁਰਾਤੱਤਵ ਵਿਭਾਗ ਨੇ ਵਿਗਿਆਨਕ ਢੰਗ ਨਾਲ ਥੇਹਾਂ ਦੀ ਖੁਦਾਈ ਕੀਤੀ ਤਾਂ ਹੇਠੋਂ ਮਿੱਟੀ ਦੀਆਂ ਮੂਰਤੀਆਂ, ਕਿਲ੍ਹਾ-ਨੁਮਾ ਇਮਾਰਤ ਅਤੇ ਅੰਨ-ਭੰਡਾਰਨ ਦੇ ਗੁਦਾਮਾਂ ਤੋਂ ਪਤਾ ਲੱਗਾ ਕਿ ਹਜ਼ਾਰਾਂ ਸਾਲ ਪਹਿਲਾਂ ਓਥੇ ਖ਼ੂਬਸੂਰਤ ਤੇ ਵਿਕਸਤ ਨਗਰ ਹੁੰਦਾ ਸੀ। ‘ਹੜੱਪਾ ਸੱਭਿਅਤਾ’ ਤੋਂ ਬਾਅਦ ਲਗਪਗ 600 ਕਿਲੋਮੀਟਰ ਦੂਰ ਸਿੰਧ ’ਚ ਮਹਿੰਜੋਦੜੋ ਦੇ ਪੁਰਾਣੇ ਥੇਹਾਂ ਦੀ ਖ਼ੁਦਾਈ ਦੌਰਾਨ ਮਿਲੇ ਇਕ ਹੋਰ ਵਿਕਸਤ ਨਗਰ ਨੇ ਇਸ ਨੂੰ ਦੁਨੀਆ ਵਿਚ ਮਕਬੂਲ ਕਰ ਦਿੱਤਾ। ਸਿੰਧੀ ਭਾਸ਼ਾ ’ਚ ਮਹਿੰਜੋਦੜੋ ਨੂੰ ‘ਮੁਰਦਿਆਂ ਦਾ ਥੇਹ’ ਕਿਹਾ ਜਾਂਦਾ ਹੈ। ਦੇਸ਼ ਦੀ ਵੰਡ ਵੇਲੇ ਸਿੰਧ ਘਾਟੀ ਦੇ ਬਹੁਤੇ ਅਵਿਸ਼ੇਸ਼ ਪਾਕਿਸਤਾਨ ’ਚ ਰਹਿ ਗਏ ਸਨ। ਸਮੇਂ ਦੀ ਉਥਲ-ਪੁਥਲ ਨੇ ਘੁੱਗ ਵਸਦੇ ਨਗਰ ਨੂੰ ਮੁਰਦਿਆਂ ਦੇ ਥੇਹ ’ਚ ਤਬਦੀਲ ਕਰ ਦਿੱਤਾ ਸੀ। ਅੱਜ ਸਾਡੇ ਇਤਿਹਾਸਕਾਰ ਤੇ ਪੁਰਾਤੱਤਵ ਵਿਗਿਆਨੀਆਂ ਨੂੰ ਪੰਜਾਬ ਦੀ ਅਮੀਰ ਸੱਭਿਅਤਾ ਦਾ ਝਲਕਾਰਾ ਲੈਣ ਲਈ ‘ਮੁਰਦਿਆਂ ਦਾ ਥੇਹ’ ਦੀਆਂ ਪਰਤਾਂ ਨੂੰ ਫਰੋਲਣਾ ਪੈ ਰਿਹਾ ਹੈ। ਸੱਚ ਜਾਣੋ, ਪੰਜਾਬ ਦੀ ਸ਼ਾਨਾਂਮੱਤੀ ਵਿਰਾਸਤ ਵੀ ਅਜਿਹੇ ਥੇਹਾਂ ’ਚ ਦੱਬੀ ਪਈ ਹੈ। ਅਮੀਰ ਵਿਰਸੇ ਨੂੰ ਥੇਹ ਕਰਨ ’ਚ ਸਮੇਂ-ਸਮੇਂ ਪੈਦਾ ਹੋਏ ਬੁਰਛਿਆਂ ਨੇ ਵੱਡੀ ਭੂਮਿਕਾ ਨਿਭਾਈ ਹੈ। ਮਹਿਬੂਬ ਦੀਆਂ ਚੰਦ ਸਤਰਾਂ ਅਜੋਕੇ ਪੰਜਾਬ ਦੀ ਦੁਰਦਸ਼ਾ ਨੂੰ ਇੰਜ ਬਿਆਨਦੀਆਂ ਹਨ, ‘‘ਸ਼ਹਿਰਾਂ ਦੇ ਪਿੰਜਰਾਂ ਵਿਚ ਢੱਠਾ ਪੰਜਾਬ ਸਾਰਾ ਨਾ ਉਹ ਹਾਣੀ, ਨਾ ਉਹ ਪਾਣੀ।’’ ਬੁਰਛਾਗਰਦੀ ਕਾਰਨ ਖੇਰੂੰ-ਖੇਰੂੰ ਹੋਈ ਸਿੱਖ ਸ਼ਕਤੀ ਨੂੰ ਅਰਥ ਦੇਣ ਵਾਲੇ ਮਹਾ ਕਵੀ ਸ਼ਾਹ ਮੁਹੰਮਦ ਨੂੰ ਯਾਦ ਕਰ ਕੇ ਉਹ ਲਿਖਦੇ ਹਨ, ‘‘ਫੇਰ ਨਾ ਸ਼ਾਹ ਮੁਹੰਮਦ ਨੇ ਆਵਣਾ ਗੀਤ ਨਾ ਸ਼ਹੁ ਦਰਿਆਵਾਂ ਦੇ ਗਾਵਣਾ ਮੌਤ ਦੇ ਚੜ੍ਹੇ ਦਰਿਆ ਨੂੰ ਫੇਰ ਨਾ, ਰਹਿਮ ਦੀ ਵਾਗ ਪਾ ਕਿਸੇ ਅਟਕਾਵਣਾ।’’ ਪੰਜਾਬ ਨੂੰ ਅੱਗ ਲਾਉਣ ਵਾਲੇ ਫਰੇਬੀ ਕਿਧਰੇ ਹੋਰ ਘਾਤ ਲਾਈ ਬੈਠੇ ਹਨ। ਪ੍ਰੋ. ਪੂਰਨ ਸਿੰਘ ਦੇ ਕਥਨ ਅਨੁਸਾਰ ਅਜਿਹੇ ਵਿਸਫੋਟਕ ਹਾਲਾਤ ’ਚੋਂ ਨਿਕਲਣ ਲਈ ਗੁਰਾਂ ਵਾਲੇ ਸਾਂਚੇ ’ਚ ਢਲਣਾ ਪਵੇਗਾ। ਗੁਰਾਂ ਦੇ ਨਾਮ ’ਤੇ ਜੀਣ-ਥੀਣ ਵਾਲੇ ਪੰਜਾਬ ’ਤੇ ਹਮੇਸ਼ਾ ਦੋਖੀਆਂ-ਦੁਸ਼ਮਣਾਂ ਦੀ ਚੰਦਰੀ ਨਜ਼ਰ ਰਹੀ ਹੈ। ਪੰਜਾਬ ’ਚ ਇਸ ਵੇਲੇ ਬੇਅਦਬੀ ਦਾ ਮੁੱਦਾ ਗਰਮਾਇਆ ਹੋਇਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਸਰਬਸਾਂਝੀਵਾਲਤਾ ਦਾ ਮਹਾਨ ਗ੍ਰੰਥ ਹੈ ਜਿਸ ਦੀ ਬੇਅਦਬੀ ਕਰਨ ਬਾਰੇ ਕੋਈ ਪੰਜਾਬੀ ਸੁਪਨੇ ’ਚ ਵੀ ਨਹੀਂ ਸੋਚ ਸਕਦਾ। ਪਾਵਨ ਗ੍ਰੰਥ ਨੂੰ ਜਵਾਹਰਕੇ ਤੋਂ ਚੁਰਾ ਕੇ ਇਸ ਦੇ ਅੰਗ ਖਿਲਾਰਨਾ ਇਕ ਡੂੰਘੀ ਸਾਜ਼ਿਸ਼ ਸੀ। ਇਸ ਦੇ ਦੋਸ਼ੀਆਂ ਦੀ ਨਿਸ਼ਾਨਦੇਹੀ ਹੋ ਚੁੱਕੀ ਸੀ ਤੇ ਕਈਆਂ ਨੂੰ ਸਜ਼ਾਵਾਂ ਵੀ ਮਿਲ ਗਈਆਂ ਸਨ। ਇਸ ਪਿੱਛੋਂ ਬਰਗਾੜੀ ਤੇ ਬਹਿਬਲ ਕਲਾਂ ਦੇ ਵਾਪਰੇ ਗੋਲੀਕਾਂਡ, ਸਮੇਂ ਦੀ ਸਰਕਾਰ ਵੇਲੇ ਪ੍ਰਸ਼ਾਸਨਿਕ ਅਣਗਹਿਲੀ ਸੀ। ਇਸ ਮੁੱਦੇ ’ਤੇ ਪੰਜਾਬੀਆਂ ਦੀ ਭਾਰੀ ਊਰਜਾ ਖਪਤ ਹੋ ਰਹੀ ਹੈ। ਇਸ ਸੰਵੇਦਨਸ਼ੀਲ ਮੁੱਦੇ ’ਤੇ ਸਿਆਸਤ ਕਰਨ ਦੀ ਬਜਾਏ ਅਸਲ ਦੋਸ਼ੀਆਂ ਨੂੰ ਕਟਹਿਰੇ ’ਚ ਖੜ੍ਹਾ ਕਰਨ ਦੀ ਲੋੜ ਹੈ। ਇੰਜ ਕੀਤਿਆਂ ਪੰਥਿਕ-ਸ਼ਕਤੀ ਨੂੰ ਲੱਗ ਰਹੇ ਖੋਰੇ ਨੂੰ ਵੀ ਬਚਾਇਆ ਜਾ ਸਕਦਾ ਹੈ। ‘ਸਰਬੱਤ ਦਾ ਭਲਾ’ ਮੰਗਣ ਵਾਲੀ ਕੌਮ ਨੇ ਗੁਰੂ ਆਸ਼ੇ ਅਨੁਸਾਰ ਲੋਕਾਈ ਦੇ ਕਈ ਹੋਰ ਕੰਮ ਵੀ ਸਾਂਭਣੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀਵੰਤ ਗੁਰੂ ਹੈ, ਇਸ ਦੀ ਬੇਅਦਬੀ ਕਰਨ ਬਾਰੇ ਨਾਨਕ ਨਾਮ ਲੇਵਾ ਸੁਪਨੇ ’ਚ ਵੀ ਨਹੀਂ ਸੋਚ ਸਕਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਦਾ ਇਕਮਾਤਰ ਗ੍ਰੰਥ ਹੈ ਜਿਸ ਵਿਚ ਗੁਰੂ ਸਾਹਿਬਾਨ ਤੋਂ ਇਲਾਵਾ ਹਰ ਜਾਤ ਅਤੇ ਫਿਰਕੇ ਦੇ ਬਾਣੀਕਾਰਾਂ ਦੀ ਬਾਣੀ ਦਰਜ ਹੈ। ਇਸੇ ਲਈ ਹਰ ਫਿਰਕੇ ਦਾ ਸ਼ਰਧਾਲੂ ਇਸ ਅੱਗੇ ਨਤਮਸਤਕ ਹੁੰਦਾ ਹੈ। ਅਜਨਾਲਾ ਦੀ ਘਟਨਾ ਤੋਂ ਬਾਅਦ ਜਥੇਦਾਰ ਅਕਾਲ ਤਖ਼ਤ ਨੇ ਵੀ ਇਕ ਸਬ ਕਮੇਟੀ ਬਣਾਈ ਹੈ ਜੋ ਪਾਵਨ ਬੀੜਾਂ ਨੂੰ ਧਰਨਿਆਂ-ਮੁਜ਼ਾਹਰਿਆਂ ਵਿਚ ਨਾ ਲੈ ਕੇ ਜਾਣ ਬਾਰੇ ਫ਼ੈਸਲਾ ਦੇ ਸਕਦੀ ਹੈ। ਇਹ ਇਕ ਸ਼ੁਭ ਸ਼ਗਨ ਹੈ ਕਿ ਕਈ ਪੰਥਿਕ ਜਥੇਬੰਦੀਆਂ ਨੇ ਪਾਲਕੀ ਸਾਹਿਬ ਦੀ ਆੜ ’ਚ ਅਜਨਾਲਾ ਥਾਣੇ ’ਤੇ ਧਾਵਾ ਬੋਲਣ ਵਾਲਿਆਂ ਨੂੰ ਆੜੇ ਹੱਥੀਂ ਲਿਆ ਹੈ। ਇਸ ਮੁੱਦੇ ’ਤੇ ਫਿਰਕਿਆਂ ਤੋਂ ਉੱਪਰ ਉੱਠ ਕੇ ਤਮਾਮ ਪੰਜਾਬੀ ਇਕ ਮੰਚ ’ਤੇ ਆਉਣੇ ਚਾਹੀਦੇ ਹਨ। ਇਕ-ਦੂਜੇ ਖ਼ਿਲਾਫ਼ ਇਲਜ਼ਾਮ-ਤਰਾਸ਼ੀ ਜਾਂ ਚਿੱਕੜ-ਉਛਾਲੀ ਕਰਨ ਨਾਲ ਪੰਜਾਬ ਦੀ ਸ਼ਾਂਤੀ ਨੂੰ ਲਾਂਭੂ ਲੱਗਣ ਦਾ ਖ਼ਦਸ਼ਾ ਹੈ। ਪ੍ਰੋ. ਪੂਰਨ ਸਿੰਘ ਦਾ ਸੁਪਨਾ ਹੈ, ‘‘ਮਰਨ ਜੀਣ ਸਭ ਸਾਂਝੇ ਹੋਣ’’ ਅਤੇ ‘‘ਦਿਲ ਦਰਿਆ ਹੋਣ ਰੱਬ ਦੀ ਜੋਤ ਵਾਲੇ।’’ ਪੁਰਾਣੇ ਪੰਜਾਬ ਨੂੰ ਹਾਕਾਂ ਮਾਰਦੇ ਹੋਏ ਉਹ ਕਹਿੰਦੇ ਹਨ, ‘‘ਕੰਧਾਂ ਸਾਰੀਆਂ ਢਾਹਵੋ ਹੁਣ।