VARINDER WALIA

ਹਰਮਨਪਿਆਰਾ ਕਾਲਮ –– ਹਰਫ਼ ਹਮੇਸ਼ / POPULAR COLUMN -- HARPH HAMESH

ਡੂੰਘੇ ਵੈਣਾਂ ਦਾ ਸੁਨੇਹਾ (ਪੰਜਾਬੀ ਜਾਗਰਣ –– 12th March, 2023)

ਵਰਿੰਦਰ ਵਾਲੀਆ

ਸ੍ਰੀ ਅਨੰਦਪੁਰ ਸਾਹਿਬ ਵਿਚ ਹੋਲਾ ਮਹੱਲਾ ਮਨਾਉਣ ਆਏ ਪਰਵਾਸੀ ਨੌਜਵਾਨ ਪ੍ਰਦੀਪ ਸਿੰਘ ਨੂੰ ਮੁੰਡ੍ਹੀਰ ਵੱਲੋਂ ਕੁੱਟ-ਕੁੱਟ ਕੇ ਮਾਰਨ ਦੀ ਮੰਦਭਾਗੀ ਘਟਨਾ ਨੇ ਹਰ ਨਾਨਕ-ਨਾਮ ਲੇਵਾ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਉਸ ਦਾ ਕਸੂਰ ਬਸ ਇੰਨਾ ਸੀ ਕਿ ਉਸ ਨੇ ਖੁੱਲ੍ਹੀਆਂ ਜੀਪਾਂ ਵਿਚ ਵੱਜ ਰਹੇ ਲੱਚਰ ਗਾਣਿਆਂ ’ਤੇ ਇਤਰਾਜ਼ ਕੀਤਾ ਸੀ। ਬਾਣੇ ਵਿਚ ਸਜਿਆ ਪ੍ਰਦੀਪ ਬੁਰਛਿਆਂ ਨੂੰ ਮੇਲੇ ਅਤੇ ਜੋੜਮੇਲੇ ਦਾ ਫ਼ਰਕ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਦੂਜੇ ਪਾਸੇ ਹਮਲਾਵਰ ਨੌਜਵਾਨਾਂ ਦੇ ਪਰਿਵਾਰਾਂ ਨੇ ਇਲਜ਼ਾਮ ਲਾਇਆ ਹੈ ਕਿ ਸਭ ਤੋਂ ਪਹਿਲਾਂ ਹਮਲਾ ਪ੍ਰਦੀਪ ਸਿੰਘ ਨੇ ਕਰ ਕੇ ਇਕ ਮੁੰਡੇ ਦਾ ਗੁੱਟ ਵੱਢਿਆ ਸੀ।

ਕੁਝ ਵੀ ਹੋਵੇ, ਇਸ ਘਟਨਾ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਮਾਪਿਆਂ ਦਾ ਇਕਲੌਤਾ ਪੁੱਤਰ ਕੈਨੇਡਾ ਤੋਂ ਆਪਣੀਆਂ ਜੜ੍ਹਾਂ ਨੂੰ ਹਰਾ ਰੱਖਣ ਖ਼ਾਤਰ ਅਨੰਦਪੁਰ ਦੀ ਪਾਵਨ ਧਰਤੀ ’ਤੇ ਉਚੇਚਾ ਹੋਲਾ ਮਹੱਲਾ ਮਨਾਉਣ ਆਇਆ ਸੀ। ਉਸ ਦੇ ਮੁਖ਼ਾਰਬਿੰਦ ’ਤੇ ਬਾਣੀ ਸੀ ਤੇ ਉਹ ਗੁਰੂ ਨਗਰੀ ਵਿਚ ਉੱਡਦੇ ਗੁਲਾਲ ਵਿਚ ਰੰਗੇ ਜਾਣਾ ਲੋਚਦਾ ਸੀ। ਉਸ ਦੇ ਮਾਪੇ ਪੁੱਤਰ ਨੂੰ ਨਿਹੰਗ ਬਾਣੇ ਵਿਚ ਦੇਖ ਕੇ ਵਾਰੇ-ਵਾਰੇ ਜਾਂਦੇ ਸਨ। ਉਨ੍ਹਾਂ ਦਾ ਫਖ਼ਰ ਨਾਲ ਸਿਰ ਉੱਚਾ ਹੁੰਦਾ ਸੀ ਕਿ ਸੱਤ ਸਮੁੰਦਰ ਪਾਰ ਜਾ ਕੇ ਵੀ ਉਹ ਆਪਣੇ ਮੂਲ ਨਾਲੋਂ ਟੁੱਟਿਆ ਨਹੀਂ। ਉਨ੍ਹਾਂ ਨੇ ਖ਼ਾਬ ਵਿਚ ਵੀ ਸੋਚਿਆ ਨਹੀਂ ਹੋਵੇਗਾ ਕਿ ਪਵਿੱਤਰ ਨਗਰੀ ਵਿਚ ਪ੍ਰਦੀਪ ਦੇ ਖ਼ੂਨ ਨਾਲ ਹੋਲੀ ਖੇਡੀ ਜਾਵੇਗੀ। ਉਸ ਨੂੰ ਕੋਹ-ਕੋਹ ਕੇ ਮਾਰਿਆ ਜਾਵੇਗਾ ਤੇ ਹੋਲਾ ਮਹੱਲਾ ਮਨਾਉਣ ਆਈ ‘ਗੁਰੂ ਰੂਪ ਸੰਗਤ’ ਤਮਾਸ਼ਬੀਨ ਬਣ ਕੇ ਮੌਤ ਦਾ ਤਾਂਡਵ ਵੇਖੇਗੀ।

Takht Sri Kesgarh Sahib_Anandpur Sahibਦਸਮ ਪਾਤਸ਼ਾਹ ਨੇ ਤਾਂ ਐਸਾ ‘ਖ਼ਾਲਸਾ’ ਨਹੀਂ ਸੀ ਸਿਰਜਿਆ ਜੋ ਜ਼ੁਲਮ ਨੂੰ ਰੋਕਣ ਦੀ ਬਜਾਏ ਵੀਡੀਓ ਬਣਾਉਣ ਵਿਚ ਰੁੱਝ ਜਾਵੇਗਾ! ਸੇਧ ਦੇਣ ਵਾਲੇ ਦਾ ਸੋਧਾ ਲਾਉਣ ਵਾਲਿਆਂ ਨੇ ਸਾਡੇ ਅਮੀਰ ਵਿਰਸੇ ਨੂੰ ਸ਼ਰਮਸਾਰ ਕੀਤਾ ਹੈ। ਅਨੰਦਪੁਰ ਤਾਂ ਜ਼ੁਲਮ ਨੂੰ ਜੜ੍ਹੋਂ ਪੁੱਟਣ ਵਾਲੀ ਧਰਤੀ ਸੀ। ਕਕਾਰਾਂ ਦੀ ਬਦੌਲਤ ਖ਼ਾਲਸੇ ਨੇ ਇਸ ਪਾਵਨ ਧਰਤੀ ਤੋਂ ਜ਼ੁਲਮ ਖ਼ਿਲਾਫ਼ ਵੱਡੀ ਜੰਗ ਵਿੱਢੀ ਸੀ।

ਇਹ ਉਹ ਨਗਰੀ ਹੈ ਜਿੱਥੇ ਰੂਹਾਨੀਅਤ ਦਾ ਪਹੁ-ਫੁਟਾਲਾ ਹੋਇਆ ਸੀ। ਅੱਠੋ ਪਹਿਰ ਇੱਥੇ ਆਤਮਿਕ ਜਲੌਅ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ। ਅਨੰਦਪੁਰ ਦੀ ਸੱਚੇ ਦਿਲੋਂ ਜ਼ਿਆਰਤ ਕਰਨ ਵਾਲੇ ਕਲਗੀਧਰ ਪਾਤਸ਼ਾਹ ਨੂੰ ਆਪਣੇ ਅੰਗ-ਸੰਗ ਸਮਝਦੇ ਹਨ। ਉਨ੍ਹਾਂ ਨੂੰ ਨੀਲੇ ਘੋੜੇ ਦੀਆਂ ਟਾਪਾਂ ਦੀ ਆਵਾਜ਼ ਮਹਿਸੂਸ ਹੁੰਦੀ ਹੈ। ਇਸੇ ਲਈ ਕਹਿੰਦੇ ਹਨ ਕਿ ਇਸ ਨਗਰੀ ਵਿਚ ਕਦੇ ਤ੍ਰਿਕਾਲਾਂ ਨਹੀਂ ਪੈਂਦੀਆਂ। ਇਸ ਧਰਤੀ ’ਤੇ ਖੰਡੇ ਬਾਟੇ ਦੀ ਪਹੁਲ ਬਖਸ਼ਿਸ਼ ਹੋਣ ਪਿੱਛੋਂ ਜਾਤ-ਪਾਤ ਦਾ ਕੋਹੜ ਵੱਢਿਆ ਗਿਆ ਸੀ। ਭਾਈ ਗੁਰਦਾਸ ਜੀ ਫੁਰਮਾਉਂਦੇ ਹਨ ‘‘ਪੀਓ ਪਾਹੁਲ ਖੰਡਧਾਰ ਹੋਇ ਜਨਮ ਸੁਹੇਲਾ॥

ਗੁਰ ਸੰਗਤਿ ਕੀਨੀ ਖ਼ਾਲਸਾ ਮਨਮੁਖੀ ਦੁਹੇਲਾ॥

ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ॥’’

ਗੁਰੂ ਸਾਹਿਬ ਦੀ ਵੰਗਾਰ ’ਤੇ ਭਾਈ ਦਇਆ ਰਾਮ, ਭਾਈ ਧਰਮ ਚੰਦ, ਭਾਈ ਹਿੰਮਤ ਰਾਏ, ਭਾਈ ਸਾਹਿਬ ਚੰਦ ਤੇ ਭਾਈ ਮੁਹਕਮ ਚੰਦ ਨੇ ਜਦੋਂ ਆਪਣੇ ਸੀਸ ਭੇਟਾ ਕੀਤੇ ਤਾਂ ਅੰਮ੍ਰਿਤ ਛਕ ਕੇ ਉਹ ਸਿੰਘ ਸੂਰਮੇ ਸਜ ਗਏ। ਗੁਰਭਾਈਆਂ ਕੋਲੋਂ ਫਿਰ ਗੁਰੂ ਜੀ ਨੇ ਖ਼ੁਦ ਅੰਮ੍ਰਿਤ ਛਕ ਕੇ ਪੰਥ ਨੂੰ ਜਮਹੂਰੀਅਤ ਦਾ ਮਾਰਗ ਸਮਝਾਇਆ। ਸਿਰ ਤਲੀ ’ਤੇ ਰੱਖ ਕੇ ਗੁਰੂ ਦੇ ਸਨਮੁੱਖ ਹੋਏ ਪੰਜ ਪਿਆਰਿਆਂ ਨੂੰ ਆਤਮਿਕ ਹੁਲਾਰਾ ਮਿਲਿਆ। ਪੰਜ ਕਕਾਰਾਂ ਨੇ ਉਨ੍ਹਾਂ ਨੂੰ ਉੱਚਾ ਤੇ ਸੁੱਚਾ ਆਚਰਣ ਬਖਸ਼ਿਸ਼ ਕੀਤਾ। ਉੱਚ ਦੁਮਾਲੜੇ ਵਾਲੇ ਪਾਂਧੀਆਂ ਦੇ ਦਰਸ਼ਨ-ਦੀਦਾਰੇ ਕਰ ਕੇ ਨੀਲੇ ਦੇ ਅਸਵਾਰ ਦੀ ਸੁਨਹਿਰੀ ਆਭਾ ਦੂਣ-ਸਵਾਈ ਹੋ ਜਾਂਦੀ। ਖ਼ਾਲਸੇ ਦੇ ਜਾਹੋ-ਜਲਾਲ ਨੂੰ ਤੱਕਦਿਆਂ ਗੁਰੂ ਸਾਹਿਬ ਦੇ ਮੁਖਾਰਬਿੰਦ ’ਚੋਂ ਇਲਾਹੀ ਬੋਲ ਆਪ-ਮੁਹਾਰੇ ਉਚਰਦੇ,

‘‘ ਖਾਲਸਾ ਮੇਰੋ ਰੂਪ ਹੈ ਖਾਸ॥

ਖਾਲਸੇ ਮਹਿ ਹਉ ਕਰਉ ਨਿਵਾਸ॥

ਖਾਲਸਾ ਮੇਰੋ ਪਿੰਡ ਪਰਾਨ॥

ਖਾਲਸਾ ਮੇਰੀ ਜਾਨ ਕੀ ਜਾਨ॥’’

ਸਰਬ ਲੋਹ ਦੇ ਖੰਡੇ ਬਾਟੇ ਦਾ ਅੰਮ੍ਰਿਤ ਖ਼ਾਲਸੇ ਨੂੰ ਰਣ-ਤੱਤੇ ਵਿਚ ਵੀ ਅਡੋਲ ਰੱਖਦਾ। ਸਬਰ-ਸੰਤੋਖ ਉਸ ਨਾਲ ਸਾਏ ਵਾਂਗ ਸਾਥ ਨਿਭਾਉਂਦਾ। ਉਹ ਨਿਓਟਿਆਂ ਦੀ ਓਟ ਤੇ ਨਿਆਸਰਿਆਂ ਦਾ ਆਸਰਾ ਬਣਦਾ। ਕਿਸੇ ਨਿਹੱਥੇ ਅਤੇ ਲਾਚਾਰ ’ਤੇ ਵਾਰ ਕਰਨਾ ਖ਼ਾਬ ’ਚ ਵੀ ਨਾ ਸੋਚਦਾ।

ਦੋਧਾਰੀ ਖੰਡਾ ਦਰਅਸਲ ਦੈਵੀ ਗਿਆਨ ਦਾ ਪ੍ਰਤੀਕ ਹੈ। ਖੰਡੇ ਦੀ ਤਿੱਖੀ ਧਾਰ ਜ਼ੁਲਮ ’ਤੇ ਫ਼ਤਿਹ, ਝੂਠ-ਫਰੇਬ ’ਤੇ ਸੱਚ ਦੀ ਜਿੱਤ ਵੱਲ ਇਸ਼ਾਰਾ ਕਰਦੀ ਹੈ। ਇਸ ਖੰਡੇ ਦੁਆਲੇ ਬਣਿਆ ਗੋਲ ਚੱਕਰ ਪਰਮਾਤਮਾ ਦਾ ਦਰਪਣ ਹੈ ਜਿਸ ਦਾ ਨਾ ਕੋਈ ਆਦਿ ਤੇ ਨਾ ਕੋਈ ਅੰਤ ਹੈ। ਇਹ ਨਾ ਤਾਂ ਕਿਤਿਓਂ ਸ਼ੁਰੂ ਹੁੰਦਾ ਹੈ ਤੇ ਨਾ ਹੀ ਕਿਤੇ ਇਸ ਦਾ ਅੰਤ ਹੁੰਦਾ ਹੈ। ਮੀਰੀਪੀਰੀ ਦੀਆਂ ਦੋ ਕਿਰਪਾਨਾਂ ਖੰਡੇ ਦਾ ਹੀ ਸਰੂਪ ਹਨ। ਗੁਰਧਾਮਾਂ ’ਚ ਗੱਡੇ ਨਿਸ਼ਾਨ ਸਾਹਿਬ ਦਾ ਵੀ ਇਹ ਹਿੱਸਾ ਹੁੰਦਾ ਹੈ। ਸਥੂਲ ਤੋਂ ਇਲਾਵਾ ਸੂਖ਼ਮ ਰੂਪ ਵਿਚ ਵੀ ਖੰਡਾ ਸਿੱਖ ਦੇ ਅੰਗ-ਸੰਗ ਸਹਾਈ ਹੁੰਦਾ ਹੈ। ਮਹਾ ਮਾਇਆ ਦਾ ਲਖਾਇਕ ਖੰਡਾ ਸੰਸਾਰ ਦੀ ਉਤਪਤੀ ਦਾ ਪ੍ਰਤੀਕ ਹੈ। ‘ਚੰਡੀ ਦੀ ਵਾਰ’ ਵਿਚ ਦਸਮੇਸ਼ ਪਿਤਾ ਖੰਡੇ ਦੀ ਪ੍ਰਥਮ ਹੋਂਦ ਦਾ ਜ਼ਿਕਰ ਕਰਦੇ ਹਨ,

‘‘ ਖੰਡਾ ਪਿ੍ਰਥਮੈ ਸਾਜ ਕੇ ਜਿਨਿ ਸਭ ਸੰਸਾਰ ਉਪਾਇਆ/

ਬ੍ਰਹਮਾ ਬਿਸਨੁ ਮਹੇਸ ਸਾਜ ਕੁਦਰਤਿ ਦਾ ਖੇਲੁ ਰਚਾਇ ਬਣਾਇਆ...।’’

ਗੁਰਬਾਣੀ ’ਚ ਗਾਈ ਮਹਿਮਾ ਕਾਰਨ ਖੰਡਾ ਪੰਜਾਬੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਬਣ ਗਿਆ। ਇਸ ਨੂੰ ਧਾਰਨ ਕਰ ਕੇ ਅੰਮ੍ਰਿਤਧਾਰੀ ਸਿੰਘ ਅਧਿਆਤਮ ਦੇ ਗਗਨਾਂ ਵਿਚ ਉਕਾਬੀ ਪਰਵਾਜ਼ ਭਰਦਾ ਹੈ। ਸਿੱਖ ਵਿਰਸੇ ਤੋਂ ਕੋਰੀ ਸਾਡੀ ਬੇਲਗਾਮ ਜਵਾਨੀ ਜਦੋਂ ਅਨੰਦਪੁਰ ਸਾਹਿਬ ਵੱਲ ਵਹੀਰਾਂ ਘੱਤਦੀ ਹੈ ਤਾਂ ਉਹ ਹੋਲੇ ਮਹੱਲੇ ਅਤੇ ਹੋਰ ਜੋੜ ਮੇਲਿਆਂ ਨੂੰ ਵੀ ਰਵਾਇਤੀ ਮੇਲੇ ਸਮਝਣ ਦੀ ਖ਼ਤਾ ਕਰਦੀ ਹੈ। ਜਿਹੜੇ ਗੀਤ ਅਖਾੜਿਆਂ ’ਚ ਮਨਚਲਿਆਂ ਦਾ ਦਿਲ ਪ੍ਰਚਾਵਾ ਕਰਦੇ ਹਨ, ਉਹ ਭੁੱਲੜਾਂ ਦੀਆਂ ਕਾਰਾਂ/ਜੀਪਾਂ ਵਿਚ ਵੱਜਦੇ ਸੁਣਾਈ ਦਿੰਦੇ ਹਨ।

ਹੜਦੁੰਗ ਮਚਾਉਣ ਵਾਲੇ ਅਜਿਹੇ ਲੋਕਾਂ ਨੂੰ ‘ਸਾਧ-ਸੰਗਤ’ ਦਾ ਨਾਮ ਨਹੀਂ ਦਿੱਤਾ ਜਾ ਸਕਦਾ। ਅਨੰਦਪੁਰ ਦਾ ਸਿਰਨਾਵਾਂ ਤਾਂ ਉਨ੍ਹਾਂ ਗੁਰੂ ਪਿਆਰਿਆਂ ਨੂੰ ਹੀ ਦੱਸਣਾ ਚਾਹੀਦਾ ਹੈ ਜੋ ਦੂਜਿਆਂ ਖ਼ਾਤਰ ਆਪਾ ਵਾਰਨ ਤੋਂ ਪਿੱਛੇ ਨਹੀਂ ਹਟਦੇ। ਜੋੜ ਮੇਲਿਆਂ ’ਚ ਜੈਕਾਰੇ ਤੇ ਸ਼ਬਦ ਹਜ਼ਾਰਿਆਂ ਦੇ ਬੋਲ ਹੀ ਸੁਣਨੇ ਚਾਹੀਦੇ ਹਨ। ਮੋਟਰਸਾਈਕਲਾਂ ਦੇ ਸਿਲੰਸਰ ਖੋਲ੍ਹ ਕੇ ‘ਪਟਾਕੇ ਪਾਉਣ’ ਵਾਲਿਆਂ ਲਈ ਜੋੜ ਮੇਲਿਆਂ ’ਚ ਕੋਈ ਥਾਂ ਨਹੀਂ ਹੋਣੀ ਚਾਹੀਦੀ। ਆਪਣੇ ਵਾਹਨਾਂ ਅੱਗੇ ਕੇਸਰੀ ਝੰਡੇ ਲਗਾ ਕੇ ਜਦੋਂ ਮੁੰਡ੍ਹੀਰ ਅਨੰਦਪੁਰ ਸਾਹਿਬ ਨੂੰ ਕੂਚ ਕਰਦੀ ਹੈ ਤਾਂ ਉਹ ਅਧਿਆਤਮਕ ਵਾਤਾਵਰਨ ’ਚ ਅਵੱਸ਼ ਖਲਲ ਪਾਉਂਦੀ ਹੈ। ਵੱਡੀ ਗਿਣਤੀ ’ਚ ਪੈਦਲ ਯਾਤਰਾ ਕਰਦੇ ਸ਼ਰਧਾਲੂਆਂ ਦਾ ਮਨ ਦੁਖੀ ਹੁੰਦਾ ਹੈ।

ਹਵਾ ’ਚ ਲਹਿਰਾਉਂਦੀਆਂ ਕਿਰਪਾਨਾਂ ਤੇ ਹੋਰ ਰਵਾਇਤੀ ਹਥਿਆਰਾਂ ਦਾ ਪ੍ਰਦਰਸ਼ਨ ਚੁਭਦਾ ਹੈ। ਖ਼ੁਦ ਨੂੰ ਵਿਰਸੇ ਦੇ ਵਾਰਿਸ ਸਮਝਣ ਦਾ ਭਰਮ ਪਾਲਣ ਵਾਲੇ ਕੁਰਾਹੇ ਪਏ ਨਜ਼ਰੀਂ ਪੈਂਦੇ ਹਨ। ਪੰਜਾਬ ਦੀ ਲੋਕਧਾਰਾ ’ਚ ਵੀ ਸ਼ਸਤਰਾਂ ਦੀ ਮਰਿਆਦਾ ਬਾਰੇ ਕਈ ਹਵਾਲੇ ਮਿਲਦੇ ਹਨ। ਅਕਾਰਨ ਹੀ ਤਲਵਾਰ ਨੂੰ ਮਿਆਨ ’ਚੋਂ ਸੂਤ ਲੈਣਾ ਅਪਸ਼ਗਨ ਮੰਨਿਆ ਜਾਂਦਾ ਹੈ। ਸਿਆਣੇ ਕਹਿੰਦੇ ਹਨ ਕਿ ਮਿਆਨ ’ਚੋਂ ਬਾਹਰ ਆਈ ਤਲਵਾਰ ਖ਼ੂਨ ਮੰਗਦੀ ਹੈ। ਕਬਾਇਲੀ ਸੋਚ ਨੂੰ ਪਰਣਾਏ ਹੁੱਲੜਬਾਜ਼ਾਂ ਨੂੰ ਇਸ ਦੀ ਪਰਵਾਹ ਹੀ ਨਹੀਂ ਹੁੰਦੀ। ਉਨ੍ਹਾਂ ਦੇ ਮਾਪਿਆਂ ਨੇ ਜੇ ਅਨੰਦਪੁਰ ਸਾਹਿਬ ਦਾ ਰੱਤ ਭਿੱਜਿਆ ਇਤਿਹਾਸ ਸੁਣਾਇਆ ਹੋਵੇ ਤਾਂ ਉਹ ਇੰਜ ਕਦੇ ਨਾ ਕਰਨ। ਅਨੰਦਪੁਰ ਸਾਹਿਬ ਦੀ ਸਰਜ਼ਮੀਨ ’ਤੇ ਦਸਮੇਸ਼ ਪਿਤਾ ਨੇ ਕ੍ਰਾਂਤੀ ਦੇ ਬੀਜ ਬੀਜੇ ਸਨ। ਫਿਰ ਖ਼ਾਲਸਾ ਪੰਥ ਦੀ ਸਾਜਨਾ ਕਰ ਕੇ ਗੁਰਸਿੱਖਾਂ ਨੂੰ ਖੰਡੇ ਦੀ ਧਾਰ ’ਤੇ ਚੱਲਣ ਦਾ ਵੱਲ ਸਿਖਾਇਆ ਸੀ। ਜ਼ੁਲਮ ਦੀ ਕਨਸੋਅ ਮਿਲਣ ਪਿੱਛੋਂ ਇਸ ਧਰਤੀ ’ਤੇ ਚੰਡੀ ਚਮਕਦੀ ਸੀ। ਤਲਵਾਰ ਤੋਲਣ, ਫਿਰ ਲਲਕਾਰ ਕੇ ਹੱਲਾ ਬੋਲਣ ਦਾ ਸੰਦੇਸ਼ ਵੀ ਇੱਥੋਂ ਹੀ ਮਿਲਦਾ ਹੈ।

ਪੀੜ੍ਹੀ-ਦਰ-ਪੀੜ੍ਹੀ ਤੁਰਦੀ ਆ ਰਹੀ ਪਰੰਪਰਾ ’ਚ ਖਾਈਆਂ ਨਜ਼ਰ ਆ ਰਹੀਆਂ ਹਨ। ਨੌਜਵਾਨਾਂ ਦੀਆਂ ਖਰੂਦ ਪਾਉਂਦੀਆਂ ਟੋਲੀਆਂ ਸ਼ਰਮਸਾਰ ਕਰਦੀਆਂ ਹਨ। ਜਦੋਂ ਹਥਿਆਰ ਸੱਭਿਆਚਾਰ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ ਤਾਂ ਆਲਮੀ ਪੱਧਰ ’ਤੇ ਉਹ ਕੌਮ ਬਦਨਾਮ ਹੁੰਦੀ ਹੈ ਜਿਸ ਨੇ ਮਨੁੱਖਤਾ ਖ਼ਾਤਰ ਲਾਸਾਨੀ ਕੁਰਬਾਨੀਆਂ ਦਿੱਤੀਆਂ ਹੁੰਦੀਆਂ ਹਨ। ਪਰਵਾਸੀਆਂ ਦੀਆਂ ਅਗਲੀਆਂ ਪੀੜ੍ਹੀਆਂ ਦਾ ਪਹਿਲਾਂ ਹੀ ਪੰਜਾਬ ਨਾਲ ਮੋਹ-ਭੰਗ ਹੋ ਰਿਹਾ ਹੈ। ਪ੍ਰਦੀਪ ਸਿੰਘ ਦੇ ਖ਼ੂਨ ਨਾਲ ਖੇਡੀ ਗਈ ਹੋਲੀ ਪਰਵਾਸੀਆਂ ਨੂੰ ਇੱਥੇ ਆਉਣੋਂ ਹੋੜੇਗੀ।

‘ਯਾਰਾਂ ਨੇ ਤੈਨੂੰ ਚੁੱਕ ਕੇ ਲੈ ਜਾਣਾ, ਛਵੀਆਂ ਦੀ ਛਾਂ ਕਰ ਕੇ’ ਵਰਗੇ ਗੀਤ ਸੁਣ ਕੇ ਮਾਪੇ ਆਪਣੇ ਬੱਚਿਆਂ ਨੂੰ ਪੰਜਾਬ ’ਚੋਂ ਬਾਹਰ ਭੇਜਣ ਲਈ ਆਪਣੀਆਂ ਜ਼ਮੀਨਾਂ ਤਕ ਵੇਚ ਦਿੰਦੇ ਹਨ। ਕੌਮ ਦੀ ਡੂੰਘੀ ਪੀੜਾ ਨੂੰ ਸਮਝਣ ਦੀ ਲੋੜ ਹੈ, ਨਹੀਂ ਤਾਂ ਪ੍ਰਦੀਪ ਸਿੰਘ ਵਰਗੇ ਸ਼ਰਧਾਲੂਆਂ ਦੀਆਂ ਮਾਵਾਂ ਦੇ ਵੈਣ ਕੌਮ ਲਈ ਘਾਤਕ ਸਿੱਧ ਹੋਣਗੇ।