ਲਮਹੋਂ ਨੇ ਖ਼ਤਾ ਕੀ... (ਪੰਜਾਬੀ ਜਾਗਰਣ –– 26th March, 2023)
ਵਰਿੰਦਰ ਵਾਲੀਆ
ਅਣਵੰਡੇ ਭਾਰਤ/ਪੰਜਾਬ ਦੇ ਜੇਹਲਮ ਜ਼ਿਲ੍ਹੇ ਦੇ ਅਵਤਾਰ ਨਾਰਾਇਣ ਗੁਜਰਾਲ ਅਤੇ ਪੁਸ਼ਪਾ ਗੁਜਰਾਲ ਦੇ ਗ੍ਰਹਿ ਵਿਖੇ 4 ਦਸੰਬਰ 1919 ਨੂੰ ਜਨਮੇ ਇੰਦਰ ਕੁਮਾਰ ਗੁਜਰਾਲ ਨੂੰ ਦੇਸ਼ ਦਾ ਬਟਵਾਰਾ ਤਾਉਮਰ ਡਰਾਉਣੇ ਸੁਪਨੇ ਵਾਂਗ ਸਤਾਉਂਦਾ ਰਿਹਾ ਸੀ। ਉਨ੍ਹਾਂ ਦੇ ਮਾਤਾ-ਪਿਤਾ ਨੇ 1942 ਦੇ ‘ਭਾਰਤ ਛੱਡੋ ਅੰਦੋਲਨ’ ਵਿਚ ਵਧ-ਚੜ੍ਹ ਕੇ ਹਿੱਸਾ ਲਿਆ ਸੀ। ਗੁਜਰਾਲ ਪਰਿਵਾਰ ਨੇ ਕਦੇ ਖ਼ਾਬ ਵੀ ਨਹੀਂ ਸੀ ਲਿਆ ਕਿ ਪੰਜ ਨਦੀਆਂ ਵਾਲਾ ਸੂਬਾ ਮਗ਼ਰਬੀ ਅਤੇ ਮਸ਼ਰਕੀ ਪੰਜਾਬਾਂ ਵਿਚ ਵੰਡਿਆ ਜਾਵੇਗਾ ਤੇ ਜੇਹਲਮ ਨਦੀ ਦੇ ਪੂਰਬੀ ਕਿਨਾਰੇ ’ਤੇ ਵਸਿਆ ਉਨ੍ਹਾਂ ਦਾ ਘੁੱਗ ਵਸਦਾ ਨਗਰ ਨਵੇਂ ਬਣੇ ਮੁਲਕ, ਪਾਕਿਸਤਾਨ ਵਿਚ ਰਹਿ ਜਾਵੇਗਾ।
ਮੁਲਕ ਦੀ ਤਕਸੀਮ ਦੇ ਅੱਧੀ ਸਦੀ ਬਾਅਦ 12 ਅਪ੍ਰੈਲ 1997 ਨੂੰ ਉਹ ਭਾਰਤ ਦੇ 12ਵੇਂ ਵਜ਼ੀਰੇ ਆਜ਼ਮ ਬਣ ਗਏ ਸਨ। ਬਤੌਰ ਪ੍ਰਧਾਨ ਮੰਤਰੀ ਹਲਫ਼ ਲੈਣ ਪਿੱਛੋਂ ਉਨ੍ਹਾਂ ਦਾ ਦਰਦ ਛਲਕ ਪਿਆ ਸੀ। ਉਨ੍ਹਾਂ ਦੀਆਂ ਅੱਖਾਂ ਸਾਹਵੇਂ ਕਤਲੋਗਾਰਤ ਦੇ ਭਿਅੰਕਰ ਦ੍ਰਿਸ਼ ਆ ਗਏ। ਲੋਕ ਸਭਾ ਨੂੰ ਸੰਬੋਧਨ ਕਰਦਿਆਂ ਗੁਜਰਾਲ ਸਾਹਿਬ ਨੇ ਮੁਜ਼ੱਫਰਨਗਰ (ਯੂਪੀ) ਦੇ ਉਰਦੂ ਸ਼ਾਇਰ ਮੁਜ਼ੱਫਰ ਨਜ਼ਮੀਂ ਦਾ ਸ਼ਿਅਰ, ‘‘ਯੇ ਜਬਰ ਭੀ ਦੇਖਾ ਹੈ ਤਾਰੀਖ਼ ਕੀ ਨਜ਼ਰੋਂ ਨੇ/ ਲਮਹੋਂ ਨੇ ਖ਼ਤਾ ਕੀ ਥੀ ਸਦੀਓਂ ਨੇ ਸਜ਼ਾ ਪਾਈ’’ ਪੜ੍ਹਿਆ ਤਾਂ ਸਦਨ ਦਾ ਮਾਹੌਲ ਬੇਹੱਦ ਗ਼ਮਗੀਨ ਹੋ ਗਿਆ। ਮੁਜ਼ੱਫਰ ਨਜ਼ਮੀ ਉਰਦੂ ਦੇ ਸਟੇਜੀ ਕਵੀ ਹਨ ਜਿਨ੍ਹਾਂ ਨੂੰ ਇਸ ਸ਼ਿਅਰ ਨੇ ਆਲਮੀ ਪੱਧਰ ’ਤੇ ਮਕਬੂਲੀਅਤ ਦਿਵਾ ਦਿੱਤੀ। ਜਦੋਂ ਕਿਸੇ ਬੱਜਰ ਜਾਂ ਇਤਿਹਾਸਕ ਗ਼ਲਤੀ ਦਾ ਅਹਿਸਾਸ ਕਰਵਾਉਣਾ ਹੋਵੇ ਤਾਂ ਮੁਜ਼ੱਫਰ ਨਜ਼ਮੀ ਸਾਹਿਬ ਦੀ ਗ਼ਜ਼ਲ ਦੇ ਮੁੱਖੜੇ ਦਾ ਜ਼ਿਕਰ ਜ਼ਰੂਰ ਆਉਂਦਾ ਹੈ। ਗੁਜਰਾਲ ਵਾਂਗ ਦੇਸ਼ ਦੀ ਵੰਡ ਦਾ ਸੱਲ ਅੱਜ ਵੀ ਲੱਖਾਂ ਪੀੜਤ ਪੰਜਾਬੀਆਂ ਲਈ ਅਸਹਿ ਤੇ ਅਕਹਿ ਹੈ। ਪੰਜਾਬ ਜਾਂ ਪੰਜਾਬੀਆਂ ਨੂੰ ਜਦੋਂ ਵੀ ਵੰਡਣ ਦੀਆਂ ਚਾਲਾਂ ਚੱਲੀਆਂ ਜਾਂਦੀਆਂ ਹਨ ਤਾਂ ਪਹਿਲੀਆਂ ਵੰਡਾਂ ਦੀ ਚੀਸ ਡਾਢਾ ਤੜਪਾਉਂਦੀ ਹੈ। ਕੌੜੀ-ਕੁਸੈਲੀ ਯਾਦ ਜ਼ਖ਼ਮਾਂ ’ਤੇ ਅੰਗੂਰ ਨਹੀਂ ਆਉਣ ਦਿੰਦੀ। ਅਟਾਰੀ-ਵਾਹਗਾ ਸਰਹੱਦ ਜਾਂ ਕਰਤਾਰਪੁਰ ਸਾਹਿਬ ਕੋਰੀਡੋਰ ’ਤੇ ਜਦੋਂ ਵਿਛੜੇ ਨਾਤੇਦਾਰ ਜਾਂ ਮਿੱਤਰ ਨਿਕਲਦੇ ਹਨ ਤਾਂ ਉਨ੍ਹਾਂ ਦੀਆਂ ਭੁੱਬਾਂ ਅੰਬਰ ਦਾ ਸੀਨਾ ਪਾੜਦੀਆਂ ਮਹਿਸੂਸ ਹੁੰਦੀਆਂ ਹਨ। ਮੁਲਕ ਦੀ ਤਕਸੀਮ ਤੋਂ 19 ਸਾਲ ਬਾਅਦ ਪੰਜਾਬ ਫਿਰ ਵੰਡਿਆ ਗਿਆ ਸੀ। ਹੁਣ ਪੰਜਾਬ ਨੂੰ ਵੱਖਰਾ ਮੁਲਕ ਬਣਾਉਣ ਦੀਆਂ ਗੋਂਦਾਂ ਗੁੰਦੀਆਂ ਜਾ ਰਹੀਆਂ ਹਨ। ਤੱਤੇ ਨਾਅਰੇ ਨੌਜਵਾਨੀ ਨੂੰ ਔਝੜੇ ਰਾਹ ਪਾ ਰਹੇ ਹਨ। ਸਾਡੇ ਬੱਚੇ ਵਿਚਾਰਾਂ ਦੀ ਬਜਾਏ ਹਥਿਆਰਾਂ ਦੀ ਗੱਲ ਕਰ ਰਹੇ ਹਨ। ਇਤਿਹਾਸ ਗਵਾਹ ਹੈ ਕਿ ਦਿਸ਼ਾਹੀਣ ਯੁੱਧ ਲੜਨ ਵਾਲੇ ‘ਯੋਧਿਆਂ’ ਦੇ ਘਰਾਂ ਵਿਚ ਸੱਥਰ ਵਿਛ ਜਾਂਦੇ ਹਨ। ਸੁੰਨ-ਮਸਾਣ ਪਸਰ ਜਾਂਦੀ ਹੈ। ਜਵਾਨੀ ਨੂੰ ਕੁਰਾਹੇ ਪਾਉਣ ਵਾਲੇ ਕੰਨਾਂ ਵਿਚ ਰੂੰ ਦੇ ਫੰਭੇ ਪਾ ਲੈਂਦੇ ਹਨ। ਚਿਰਾਗ ਬੁਝ ਜਾਣ ਤੋਂ ਬਾਅਦ ਉੱਜੜੇ ਘਰਾਂ ਦੀ ਸਾਰ ਲੈਣ ਵਾਲਾ ਕੋਈ ਨਹੀਂ ਬਹੁੜਦਾ। ਅਜਿਹੀ ਭਿਅੰਕਰ ਚੁੱਪ ਬਾਰੇ ਸ਼ਿਵ ਲਿਖਦਾ ਹੈ, ‘‘ਚੁੱਪ ਦੀ ’ਵਾਜ ਸੁਣੋ/ਚੁੱਪ ਦੀ ’ਵਾਜ ਸਿਰਫ਼ ਆਸ਼ਿਕ ਦੀ ਰੱਤ ਸੁਣਦੀ ਹੈ/ਜਾਂ ਖੰਡਰਾਂ ਦੀ ਛੱਤ ਸੁਣਦੀ ਹੈ/ਜਾਂ ਸਪਨੀ ਦੀ ਅੱਖ ਸੁਣਦੀ ਹੈ।’’ ਕੁਰਬਾਨੀ ਦੀ ਅਸਲ ਪਰਿਭਾਸ਼ਾ ਵਿਰਲੇ-ਟਾਵਿਆਂ ਦੇ ਪੱਲੇ ਪੈਂਦੀ ਹੈ। ਕਬੀਰ ਸਾਹਿਬ ਫੁਰਮਾਉਂਦੇ ਹਨ, ‘‘ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥ ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ॥’’ (ਭਾਵ, ਸੂਰਮਾ ਉਹੀ ਹੈ ਜੋ ਗ਼ਰੀਬਾਂ ਲਈ ਲੜਦਾ ਹੈ। ਨਿਤਾਣਿਆਂ ਲਈ ਲੜਦਾ-ਲੜਦਾ ਉਹ ਟੋਟੇ-ਟੋਟੇ ਹੋ ਜਾਂਦਾ ਹੈ ਪਰ ਆਪਣੀ ਜਿੰਦ ਬਚਾਉਣ ਲਈ ਮੈਦਾਨ-ਏ-ਜੰਗ ਨਹੀਂ ਛੱਡਦਾ)। ‘ਦੀਨ ਹੇਤ’ ਲੜਨ-ਮਰਨ ਵਾਲਾ ਹੀ ਯੋਧਿਆਂ ਦੀ ਸ਼੍ਰੇਣੀ ਵਿਚ ਸਮਝਿਆ ਜਾਂਦਾ ਹੈ। ‘ਵਾਰਿਸ ਪੰਜਾਬ ਦੇ’ ਜਥੇਬੰਦੀ ਦਾ ਨਾਂ ਦੋ ਕੁ ਸਾਲ ਪਹਿਲਾਂ ਕਿਸੇ ਨੇ ਨਹੀਂ ਸੀ ਸੁਣਿਆ। ਕਿਸਾਨ ਅੰਦੋਲਨ ਵੇਲੇ ਬਾਲੀਵੁੱਡ ਅਭਿਨੇਤਾ ਦੀਪ ਸਿੱਧੂ ਦੀ ਅਗਵਾਈ ਵਾਲੀ ਇਹ ਜਥੇਬੰਦੀ ਦਿਨਾਂ ਵਿਚ ਹੀ ਮਕਬੂਲ ਹੋ ਗਈ ਸੀ। ਸੜਕ ਦੁਰਘਟਨਾ ਵਿਚ ਦੀਪ ਦੀ ਮੌਤ ਤੋਂ ਬਾਅਦ ਦੁਬਈ ਤੋਂ ਆਇਆ ਅੰਮ੍ਰਿਤਪਾਲ ਸਿੰਘ ਇਸ ਜਥੇਬੰਦੀ ਦਾ ਨਵਾਂ ਸਰਬਰਾਹ ਬਣ ਗਿਆ। ਅੰਮ੍ਰਿਤ ਛਕ ਕੇ ਪਤਿਤ ਤੋਂ ਗੁਰਸਿੱਖ ਬਣੇ ਅੰਮ੍ਰਿਤਪਾਲ ਸਿੰਘ ਦੀ ਦਸਤਾਰਬੰਦੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਜੱਦੀ ਪਿੰਡ ਰੋਡੇ ਵਿਚ ਹੋਈ ਤਾਂ ਉਹ ਦਿਨਾਂ ’ਚ ਨਵੀਂ ਪੀੜ੍ਹੀ ਲਈ ਉੱਚ-ਦੁਮਾਲੜੇ ਵਾਲਾ ਸਿੰਘ ਬਣ ਗਿਆ। ਦੇਖਦੇ ਹੀ ਦੇਖਦੇ ਉਹ ਜੋਸ਼ ਨਾਲ ਭਰੇ ਸਿੱਖ ਨੌਜਵਾਨਾਂ ਲਈ ਮਹਾਨਾਇਕ ਬਣ ਗਿਆ। ਗਰਮਜੋਸ਼ੀ ਵਿਚ ਜੈਕਾਰੇ ਛੱਡਣ ਵਾਲੀਆਂ ਖ਼ਾਲਸਾ ਵਹੀਰਾਂ ਦੀ ਉਹ ਅਗਵਾਈ ਕਰਨ ਲੱਗਾ। ਅੰਮ੍ਰਿਤ ਸੰਚਾਰ ਤੋਂ ਲੈ ਕੇ ਨਸ਼ੇ ਛੁਡਾਉਣ ਵਰਗੇ ਧਾਰਮਿਕ ਅਤੇ ਸਮਾਜਿਕ ਕਾਰਜਾਂ ਨੂੰ ਨੇਪਰੇ ਚਾੜ੍ਹਨ ਲੱਗਿਆ। ਗੁਰਦੁਆਰਿਆਂ ’ਚ ਬੇਸਹਾਰਾ/ਬਜ਼ੁਰਗਾਂ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਨੀਵੇਂ ਰੱਖੇ ਕੁਰਸੀਆਂ/ਮੇਜ਼ਾਂ ਨੂੰ ਉਸ ਦੇ ਪੈਰੋਕਾਰਾਂ ਨੇ ਅਗਨੀ ਭੇਟ ਕਰਨਾ ਸ਼ੁਰੂ ਕੀਤਾ ਤਾਂ ਸਿੱਖਾਂ ਦੀ ਮੁੱਖਧਾਰਾ ਨੇ ਦੱਬਵੀਂ ਆਵਾਜ਼ ਵਿਚ ਉਸ ਦੀ ਆਲੋਚਨਾ ਸ਼ੁਰੂ ਕਰ ਦਿੱਤੀ। ਪਾਕਿਸਤਾਨ ਦੀ ਸਰਹੱਦ ਤੋਂ ਕੁਝ ਕਿਲੋਮੀਟਰ ਦੂਰ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਢਾਲ ਬਣਾ ਕੇ ਜਦੋਂ ਉਸ ਨੇ ਅਜਨਾਲਾ ਥਾਣੇ ’ਤੇ ਕਬਜ਼ਾ ਕਰ ਲਿਆ ਤੇ ਆਪਣੇ ਸਾਥੀ ਲਵਪ੍ਰੀਤ ਸਿੰਘ ਤੂਫ਼ਾਨ ਨੂੰ ਛੁਡਾਉਣ ਲਈ ਹਿੰਸਾ ’ਤੇ ਉਤਾਰੂ ਹੋ ਗਿਆ ਤਾਂ ਪੰਥਿਕ ਰਹਿਬਰਾਂ ਸਣੇ ਵੱਖ-ਵੱਖ ਸਿਆਸੀ ਅਤੇ ਸਮਾਜਿਕ ਜਮਾਤਾਂ ਨੇ ਉਸ ਨੂੰ ਆੜੇ ਹੱਥੀਂ ਲੈਣਾ ਸ਼ੁਰੂ ਕਰ ਦਿੱਤਾ। ਇਸ ਘਟਨਾ ਤੋਂ ਪਿੱਛੋਂ ਉਸ ਦੀ ਪੁੱਠੀ ਗਿਣਤੀ ਸ਼ੁਰੂ ਹੋ ਗਈ। ਹਫ਼ਤੇ-ਦਸ ਦਿਨਾਂ ਵਿਚ ਉਹ ਮਰਸਡੀਜ਼ ਤੋਂ ਜੁਗਾੜੂ ਰੇਹੜੀ ਵਿਚ ਸਵਾਰ ਹੋ ਕੇ ਸੁਰੱਖਿਆ ਦਸਤਿਆਂ ਨੂੰ ਚਕਮਾ ਦਿੰਦਾ ਦਿਸਿਆ। ਸਭ ਤੋਂ ਪਹਿਲਾਂ ਗੋਲ਼ੀ ਖਾਣ ਦੇ ਦਾਅਵੇ ਕਰਨ ਵਾਲਾ ਭਗੌੜਾ ਬਣ ਗਿਆ। ਸਰਕਾਰਾਂ ਨੂੰ ਉਸ ਦੀ ਛਬੀ ਵਿਗਾੜਨ ਦਾ ‘ਸੁਨਹਿਰੀ ਮੌਕਾ’ ਮਿਲਦਾ ਹੈ। ਸੀਸੀਟੀਵੀ ਫੁਟੇਜ ਵਿਚ ਕੈਦ ਅੰਮ੍ਰਿਤਪਾਲ ਆਪਣੇ ਬੋਲਾਂ ’ਤੇ ਪਹਿਰਾ ਦੇਣ ਦੀ ਬਜਾਏ ਭੇਸ ਬਦਲ ਕੇ ਠਾਹਰਾਂ ਲੱਭ ਰਿਹਾ ਹੈ। ਉਸ ਦੀਆਂ ਵਹੀਰਾਂ ਵਿਚ ਹਿੱਸਾ ਲੈਣ ਵਾਲਿਆਂ ਖ਼ਿਲਾਫ਼ ਦਮਨ-ਚੱਕਰ ਜਾਰੀ ਹੈ। ਕਣਕ ਨਾਲ ਘੁਣ ਵੀ ਪਿਸਦਾ ਜਾ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਝਈਆਂ ਲੈ ਕੇ ਕਹਿ ਰਹੇ ਹਨ ਅਖੇ ਪੰਜਾਬ ਨੂੰ ਅਫ਼ਗਾਨਿਸਤਾਨ ਨਹੀਂ ਬਣਨ ਦਿਆਂਗੇ ਤੇ ਨੌਜਵਾਨਾਂ ਨੂੰ ਧਰਮਾਂ ਦੇ ਨਾਂ ’ਤੇ ਚੱਲ ਰਹੀਆਂ ਫਿਰਕੂ ਫੈਕਟਰੀਆਂ ਦਾ ਕੱਚਾ ਮਾਲ ਨਹੀਂ ਬਣਨ ਦਿੱਤਾ ਜਾਵੇਗਾ। ਖ਼ੂਬਸੂਰਤ ਦੇਸ਼ ਅਫ਼ਗਾਨਿਸਤਾਨ ਨੂੰ ਬਰਬਾਦ ਹੁੰਦਿਆਂ ਸਭ ਨੇ ਦੇਖਿਆ ਹੈ। ਉਹ ਠੀਕ ਕਹਿੰਦੇ ਹਨ ਕਿਉਂਕਿ ਖ਼ੂਬਸੂਰਤ ਦੇਸ਼ ਦਾ ਚੱਪਾ-ਚੱਪਾ ਖ਼ੂਨ ਨਾਲ ਰੰਗਿਆ ਹੋਇਆ ਹੈ। ਦੁਨੀਆ ਨੇ ਇਸ ਦੇ ਰਹਿਬਰਾਂ ਨੂੰ ਜਨਤਕ ਤੌਰ ’ਤੇ ਫਾਹੇ ਲੱਗਦਿਆਂ ਤੱਕਿਆ ਹੈ। ਸਦਰ ਨਜੀਬਉੱਲਾ ਦਾ ਹਸ਼ਰ ਸਭ ਨੂੰ ਯਾਦ ਹੈ। ਫਿਰਕੂ ਲੀਹਾਂ ’ਤੇ ਹੋਂਦ ਵਿਚ ਆਏ ਗੁਆਂਢੀ ਮੁਲਕ ਪਾਕਿਸਤਾਨ ਦੇ ਹਾਲਾਤ ਵੀ ਬਦ ਤੋਂ ਬਦਤਰ ਹੋ ਗਏ ਹਨ। ਚੜ੍ਹਦੇ ਪੰਜਾਬ ਨੂੰ ਉਨ੍ਹਾਂ ਸਭ ਅਲਾਮਤਾਂ ਤੋਂ ਬਚਾਉਣਾ ਹੋਵੇਗਾ ਜਿਨ੍ਹਾਂ ਤੋਂ ਅਫ਼ਗਾਨਿਸਤਾਨ ਤੇ ਪਾਕਿਸਤਾਨ ਪੀੜਤ ਹਨ। ਇਨ੍ਹਾਂ ਦੋਵਾਂ ਮੁਲਕਾਂ ਵਿਚ ਹਰ ਰੋਜ਼ ਅਣਗਿਣਤ ਜਨਾਜ਼ੇ ਉੱਠਦੇ ਹਨ। ਉੱਥੋਂ ਦੀਆਂ ਅੱਤਵਾਦੀ ਤਨਜ਼ੀਮਾਂ ਗਾਜ਼ੀ ਅਤੇ ਜ਼ੱਨਤ ਖ਼ਾਤਰ ਲੜਨ-ਮਰਨ ਦਾ ਦਾਅਵਾ ਕਰਦੀਆਂ ਹਨ। ਮੈਦਾਨ-ਏ-ਜੰਗ ਵਿਚ ਲੜਨ-ਮਰਨ ਵਾਲਿਆਂ ਨੂੰ ਜੰਨਤ ਵਿਚ ਬਹੱਤਰ ਹੂਰਾਂ ਮਿਲਣ ਦਾ ਭਰਮ ਹੁੰਦਾ ਹੈ। ਇਸੇ ਭਰਮ ਵਿਚ ਗ੍ਰਸਤ ਕਬਾਇਲੀ ਸੋਚ ਵਾਲੇ ਲੋਕ ਇਸ ਧਰਤੀ ਨੂੰ ਜਹੰਨਮ ਬਣਾਉਣ ਤੋਂ ਗੁਰੇਜ਼ ਨਹੀਂ ਕਰਦੇ। ਧਰਮ ਦੇ ਨਾਂ ’ਤੇ ਵੰਡੀਆਂ ਪਾਉਣ ਵਾਲੇ ਪਰਦੇ ਪਿੱਛੇ ਲੁਕੇ ਹੁੰਦੇ ਹਨ। ਭੋਲੇ-ਭਾਲੇ ਲੋਕ ਅਜਾਈਂ ਆਪਣੀਆਂ ਜਾਨਾਂ ਗੁਆ ਲੈਂਦੇ ਹਨ। ਆਮ ਲੋਕਾਂ ਲਈ ਜਿਊਣਾ ਦੁੱਭਰ ਹੋ ਜਾਂਦਾ ਹੈ ਤੇ ਉਹ ਆਪਣੀ ਮਿੱਟੀ ਨੂੰ ਅਲਵਿਦਾ ਕਹਿਣ ਲਈ ਮਜਬੂਰ ਹੋ ਜਾਂਦੇ ਹਨ। ਇੱਕੀਵੀਂ ਸਦੀ ਵਿਚ ਪੁਰਾਤਨ ਹਥਿਆਰਾਂ ਨਾਲ ਕੋਈ ਜੰਗ ਨਹੀਂ ਜਿੱਤੀ ਜਾ ਸਕਦੀ। ਨਵੀਂ ਪੀੜ੍ਹੀ ਦੇ ਹੱਥ ਤਲਵਾਰਾਂ ਨਹੀਂ ਸਗੋਂ ਕਲਮਾਂ ਫੜਾਉਣ ਦੀ ਜ਼ਰੂਰਤ ਹੈ। ਸੂਬੇ ਨੂੰ ਮੁੜ ਸ਼ਾਨਾਂਮੱਤਾ ਪੰਜਾਬ ਬਣਾਉਣਾ ਹੈ ਤਾਂ ਇਸ ਦੀ ਜਵਾਨੀ ਦਾ ਮਾਰਗਦਰਸ਼ਨ ਕਰਨਾ ਹੋਵੇਗਾ। ਸਰਬਲੋਹ ਦੇ ਸ਼ਸਤਰਾਂ ’ਤੇ ਬੇਹੇ ਖ਼ੂਨ ਦਾ ਟਿੱਕਾ ਲਾ ਕੇ ਇਨਕਲਾਬ ਨਹੀਂ ਆਉਣਾ। ਅਜਾਈਂ ਡੁੱਲ੍ਹੇ ਖ਼ੂਨ ਦੇ ਧੱਬੇ ਰੂਹਾਂ ਨੂੰ ਬੇਚੈਨ ਕਰਦੇ ਰਹਿੰਦੇ ਹਨ। ਘਰਾਂ ਵਿਚ ਲਟਲਟ ਬਲਦੇ ਚਿਰਾਗ ਕਬਰਾਂ ਦਾ ਸ਼ਿੰਗਾਰ ਨਹੀਂ ਬਣਨੇ ਚਾਹੀਦੇ। ਪੰਜਾਬ ਦੇ ਅਰਥਚਾਰੇ ਨੂੰ ਮੁੜ ਪਟੜੀ ’ਤੇ ਲਿਆਉਣਾ ਹੈ ਤਾਂ ਨਵੀਂ ਪੀੜ੍ਹੀ ਨੂੰ ਉੱਚ ਵਿੱਦਿਆ ਮੁਹੱਈਆ ਕਰਵਾਉਣ ਲਈ ਅਣਥੱਕ ਉਪਰਾਲੇ ਕਰਨੇ ਪੈਣਗੇ। ਰੁਜ਼ਗਾਰ ਦੇ ਮੌਕੇ ਪੈਦਾ ਕਰ ਕੇ ਹੀ ਉਨ੍ਹਾਂ ਨੂੰ ਵਿਦੇਸ਼ਾਂ ਵੱਲ ਵਹੀਰਾਂ ਘੱਤਣ ਤੋਂ ਰੋਕਿਆ ਜਾ ਸਕਦਾ ਹੈ।