VARINDER WALIA

ਹਰਮਨਪਿਆਰਾ ਕਾਲਮ –– ਹਰਫ਼ ਹਮੇਸ਼ / POPULAR COLUMN -- HARPH HAMESH

ਹੈਵਾਨ ਦਾ ਰੈਣ-ਬਸੇਰਾ (ਪੰਜਾਬੀ ਜਾਗਰਣ –– 11th June, 2023)

ਵਰਿੰਦਰ ਵਾਲੀਆ

ਮਨੀਪੁਰ ’ਚ ਭੜਕੀ ਭੀੜ ਨੇ ਜਦੋਂ ਅੱਠ ਸਾਲਾ ਮਾਸੂਮ ਬੱਚੇ ਤੌਸਿੰਗ ਹੈਂਗਸਿੰਗ, ਉਸ ਦੀ 45 ਸਾਲਾ ਮਾਂ ਮੀਨਾ ਹੈਂਗਸਿੰਗ ਤੇ ਉਨ੍ਹਾਂ ਦੀ ਇਕ ਰਿਸ਼ਤੇਦਾਰ ਲਿਦੀਆ ਲੌਰੇਮਬਾਮ (37) ਨੂੰ ਐਂਬੂਲੈਂਸ ਸਣੇ ਅੱਗ ਦੇ ਹਵਾਲੇ ਕੀਤਾ ਤਾਂ ਮਲਕੁਲਮੌਤ (ਅਜ਼ਰਾਈਲ) ਦਾ ਪੱਥਰ ਦਿਲ ਵੀ ਜ਼ਰੂਰ ਪਿਘਲਿਆ ਹੋਵੇਗਾ। ਭਾਰਤ ਦੀ 35 ਕੁ ਲੱਖ ਆਬਾਦੀ ਵਾਲੀ ਅਦਨੀ ਜਿਹੀ ਪਹਾੜੀ ਸਟੇਟ ਮਨੀਪੁਰ ਦੇ ਬਹੁ-ਸੰਖਿਅਕ ਮੈਤੇਈ ਤੇ ਘੱਟ-ਗਿਣਤੀ ਕੁੱਕੀ-ਨਾਗਾ ਕਬੀਲਿਆਂ ਵਿਚਾਲੇ ਛਿੜੀ ਹਿੰਸਾ ਕਾਰਨ ਖ਼ੂਨ ਦੇ ਝਰਨੇ ਵਹਿ ਰਹੇ ਹਨ। ਮੈਤੇਈ ਜਾਤੀ ਦੀ ਮੀਨਾ ਹੈਂਗਸਿੰਗ ਨੇ ਕੁੱਕੀ ਆਦਿਵਾਸੀ ਨਾਲ ਵਿਆਹ ਕਰਵਾਇਆ ਸੀ ਜਿਸ ਕਾਰਨ ਪੀੜਤ ਦਾ ਭਾਈਚਾਰਾ ਉਸ ਦੇ ਖ਼ੂਨ ਦਾ ਤ੍ਰਿਹਾਇਆ ਸੀ।

ਇਸ ਹੌਲਨਾਕ ਘਟਨਾ ਤੋਂ ਕੁਝ ਦਿਨ ਪਹਿਲਾਂ ਗੋਲੀਬਾਰੀ ’ਚ ਮਾਸੂਮ ਬੱਚੇ ਦੇ ਸਿਰ ’ਤੇ ਗੋਲ਼ੀ ਲੱਗੀ ਸੀ ਜਿਸ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਸੀ। ਪੀੜਤ ਮਾਂ ਦੰਗਈਆਂ ਦੇ ਹਾੜੇ ਘੱਤ ਰਹੀ ਸੀ ਕਿ ਘੱਟੋ-ਘੱਟ ਉਸ ਦੇ ਬੱਚੇ ਦੀ ਜਾਨ ਬਖ਼ਸ਼ ਦਿੱਤੀ ਜਾਵੇ ਪਰ ਉਸ ਦੀ ਕਿਸੇ ਨਾ ਸੁਣੀ। ਹਜੂਮ ’ਚ ਸ਼ਾਮਲ ਲੋਕ ਦਿਲ ਤੇ ਦਿਮਾਗ਼ ਅਕਸਰ ਘਰੇ ਛੱਡ ਕੇ ਆਏ ਹੁੰਦੇ ਹਨ। ਇਸ ਲਈ ਹਜੂਮ ਨੂੰ ਸ਼ੈਤਾਨ ਦਾ ਰੈਣ-ਬਸੇਰਾ ਵੀ ਕਿਹਾ ਜਾਂਦਾ ਹੈ। ਜਿਸ ਐਂਬੂਲੈਂਸ ਨੇ ਜ਼ਖ਼ਮੀ ਬੱਚੇ ਲਈ ਜੀਵਨ ਦਾ ਜ਼ਰੀਆ ਬਣਨਾ ਸੀ, ਉਹੀ ਤਿੰਨ ਨਿਰਦੋਸ਼ ਜਿੰਦੜੀਆਂ ਲਈ ਸ਼ਮਸ਼ਾਨਘਾਟ ਬਣ ਗਈ। ਦੁਨੀਆ ਭਰ ’ਚ ਅਜਿਹੀ ਹੈਵਾਨੀਅਤ ਭਰੀ ਸ਼ਰਮਨਾਕ ਘਟਨਾ ਸ਼ਾਇਦ ਪਹਿਲੀ ਵਾਰ ਵਾਪਰੀ ਹੋਵੇ।

ਮਨੀਪੁਰ ਦਾ ਜੁਗਰਾਫ਼ੀਆ ਸਮਝੇ ਬਗੈਰ, ਉੱਥੋਂ ਦੀ ਸਮੱਸਿਆ ਨੂੰ ਸਮਝਣਾ ਆਸਾਨ ਨਹੀਂ। ਇਸ ਸੂਬੇ ਦੀ ਵਾਦੀ ਵਿਚ ਮੈਤੇਈ ਜਾਤੀ ਦੇ ਲੋਕ ਰਹਿੰਦੇ ਹਨ ਜਦਕਿ ਪਹਾੜਾਂ ਦੀਆਂ ਚੋਟੀਆਂ ’ਤੇ ਕੁੱਕੀ ਤੇ ਨਾਗਾ ਆਦਿਵਾਸੀਆਂ ਦੇ ਪਿੰਡ ਹਨ। ਮੈਤੇਈ ਜਾਤੀ ਕਬੀਲੇ ’ਚ ਬਹੁਤਾਤ ਹਿੰਦੂ ਹਨ। ਇਨ੍ਹਾਂ ’ਚ ਕੁਝ ਮੁਸਲਮਾਨ ਵੀ ਸ਼ਾਮਲ ਹਨ। ਮੈਤੇਈ ਖ਼ੁਦ ਨੂੰ ਮਨੀਪੁਰ ਦੇ ਮੂਲ ਵਾਸੀ ਹੋਣ ਦਾ ਦਾਅਵਾ ਕਰਦੇ ਹਨ। ਪ੍ਰਾਚੀਨ ਸਮੇਂ ਵਿਚ ਇਨ੍ਹਾਂ ਦਾ ਮਨੀਪੁਰ ਤੇ ਇਸ ਦੇ ਆਸਪਾਸ ਦੇ ਖੇਤਰਾਂ ’ਚ ਰਾਜ ਹੋਇਆ ਕਰਦਾ ਸੀ। ਪਹਾੜਾਂ ’ਚ ਵਸਦੇ ਕੁੱਕੀ ਤੇ ਨਾਗਾ ਵੀ ਦਾਅਵਾ ਕਰਦੇ ਹਨ ਕਿ ਉਹ ਕਈ ਪੀੜ੍ਹੀਆਂ ਤੋਂ ਉੱਥੋਂ ਦੇ ਵਾਸੀ ਹਨ। ਮਨੀਪੁਰ, ਜੋ ‘ਸੈਵਨ ਸਿਸਟਰਜ਼’ ਸੂਬਿਆਂ ’ਚੋਂ ਇਕ ਹੈ, ਦੀ ਵਿਧਾਨ ਸਭਾ ਵਿਚ ਮੈਤੇਈਆਂ ਦਾ ਬੋਲਬਾਲਾ ਹੈ।

ਸੱਠ ਵਿਧਾਇਕਾਂ ਵਾਲੀ ਅਸੈਂਬਲੀ ’ਚ 40 ਐੱਮਐੱਲਏ ਮੈਤੇਈ ਹਨ। ਹੁਣ ਤਕ ਬਣੇ 12 ਮੁੱਖ ਮੰਤਰੀਆਂ ’ਚੋਂ 10 ਮੈਤੇਈ ਸਨ। ਕਹਿਣ ਤੋਂ ਭਾਵ ਇਹ ਕਿ ਸੂਬੇ ’ਚ ਕੋਈ ਵੀ ਕਾਨੂੰਨ ਬਣੇ, ਉਹ ਮੈਤੇਈ ਬਰਾਦਰੀ ਦੀ ਹਾਮੀ ਤੋਂ ਬਿਨਾਂ ਨਹੀਂ ਬਣ ਸਕਦਾ। ਲੰਬੇ ਸਮੇਂ ਤੋਂ ਮੈਤੇਈ ਭਾਈਚਾਰਾ ਕੁੱਕੀ ਤੇ ਨਾਗਾ ਆਦਿਵਾਸੀਆਂ ਦੀ ਤਰਜ਼ ’ਤੇ ਜਨ-ਜਾਤੀ (ਐੱਸਟੀ) ਦੇ ਰਾਖਵਾਂਕਰਨ ਦੀ ਮੰਗ ਕਰ ਰਹੇ ਹਨ। ਦੂਜੇ ਪਾਸੇ ਕੁੱਕੀ ਤੇ ਨਾਗਾ ਇਸ ਦਾ ਵਿਰੋਧ ਕਰ ਰਹੇ ਹਨ। ਮਨੀਪੁਰ ਹਿੰਸਾ ’ਚ ਚੰਗਿਆੜੀ ਦਾ ਕੰਮ ਉੱਥੋਂ ਦੀ ਹਾਈ ਕੋਰਟ ਵੱਲੋਂ ਸੂਬਾ ਸਰਕਾਰ ਨੂੰ ਮੈਤੇਈ ਭਾਈਚਾਰੇ ਦੀ ਚਿਰੋਕਣੀ ਮੰਗ ’ਤੇ ਵਿਚਾਰ ਕਰਨ ਦੇ ਫ਼ੈਸਲੇ ਨੇ ਕੀਤਾ ਹੈ। ਆਦਿਵਾਸੀ ਇਸ ਨੂੰ ਉਨ੍ਹਾਂ ਦੇ ਸੱਭਿਆਚਾਰ ’ਤੇ ਹਮਲੇ ਵਜੋਂ ਵੇਖ ਰਹੇ ਹਨ। ਉਨ੍ਹਾਂ ਨੂੰ ਖ਼ਦਸ਼ਾ ਹੈ ਕਿ ਬਹੁ-ਸੰਖਿਅਕ ਮੈਤੇਈ ਭਾਈਚਾਰੇ ਦਾ ਗ਼ਲਬਾ ਵਿਧਾਨ ਸਭਾ ਤੋਂ ਇਲਾਵਾ ਅਫ਼ਸਰਸ਼ਾਹੀ ਤੇ ਹੋਰ ਵਰਗਾਂ ’ਤੇ ਪਹਿਲਾਂ ਹੀ ਹੈ। ਜੇ ਮੈਤੇਈਆਂ ਨੂੰ ਅਦਿਵਾਸੀਆਂ ਵਾਲਾ ਰਾਖਵਾਂਕਰਨ ਮਿਲ ਗਿਆ ਤਾਂ ਇਸ ਨਾਲ ਕੁੱਕੀ ਅਤੇ ਨਾਗਾ ਲੋਕਾਂ ਨੂੰ ਬੇਰੁਜ਼ਗਾਰੀ ਦਾ ਸਾਹਮਣਾ ਕਰਨਾ ਪਵੇਗਾ।

ਇਸ ਤੋਂ ਇਲਾਵਾ ਜਨ-ਜਾਤੀ ਘੋਸ਼ਿਤ ਹੋਣ ਪਿੱਛੋਂ ਮੈਤੇਈ ਵੀ ਪਹਾੜਾਂ ’ਤੇ ਜ਼ਮੀਨਾਂ ਖ਼ਰੀਦ ਸਕਣ ਦੇ ਹੱਕਦਾਰ ਹੋਣਗੇ ਜੋ ਆਦਿਵਾਸੀਆਂ ਨੂੰ ਗਵਾਰਾ ਨਹੀਂ ਹੈ। ਇਹੀ ਕਾਰਨ ਹੈ ਕਿ ਨਿੱਕੀ ਜਿਹੀ ਚੰਗਿਆੜੀ ਨਾਲ ਵੀ ਮਨੀਪੁਰ ਸੂਬੇ ਦੇ ਚੱਪੇ-ਚੱਪੇ ’ਚੋਂ ਭਾਂਬੜ ਉੱਠਦੇ ਦਿਸਦੇ ਹਨ। ਛੋਟੇ ਜਿਹੇ ਸੂਬੇ ’ਚ ਹਿੰਸਾ ’ਤੇ ਕਾਬੂ ਪਾਉਣ ਲਈ ਫ਼ੌਜ ਨੂੰ ਸੱਦਣਾ ਪੈਂਦਾ ਹੈ। ਇੰਟਰਨੈੱਟ ਸੇਵਾਵਾਂ ਠੱਪ ਹੁੰਦੀਆਂ ਹਨ ਤਾਂ ਮਨੀਪੁਰ ਦੁਨੀਆ ਨਾਲੋਂ ਅਲੱਗ-ਥਲੱਗ ਪੈ ਜਾਂਦਾ ਹੈ। ਸੂਬਾ ਸਰਕਾਰ ਦਾ ਦਾਅਵਾ ਹੈ ਕਿ ਆਦਿਵਾਸੀਆਂ ਦੇ ਖੇਤਰਾਂ ਵਿਚ ਬਾਹਰਲੇ ਦੇਸ਼ਾਂ, ਖ਼ਾਸ ਤੌਰ ’ਤੇ ਮਿਆਂਮਾਰ ਤੇ ਬੰਗਲਾਦੇਸ਼ ’ਚੋਂ ਵੱਡੇ ਪੱਧਰ ’ਤੇ ਡਰੱਗਜ਼ ਦੀ ਸਮਗਲਿੰਗ ਹੋ ਰਹੀ ਹੈ।

ਭਾਜਪਾ ਦੇ ਮੁੱਖ ਮੰਤਰੀ ਐੱਨ. ਬਿਰੇਨ ਸਿੰਘ ਨੇ ਮਨੀਪੁਰ ਨੂੰ ਡਰੱਗਮੁਕਤ ਸੂਬਾ ਬਣਾਉਣ ਦਾ ਤਹੱਈਆ ਕੀਤਾ ਹੋਇਆ ਹੈ। ਆਦਿਵਾਸੀਆਂ ਦੀ ਬਹੁਤਾਤ ਈਸਾਈ ਦੱਸੀ ਜਾਂਦੀ ਹੈ। ਦੋਸ਼ ਇਹ ਵੀ ਲੱਗਦੇ ਹਨ ਕਿ ਮਿਆਂਮਾਰ ਤੇ ਬੰਗਲਾਦੇਸ਼ ਤੋਂ ਅਦਿਵਾਸੀਆਂ ਨੂੰ ਗੈਰ-ਕਾਨੂੰਨੀ ਤਰੀਕੇ ਵਰਤ ਕੇ ਮਨੀਪੁਰ ’ਚ ਵਸਾਇਆ ਜਾ ਰਿਹਾ ਹੈ। ਆਦਿਵਾਸੀਆਂ ਵੱਲੋਂ ਪਿੰਡਾਂ ਦੇ ਪਿੰਡ ਫੂਕੇ ਜਾਣ ਦੇ ਵੀ ਦੋਸ਼ ਲੱਗ ਰਹੇ ਹਨ। ਸਰਕਾਰ ਕਹਿੰਦੀ ਹੈ ਕਿ ਕੁੱਕੀ ਤੇ ਨਾਗਿਆਂ ਨੇ ਡਰੱਗਜ਼ ਤੇ ਹਵਾਲਾ ਰਾਹੀਂ ਖ਼ਤਰਨਾਕ ਹਥਿਆਰ ਖ਼ਰੀਦ ਲਏ ਹਨ।

ਓਲੰਪੀਅਨ ਮੈਰੀਕਾਮ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਟਵੀਟ ਕਰਦਿਆਂ ਲਿਖਿਆ ਹੈ ਕਿ ਉਸ ਦਾ ਸੂਬਾ ਸੜ-ਬਲ ਰਿਹਾ ਹੈ ਤੇ ਉਸ ਨੂੰ ਬਚਾਇਆ ਜਾਵੇ। ਮਨੀਪੁਰ ਦੀ ਹਿੰਸਾ ਦੇ ਕਾਰਨਾਂ ਨੂੰ ਲੱਭਣ ਲਈ ਇਤਿਹਾਸ ਦੇ ਪੰਨੇ ਫਰੋਲਣੇ ਪੈਣਗੇ। ‘ਵੰਡੋ ਤੇ ਰਾਜ ਕਰੋ’ ਦੀ ਬਦਨੀਤੀ ਤਹਿਤ ਬਿ੍ਰਟਿਸ਼ ਸਰਕਾਰ ਨੇ ਦੋਨਾਂ ਭਾਈਚਾਰਿਆਂ ਨੂੰ ਇਕ-ਦੂਜੇ ਦਾ ਦੁਸ਼ਮਣ ਬਣਾਉਣ ਲਈ ਕਾਨੂੰਨੀ ਸੇਹ-ਤੱਕਲੇ ਗੱਡੇ ਸਨ। ਆਦਿਵਾਸੀ ਹਥਿਆਰਾਂ ਨੂੰ ਖਿਡੌਣਿਆਂ ਵਾਂਗ ਵਰਤਣ ਦੇ ਆਦੀ ਹੋ ਗਏ। ਦੋਨਾਂ ਭਾਈਚਾਰਿਆਂ ਦੀ ਕੱਟੜ ਦੁਸ਼ਮਣੀ ਕਾਰਨ ਖ਼ੂਬਸੂਰਤ ਸੂਬੇ ਦੀਆਂ ਪਹਾੜੀਆਂ ’ਚੋਂ ਖ਼ੂਨ ਦੇ ਝਰਨੇ ਫੁੱਟ ਰਹੇ ਹਨ। ਆਜ਼ਾਦੀ ਤੋਂ ਦੋ ਸਾਲ ਬਾਅਦ 1949 ’ਚ ਮਨੀਪੁਰ ਭਾਰਤ ਦਾ ਹਿੱਸਾ ਬਣਿਆ ਸੀ।

ਸੰਨ 1972 ’ਚ ਇਸ ਨੂੰ ਕੇਂਦਰੀ ਸ਼ਾਸਿਤ ਪ੍ਰਦੇਸ਼ ਤੋਂ ਸਟੇਟ ਬਣਾਇਆ ਗਿਆ। ਸੰਨ 1979 ’ਚ ਮੈਤੇਈ ਨੂੰ ਰਾਜ ਭਾਸ਼ਾ ਦਾ ਦਰਜਾ ਮਿਲਿਆ। ਮੈਤੇਈ ਭਾਸ਼ਾ ਦੀ ਲਿਪੀ ਬੰਗਲਾ ਹੈ, ਆਦਿਵਾਸੀਆਂ ਨੂੰ ਮੈਤੇਈ ਪੜ੍ਹਨ ਅਤੇ ਬੋਲਣ ’ਚ ਕਠਿਨਾਈ ਹੁੰਦੀ ਹੈ। ਕੁੱਕੀ ਤੇ ਨਾਗਾ ਆਦਿਵਾਸੀ ਇਸ ਤੋਂ ਔਖੇ ਹਨ। ਭਾਸ਼ਾ ਅਤੇ ਸੱਭਿਆਚਾਰ ਦੇ ਮੁੱਦੇ ਨੂੰ ਲੈ ਕੇ ਵੀ ਦੋਨਾਂ ਭਾਈਚਾਰਿਆਂ ’ਚ ਖ਼ੂਨੀ ਝੜਪਾਂ ਹੁੰਦੀਆਂ ਰਹਿੰਦੀਆਂ ਹਨ। ਅਫ਼ਵਾਹਾਂ ਵਰੋਲਿਆਂ ਵਾਂਗ ਉੱਡਦੀਆਂ ਹਨ ਤਾਂ ਹਿੰਸਾ ਜੰਗਲ ਦੀ ਅੱਗ ਵਾਂਗ ਫੈਲਦੀ ਹੈ। ਅਫ਼ਵਾਹਾਂ ਦੀ ਭੇਟ ਇਕ ਭਾਈਚਾਰੇ ਦਾ ਪਿੰਡ ਚੜ੍ਹਦਾ ਹੈ ਤਾਂ ਦੂਜੇ ਭਾਈਚਾਰੇ ਦੀ ਵਸੋਂ ਵਾਲੇ ਪਿੰਡਾਂ ਨੂੰ ਸਾੜਿਆ-ਫੂਕਿਆ ਜਾਂਦਾ ਹੈ। ਐਂਬੂਲੈਂਸ ਨੂੰ ਸਾੜਨਾ ਵੀ ਇਸੇ ਕੜੀ ਦਾ ਹਿੱਸਾ ਹੈ। ਜਦੋਂ ਭੂਤਰੀ ਭੀੜ ਨੇ ਐਂਬੂਲੈਂਸ ਨੂੰ ਰੋਕ ਕੇ ਅੱਗ ਲਗਾਈ ਤਾਂ ਐਸਕੋਰਟ ਜੀਪ ’ਚ ਸਵਾਰ ਐੱਸਪੀ ਉੱਥੋਂ ਪ੍ਰਾਈਵੇਟ ਕਾਰ ’ਚ ਲਿਫਟ ਲੈ ਕੇ ਨੌਂ ਦੋ ਗਿਆਰਾਂ ਹੋ ਗਿਆ। ਹਜੂਮ ਦਾ ਸੱਚਮੁੱਚ ਦਿਮਾਗ਼ ਨਹੀਂ ਹੁੰਦਾ, ਇਸ ਦਾ ਤਾਜ਼ਾ ਸਬੂਤ ਇਹ ਅੱਤ ਨਿੰਦਣਯੋਗ ਘਟਨਾ ਹੈ ਜਿਸ ਨੇ ਇਨਸਾਨੀਅਤ ਨੂੰ ਸ਼ਰਮਿੰਦਾ ਕੀਤਾ ਹੈ।