VARINDER WALIA

ਹਰਮਨਪਿਆਰਾ ਕਾਲਮ –– ਹਰਫ਼ ਹਮੇਸ਼ / POPULAR COLUMN -- HARPH HAMESH

ਨੱਥ, ਚੂੜਾ ਤੇ ਗਰੇਟਾ (ਪੰਜਾਬੀ ਜਾਗਰਣ –– 9th July, 2023)

ਵਰਿੰਦਰ ਵਾਲੀਆ

ਮੁਨਾਫ਼ਾਖੋਰ ਨੀਤੀਆਂ-ਬਦਨੀਤੀਆਂ ਤਹਿਤ ਕੁਦਰਤੀ ਸਰੋਤਾਂ ਦੀ ਅੰਨ੍ਹੀ ਲੁੱਟ-ਖਸੁੱਟ, ਜੰਗਲਾਂ ਦੀ ਅੰਨ੍ਹੇਵਾਹ ਕਟਾਈ ਅਤੇ ਗਰੀਨ ਹਾਊਸ ਪ੍ਰਭਾਵ ਤੋਂ ਪੈਦਾ ਹੋਣ ਵਾਲੀਆਂ ਗੈਸਾਂ ਜੋ ਸੂਰਜ ਦੀ ਤਪਸ਼ ਨੂੰ ਆਪਣੀ ਬੁੱਕਲ ’ਚੋਂ ਬਾਹਰ ਨਹੀਂ ਨਿਕਲਣ ਦਿੰਦੀਆਂ, ਕੁਦਰਤੀ ਕਰੋਪੀਆਂ ਨੂੰ ਅਕਸਰ ਨਿਮੰਤ੍ਰਣ ਦਿੰਦੀਆਂ ਰਹਿੰਦੀਆਂ ਹਨ। ਵਿਕਾਸ ਦੇ ਨਾਂ ’ਤੇ ਵਿਨਾਸ਼ ਦੀ ਬੁਨਿਆਦ ਰੱਖਣ ਵਾਲੀਆਂ ਬੱਜਰ ਗ਼ਲਤੀਆਂ ਦਾ ਹੀ ਹਾਸਲ ਹੈ ਆਲਮੀ ਤਪਸ਼। ਆਲਮੀ ਤਪਸ਼ ਕਾਰਨ ਇੰਦਰ ਦੇਵਤਾ ਦੀ ਕਰੋਪੀ ਸਹੇੜਨੀ ਪਈ ਹੈ ਜਿਸ ਕਾਰਨ ਮੁਸੀਬਤਾਂ ਬਗਲਗੀਰ ਹੋ ਕੇ ਮਨੁੱਖ ਕੋਲ ਆ ਰਹੀਆਂ ਹਨ। ਕਿਤੇ ਸੋਕਾ ਤੇ ਕਿਤੇ ਡੋਬਾ ਨਜ਼ਰੀਂ ਆਉਂਦਾ ਹੈ। ਇਕ ਸਮਾਂ ਸੀ ਜਦੋਂ ਸਾਵਣ ਦੇ ਛਰਾਟਿਆਂ ਦੀ ਉਡੀਕ ਵਿਚ ਅੱਖਾਂ ਪੱਕਦੀਆਂ ਸਨ।

ਤੀਆਂ ਦਾ ਇੰਤਜ਼ਾਰ ਹੁੰਦਾ ਸੀ। ਹੁਣ ਘਨਘੌਰ ਘਟਾਵਾਂ ਤੇ ਤਿੱਤਰ-ਖੰਭੀ ਬੱਦਲੀਆਂ ਡਰਾਉਂਦੀਆਂ ਹਨ। ਕਾਰਬਨ ਡਾਈਆਕਸਾਈਡ ’ਚ ਹੋਏ ਅਣਕਿਆਸੇ ਵਾਧੇ ਨੇ ਮੌਸਮਾਂ ਦੇ ਮਿਜ਼ਾਜ ਬਦਲ ਦਿੱਤੇ ਹਨ। ਧਰਤੀ ਦੇ ਧਰੁਵਾਂ ’ਤੇ ਗਲੇਸ਼ੀਅਰ ਪਿਘਲ ਰਹੇ ਹਨ, ਤਟੀ ਖੇਤਰਾਂ ਵਿਚ ਸਮੁੰਦਰ ਦਾ ਪੱਧਰ ਅਚਾਨਕ ਵਧਦਾ-ਘਟਦਾ ਰਹਿੰਦਾ ਹੈ। ਜਾਪਾਨ ਵਿਖੇ 2011 ਵਿਚ ਆਈ ਸੁਨਾਮੀ ਰਾਹੀਂ ਕੁਦਰਤ ਨੇ ਦਰਅਸਲ ਮਨੁੱਖ ਨੂੰ ਆਪਣੀਆਂ ਗ਼ਲਤੀਆਂ ਸੁਧਾਰਨ ਲਈ ਯਾਦ-ਪੱਤਰ ਭੇਜਿਆ ਸੀ। ਉਸ ਵੇਲੇ ਸਟਾਕਹੋਮ ਵਿਚ ਤਿੰਨ ਜਨਵਰੀ, 2003 ਵਿਚ ਜੰਮੀ ਬੱਚੀ ਗਰੇਟਾ ਥਨਬਰਗ ਮਸਾਂ ਅੱਠ ਵਰਿ੍ਹਆਂ ਦੀ ਸੀ। ਮਾਸੂਮ ਬੱਚੀ ਨੇ ਅੰਤਰਰਾਸ਼ਟਰੀ ਪੱਧਰ ਦੀ ਓਪੇਰਾ ਗਾਇਕ ਮਾਂ ਮਲੇਨਾ ਅਰਨਮੈਨ ਤੇ ਅਦਾਕਾਰ-ਨਿਰਦੇਸ਼ਕ ਪਿਤਾ ਸਵਾਂਟ ਥਨਬਰਗ ਕੋਲੋਂ ਇਸ ਭਿਅੰਕਰ ਤ੍ਰਾਸਦੀ ਪਿੱਛੇ ਛੁਪੇ ਰਹੱਸਾਂ ਨੂੰ ਜਾਣਨ ਲਈ ਸਵਾਲਾਂ ਦੀ ਬੁਛਾੜ ਲਗਾ ਦਿੱਤੀ।

ਗਰੇਟਾ ਪੋਰੀ-ਪੋਰੀ ਵੱਡੀ ਹੁੰਦੀ ਗਈ ਤਾਂ ਉਸ ਨੂੰ ਮਨੁੱਖ ਵੱਲੋਂ ਕੁਦਰਤ ਨਾਲ ਕੀਤੇ ਜਾਂਦੇ ਖਿਲਵਾੜ ਦੀ ਚਿੰਤਾ ਵੱਢ-ਵੱਢ ਖਾਣ ਲੱਗੀ। ਉਹ ਚੁੱਪ-ਗੜੁੱਪ ਰਹਿਣ ਲੱਗੀ। ਪਾਣੀ ਦਾ ਕਤਰਾ ਸਮੁੰਦਰਾਂ ਦਾ ਫ਼ਿਕਰ ਕਰੇ ਤਾਂ ਇਹ ਕੋਈ ਛੋਟਾ ਬੋਝ ਨਹੀਂ ਹੁੰਦਾ। ਉਸ ਨੇ ਕੁਝ ਦਿਨ ਖਾਣ-ਪੀਣ ਤੋਂ ਇਨਕਾਰ ਕੀਤਾ ਤਾਂ ਉਸ ਦੇ ਮਾਪੇ ਹੋਰ ਵੀ ਚਿੰਤਤ ਹੋ ਗਏ। ਨਿੱਕੀ ਜੇਹੀ ਕੁੜੀ ਆਲਮ ਦੀ ਤਪਸ਼ ਲਈ ਆਪਣੇ ਪੁਰਖਿਆਂ ਤੋਂ ਇਲਾਵਾ ਵਰਤਮਾਨ ਪੀੜ੍ਹੀ ਨੂੰ ਵੀ ਇਸ ਲਈ ਜ਼ਿੰਮੇਵਾਰ ਸਮਝਣ ਲੱਗੀ। ਉਸ ਨੇ ਆਪਣੇ ਮਾਂ-ਬਾਪ ਨੂੰ ਹਵਾਈ ਜਹਾਜ਼ ਦਾ ਸਫ਼ਰ ਨਾ ਕਰਨ ਲਈ ਮਨਾ ਲਿਆ।

ਉਹ ਜਦੋਂ ਮਹਿਜ਼ 15-16 ਸਾਲਾਂ ਦੀ ਬਾਲੜੀ ਸੀ ਤਾਂ ਉਸ ਨੂੰ 23 ਸਤੰਬਰ 2018 ਨੂੰ ਨਿਊਯਾਰਕ ਸਥਿਤ ਸੰਯੁਕਤ ਰਾਸ਼ਟਰ ਸੰਘ ਦੀ ਕਲਾਈਮੇਟ ਸਮਿਟ ਐਕਸ਼ਨ ਕਮੇਟੀ ਨੂੰ ਸੰਬੋਧਨ ਕਰਨ ਦਾ ਸੁਨਹਿਰੀ ਮੌਕਾ ਮਿਲ ਗਿਆ। ਅਕਸਰ ਮੌਨ ਵਰਤ ਧਾਰਨ ਕਰਨ ਵਾਲੀ ਨੰਨ੍ਹੀ ਕੁੜੀ ਜਦੋਂ ਤਕਰੀਰ ਕਰਨ ਲਈ ਮੰਚ ’ਤੇ ਪਹੁੰਚੀ ਤਾਂ ਉਸ ਦੀ ਆਵਾਜ਼ ਬੱਦਲਾਂ ਦੀ ਗੜਗੜਾਹਟ ਦੇ ਤੁੱਲ ਸੀ। ਉਸ ਦੀ ਸੰਖੇਪ ਤੇ ਭਾਵਪੂਰਤ ਤਕਰੀਰ ਨੇ ਲੋਕਾਈ ਦੀਆਂ ਰਗਾਂ ’ਚ ਗਲੇਸ਼ੀਅਰਾਂ ਵਾਂਗ ਜੰਮੇ ਹੋਏ ਖ਼ੂਨ ਨੂੰ ਪਿਘਲਾਉਣ ਦਾ ਕੰਮ ਕੀਤਾ। ਧਰਤੀ ਦੇ ਧਰੁਵਾਂ ’ਤੇ ਸੁੰਨ-ਸਮਾਧੀ ਲਾਈ ਬੈਠੀਆਂ ਬਰਫ਼ ਦੀਆਂ ਚੱਟਾਨਾਂ ਮੰਤਰ-ਮੁਗਧ ਹੋ ਗਈਆਂ।

ਗਰੇਟਾ ਥਨਬਰਗ ਦੇ ਬੋਲਾਂ ਵਿਚ ਅੰਤਾਂ ਦੀ ਪੀੜਾ ਸੀ ਜੋ ਉਸ ਦੇ ਦਿਲ ਦਰਿਆ ਦੇ ਕੰਢੇ-ਕਿਨਾਰੇ ਭੰਨ ਕੇ ਦੁਨੀਆ ਵਿਚ ਫੈਲ ਗਈ ਸੀ। ਵਾਤਾਵਰਨ ਬਾਰੇ ਕੁੰਭਕਰਨੀ ਨੀਂਦ ਸੁੱਤਾ ਆਲਮ ਅੱਭੜਵਾਹੇ ਉੱਠਿਆ। ਸਮਾਂ ਠਹਿਰ ਗਿਆ। ਸਰੋਤੇ ਅਵਾਕ ਸਨ। ਉਸ ਦੇ ਬੋਲ ਅੰਗਿਆਰਿਆਂ ਵਰਗੇ ਸਨ। ਉਸ ਦੀਆਂ ਅੱਖਾਂ ਵਿਚ ਜੇਠ-ਹਾੜ ਦਾ ਸੇਕ ਸੀ। ਹਉਕਿਆਂ ਵਰਗੇ ਬੋਲਾਂ ਵਿਚ ਲਾਹਨਤਾਂ ਸਨ। ਉਹ ਗਰਜੀ, ਅਖੇ ਆਲਮੀ ਤਪਸ਼ ਨਾਲ ਗਲੇਸ਼ੀਅਰ ਪਿਘਲ ਰਹੇ ਹਨ ਪਰ ਕਠੋਰ ਦਿਲ ਨਹੀਂ। ਉਸ ਨੇ ਤੌਖਲਾ ਪ੍ਰਗਟ ਕੀਤਾ ਕਿ ਚੱਕਰਵਾਤੀ ਤੂਫ਼ਾਨ ਧਰਤੀ ਦੇ ਕਈ ਕੋਨੇ-ਕਿਨਾਰੇ ਮਲੀਆਮੇਟ ਕਰ ਦੇਣਗੇ।

ਨਿਸ਼ਚੇ ਹੀ ਗਰੇਟਾ ਨੇ ਵਾਤਾਵਰਨ ਪ੍ਰੇਮੀਆਂ ਨੂੰ ਵੱਡਾ ਹਲੂਣਾ ਦੇ ਦਿੱਤਾ। ਉਸ ਨੇ ਆਪਣੀ ਤਕਰੀਰ ਰਾਹੀਂ ਲੋਭੀਆਂ ਦੀ ਜ਼ਮੀਰ ਨੂੰ ਝੰਜੋੜਿਆ ਜੋ ਧਨ ਕੁਬੇਰ ਬਣਨ ਲਈ ਉਸ ਦੀ ਪੀੜ੍ਹੀ ਦਾ ਭਵਿੱਖ ਦਾਅ ’ਤੇ ਲਾ ਰਹੇ ਹਨ। ਉਸ ਨੇ ਕਿਹਾ ਕਿ ਸਿਆਸਤਦਾਨਾਂ ਨੇ ਉਸ ਦੀ ਪੀੜ੍ਹੀ ਨਾਲ ਧੋਖਾ ਕੀਤਾ ਹੈ। ਉਨ੍ਹਾਂ ਦੀ ਜੁਰਅਤ ਕਿਵੇਂ ਪਈ? ਗਰਜਵੀਂ ਆਵਾਜ਼ ਵਿਚ ਉਸ ਨੇ ਲਾਹਨਤਾਂ ਪਾਉਂਦੇ ਹੋਏ ਕਿਹਾ, ‘‘ਮੇਰਾ ਤੁਹਾਨੂੰ ਪੈਗ਼ਾਮ ਹੈ ਕਿ ਅਸੀਂ ਤੁਹਾਡੀਆਂ ਕਰਤੂਤਾਂ ’ਤੇ ਬਾਜ਼ ਅੱਖ ਰੱਖੀ ਬੈਠੇ ਹਾਂ। ਮੈਨੂੰ ਇਸ ਕਾਰਜ ਲਈ ਇੱਥੇ ਆਉਣ ਦੀ ਲੋੜ ਨਹੀਂ ਸੀ। ਮੈਨੂੰ ਤਾਂ ਸਮੁੰਦਰ ਪਾਰ ਆਪਣੀ ਪਾਠਸ਼ਾਲਾ ਵਿਚ ਹੋਣਾ ਚਾਹੀਦਾ ਸੀ। ਫਿਰ ਵੀ ਤੁਸੀਂ ਸਾਡੀ ਨੌਜਵਾਨ ਪੀੜ੍ਹੀ ਕੋਲ ਕਿਸ ਆਸ ਲਈ ਆਏ ਹੋ, ਤੁਹਾਡੀ ਜੁਰਅਤ ਕਿਵੇਂ ਪਈ? ਤੁਸੀਂ ਤਾਂ ਖੋਖਲੇ ਸ਼ਬਦਾਂ ਨਾਲ ਮੇਰੇ ਸੁਪਨੇ ਚੋਰੀ ਕਰ ਲਏ। ਮੇਰਾ ਬਚਪਨ ਚੁਰਾ ਲਿਆ। ਲੋਕ ਸੰਤਾਪ ਭੋਗ ਰਹੇ ਹਨ। ਲੋਕ ਮਰ-ਮੁੱਕ ਰਹੇ ਹਨ। ਘਰਾਂ ਵਿਚ ਸੱਥਰ ਵਿਛ ਰਹੇ ਹਨ। ਆਬੋ-ਹਵਾ/ਵਾਤਾਵਰਨ ਦਾ ਸਮਤੋਲ ਤਹਿਸ-ਨਹਿਸ ਹੋ ਰਿਹਾ ਹੈ। ਸਮੂਹਿਕ ਤੌਰ ’ਤੇ ਜ਼ਿੰਦਗੀ ਦੇ ਖ਼ਾਤਮੇ ਦੇ ਆਗਾਜ਼ ’ਚੋਂ ਵਿਚਰ ਰਹੇ ਹਾਂ ਅਸੀਂ। ਤੇ ਤੁਸੀਂ ਸਾਰੇ ਕੇਵਲ ਮਾਇਆ ਅਤੇ ਸਦੀਵੀ ਅਰਥਚਾਰੇ ਦੇ ਵਿਕਾਸ ਦੀਆਂ ਖੋਖਲੀਆਂ ਪਰੀ ਕਹਾਣੀਆਂ ਦੀਆਂ ਬਾਤਾਂ ਪਾ ਸਕਦੇ ਹੋ।’’ ਆਉਣ ਵਾਲੀਆਂ ਪੀੜ੍ਹੀਆਂ ਦੀ ਪੈਨੀ ਨਜ਼ਰ ਤੁਹਾਡੇ ’ਤੇ ਹੈ। ਜੇ ਤੁਸੀਂ ਇੰਜ ਹੀ ਕਰਦੇ ਰਹੇ ਤਾਂ ਅਸੀਂ ਤੁਹਾਨੂੰ ਕਦਾਚਿਤ ਮਾਫ਼ ਨਹੀਂ ਕਰਾਂਗੇ। ਪਲੀਤ ਹੋ ਰਿਹਾ ਵਾਤਾਵਰਨ ਪਲੀਤੇ ਵਾਂਗ ਵਿਸ਼ਵ ਨੂੰ ਤਬਾਹ ਕਰ ਦੇਵੇਗਾ।

ਗਰੇਟਾ ਦੀ ਇਕ ਲਲਕਾਰ ਨੇ ਉਸ ਨੂੰ ਰਾਤੋ-ਰਾਤ ਅੰਤਰਰਾਸ਼ਟਰੀ ਪੱਧਰ ’ਤੇ ਮਕਬੂਲੀਅਤ ਦਿਵਾ ਦਿੱਤੀ। ਮਈ 2019 ਵਿਚ ਟਾਈਮ ਮੈਗਜ਼ੀਨ ਨੇ ਆਪਣੇ ਮੁੱਖ ਪੰਨੇ ’ਤੇ ਉਸ ਨੂੰ ‘ਅਗਲੀ ਪੀੜ੍ਹੀ ਦੀ ਨੇਤਾ’ ਕਹਿ ਕੇ ਵਡਿਆਇਆ। ਪੜ੍ਹਾਈ ਨੂੰ ਲਾਂਭੇ ਕਰਦਿਆਂ ਉਸ ਨੇ ‘ਫਰਾਈਡੇਜ਼ ਫਾਰ ਫਿਊਚਰ’ ਨਾਮ ਹੇਠ ਸਕੂਲ ਜਲਵਾਯੂ ਹੜਤਾਲ ਲਹਿਰ ਵਿੱਢ ਲਈ। ਗਰੇਟਾ ਤੋਂ 59 ਸਾਲ ਵੱਡੀ (ਮਹਾਰਾਣੀ) ਪਰਨੀਤ ਕੌਰ ਆਲਮੀ ਤਪਸ਼ ਕਾਰਨ ਹੁੰਦੇ ਵਾਤਾਵਰਨ ਵਿਗਾੜਾਂ ਜਾਂ ਕੁਦਰਤੀ ਆਫ਼ਤਾਂ ਦੇ ਰਹੱਸਾਂ ਤੋਂ ਕੋਰੀ ਜਾਪਦੀ ਹੈ। ਉਹ ਲਫਾਂ ਤੇ ਉਛਾਲੇ ਮਾਰਦੀ ਨਦੀ ਨੂੰ ਸ਼ਾਂਤ ਕਰਨ ਲਈ ਨੱਥ ਤੇ ਚੂੜਾ ਅਰਪਿਤ ਕਰਨ ਵਾਲੀ ਰੂੜੀਵਾਦੀ ਸੋਚ ਨਾਲ ਆਪਣੇ ਵੋਟਰਾਂ ਨੂੰ ਇਹ ਜਚਾਉਣ ਦੀ ਕੋਸ਼ਿਸ਼ ਕਰਦੀ ਹੈ ਕਿ ਜੇ ਉਸ ਨੇ ਅਜਿਹਾ ਨਾ ਕੀਤਾ ਹੁੰਦਾ ਤਾਂ ਸ਼ਾਹੀ ਸ਼ਹਿਰ ਪਟਿਆਲਾ ਨੇ ਨੇਸਤੋ ਨਾਬੂਦ ਹੋ ਜਾਣਾ ਸੀ।

ਪਟਿਆਲੇ ਤੋਂ ਲੋਕ ਸਭਾ ਮੈਂਬਰ ਪਰਨੀਤ ਕੌਰ ਦੇ ਪਤੀ ਕੈਪਟਨ ਅਮਰਿੰਦਰ ਸਿੰਘ ਦੋ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਹਨ। ਦੋਨਾਂ ਨੇ ਪਟਿਆਲਾ ਦੀਆਂ ਨਦੀਆਂ-ਨਾਲਿਆਂ ’ਤੇ ਕੀਤੇ ਗਏ ਨਾਜਾਇਜ਼ ਕਬਜ਼ਿਆਂ ਦੀ ਆਵਾਜ਼ ਲੋਕ ਸਭਾ ਜਾਂ ਵਿਧਾਨ ਸਭਾ ਵਿਚ ਬੁਲੰਦ ਆਵਾਜ਼ ਨਾਲ ਉਠਾਈ ਹੁੰਦੀ ਜਾਂ ਕੋਈ ਕਾਰਵਾਈ ਕੀਤੀ ਹੁੰਦੀ ਤਾਂ ਉਨ੍ਹਾਂ ਵੱਲੋਂ ਚੂੜਾ ਤੇ ਨੱਥ ਚੜ੍ਹਾਉਣ ਦੀ ਗ਼ੈਰ-ਵਿਗਿਆਨਕ ਤੇ ਦਕੀਆਨੂਸੀ ਰਸਮ ਅਦਾ ਕਰਨ ਦੀ ਲੋੜ ਨਹੀਂ ਸੀ ਪੈਣੀ। ਜਦੋਂ ਕੋਈ ਨਦੀ ਦੇ ਘਰ ਵਿਚ ਆਪਣਾ ਰੈਣ-ਬਸੇਰਾ ਬਣਾ ਕੇ ਜਲ-ਵਹਿਣ ਵਿਚ ਅੜਿੱਕੇ ਪਾਉਣ ਦੀ ਹਿਮਾਕਤ ਕਰੇਗਾ ਤਾਂ ਕੁਦਰਤ ਉਸ ਦਾ ਬਦਲਾ ਜ਼ਰੂਰ ਲੈਂਦੀ ਹੈ।

ਇੱਕੀਵੀਂ ਸਦੀ ਵਿਗਿਆਨ ਦੀ ਸਦੀ ਮੰਨੀ ਜਾਂਦੀ ਹੈ। ਪਰ ਅੱਜ ਵੀ ਕਿਸਾਨ ਖੇਤਾਂ ਵਿਚ ਪੱਥਰ ਦਾ ਖੇਤਰਪਾਲ, ਖੇੜਾ ਜਾਂ ਭੂਮੀਆ ਗੱਡ ਕੇ ਬਲਾਵਾਂ ਤੋਂ ਬਚੇ ਰਹਿਣ ਦਾ ਵਹਿਮ ਪਾਲਦਾ ਦਿਖਾਈ ਦਿੰਦਾ ਹੈ। ਖੇਤਰਪਾਲ, ਖੇੜਾ ਜਾਂ ਭੂਮੀਆ ਨੂੰ ਸਮੂਰਤ ਕਰਨ ਲਈ ਉਹ ਗੱਡੇ ਹੋਏ ਪੱਥਰ ’ਤੇ ਨੱਕ, ਅੱਖਾਂ ਅਤੇ ਮੂੰਹ ਬਣਾਉਂਦਾ ਹੈ। ਕੁਦਰਤੀ ਆਫ਼ਤ ਆਉਣ ਦੀ ਸੂਰਤ ਵਿਚ ਇਨ੍ਹਾਂ ਪੱਥਰ ਦੇ ਬਣੇ ਦੇਵਤਿਆਂ ਦੀਆਂ ਅੱਖਾਂ ਹੀ ਨਹੀਂ ਬਲਕਿ ਪੀੜਤ ਕਿਸਾਨ ਦੀਆਂ ਅੱਖਾਂ ਵੀ ਪਥਰਾ ਜਾਂਦੀਆਂ ਹਨ। ਬਿਪਤਾ ਵੇਲੇ ਭੂਮੀਏ ਦੇ ਸਥਾਨ ’ਤੇ ਵੰਡੇ ਜਾਂਦੇ ਰੋਟ ਵੀ ਕੰਮ ਨਹੀਂ ਆਉਂਦੇ।

ਖਵਾਜਾ ਖਿਜ਼ਰ ਪਾਣੀ ਦਾ ਦੇਵਤਾ ਹੈ ਜਿਸ ਦਾ ਸ਼ੁਮਾਰ ਪੰਜ ਪੀਰਾਂ ਵਿਚ ਗਿਣਿਆ ਜਾਂਦਾ ਹੈ। ਦਰਿਆਵਾਂ ਦੇ ਕੰਢਿਆਂ ’ਤੇ ਪੱਥਰ-ਗੀਟੀਆਂ ਦੀਆਂ ਢੇਰੀਆਂ ਵਿਚ ਨਿਵਾਸ ਕਰਨ ਵਾਲਾ ਖਵਾਜ਼ਾ ਵੀ ਲੋਕਾਈ ਦੀ ਪੁਕਾਰ ਸੁਣਨ ਤੋਂ ਇਨਕਾਰੀ ਹੈ। ਨਿੱਕੀਆਂ-ਨਿੱਕੀਆਂ ਸਮਾਧੀਆਂ ਵਿਚ ਨਿਵਾਸ ਕਰਦੇ ਜਠੇਰੇ ਵੀ ਹੁਣ ਕਿਸੇ ਦੀ ਅਰਾਧਨਾ ਨਹੀਂ ਸੁਣਦੇ।

ਸਾਰਿਆਂ ਨੇ ਮਤਾ ਪਕਾਇਆ ਲੱਗਦਾ ਹੈ ਕਿ ਕੁਦਰਤ ਨਾਲ ਖਿਲਵਾੜ ਕਰਨ ਵਾਲੇ ਮਨੁੱਖ ਨੂੰ ਉਸ ਦੇ ਹੀ ਰਹਿਮੇ-ਕਰਮ ’ਤੇ ਛੱਡ ਦਿੱਤਾ ਜਾਵੇ। ਬੱਜਰ ਗ਼ਲਤੀਆਂ ਕਰਨ ਵਾਲੇ ਮਨੁੱਖ ਦੀ ਹੁਣ ਉਹ ਕੋਈ ਭੇਟਾ ਸਵੀਕਾਰ ਨਹੀਂ ਕਰਦੇ। ਕੁਦਰਤੀ ਆਫ਼ਤਾਂ ਤੋਂ ਬਚਣ ਲਈ ਸਾਰਿਆਂ ਨੂੰ ਗਰੇਟਾ ਥਨਬਰਗ ਦੀ ਦਹਾੜ ਸੁਣਨੀ ਪਵੇਗੀ ਜਿਸ ਨੇ ਸਾਡੀ ਪੀੜ੍ਹੀ ਨੂੰ ਕਟਹਿਰੇ ਵਿਚ ਖੜ੍ਹਾ ਕੀਤਾ ਹੋਇਆ ਹੈ। ਜੀਵਨ-ਸ਼ੈਲੀ ਬਦਲਣ ਨਾਲ ਹੀ ਮਨੁੱਖਤਾ ਦਾ ਭਲਾ ਹੋਵੇਗਾ।