ਸ਼ਿਵ ਤੇ ਵਿਦਰੋਹੀ ਕਾਵਿ (ਪੰਜਾਬੀ ਜਾਗਰਣ –– 23rd July, 2023)
ਵਰਿੰਦਰ ਵਾਲੀਆ
‘ਬਿਰਹਾ ਦਾ ਸੁਲਤਾਨ’ ਕਹੇ ਜਾਣ ਵਾਲਾ ਪੰਜਾਬੀ ਦਾ ਮਹਿਬੂਬ ਕਵੀ ਸ਼ਿਵ ਕੁਮਾਰ ਜਿਊਂਦਾ ਹੁੰਦਾ ਤਾਂ ਅੱਜ ਉਸ ਨੂੰ 88ਵਾਂ ਸਾਲ ਲੱਗ ਜਾਣਾ ਸੀ। ਇਸ ਫ਼ਾਨੀ ਦੁਨੀਆ ਤੋਂ ਰੁਖ਼ਸਤ ਹੋਣ ਲਈ ਉਸ ਨੇ ਬੁਢਾਪੇ ਦੀ ਬਜਾਏ ਜਵਾਨੀ ਨੂੰ ਤਰਜੀਹ ਦਿੱਤੀ ਸੀ। ਇਹ ਲੋਚਾ ਉਸ ਦੇ ਗੀਤਾਂ ’ਚੋਂ ਸਾਫ਼ ਝਲਕਦੀ ਹੈ, ‘‘ਅਸਾਂ ਤਾਂ ਜੋਬਨ ਰੁੱਤੇ ਮਰਨਾ, ਮੁੜ ਜਾਣਾ ਅਸਾਂ ਭਰੇ ਭਰਾਏ/ਹਿਜਰ ਤੇਰੇ ਦੀ ਕਰ ਪਰਿਕਰਮਾ।’’ ਉਹ ਕਹਿੰਦਾ, ‘‘ਮੈਂ ਵਡਭਾਗੀ ਜੇ ਮੇਰੀ ਉਮਰ, ਗੀਤਾਂ ਨੂੰ ਲੱਗ ਜਾਵੇ।’’ ਉਸ ਨੂੰ ਕਬਰਾਂ ਮਾਂ ਵਾਂਗ ਉਡੀਕਦੀਆਂ ਲੱਗਦੀਆਂ।
ਇਸ ਮਿੱਟੀ ਦਾ ਜਾਇਆ ਰੱਬ ਕੋਲੋਂ ਜਿਵੇਂ ਮੌਤ ਦੀ ਭੀਖ ਮੰਗ ਰਿਹਾ ਹੋਵੇ, ‘‘ਹੁਣ ਤਾਂ ਪ੍ਰਭ ਜੀ ਬਹੁ-ਪੁੰਨ ਹੋਵੇ, ਜੇ ਜਿੰਦ ਖਾਕ ਹੰਢਾਏ।’’ ਤੇਈ ਜੁਲਾਈ 1936 ਨੂੰ ਜਨਮਿਆ ਸ਼ਿਵ ਮਹਿਜ਼ 37 ਕੁ ਸਾਲਾਂ ਦੀ ਅਉਧ ਹੰਢਾ ਕੇ ਭਰ ਜਵਾਨੀ ਵਿਚ ਛੇ ਮਈ 1973 ਦੇ ਕੁਲਹਿਣੇ ਦਿਹਾੜੇ ਮੌਤ ਦੇ ਆਗੋਸ਼ ’ਚ ਚਲਾ ਗਿਆ ਸੀ। ਸ਼ਿਵ ਨੂੰ ਪੰਜਾਬੀ ਦਾ ਜੌਨ ਕੀਟਸ ਕਹਿ ਕੇ ਵੀ ਮਾਣ ਦਿੱਤਾ ਜਾਂਦਾ ਹੈ ਜੋ ਉਸ ਤੋਂ 141 ਵਰ੍ਹੇ ਪਹਿਲਾਂ 31 ਅਕਤੂਬਰ 1795 ਨੂੰ ਲੰਡਨ ਨੇੜੇ ਮੂਰਗੇਟ ਨਗਰ ਵਿਚ ਪੈਦਾ ਹੋਇਆ ਤੇ ਉਦਾਸ ਮੌਸਮਾਂ ਦੇ ਗੀਤ ਗਾਉਂਦਾ 23 ਫਰਵਰੀ 1821 ਵਾਲੇ ਦਿਨ 25 ਸਾਲਾਂ ਦੀ ਉਮਰੇ ਇਸ ਜਹਾਨ ਨੂੰ ਅਲਵਿਦਾ ਕਹਿ ਗਿਆ ਸੀ। ਸ਼ਿਵ ਵਾਂਗ ਕੀਟਸ ਵੀ ਮੌਤ ’ਚੋਂ ਸਕੂਨ ਭਾਲਦਾ ਸੀ। ਉਸ ਦੀ ਇੱਛਾ ਗੁੰਮਨਾਮੀ ਵਿਚ ਵਿਦਾ ਹੋਣ ਦੀ ਸੀ ਪਰ ਮਰਨ ਉਪਰੰਤ ਉਹ ਅੰਗਰੇਜ਼ੀ ਕਾਵਿ-ਜਗਤ ਦੇ ਧਰੂ ਤਾਰੇ ਵਾਂਗ ਚਮਕ ਪਿਆ। ਕੀਟਸ ਧੁਰ ਅੰਦਰ ਤਕ ਪੀੜਾ ਨਾਲ ਵਿੰਨਿ੍ਹਆ ਹੋਇਆ ਅਜ਼ੀਮ ਕਵੀ ਸੀ। ਮਾਂ-ਬਾਪ ਅਤੇ ਭਰਾਵਾਂ ਸਣੇ ਕਈ ਜਿਗਰੀ ਦੋਸਤਾਂ ਦਾ ਫ਼ੌਤ ਹੋ ਜਾਣਾ ਉਸ ਲਈ ਅਸਹਿ ਸੀ। ਮੌਤ ਤੋਂ ਦੋ ਕੁ ਸਾਲ ਪਹਿਲਾਂ ਉਸ ਨੇ ਕਲਮ ਨੂੰ ਵੀ ਤਿਲਾਂਜਲੀ ਦੇ ਦਿੱਤੀ ਸੀ। ਉਹ ਆਪਣੀ ਮਹਿਬੂਬਾ ਮਿਸ ਫੇਨੀ ਬ੍ਰਾਊਨ ਨਾਲ ਵਿਆਹ ਰਚਾਉਣਾ ਚਾਹੁੰਦਾ ਸੀ। ਫੇਨੀ ਦੀ ਮਾਂ ਨੇ ਇਸ ਰਿਸ਼ਤੇ ਤੋਂ ਕੋਰੀ ਨਾਂਹ ਇਸ ਕਰਕੇ ਕਰ ਦਿੱਤੀ ਕਿ ਕਵੀ ਤਾਂ ਭੁੱਖੇ ਮਰਦੇ ਹਨ। ਟੁੱਟੇ ਰਿਸ਼ਤੇ ਨੇ ਉਸ ਦਾ ਦਿਲ ਬੁਰੀ ਤਰ੍ਹਾਂ ਤੋੜ ਦਿੱਤਾ। ਜ਼ਿੰਦਗੀ ਤੋਂ ਉਸ ਦਾ ਪੂਰੀ ਤਰ੍ਹਾਂ ਮੋਹ ਭੰਗ ਹੋ ਚੁੱਕਾ ਸੀ। ਉਸ ਨੂੰ ਤਪਦਿਕ ਵਰਗੀ ਨਾਮੁਰਾਦ ਬਿਮਾਰੀ ਨੇ ਬੁਰੀ ਤਰ੍ਹਾਂ ਘੇਰ ਲਿਆ ਤਾਂ ਉਹ ਮੌਤ ਨੂੰ ਹਾਕਾਂ ਮਾਰਨ ਲੱਗ ਪਿਆ। ਆਖ਼ਰੀ ਸਮੇਂ ਉਸ ਨੇ ਆਪਣੀ ਸਭ ਤੋਂ ਨੇੜਲੀ ਮਹਿਲਾ ਦੋਸਤ ਜੌਸਫ ਸੇਵਰਨ ਦੀ ਗੋਦੀ ਵਿਚ ਸਿਰ ਰੱਖਿਆ ਹੋਇਆ ਸੀ। ਉਹ ਲਗਾਤਾਰ ਉਸ ਦਾ ਸਿਰ ਪਲੋਸ ਰਹੀ ਸੀ। ਉਸ ਨੂੰ ਸੰਬੋਧਨ ਹੁੰਦਿਆਂ ਕੀਟਸ ਨੇ ਦ੍ਰਿੜ੍ਹਤਾ ਨਾਲ ਆਖ਼ਰੀ ਸ਼ਬਦ ਕਹੇ, ‘‘ਸੇਵਰਨ ਮੈਨੂੰ ਉੱਪਰ ਚੁੱਕ-ਮੈਂ ਮਰ ਰਿਹਾ ਹਾਂ-ਮੈਂ ਸਕੂਨ ਨਾਲ ਮਰਾਂਗਾ। ਡਰ ਨਾ। ਕਰੜੀ ਰਹਿ-ਸ਼ੁਕਰ ਹੈ ਰੱਬਾ ਕਿ ਇਹ (ਮੌਤ) ਆ ਰਹੀ ਹੈ।’’ ਮਰਨ ਤੋਂ ਬਾਅਦ ਵੀ ਸੇਵਰਨ ਨੂੰ ਲੱਗਾ ਜਿਵੇਂ ਕੀਟਸ ਘੂਕ ਸੁੱਤਾ ਹੋਵੇ ਤੇ ਉਹ ਆਵਾਜ਼ ਮਾਰਿਆਂ ਜਾਗ ਪਵੇਗਾ। ਮੌਤ ਨੂੰ ਨਜ਼ਦੀਕ ਆਉਂਦਿਆਂ ਮਹਿਸੂਸ ਕਰ ਕੇ ਵੀ ਕੀਟਸ ਦੇ ਮੱਥੇ ’ਤੇ ਕੋਈ ਸ਼ਿਕਨ ਨਹੀਂ ਸੀ ਤੇ ਇਸੇ ਲਈ ਉਹ ਸੇਵਰਨ ਨੂੰ ਦਿਲ ਤਕੜਾ ਰੱਖਣ ਲਈ ਦਿਲਾਸਾ ਦਿੰਦਾ ਰਿਹਾ। ਕੀਟਸ ਦੀ ਇੱਛਾ ਮੁਤਾਬਕ ਉਸ ਦੀ ਕਬਰ ’ਤੇ ਉਸ ਦਾ ਨਾਂ ਨਹੀਂ ਲਿਖਿਆ ਗਿਆ। ਸੰਗਮਰਮਰ ’ਤੇ ਉੱਕਰੀ ਇਬਾਰਤ ਵੀ ਦਰਸਾਉਂਦੀ ਹੈ ਕਿ ਉਸ ਨੂੰ ਅਮਰ ਹੋਣ ਦਾ ਵੀ ਕੋਈ ਚਾਅ ਨਹੀਂ ਸੀ। ਕਬਰ ਦੀ ਤਹਿਰੀਰ ਕੀਟਸ ਦੀ ਮਾਨਸਿਕਤਾ ਦਰਸਾਉਂਦੀ ਹੈ ਕਿ ਇਸ ਕਬਰ ਹੇਠ ਉਹ ਸਭ ਕੁਝ ਹੈ ਜੋ ਨਾਸ਼ਵਾਨ ਹੈ। ਕਬਰ ਵਿਚ ਅੰਗਰੇਜ਼ੀ ਦਾ ਉਹ ਕਵੀ ਲੇਟਿਆ ਹੋਇਆ ਹੈ ਜਿਸ ਦਾ ਨਾਮ ਪਾਣੀ ’ਤੇ ਲਿਖਿਆ ਹੈ। ਸ਼ਿਵ ਵੀ ਕੀਟਸ ਵਾਂਗ ਆਪਣੇ ਗੀਤਾਂ ਵਿਚ ਸਮਾ ਜਾਣਾ ਚਾਹੁੰਦਾ ਸੀ, ‘‘ਨੀ ਜਿੰਦੇ, ਮੈਂ ਕੱਲ੍ਹ ਨਹੀਂ ਰਹਿਣਾ/ਅੱਜ ਰਾਤੀਂ ਅਸਾਂ ਘੁੱਟ ਬਾਹਾਂ ਵਿਚ/ਗੀਤਾਂ ਦਾ ਚੁੰਮਣ ਲੈਣਾ।’’ ਇਕ ਗੀਤ ਵਿਚ ਉਹ ‘ਆਪ ਮੋਏ ਜੱਗ ਪਰਲੋ’ ਵਰਗੀ ਅਵਸਥਾ ਦਾ ਵਰਣਨ ਕਰਦਾ ਹੈ, ‘‘ਨਾ ਕੱਲ੍ਹ ਏਦਾਂ ਸੂਰਜ ਚੜ੍ਹਨਾ/ਨਾ ਕੱਲ੍ਹ ਏਦਾਂ ਲਹਿਣਾ/ਸਮੇਂ ਦੇ ਪੰਛੀ ਦਾਣਾ ਦਾਣਾ/ਸਾਹਾਂ ਦਾ ਚੁਗ ਲੈਣਾ/ਨੀ ਜਿੰਦੇ, ਮੈਂ ਕੱਲ੍ਹ ਨਹੀਂ ਰਹਿਣਾ।’’ ਉਹ ਅੱਜ ਵਿਚ ਜਿਊਂਦਾ ਹੈ, ਭਲਕੇ ਉਹ ਜੋਬਨ ਰੁੱਤੇ ਇਸ ਜਹਾਨੋਂ ਕੂਚ ਕਰਨਾ ਚਾਹੁੰਦਾ ਹੈ। ਉਹ ਕਹਿੰਦਾ ਹੈ, ‘‘ਇਹ ਮੇਰਾ ਗੀਤ ਕਿਸੇ ਨਾ ਗਾਣਾ/ਇਹ ਮੇਰਾ ਗੀਤ ਮੈਂ ਆਪੇ ਗਾ ਕੇ, ਭਲਕੇ ਹੀ ਮਰ ਜਾਣਾ।’’ ਮੌਤ ਨੂੰ ਹਾਕਾਂ ਮਾਰਨ ਕਰਕੇ ਉਸ ਦਾ ਸਮਕਾਲੀ ਜੁਝਾਰੂ ਕਵੀ ਅਵਤਾਰ ਸਿੰਘ ਪਾਸ਼ ਕਿਹਾ ਕਰਦਾ ਸੀ ਕਿ ਸ਼ਿਵ ਤਾਂ ਜ਼ਿੰਦਗੀ ਦਾ ਮਤਰੇਆ ਪੁੱਤਰ ਹੈ। ਸ਼ਿਵ ਨੇ ਭਾਵੇਂ ਵਿਭਿੰਨ ਵਿਸ਼ਿਆਂ ’ਤੇ ਲਿਖਿਆ ਪਰ ‘ਬਿਰਹਾ ਦਾ ਸੁਲਤਾਨ’ ਹੋਣ ਦੇ ਲਕਬ ਨੇ ਉਸ ਦਾ ਮੌਤ ਤੋਂ ਬਾਅਦ ਵੀ ਖਹਿੜਾ ਨਾ ਛੱਡਿਆ। ਉਸ ਦੇ 1960 ਵਿਚ ਛਪੇ ਮਹਾਕਾਵਿ ‘ਲੂਣਾ’ ਨੇ ਉਸ ਨੂੰ ਹੁਣ ਤਕ ਦਾ ਸਭ ਤੋਂ ਛੋਟੀ ਉਮਰ ਦਾ ਭਾਰਤੀ ਸਾਹਿਤ ਅਕਾਦਮੀ ਐਵਾਰਡੀ ਬਣਾਇਆ ਹੋਇਆ ਹੈ। ਸਾਡੀ ਰੂੜੀਵਾਦੀ ਸੋਚ ਕਰਕੇ ‘ਲੂਣਾ’ ਨੂੰ ਸਦੀਆਂ ਤਕ ਚਰਿੱਤਰਹੀਣ ਹੋਣ ਦਾ ਤ੍ਰਿਸਕਾਰ ਝੇਲਣਾ ਪਿਆ ਸੀ। ਸ਼ਿਵ ਨੇ ਇਸ ਬਿਰਤਾਂਤ ਨੂੰ ਮੁੱਢੋਂ ਰੱਦ ਕਰ ਦਿੱਤਾ। ਪਹਿਲੇ ਸਾਰੇ ਕਿੱਸਿਆਂ ਦਾ ਸਿਰਲੇਖ ‘ਪੂਰਨ ਭਗਤ’ ਸੀ ਪਰ ਸ਼ਿਵ ਨੇ ਇਸ ਦਾ ਨਾਂ ‘ਲੂਣਾ’ ਰੱਖ ਕੇ ਉਸ ਨੂੰ ਇਨਸਾਫ਼ ਦੇਣ ਦੀ ਕੋਸ਼ਿਸ਼ ਕੀਤੀ ਹੈ। ਬੁੱਢਾ ਰਾਜਾ ਸਲਵਾਨ ਆਪਣੇ ਪੁੱਤਰ ਪੂਰਨ ਭਗਤ ਦੇ ਹਾਣ ਦੀ ਦਲਿਤ ਕੰਨਿਆ ‘ਲੂਣਾ’ ਨੂੰ ਵਿਆਹ ਕੇ ਲਿਆਉਂਦਾ ਹੈ ਤਾਂ ਸਮਾਜ ਇਸ ਅਣਜੋੜ ਰਿਸ਼ਤੇ ਨੂੰ ਖਿੜੇ ਮੱਥੇ ਪ੍ਰਵਾਨ ਕਰਦਾ ਹੈ। ‘ਲੂਣਾ’ ਜਦੋਂ ਆਪਣੇ ਹਾਣ ਦੇ ਮੁੰਡੇ ਪੂਰਨ ’ਤੇ ਡੋਰੇ ਪਾਉਂਦੀ ਹੈ ਤਾਂ ਉਸ ’ਤੇ ਚਰਿੱਤਰਹੀਣ ਹੋਣ ਦੇ ਦੋਸ਼ ਮੜ੍ਹੇ ਜਾਂਦੇ ਹਨ। ਇਸ ਅਗਨ-ਕਥਾ ਨੂੰ ਅੱਗੇ ਤੋਰਦੀ ਲੂਣਾ ਕਹਿੰਦੀ ਹੈ, ‘‘ਪੂਰਨ! ਜੇ ਤੂੰ ਧੁੱਪ ਨਾ ਵੇਚੀ/ਮੈਂ ਆਪਣੀ ਛਾਂ ਵੇਚ ਦਿਆਂਗੀ/ਧੁੱਪ ਬਿਨ ਜੀ ਕੇ ਵੇਖ ਚੁੱਕੀ ਹਾਂ/ ਛਾਂ ਬਿਨ ਜੀ ਕੇ ਵੇਖ ਲਵਾਂਗੀ।’’ ਪੂਰਨ ਭਗਤ ਸੰਪੂਰਨ ਹੈ। ਉਹ ਮਾਂ-ਪੁੱਤ ਦੇ ਪਵਿੱਤਰ ਰਿਸ਼ਤੇ ’ਤੇ ਊਜ ਨਹੀਂ ਲੱਗਣ ਦਿੰਦਾ। ਲੂਣਾ ਦਾ ਮਹਾਦੋਸ਼ ਇਹ ਜ਼ਰੂਰ ਹੈ ਕਿ ਉਹ ਪੂਰਨ ਭਗਤ ’ਤੇ ਝੂਠੇ ਇਲਜ਼ਾਮ ਲਗਵਾ ਕੇ ਉਸ ਨੂੰ ਆਪਣੇ ਹੀ ਪਿਤਾ ਸਲਵਾਨ ਹੱਥੋਂ ਕਤਲ ਕਰਵਾ ਦਿੰਦੀ ਹੈ। ਇਸ ਤੋਂ ਪਹਿਲਾਂ ਲੂਣਾ ਕਹਿੰਦੀ ਹੈ, ‘‘ਸਈਓ ਨੀ, ਅੱਗ ਕਿਉਂ ਨਾ ਬੋਲੇ?/ਜੀਭ ਦਾ ਜੰਦਰਾ ਕਿਉਂ ਨਾ ਖੋਹਲੇ? ਸਾਣੇ ਜੀਭ ਲਵਾ ਹਰ ਅਗਨੀ/ਮੈਂ ਚਾਹੁੰਦੀ ਹਾਂ ਉੱਚੀ ਬੋਲੇ।’’ ਪ੍ਰਾਚੀਨ ਕਾਲ ਤੋਂ ਤੁਰੇ ਆਉਂਦੇ ਪੂਰਨ ਭਗਤ ਦੇ ਕਿੱਸੇ ਨੂੰ ਨਵੇਂ ਅਰਥ ਦੇ ਕੇ ਸ਼ਿਵ ਨੇ ਲੂਣਾ ਦੀ ਵਕਾਲਤ ਕੀਤੀ ਹੈ। ਕਿਰਤੀਆਂ-ਕਿਸਾਨਾਂ, ਮਜ਼ਦੂਰਾਂ ਤੇ ਪਰਿਵਾਰ ਨਿਯੋਜਨ ਵਰਗੇ ਵਿਸ਼ਿਆਂ ਤੋਂ ਇਲਾਵਾ ਸ਼ਿਵ ਨੇ ਗੁਰੂ ਨਾਨਕ ਦੇਵ ਤੇ ਗੁਰੂ ਗੋਬਿੰਦ ਸਿੰਘ ਜੀ ਬਾਰੇ ਬੇਹੱਦ ਭਾਵਪੂਰਤ ਨਜ਼ਮਾਂ ਲਿਖੀਆਂ ਹਨ। ਪੰਜਾਬ ਦੇ ਦੋਖੀਆਂ ਕੋਲੋਂ ਸੁਚੇਤ ਕਰਨ ਲਈ ਉਹ ਲਿਖਦਾ ਹੈ, ‘‘ਤੇਰਾ ਵਸਦਾ ਰਹੇ ਪੰਜਾਬ, ਉਹ ਸ਼ੇਰਾ ਜਾਗ, ਉਹ ਜੱਟਾ ਜਾਗ/ਅੱਗ ਲਾਉਣ ਕੋਈ ਤੇਰੇ ਗਿੱਧਿਆਂ ਨੂੰ ਆ ਗਿਆ, ਸੱਪਾਂ ਦੀਆਂ ਪੀਂਘਾਂ, ਤੇਰੇ ਪਿੱਪਲਾਂ ’ਤੇ ਪਾ ਗਿਆ/ ਤ੍ਰਿੰਞਣਾਂ ’ਚ ਕੱਤਦੀ ਦਾ ਰੂਪ ਕੋਈ ਖਾ ਗਿਆ/ਤੇਰੇ ਵਿਹੜੇ ’ਚ ਫਿਰਦੇ ਨੇ ਨਾਗ...।’’ ਅਜਿਹੀ ਇਕ ਹੋਰ ਕ੍ਰਾਂਤੀਕਾਰੀ ਕਵਿਤਾ ਆਤਮਸਾਤ ਕਰੋ, ‘‘ਜਾਗੀ ਨਵੀਂ ਸਵੇਰ ਬੇਲੀਓ, ਜਾਗੀ ਨਵੀਂ ਸਵੇਰ/ਕਿਰਨਾਂ ਉੱਗੀਆਂ, ਨੂਰ ਪਸਰਿਆ, ਹੋਇਆ ਦੂਰ ਹਨੇਰ।’’ ਸ਼ਿਵ ਦਾ ਅੰਤਲਾ ਸਮਾਂ ਨਕਸਲਬਾੜੀ ਲਹਿਰ ਦਾ ਦੌਰ ਸੀ। ਪਾਸ਼, ਉਦਾਸੀ, ਪਾਤਰ ਤੋਂ ਇਲਾਵਾ ਗੁਰਦਾਸ ਆਲਮ ਵਰਗੇ ਕਈ ਸ਼ਾਇਰਾਂ ਦੇ ਗੀਤਾਂ ਦੇ ਮੁੱਖੜੇ ਕੰਧਾਂ ’ਤੇ ਨਾਅਰਿਆਂ ਦੇ ਰੂਪ ਵਿਚ ਲਿਖੇ ਹੋਏ ਮਿਲਦੇ ਸਨ। ਉਸ ਦਾ ਵਿਦਰੋਹੀ ਕਾਵਿ ਇਸ ਲਹਿਰ ਵਿਚ ਰੁਲ ਕੇ ਰਹਿ ਗਿਆ ਸੀ। ਫਿਲਮ ਲਈ ਲਿਖੇ, ‘‘ਮੈਨੂੰ ਹੀਰੇ ਹੀਰੇ ਆਖੇ ਹਾਏ ਨੀ ਮੁੰਡਾ ਲੰਬੜਾਂ ਦਾ’’ ਗੀਤ ਦਾ ਜਵਾਬ ਜਲੰਧਰ ਦੇ ਪਿੰਡ ਬੁੰਡਾਲਾ ਦਾ ਖੱਬੇ-ਪੱਖੀ ਸ਼ਾਇਰ ਗੁਰਦਾਸ ਆਲਮ ਦਿੰਦਾ ਹੈ-ਲੰਬੜਾਂ ਦੀ ਕੰਧ ਟੱਪ ਕੇ, ਮੁੰਡਾ ਕੰਡਿਆਂ ’ਚੋਂ ਬੇਰ ਲਿਆਇਆ/ਤਲੀ ’ਤੇ ਜਾਨ ਰੱਖ ਕੇ, ਉਹਨੇ ਬੇਰੀ ਦੇ ਪਿੰਡੇ ਨੂੰ ਹੱਥ ਪਾਇਆ... ਲੰਮੇ ਪੈ ਗਏ ਪੈਰ ਸੁੰਘ ਕੇ, ਕੁੱਤਿਆ ਭੌਂਕਿਆ ਨਾ ਕੋਈ ਸ਼ਿਕਾਰੀ/ਬਿਟ ਬਿਟ ਝਾਕਦੇ ਰਹੇ ਚੌਂਕੀਦਾਰ ਤੇ ਲੰਬੜ ਪਟਵਾਰੀ। ‘ਮਜ਼ਦੂਰ ਦਾ ਗੀਤ’ ਸਿਰਲੇਖ ਹੇਠ ਆਲਮ ਦਸਾਂ ਨਹੁੰਆਂ ਦੀ ਕਿਰਤ ਕਰਨ ਵਾਲਿਆਂ ਦੇ ਗੁਣ ਗਾਉਂਦਾ ਹੈ, ‘‘ਮਾਹੀ ਮੇਰਾ ਕਾਲੇ ਰੰਗ ਦਾ, ਵਿਹੜੇ ਵੜਦਾ ਤੇ ਚੰਨ ਚੜ੍ਹ ਜਾਂਦਾ/ ਜੱਗ ਦੀ ਭਲਾਈ ਵਾਸਤੇ, ਬੇਹੀਆਂ ਰੋਟੀਆਂ ਮਿਰਚ ਨਾਲ ਖਾਂਦਾ।’’ ਇਸੇ ਤਰਜ਼ ’ਤੇ ਲਿਖਿਆ ਸ਼ਿਵ ਦਾ ਗੀਤ, ‘‘ਜਾਗ ਪਏ ਧਰਤੀ ਦੇ ਜਾਏ, ਜਾਗ ਪਏ ਖੇਤਾਂ ਦੇ ਵਿਚ ਸੁੱਤੇ ਸਾਏ ਜਾਗ ਪਏ/ ਵਿਚ ਸਿਆੜਾਂ ਡੁੱਲਿ੍ਹਆ ਮੁੜ੍ਹਕਾ ਜਾਗ ਪਿਆ... ਵਰਗੇ ਕ੍ਰਾਂਤੀਕਾਰੀ ਗੀਤ ਵੀ ‘ਬਿਰਹਾ ਦੇ ਸੁਲਤਾਨ’ ਦੇ ਰੁਤਬੇ ਨੇ ਫਿੱਕੇ ਪਾਈ ਰੱਖੇ। ਮਾਓਵਾਦੀ ਲਹਿਰ ਦੀ ਚਰਮ-ਸੀਮਾ ਵੇਲੇ ਵੀ ਸ਼ਿਵ ਦੀ ਮਕਬੂਲੀਅਤ ਨੂੰ ਆਂਚ ਨਹੀਂ ਆਈ। ਇਸੇ ਕਰਕੇ ਵਾਰਿਸ ਸ਼ਾਹ ਤੋਂ ਬਾਅਦ ਉਸ ਨੂੰ ਪਿਛਲੀ ਸਦੀ ਦੇ ਮਹਾਨ ਪੰਜਾਬੀ ਸ਼ਾਇਰ ਹੋਣ ਦਾ ਮਾਣ ਮਿਲਿਆ ਹੈ।