VARINDER WALIA

ਹਰਮਨਪਿਆਰਾ ਕਾਲਮ –– ਹਰਫ਼ ਹਮੇਸ਼ / POPULAR COLUMN -- HARPH HAMESH

ਮੌਸਮ ਦਾ ਮਿਜ਼ਾਜ ਤੇ ਚੋਣਾਂ (ਪੰਜਾਬੀ ਜਾਗਰਣ –– 21st April, 2024)

ਵਰਿੰਦਰ ਵਾਲੀਆ

ਚੋਣਾਂ ਦੇ ਮਹਾਕੁੰਭ ਦਾ ਆਗਾਜ਼ ਹੁੰਦਿਆਂ ਹੀ ਮੌਸਮ ਦਾ ਮਿਜ਼ਾਜ ਬਦਲ ਗਿਆ। ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਵਿਚ ਜਦੋਂ 21 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 102 ਸੀਟਾਂ ਤੋਂ ਇਲਾਵਾ ਅਰੁਣਾਚਲ ਪ੍ਰਦੇਸ਼ ਤੇ ਸਿੱਕਿਮ ਦੀਆਂ ਵਿਧਾਨ ਸਭਾਵਾਂ ਲਈ ਵੋਟਾਂ ਪੈ ਰਹੀਆਂ ਸਨ ਤਾਂ ਪੰਜਾਬ ਸਣੇ ਉੱਤਰੀ ਭਾਰਤ ਦੇ ਕੁਝ ਰਾਜਾਂ ’ਚ ਝੱਖੜ ਤੇ ਗੜੇਮਾਰੀ ਨੇ ਕਿਸਾਨਾਂ ਦਾ ਸੋਨਾ ਖੇਤਾਂ ’ਚ ਵਿਛਾ ਦਿੱਤਾ। ਵਿਸਾਖ ਮਹੀਨੇ ਪੱਕੀ ਫ਼ਸਲ ’ਤੇ ਗੜੇਮਾਰੀ ਹੋ ਜਾਵੇ ਤਾਂ ਕਿਸਾਨਾਂ ਦੀਆਂ ਅੱਖਾਂ ’ਚ ਸਾਉਣ ਦੀ ਝੜੀ ਲੱਗ ਜਾਂਦੀ ਹੈ। ਕਹਿਰ ਬਣ ਕੇ ਵਰ੍ਹੇ ਬੇਮੌਸਮੀ ਮੀਂਹ ਨੇ ‘ਫ਼ਸਲਾਂ ਦੀ ਮੁੱਕ ਗਈ ਰਾਖੀ, ਓ ਜੱਟਾ ਆਈ ਵਿਸਾਖੀ’ ਦੇ ਅਖਾਣ ਨੂੰ ਵੀ ਬੇਅਸਰ ਕਰ ਕੇ ਰੱਖ ਦਿੱਤਾ ਹੈ।

ਕੁਝ ਦਿਨ ਪਹਿਲਾਂ ਹੀ ਤਾਂ ਲੋਕਾਂ ਨੇ ਕਈ ਨੇਤਾਵਾਂ ਨੂੰ ਅੱਤ ਦੀ ਗਰਮੀ ’ਚ ਕਿਸਾਨਾਂ ਦਾ ਹੱਥ ਵਟਾਉਂਦੇ ਟੀਵੀ ਚੈਨਲਾਂ ’ਤੇ ਦੇਖਿਆ ਸੀ। ਕੋਈ ਘੁੰਗਰੂਆਂ ਵਾਲੀ ਦਾਤੀ ਨਾਲ ਵਾਢੀ ਕਰਨ ਤੇ ਕੋਈ ਕਣਕ ਦੀ ਬੋਰੀ ਮੋਢਿਆਂ ’ਤੇ ਚਾਈ ਅਨਾਜ ਮੰਡੀ ਨੂੰ ਲਿਜਾਣ ਦਾ ਅਭਿਨੈ ਕਰ ਰਿਹਾ ਸੀ। ਲੋਕਾਂ ਨੂੰ ਯਾਦ ਹੋਵੇਗਾ ਕਿ ਪਿਛਲੀਆਂ ਚੋਣਾਂ ’ਚ ਅਭਿਨੇਤਾ ਤੋਂ ਨੇਤਾ ਬਣੀ ਬਾਲੀਵੁੱਡ ਸਟਾਰ ਹੈਲੀਕਾਪਟਰ ’ਚੋਂ ਉਤਰ ਕੇ ਸਿੱਧੀ ਖੇਤਾਂ ’ਚ ਗਈ ਸੀ। ਵਾਢੀ ਕਰਨ ਦਾ ਨਾਟਕ ਕਰਨ ਦੀ ਕਵਰੇਜ ਖ਼ੂਬ ਹੋਈ। ਵਾਢੀ ਕਰਦਿਆਂ ਮੁੜ੍ਹਕੋ-ਮੁੜ੍ਹਕੀ ਹੋਏ ਕਿਰਤੀਆਂ ਦੀ ਖ਼ਬਰ ਕਿਤੇ ਨਾ ਦਿਸੀ। ਇਨ੍ਹਾਂ ਲੋਕਾਂ ਨੂੰ ਕੀ ਪਤਾ ਕਿ ‘ਜੱਟ (ਕਿਸਾਨ) ਦੀ ਜੂਨ’ ਹੀ ਵੱਖਰੀ ਹੁੰਦੀ ਹੈ।

ਕਿਸਾਨ ਆਪਣੀ ਫ਼ਸਲ ਨੂੰ ਕਿਸੇ ਵਪਾਰੀ ਦੇ ਸਰਮਾਏ ਵਾਂਗ ਤਾਲਾ ਲਾ ਕੇ ਸੰਭਾਲ ਕੇ ਨਹੀਂ ਰੱਖ ਸਕਦਾ। ਨੀਲੀ ਛੱਤਰੀ ਹੇਠ ਖੇਤਾਂ ’ਚ ਪਿਆ ਉਸ ਦਾ ਸੋਨਾ ਕਦੋਂ ਮਿੱਟੀ ਹੋ ਜਾਵੇ, ਇਸ ਦੀ ਭਵਿੱਖਬਾਣੀ ਕੋਈ ਨਹੀਂ ਕਰ ਸਕਦਾ। ਖੇਤੀ ਕਰਮਾਂ ਸੇਤੀ ਕਹੀ ਜਾਂਦੀ ਹੈ। ਕੱਤਕ ਮਹੀਨੇ ਬੀਜੀ ਫ਼ਸਲ ਦੀ ਵਾਢੀ ਵਿਸਾਖ ’ਚ ਹੁੰਦੀ ਹੈ। ਭਾਵ ਅੰਗਰੇਜ਼ੀ ਮਹੀਨੇ ਨਵੰਬਰ ’ਚ ਬਿਜਾਈ ਤੇ ਅਪ੍ਰੈਲ ’ਚ ਵਾਢੀ। ਸਾਢੇ ਪੰਜ ਮਹੀਨਿਆਂ ਦੀ ਖ਼ੂਨ-ਪਸੀਨੇ ਦੀ ਕਮਾਈ ਝੱਖੜ ਉਡਾ ਕੇ ਲੈ ਜਾਣ ਤਾਂ ਕਿਸਾਨ ਦੇ ਦਿਲ ’ਤੇ ਗੜੇਮਾਰ ਹੋ ਜਾਂਦੀ ਹੈ। ਕੱਤਕ ਮਹੀਨੇ ਕਣਕ ਦੀ ਬਿਜਾਈ ਤੋਂ ਵਿਹਲੇ ਹੋ ਕੇ ਕਈ ਕਿਸਾਨ ਸ਼ਾਹੂਕਾਰਾਂ ਤੋਂ ਕਰਜ਼ੇ ਦੀ ਪੰਡ ਚੁੱਕ ਲੈਂਦੇ ਹਨ। ਫ਼ਸਲਾਂ ਦਾ ਖ਼ਰਾਬਾ ਹੋ ਜਾਵੇ ਤਾਂ ਵਿਆਹ-ਸ਼ਾਦੀਆਂ ਤੇ ਹੋਰ ਕਾਰਜਾਂ ਨੂੰ ਨਿਪਟਾਉਣ ਲਈ ਲਿਆ ਕਰਜ਼ਾ ਸਰਾਪ ਬਣ ਜਾਂਦਾ ਹੈ। ਮਾਰਚ ਮਹੀਨੇ ਮੌਸਮ ਬਦਲਣ ਨਾਲ ਕਣਕਾਂ ਦਾ ਰੰਗ ਬਦਲਦਾ ਵੇਖ ਕੇ ਕਿਸਾਨ ਸੁਪਨੇ ਬੁਣਨਾ ਸ਼ੁਰੂ ਕਰ ਦਿੰਦਾ ਹੈ। ਖੇਤਾਂ ’ਚ ਝੂਮਦੀਆਂ ਕਣਕ ਦੀਆਂ ਬੱਲੀਆਂ ਨੂੰ ਵੇਖ ਕੇ ਉਸ ਨੂੰ ਖੁਮਾਰੀ ਚੜ੍ਹਦੀ ਹੈ। ਚੇਤ ਮਾਹ ’ਚ ਬੱਲੀਆਂ ਸੋਨ-ਵੰਨੀ ਭਾਅ ਮਾਰਦੀਆਂ ਹਨ। ਤਿੱਤਰ-ਖੰਭੀ ਬਦਲੋਟੀਆਂ ਨੂੰ ਵੇਖ ਕੇ ਉਸ ਦਾ ਦਿਲ ਘਿਰਦਾ ਹੈ। ਲੋਕੋਕਤੀ ਹੈ ਕਿ ਚੇਤ ਮਹੀਨੇ ਭੜੋਲੇ ’ਚ ਪਈ ਕਣਕ ਵੀ ਡਹਿਸ ਜਾਂਦੀ ਹੈ। ਉਹ ਅਰਜ਼ੋਈ ਕਰਦਾ ਹੈ, ‘‘ਬਰਸੇ ਚੇਤ/ ਨਾ ਘਰ ਨਾ ਖੇਤ।’’

ਵਿਸਾਖ ਦੇ ਮਹੀਨੇ ਤਾਂ ਕਿਸਾਨ ਸੋਨੇ ਦੀਆਂ ਕਣੀਆਂ ਵੀ ਨਹੀਂ ਮੰਗਦਾ। ਕਣਕ ਨੂੰ ਕੁੰਗੀ ਪੈ ਜਾਵੇ ਜਾਂ ਇਹ ਬਦਰੰਗ ਹੋ ਜਾਵੇ ਤਾਂ ਸੁਪਨਿਆਂ ਦੇ ਰੰਗ ਉੱਡ ਜਾਂਦੇ ਹਨ। ਫ਼ਸਲ ਸਹੀ-ਸਲਾਮਤ ਘਰ ਨਹੀਂ ਆਉਂਦੀ ਤਾਂ ਕਿਸਾਨ ਨੜਿਨਵੇਂ ਦੇ ਗੇੜ ’ਚ ਪੈ ਜਾਂਦਾ ਹੈ। ਇਹ ਅਜਿਹਾ ਕੁ-ਚੱਕਰ ਹੁੰਦਾ ਹੈ ਜਿਹੜਾ ਕਈ ਵਾਰੀ ਫੰਦੇ ਦਾ ਰੂਪ ਧਾਰਨ ਕਰ ਲੈਂਦਾ ਹੈ। ਹਾਕਮ ਗਿਰਦਾਵਰੀਆਂ ਦੇ ਹੁਕਮ ਦਿੰਦੇ ਹਨ। ਖ਼ਰਾਬ ਹੋਏ ਇਕ -ਇਕ ਦਾਣੇ ਦਾ ਮੁਆਵਜ਼ਾ ਦੇਣ ਦੀਆਂ ਗੱਲਾਂ ਕਰਦੇ ਹਨ।

ਪਿਛਲੀਆਂ ਸਰਕਾਰਾਂ ਵੇਲੇ ਸਭ ਨੇ ਵੇਖਿਆ ਹੈ ਕਿ ਖ਼ਰਾਬੇ ਬਦਲੇ ਮਿਲੇ ਨਿਗੂਣੀ ਰਕਮ ਦੇ ਚੈੱਕਾਂ ਨੇ ਦਿਲ ਹੀ ਖ਼ਰਾਬ ਕੀਤਾ ਸੀ। ਕਈ ਕਿਸਾਨਾਂ ਨੂੰ ਮਿਲੀ ਮੁਆਵਜ਼ੇ ਦੀ ਰਾਸ਼ੀ ਇੰਨੀ ਤੁੱਛ ਸੀ ਕਿ ਬੈਂਕ ਖਾਤਾ ਖੁਲ੍ਹਵਾਉਣ ਲਈ ਇਸ ਤੋਂ ਵੱਧ ਪੈਸੇ ਦੇਣੇ ਪੈਂਦੇ ਸਨ। ਗਿਰਦਾਵਰੀ ਕਰਨ ਵੇਲੇ ਅਧਿਕਾਰੀ/ਮੁਲਾਜ਼ਮ ਅਸਲ ਖ਼ਰਾਬੇ ਦਾ ਅੰਦਾਜ਼ਾ ਲਗਾਉਣ ’ਚ ਕੁਤਾਹੀ ਕਰ ਦਿੰਦੇ ਹਨ। ਕਿਸਾਨਾਂ ਦੀਆਂ ਆਸਾਂ ਨੂੰ ਬੂਰ ਪੈਣ ਦੀ ਬਜਾਏ ਉਨ੍ਹਾਂ ’ਤੇ ਜੇ ਗੜੇਮਾਰ ਹੋ ਜਾਵੇ ਤਾਂ ਕੁਝ ਵੀ ਚੰਗਾ ਨਹੀਂ ਲੱਗਦਾ। ਮੀਂਹ ਤੇ ਝੱਖੜਾਂ ਨਾਲ ਝੰਬਿਆ ਕਿਸਾਨ ਉਮੀਦ ਕਰਦਾ ਹੈ ਕਿ ਚੋਣ-ਪ੍ਰਚਾਰ ਵੇਲੇ ਉਸ ਨੂੰ ਪੂਰਾ ਮੁਆਵਜ਼ਾ ਦੇਣ ਦੇ ਕੀਤੇ ਜਾ ਰਹੇ ਵਾਅਦੇ ਜ਼ਰੂਰ ਵਫ਼ਾ ਹੋਣ।

ਪੰਜਾਬ ’ਚ ਉਂਜ ਵੀ ਵੋਟਾਂ ਪਹਿਲੀ ਜੂਨ ਨੂੰ ਪੈਣਗੀਆਂ। ਇਸ ਦਿਨ ਤੋਂ ਵੈਸੇ ਵੀ ਘੱਲੂਘਾਰਾ ਹਫ਼ਤਾ ਸ਼ੁਰੂ ਹੋ ਜਾਵੇਗਾ। ਨਤੀਜਿਆਂ ਦਾ ਐਲਾਨ ਚਾਰ ਜੂਨ ਨੂੰ ਹੋਵੇਗਾ। ਇੰਦਰਾ ਗਾਂਧੀ ਦੀ ਸਰਕਾਰ ਵੇਲੇ ਹੋਏ ਸਾਕਾ ਨੀਲਾ ਤਾਰਾ ਦੀ ਚਾਲੀਵੀਂ ਬਰਸੀ ਮਨਾਉਣ ਲਈ ਕਈ ਥਾਈਂ ਸਮਾਗਮ ਚੱਲ ਰਹੇ ਹੋਣਗੇ। ਦੂਜੇ ਪਾਸੇ ਜਿੱਤਣ ਵਾਲੇ ‘ਵਿਕਟਰੀ’ ਜਲੂਸ ਕੱਢਣਗੇ। ਇਕ ਪਾਸੇ ਸੋਗ ਤੇ ਦੂਜੇ ਪਾਸੇ ਜਸ਼ਨ! ਕਿਸਾਨਾਂ ਵੱਲੋਂ ਵੀ ਰੋਸ ਧਰਨਿਆਂ ਦਾ ਸਿਲਸਿਲਾ ਜਾਰੀ ਹੈ।

ਖ਼ੁਦਕੁਸ਼ੀਆਂ ਵੱਡਾ ਮੁੱਦਾ ਬਣ ਕੇ ਸਿਆਸੀ ਪਾਰਟੀਆਂ ਲਈ ਸਿਰਦਰਦੀ ਦਾ ਕਾਰਨ ਬਣ ਰਹੀਆਂ ਹਨ। ਚੋਣ ਰੈਲੀਆਂ ਪ੍ਰਤੀ ਫ਼ਿਲਹਾਲ ਉਨ੍ਹਾਂ ਨੇ ਬਹੁਤਾ ਉਤਸ਼ਾਹ ਨਹੀਂ ਵਿਖਾਇਆ। ਕਈ ਲੋਕ ਸਭਾ ਹਲਕਿਆਂ ’ਚ ਭਖੇ ਹੋਏ ਕਿਸਾਨ ਉਮੀਦਵਾਰਾਂ ਦਾ ਘਿਰਾਓ ਕਰ ਰਹੇ ਹਨ। ਜਿੱਤਣ ਮਗਰੋਂ ਪੰਜ ਸਾਲ ਹਲਕੇ ਵਿਚ ਧੰਨਵਾਦੀ ਦੌਰਾ ਵੀ ਨਾ ਕਰਨ ਵਾਲੇ ਉਮੀਦਵਾਰਾਂ ਦੀ ਹਾਲਤ ਖ਼ਸਤਾ ਹੈ। ਲੋਕਤੰਤਰ ਦੀ ਬਸ ਇਹੀ ਖ਼ੂਬਸੂਰਤੀ ਹੈ ਕਿ ਨੇਤਾਵਾਂ ਨੂੰ ਲੋਕ ਕਟਹਿਰੇ ਵਿਚ ਖੜ੍ਹਾ ਕਰ ਲੈਂਦੇ ਹਨ। ਆਖ਼ਰ ਉਹ ਮਤਦਾਤਾ ਹਨ। ਵੋਟਰਾਂ ਨੇ ਹੀ ਤਾਂ ਉਨ੍ਹਾਂ ਦੇ ਸਿਰ ’ਤੇ ਤਾਜ ਸਜਾਇਆ ਹੁੰਦਾ ਹੈ। ਜ਼ਮੀਨ ਤੋਂ ਚੁੱਕ ਕੇ ਅਸਮਾਨ ਤੱਕ ਪਹੁੰਚਾਉਣ ਵਾਲੇ ਫਿਰ ਹਿਸਾਬ ਕਿਉਂ ਨਾ ਪੁੱਛਣ? ਵੋਟਰ ਸਿੱਧਾ ਹੋ ਜਾਂਦਾ ਹੈ। ਸਿੱਧੇ ਸਵਾਲ ਕਰਦਾ ਹੈ। ਕਹਿੰਦਾ ਹੈ, ਭਾਈ ਕਾਠ ਦੀ ਹਾਂਡੀ ਵਾਰ-ਵਾਰ ਨਹੀਂ ਚੜ੍ਹਦੀ। ਚੋਣਾਂ ਲੜਨ ਵੇਲੇ ਦੀ ਜਾਇਦਾਦ ਤੇ ਜਿੱਤਣ ਪਿੱਛੋਂ ਕੀਤੀ ਕਾਲੀ ਕਮਾਈ ਦਾ ਹਿਸਾਬ ਵੀ ਮੰਗਿਆ ਜਾਂਦਾ ਹੈ।

ਇਸ ਦੇ ਬਾਵਜੂਦ ਕਈ ਹਰਬੇ ਵਰਤ ਕੇ ਭੋਲੇ ਭਾਲੇ ਵੋਟਰਾਂ ਨੂੰ ਭਰਮਾ ਲਿਆ ਜਾਂਦਾ ਹੈ। ਕਦੇ ਜਾਤ-ਪਾਤ ਤੇ ਕਦੇ ਧਰਮ ਦਾ ਪੱਤਾ ਖੇਡਿਆ ਜਾਂਦਾ ਹੈ। ਜਿੱਥੇ ਲੋਕਤੰਤਰ, ‘ਲੋਕਾਂ ਦਾ, ਲੋਕਾਂ ਦੁਆਰਾ ਤੇ ਲੋਕਾਂ ਲਈ’ ਦੀ ਪਰਿਭਾਸ਼ਾ ਨੂੰ ਪਰਣਾਇਆ ਹੋਇਆ ਹੈ, ਉੱਥੇ ਬਹੁਤੇ ਵੋਟਰ ਵੋਟ ਦੀ ਸ਼ਕਤੀ ਨੂੰ ਮਹਿਸੂਸ ਨਹੀਂ ਕਰਦੇ। ਕਾਲੇ ਧਨ ਨਾਲ ਖ਼ਰੀਦੀਆਂ ਵੋਟਾਂ ਨਾਲ ਲੋਕਤੰਤਰ ਦਾ ਜਨਾਜ਼ਾ ਨਿਕਲਦਾ ਹੈ। ਦਾਰੂ ਦਾ ਦਰਿਆ ਵਹਿੰਦਾ ਹੈ। ਲੱਠਮਾਰਾਂ ਤੇ ਬਾਹੂਬਲੀਆਂ ਦਾ ਬੋਲਬਾਲਾ ਹੁੰਦਾ ਹੈ। ਜਿੱਥੇ ਇਹ ਸਭ ਨਾ ਚੱਲੇ, ਓਥੇ ਬਲ ਦਾ ਪ੍ਰਯੋਗ ਕੀਤਾ ਜਾਂਦਾ ਹੈ।

ਚੋਣ ਕਮਿਸ਼ਨ ਭਾਵੇਂ ਆਜ਼ਾਦ, ਨਿਰਪੱਖ ਤੇ ਸ਼ਾਂਤਮਈ ਪੋਲਿੰਗ ਦਾ ਹੋਕਾ ਦਿੰਦਾ ਹੈ, ਫਿਰ ਵੀ ਹਿੰਸਕ ਵਾਰਦਾਤਾਂ ਮੀਡੀਆ ਦੀਆਂ ਸੁਰਖੀਆਂ ਬਟੋਰਦੀਆਂ ਹਨ। ਆਜ਼ਾਦੀ ਦੇ ਪਰਵਾਨਿਆਂ ਦੀਆਂ ਰੂਹਾਂ ਕੁਰਲਾਉਂਦੀਆਂ ਹਨ। ਦਲ ਬਦਲੀ ਆਪਣੇ ਆਪ ਵਿਚ ਇਕ ਵੱਡਾ ਮੁੱਦਾ ਹੈ। ਉਧਾਰੇ ਉਮੀਦਵਾਰਾਂ ਨੂੰ ਚੋਣ ਪਿੜ ਵਿਚ ਉਤਾਰਨਾ ਲਗਪਗ ਹਰ ਸਿਆਸੀ ਪਾਰਟੀ ਦੀ ਮਜਬੂਰੀ ਬਣ ਗਿਆ ਜਾਪਦਾ ਹੈ। ‘ਆਇਆ ਰਾਮ, ਗਿਆ ਰਾਮ’ ਹਰ ਪਾਰਟੀ ਵਿਚ ਪਾਏ ਜਾਂਦੇ ਹਨ। ਪਲਟੂ ਰਾਮ ਆਪਣੀਆਂ ਪੁਰਾਣੀਆਂ ਤਕਰੀਰਾਂ ਨੂੰ ਬਿਲਕੁਲ ਯਾਦ ਨਹੀਂ ਰੱਖਦੇ।

ਗਿਰਗਟ ਤੋਂ ਵੀ ਪਹਿਲਾਂ ਰੰਗ ਬਦਲਣ ਵਾਲਿਆਂ ਦੀਆਂ ਤਕਰੀਰਾਂ ਕਈ ਵਾਰ ਮਨੋਰੰਜਨ ਦਾ ਸਰੋਤ ਬਣਦੀਆਂ ਹਨ। ਇੱਕੀਵੀਂ ਸਦੀ ਦੇ ਮੀਡੀਆ ਨੇ ਪੁਰਾਣੀਆਂ ਤਕਰੀਰਾਂ ਸੰਭਾਲ ਕੇ ਰੱਖੀਆਂ ਹੋਈਆਂ ਹਨ। ਦਲ ਬਦਲੂਆਂ ਦੀਆਂ ਪੁਰਾਣੀਆਂ ਤੇ ਨਵੀਆਂ ਥੁੱਕ ਕੇ ਚੱਟਣ ਵਾਲੀਆਂ ਤਕਰੀਰਾਂ ਇਕਸਾਰ ਚੱਲਣ ’ਤੇ ਵੀ ਉਹ ਭੋਰਾ ਸੰਗਦੇ ਨਹੀਂ। ਜਿਸ ਸਿਆਸੀ ਪਾਰਟੀ ਨੂੰ ਉਨ੍ਹਾਂ ਨੇ ਪਾਣੀ ਪੀ-ਪੀ ਕੇ ਕੋਸਿਆ ਸੀ, ਉਨ੍ਹਾਂ ਦੇ ਸੋਹਲੇ ਗਾਉਣ ਵਿਚ ਉਨ੍ਹਾਂ ਨੂੰ ਕੋਈ ਦਿੱਕਤ ਨਹੀਂ ਹੁੰਦੀ। ਕੱਟੜ ਵਫ਼ਾਦਾਰ ਲੋਕ ਘੁੱਪ ਹਨੇਰੇ ’ਚ ਗਵਾਚੇ ਸਾਏ ਵਾਂਗ ਸਾਥ ਛੱਡ ਜਾਂਦੇ ਹਨ।

ਚੋਣਾਂ ਵਿਚ ਬੋਲ-ਕੁਬੋਲ ਕਰਨਾ ਇਕ ਹੋਰ ਸੰਵੇਦਨਸ਼ੀਲ ਮੁੱਦਾ ਹੈ। ਚੋਣ ਪ੍ਰਚਾਰ ਵੇਲੇ ਹੇਠਲੇ ਪੱਧਰ ਦੀ ਬਿਆਨਬਾਜ਼ੀ ਜਾਂ ਦੂਸ਼ਣਬਾਜ਼ੀ ਜਮਹੂਰੀਅਤ ਦੀ ਆਤਮਾ ਨੂੰ ਵਲੂੰਧਰ ਕੇ ਰੱਖ ਦਿੰਦੀ ਹੈ। ਮੂੰਹ ’ਚੋਂ ਨਿਕਲੇ ਬੋਲ ਕਮਾਨ ’ਚੋਂ ਨਿਕਲੇ ਤੀਰਾਂ ਵਾਂਗ ਹੁੰਦੇ ਹਨ। ਜਾਤ-ਪਾਤ ਜਾਂ ਕਿਸੇ ਫ਼ਿਰਕੇ ਬਾਰੇ ਬੋਲ-ਕੁਬੋਲ ਕਈ ਵਾਰ ਖ਼ਤਰਨਾਕ ਰੂਪ ਧਾਰਨ ਕਰ ਜਾਂਦੇ ਹਨ। ਅਪਸ਼ਬਦਾਂ ਦੀ ਬਜਾਏ ਠੋਸ ਮੁੱਦਿਆਂ ਨੂੰ ਲੈ ਕੇ ਗੱਲ ਕਰਨਾ ਲੋਕਤੰਤਰ ਲਈ ਲਾਹੇਵੰਦ ਹੁੰਦਾ ਹੈ।

ਸਾਵਣ ਦੀਆਂ ਕਸੁੰਭੀਆਂ ਬਦਲੋਟੀਆਂ ਵਾਂਗ ਵਿਰੋਧੀਆਂ ’ਤੇ ਐਵੇਂ ਹੀ ਵਰ੍ਹ ਜਾਣ ਵਾਲੇ ਵਰਤਾਰੇ ਨੂੰ ਦਰੁਸਤ ਨਹੀਂ ਕਿਹਾ ਜਾ ਸਕਦਾ। ਆਮ ਲੋਕਾਂ ਨੂੰ ਦਰਪੇਸ਼ ਮੁੱਦਿਆਂ-ਮਸਲਿਆਂ ਦਾ ਪੱਕਾ ਹੱਲ ਕੱਢਣਾ ਲੋਕ ਨੁਮਾਇੰਦਿਆਂ ਦਾ ਮੁੱਢਲਾ ਫ਼ਰਜ਼ ਹੈ। ਵਿਧਾਨ ਸਭਾ/ਲੋਕ ਸਭਾ ਵਿਚ ਉਹ ਲੋਕਾਂ ਦੀ ਆਵਾਜ਼ ਬਣਨੇ ਚਾਹੀਦੇ ਹਨ। ਲੋਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਜਾਤ-ਪਾਤ ਜਾਂ ਫ਼ਿਰਕਿਆਂ ਤੋਂ ਉੱਪਰ ਉੱਠ ਕੇ ਨੁਮਾਇੰਦੇ ਚੁਣਨ। ਲੋਕ ਹਿਤੈਸ਼ੀ ਨੁਮਾਇੰਦੇ ਹੀ ਦੇਸ਼ ਦੀ ਤਕਦੀਰ ਤੇ ਤਸਵੀਰ ਬਦਲ ਸਕਦੇ ਹਨ।