VARINDER WALIA

ਹਰਮਨਪਿਆਰਾ ਕਾਲਮ –– ਹਰਫ਼ ਹਮੇਸ਼ / POPULAR COLUMN -- HARPH HAMESH

ਦੇਸ਼ ਸ਼ਰਮਸਾਰ! (ਪੰਜਾਬੀ ਜਾਗਰਣ –– 30th July, 2023)

ਵਰਿੰਦਰ ਵਾਲੀਆ

ਦੇਸ਼ ਦਾ ਉੱਤਰ-ਦੱਖਣੀ ਖ਼ੂਬਸੂਰਤ ਸੂਬਾ ਮਨੀਪੁਰ ਫ਼ਿਰਕੂ ਹਿੰਸਾ ਦੀ ਅੱਗ ਵਿਚ ਲਟਲਟ ਬਲ ਰਿਹਾ ਹੈ। ਭਿਅੰਕਰ ਅੱਗ ਨੇ ਸੂਬੇ ਦੀ ਰਾਜਧਾਨੀ ਇੰਫਾਲ ਤੋਂ ਇਲਾਵਾ ਕੁਕੀ-ਨਾਗਾ ਆਦਿਵਾਸੀਆਂ ਦੇ ਪਹਾੜੀ ਖੇਤਰਾਂ ਨੂੰ ਵੀ ਪੂਰੀ ਤਰ੍ਹਾਂ ਆਪਣੀ ਲਪੇਟ ਵਿਚ ਲੈ ਲਿਆ ਹੈ। ਹੈਵਾਨੀਅਤ ਦਾ ਨੰਗਾ ਨਾਚ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲਾ ਹੈ। ਹਰ ਸੰਵੇਦਨਸ਼ੀਲ ਅੱਖ ਨਮ ਹੈ। ਪਰ ਇਹ ਦਾਵਾਨਲ ਪੱਥਰ ਦਿਲਾਂ ਨੂੰ ਨਹੀਂ ਪਿਘਲਾ ਸਕਿਆ। ਪੀੜਤਾਂ ਦੀ ਪੀੜਾ ਦਾ ਅਨੁਵਾਦ ਕਰਨ ਲਈ ਕਿਸੇ ਵੀ ਭਾਸ਼ਾ ਦੀ ਵਰਣਮਾਲਾ ਅਧੂਰੀ ਜਾਪਦੀ ਹੈ। ਫਿਰ ਵੀ ਬਸ਼ੀਰ ਬਦਰ ਦੇ ਦੋ ਸ਼ਿਅਰ ਵਿਸਫੋਟਕ ਹਾਲਾਤ ਦੇ ਇਕ-ਅੱਧ ਟੁਕੜੇ ਨੂੰ ਜ਼ਰੂਰ ਬਿਆਨ ਕਰਦੇ ਹਨ :

ਲੋਗ ਟੂਟ ਜਾਤੇ ਹੈਂ ਏਕ ਘਰ ਬਨਾਨੇ ਮੇਂ,

ਤੁਮ ਤਰਸ ਨਹੀਂ ਖਾਤੇ ਬਸਤੀਆਂ ਜਲਾਨੇ ਮੇਂ।

ਹਰ ਧੜਕਤੇ ਪੱਥਰ ਕੋ ਲੋਗ ਦਿਲ ਸਮਝਤੇ ਹੈਂ,

ਉਮਰ ਬੀਤ ਜਾਤੀ ਹੈ ਦਿਲ ਕੋ ਦਿਲ ਬਨਾਨੇ ਮੇਂ।

ਫਸਾਦੀਆਂ ਨੇ ਸੈਂਕੜੇ ਬਸਤੀਆਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਹੈ ਜਿਸ ਕਾਰਨ ਹਜ਼ਾਰਾਂ ਲੋਕਾਂ ਨੂੰ ਬੇਘਰ ਹੋਣਾ ਪਿਆ ਹੈ। ਇੰਫਾਲ ਵਾਦੀ ਵਿਚ ਰਹਿ ਰਹੇ ਮੈਤੇਈ ਅਤੇ ਰਾਜਧਾਨੀ ਨੂੰ ਚੁਫੇਰਿਓਂ ਘੇਰੀ ਬੈਠੀਆਂ ਰਮਣੀਕ ਪਹਾੜੀਆਂ ਵਿਚ ਵਸਦੇ ਕੂਕੀ, ਨਾਗਾ ਅਤੇ 31 ਹੋਰ ਆਦਿਵਾਸੀ ਕਬੀਲਿਆਂ ਦਰਮਿਆਨ ਖ਼ੂਨੀ ਦੰਗਿਆਂ ਦਾ ਇਤਿਹਾਸ ਪੁਰਾਣਾ ਹੈ। ਚਾਰ ਮਈ ਨੂੰ ਦੋ ਕੁਕੀ ਔਰਤਾਂ ਨਾਲ ਜਬਰ-ਜਨਾਹ ਤੋਂ ਬਾਅਦ ਉਨ੍ਹਾਂ ਨੂੰ ਨਿਰਵਸਤਰ ਘੁਮਾਉਣ ਦੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ ਨੇ ਭਾਂਬੜ ਵਿਚ ਘਿਓ ਪਾਉਣ ਵਾਲਾ ਕੰਮ ਕੀਤਾ। ਆਦਮਖੋਰ ਦਰਿੰਦੇ ਪੀੜਤ ਔਰਤਾਂ ਨਾਲ ਸ਼ਰੇਆਮ ਛੇੜਛਾੜ ਕਰਨ ਤੋਂ ਇਲਾਵਾ ਉਨ੍ਹਾਂ ਦਾ ਕੁਟਾਪਾ ਚਾੜ੍ਹ ਰਹੇ ਸਨ।

ਇਸ ਹੌਲਨਾਕ ਘਟਨਾ ਨੇ ਇਨਸਾਨ ਤੇ ਹੈਵਾਨ ਵਿਚਾਲੇ ਫ਼ਾਸਲੇ ਨੂੰ ਮਿਟਾ ਦਿੱਤਾ ਸੀ। ਇਹ ਅਤਿ ਨਿੰਦਣਯੋਗ ਘਟਨਾ ਇਕ ਅਫ਼ਵਾਹ ਦੀ ਅਗਲੀ ਕੜੀ ਸੀ। ਸੋਸ਼ਲ ਮੀਡੀਆ ’ਤੇ ਫੇਕ ਵੀਡੀਓ ਚਲਾਈ ਗਈ ਕਿ ਕੁਕੀ ਆਦਿਵਾਸੀਆਂ ਨੇ ਕਿਸੇ ਮੈਤੇਈ ਔਰਤ ਨੂੰ ਅਗਵਾ ਕਰ ਕੇ ਉਸ ਨਾਲ ਦੁਸ਼ਕਰਮ ਕੀਤਾ ਸੀ। ਸਪਸ਼ਟ ਹੈ ਕਿ ਕੋਈ ਕੁੰਡਾ ਨਾ ਹੋਣ ਕਾਰਨ ਸੋਸ਼ਲ ਮੀਡੀਆ ਨੇ ਮਨੀਪੁਰ ਦੀ ਧਰਤੀ ਨੂੰ ਖ਼ੂਨ ਨਾਲ ਰੰਗਣ ਦੀ ਬੁਨਿਆਦ ਰੱਖੀ ਸੀ। ਹੁਣ ਵੀਡੀਓ ਬਣਾਉਣ ਵਾਲੇ ਖ਼ਿਲਾਫ਼ ਭਾਵੇਂ ਸ਼ਿਕੰਜਾ ਕੱਸਿਆ ਗਿਆ ਹੈ ਪਰ ਜਿੰਨਾ ਨੁਕਸਾਨ ਹੋ ਚੁੱਕਾ ਹੈ, ਉਸ ਦੀ ਭਰਪਾਈ ਦੋਸ਼ੀ ਨੂੰ ਫਾਹੇ ਲਾ ਕੇ ਵੀ ਨਹੀਂ ਹੋ ਸਕਦੀ।

ਵਾਇਰਲ ਵੀਡੀਓ ਕਲਿੱਪਾਂ ਨੇ ਲੜ-ਮਰ ਰਹੇ ਭਾਈਚਾਰਿਆਂ ਵਿਚ ਇੰਨਾ ਕੁ ਪਾੜਾ ਵਧਾ ਦਿੱਤਾ ਹੈ ਜਿਸ ਨੂੰ ਕਦੇ ਵੀ ਪੂਰਿਆ ਨਹੀਂ ਜਾ ਸਕਦਾ। ਮਨੀਪੁਰ ਵਿਚ ਭਾਜਪਾ ਦੀ ਸਰਕਾਰ ਹੈ। ਮੈਤੇਈ ਹਿੰਦੂ ਧਰਮ ਨੂੰ ਮੰਨਦੇ ਹਨ ਜਦਕਿ ਕੁਕੀ, ਨਾਗਾ ਤੇ ਦੂਜੇ ਕਬੀਲਿਆਂ ਦੇ ਲੋਕ ਮਸੀਹੀ ਹਨ। ਮੈਤੇਈ ਭਾਈਚਾਰਾ ਬਹੁ-ਸੰਖਿਅਕ ਹੈ ਜਿਸ ਦੀ ਸਰਕਾਰੇ-ਦਰਬਾਰੇ ਤੂਤੀ ਬੋਲਦੀ ਹੈ।

ਕੁੱਲ ਜਨਸੰਖਿਆ ਦਾ 90 ਫ਼ੀਸਦੀ ਹੋਣ ਦੇ ਬਾਵਜੂਦ ਉਨ੍ਹਾਂ ਕੋਲ ਸੂਬੇ ਦੀ ਮਹਿਜ਼ 10 ਫ਼ੀਸਦੀ ਭੂਮੀ ਹੈ। ਆਦਿਵਾਸੀਆਂ ਦੀ ਕੁੱਲ ਆਬਾਦੀ 10 ਫ਼ੀਸਦੀ ਹੈ ਪਰ ਉਨ੍ਹਾਂ ਦੇ ਕਬਜ਼ੇ ਹੇਠ 90 ਫ਼ੀਸਦੀ ਜ਼ਮੀਨ ਹੈ। ਸ਼ਡਿਊਲਡ ਟਰਾਈਬ ਹੋਣ ਨਾਤੇ ਕੁਕੀ, ਨਾਗਾ ਅਤੇ ਹੋਰ ਕਬੀਲਿਆਂ ਨੂੰ ਰੁਜ਼ਗਾਰ ਲੈਣ ਵਿਚ ਵੱਡਾ ਲਾਹਾ ਮਿਲਦਾ ਹੈ। ਉਨ੍ਹਾਂ ਦੇ ਪਹਾੜੀ ਖੇਤਰਾਂ ਵਿਚ ਮੈਤੇਈ ਜ਼ਮੀਨ ਨਹੀਂ ਖ਼ਰੀਦ ਸਕਦੇ। ਇਸ ਦੇ ਉਲਟ ਆਦਿਵਾਸੀਆਂ ਨੂੰ ਇੰਫਾਲ ਜਾਂ ਕਿਸੇ ਵੀ ਹੋਰ ਖਿੱਤੇ ਵਿਚ ਜ਼ਮੀਨ ਖ਼ਰੀਦਣ ਦੀ ਖੁੱਲ੍ਹ ਹੈ। ਮੈਤੇਈ ਇਸ ਕਾਨੂੰਨ ਨੂੰ ਆਪਣੀ ਬੋਲੀ ਅਤੇ ਸੱਭਿਆਚਾਰ ਲਈ ਖ਼ਤਰਾ ਮੰਨਦੇ ਆ ਰਹੇ ਹਨ। ਆਦਿਵਾਸੀਆਂ ਦਾ ਤਰਕ ਹੋ ਸਕਦਾ ਹੈ ਕਿ ਮੈਤੇਈਆਂ ਕੋਲ ਮਨੀਪੁਰ ਵਿਧਾਨ ਸਭਾ ਦੀਆਂ 60 ’ਚੋਂ 40 ਸੀਟਾਂ ਹਨ ਅਤੇ ਉਨ੍ਹਾਂ ਕੋਲ ਚੋਖੇ ਸਾਧਨ ਵੀ ਹਨ, ਇਸ ਲਈ ਉਨ੍ਹਾਂ ਨੂੰ ਐੱਸਟੀ ਸਟੇਟਸ ਨਹੀਂ ਮੰਗਣਾ ਚਾਹੀਦਾ।

ਫ਼ਿਰਕੂ ਚੰਗਿਆੜੀ ਉਦੋਂ ਭੜਕ ਉੱਠੀ ਜਦੋਂ ਮਨੀਪੁਰ ਹਾਈ ਕੋਰਟ ਦੇ ਇਕ ਜੱਜ ਐੱਮਵੀ ਮੁਰਲੀਧਰਨ ਨੇ ਰੀਵਿਊ ਪਟੀਸ਼ਨ ਸੁਣਨ ਪਿੱਛੋਂ ਸੂਬਾ ਤੇ ਕੇਂਦਰ ਸਰਕਾਰ ਨੂੰ ਨੋਟਿਸ ਕੱਢ ਕੇ ਕਿਹਾ ਕਿ ਮੈਤੇਈ ਭਾਈਚਾਰੇ ਵੱਲੋਂ ਐੱਸਟੀ ਸ਼੍ਰੇਣੀ ’ਚ ਸ਼ਾਮਲ ਕਰਨ ਦੀ ਮੰਗ ’ਤੇ ਵਿਚਾਰ ਕੀਤਾ ਜਾਵੇ। ਸੁਪਰੀਮ ਕੋਰਟ ਨੇ ਭਾਵੇਂ ਸਪਸ਼ਟ ਕੀਤਾ ਸੀ ਕਿ ਹਾਈ ਕੋਰਟ ਨੂੰ ਅਜਿਹੇ ਫ਼ੈਸਲੇ ਲੈਣ ਦਾ ਅਧਿਕਾਰ ਨਹੀਂ ਪਰ ਇਸ ਨੇ ਆਦਿਵਾਸੀਆਂ ਦੇ ਦਿਲਾਂ ਅੰਦਰ ਭਾਰੀ ਰੋਹ ਪੈਦਾ ਕਰ ਦਿੱਤਾ ਸੀ। ਕੁਕੀ ਆਦਿਵਾਸੀਆਂ ਨੇ ਰੋਸ ਮੁਜ਼ਾਹਰੇ ਆਯੋਜਿਤ ਕੀਤੇ ਜੋ ਅੱਗੇ ਜਾ ਕੇ ਹਿੰਸਕ ਰੂਪ ਅਖ਼ਤਿਆਰ ਕਰ ਗਏ। ਨਾਗਾ ਆਦਿਵਾਸੀ ਫ਼ਿਲਹਾਲ ਸ਼ਾਂਤ ਹਨ ਕਿਉਂਕਿ ਮੈਤੇਈ ਉਨ੍ਹਾਂ ਨੂੰ ਆਪਣੀ ਹੀ ਮਿੱਟੀ ਦੇ ਜਾਏ ਸਮਝਦੇ ਹਨ।

ਕੁਕੀਆਂ ਬਾਰੇ ਉਨ੍ਹਾਂ ਦਾ ਵਿਚਾਰ ਹੈ ਕਿ ਸਦੀਆਂ ਪਹਿਲਾਂ ਉਹ ਗੁਆਂਢੀ ਦੇਸ਼ ਮਿਆਂਮਾਰ/ਬਰਮਾ ਤੋਂ ਉੱਜੜ ਕੇ ਮਨੀਪੁਰ ਵਿਚ ਆ ਕੇ ਵਸੇ ਸਨ। ਮੈਤੇਈ ਖ਼ੁਦ ਮਿਆਂਮਾਰ ਤੋਂ ਆ ਕੇ ਮਨੀਪੁਰ ’ਚ ਵਸੇ ਸਨ ਪਰ ਅਠਾਰਵੀਂ ਸਦੀ ਵਿਚ ਉਨ੍ਹਾਂ ਦੇ ਰਾਜੇ ਨੇ ਹਿੰਦੂ ਧਰਮ ਅਪਨਾ ਲਿਆ ਸੀ। ਇਸ ਆਧਾਰ ’ਤੇ ਉਹ ਖ਼ੁਦ ਨੂੰ ਮਨੀਪੁਰ ਦੇ ਮੂਲ ਵਾਸੀ ਗਰਦਾਨਦੇ ਹਨ ਜਿਨ੍ਹਾਂ ਨੇ ਸਦੀਆਂ ਤਕ ਇੰਫਾਲ ਅਤੇ ਇਸ ਦੇ ਆਸ-ਪਾਸ ਦੇ ਖੇਤਰਾਂ ਵਿਚ ਰਾਜ ਕੀਤਾ ਸੀ। ਬਿ੍ਰਟਿਸ਼ ਦੀ ਆਮਦ ਵੇਲੇ ਨਾਗਾ ਆਦਿਵਾਸੀਆਂ ਵੱਲੋਂ ਹੁੰਦੇ ਹਮਲੇ ਕਾਰਨ ਮੈਤੇਈ ਰਾਜਾ ਜੈ ਸਿੰਘ ਪਰੇਸ਼ਾਨ ਸੀ। ਉਸ ਨੇ ਜਦੋਂ ਬਿ੍ਰਟਿਸ਼ ਤੋਂ ਨਾਗਿਆਂ ਵੱਲੋਂ ਕੀਤੇ ਜਾਂਦੇ ਹਮਲਿਆਂ ਤੋਂ ਬਚਣ ਲਈ ਸੁਰੱਖਿਆ ਮੰਗੀ ਤਾਂ ਗੋਰਿਆਂ ਨੇ ‘ਵੰਡੋ ਤੇ ਰਾਜ ਕਰੋ’ ਦੀ ਨੀਤੀ-ਬਦਨੀਤੀ ਤਹਿਤ ਕੁਕੀ ਗੁਰੀਲਿਆਂ ਨੂੰ ਉੱਥੇ ਤਾਇਨਾਤ ਕਰ ਦਿੱਤਾ। ਰਾਜੇ ਨੂੰ ਬਰਮਾ ਤੋਂ ਵੀ ਖ਼ਤਰਾ ਸੀ।

ਦੁਵੱਲੇ ਖ਼ਤਰਿਆਂ ਨਾਲ ਨਜਿੱਠਣ ਲਈ ਕੁਕੀ ਰੱਬ ਦਾ ਰੂਪ ਬਣ ਕੇ ਬਹੁੜੇ। ਸਮਾਂ ਬਦਲਿਆ ਤੇ ਰਿਸ਼ਤੇ ਵੀ ਬਦਲ ਗਏ। ਬਿਪਤਾ ਦੀ ਘੜੀ ’ਚ ਦੋਸਤੀ ਦਾ ਦਮ ਭਰਨ ਵਾਲੇ ਅੱਜ ਇਕ-ਦੂਜੇ ਦੇ ਖ਼ੂਨ ਦੇ ਤ੍ਰਿਹਾਏ ਹਨ। ਬਿ੍ਰਟਿਸ਼ ਸਰਕਾਰ ਵੱਲੋਂ ਮਨੀਪੁਰ ਨੂੰ ਆਪਣੇ ਵਿਚ ਮਿਲਾਉਣ ਤੋਂ ਪਹਿਲਾਂ ਹੀ ਉਨ੍ਹਾਂ ਨੇ ਵਾਦੀ ਵਿਚ ਭਖੜਾ ਖਿਲਾਰ ਦਿੱਤਾ ਸੀ। ਦੇਸ਼ ਆਜ਼ਾਦ ਹੋਇਆ ਤਾਂ ਦੋ ਸਾਲ ਬਾਅਦ 1949 ਵਿਚ ਮਨੀਪੁਰ ਭਾਰਤ ਵਿਚ ਸ਼ਾਮਲ ਹੋ ਗਿਆ। ਪੰਡਿਤ ਜਵਾਹਰਲਾਲ ਨਹਿਰੂ ਦੀ ਸਰਕਾਰ ਵੱਲੋਂ ਮਨੀਪੁਰ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਇਆ ਗਿਆ। ਦਿੱਲੀ ਤੋਂ ਸੈਂਕੜੇ ਕਿਲੋਮੀਟਰ ਦੂਰ ਅਜਿਹੇ ਸੂਬੇ ਨੂੰ ਚਲਾਉਣਾ ਸੌਖਾ ਕਾਰਜ ਨਹੀਂ ਸੀ। ਮਨੀਪੁਰ ਦੀ ਧਰਤੀ ’ਤੇ ਇਕ ਵਾਰ ਫਿਰ ਸੇਹ ਦਾ ਤੱਕਲਾ ਗੱਡਿਆ ਗਿਆ।

ਬ੍ਰਿਟਿਸ਼ ਸਰਕਾਰ ਵੱਲੋਂ ਬੀਜੇ ਨਫ਼ਰਤ ਦੇ ਬੀਜ ਘਣੇ ਰੁੱਖ ਬਣ ਚੁੱਕੇ ਸਨ। ਫਰਵਰੀ 2021 ਵਿਚ ਫ਼ੌਜ ਵੱਲੋਂ ਮਿਆਂਮਾਰ ’ਚ ਕੀਤੇ ਗਏ ਰਾਜ-ਪਲਟੇ ਤੋਂ ਬਾਅਦ ਵੱਡੀ ਗਿਣਤੀ ਵਿਚ ਕੁਕੀ ਸ਼ਰਨਾਰਥੀ ਮਨੀਪੁਰ ਵਿਚ ਆਏ। ਕੁਕੀਆਂ ’ਤੇ ਗ਼ੈਰ-ਕਾਨੂੰਨੀ ਢੰਗ ਨਾਲ ਅਫ਼ੀਮ ਦੀ ਖੇਤੀ ਕਰਨ ਦੇ ਵੀ ਦੋਸ਼ ਮੜ੍ਹੇ ਜਾ ਰਹੇ ਹਨ। ਕੁਕੀ ਆਦਿਵਾਸੀ ਕਹਿੰਦੇ ਹਨ ਕਿ ਮਿਆਂਮਾਰ ਤੋਂ ਆ ਰਹੇ ਸ਼ਰਨਾਰਥੀ ਉਨ੍ਹਾਂ ਦੇ ਦੀਨੀ ਭਾਈ ਹਨ। ਅਜਿਹੀ ਔਖੀ ਘੜੀ ਜੇ ਭੈਣ-ਭਾਈ ਇਕ-ਦੂਜੇ ਦੇ ਕੰਮ ਨਾ ਆਏ ਤਾਂ ਫਿਰ ਲੱਖ ਲਾਹਨਤ। ਅਜਿਹੇ ਕਾਫ਼ਲੇ ਸਦੀਆਂ ਤੋਂ ਆਉਂਦੇ ਰਹੇ ਹਨ। ਮਨੀਪੁਰ ਅਤੇ ਮਿਆਂਮਾਰ ਦੇ ਕੁਕੀਆਂ ਵਿਚ ਰਿਸ਼ਤੇਦਾਰੀਆਂ ਵੀ ਹਨ।

ਉਹ ਕਹਿੰਦੇ ਹਨ ਕਿ ਮਨੀਪੁਰ ਅਤੇ ਮਿਆਂਮਾਰ ਦਰਮਿਆਨ ਸਰਹੱਦ ਸਮੇਂ ਦੇ ਸਿਆਸਤਦਾਨਾਂ ਦੀ ਦੇਣ ਹੈ ਜਿਸ ਨੂੰ ਕੁਕੀ ਭਾਈਚਾਰਾ ਕਦੇ ਵੀ ਸਵੀਕਾਰ ਨਹੀਂ ਕਰੇਗਾ। ਮਨੀਪੁਰ ਸਰਕਾਰ ਮੰਨਦੀ ਹੈ ਕਿ ਮਿਆਂਮਾਰ ਤੋਂ ਅੱਤਵਾਦੀ ਆ ਰਹੇ ਹਨ ਜਿਹੜੇ ਅਰਬਾਂ-ਖਰਬਾਂ ਦੀ ਡਰੱਗ ਸਮਗਲਿੰਗ ਵਿਚ ਸ਼ਾਮਲ ਹਨ। ਨਸ਼ਿਆਂ ਦੇ ਕਾਲੇ ਕਾਰੋਬਾਰ ਨੂੰ ਰੋਕਣ ਲਈ ਮਨੀਪੁਰ ਸਰਕਾਰ ਨੇ ਜ਼ਬਰਦਸਤ ਮੁਹਿੰਮ ਵੀ ਵਿੱਢੀ ਸੀ। ਭਾਰੀ ਮਾਤਰਾ ਵਿਚ ਨਸ਼ੇ ਤੇ ਹਥਿਆਰ ਜ਼ਬਤ ਕੀਤੇ ਗਏ ਤੇ ਕਈ ਆਦਿਵਾਸੀਆਂ ਦੀ ਧਰ-ਪਕੜ ਹੋਈ।

ਸੰਘਣੇ ਜੰਗਲ ’ਚੋਂ ਗ਼ੈਰ-ਸਮਾਜੀ ਅਨਸਰਾਂ ਦੀਆਂ ਪੈੜਾਂ ਲੱਭਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ। ਅਜਿਹੇ ਅਨਸਰਾਂ ਵਿਰੁੱਧ ਵਿੱਢੀ ਗਈ ਮੁਹਿੰਮ ਨੇ ਮੈਤੇਈ ਤੇ ਕੁਕੀ ਸਮੁਦਾਇ ਦਰਮਿਆਨ ਪਾੜਾ ਹੋਰ ਵਧਾ ਦਿੱਤਾ। ‘ਖ਼ੂਨ ਦਾ ਬਦਲਾ ਖ਼ੂਨ’ ਦੀ ਕਬਾਇਲੀ ਬਿਰਤੀ ਨੇ ਸਾਨੂੰ ਕਈ ਸਦੀਆਂ ਪਿੱਛੇ ਸੁੱਟ ਦਿੱਤਾ ਹੈ। ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੇ ਦਾਗ਼ ਕਦੇ ਵੀ ਨਹੀਂ ਧੁਲਣੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਕਹਿਣਾ ਪਿਆ ਕਿ ਦੋ ਕੁਕੀ ਮਹਿਲਾਵਾਂ ਨੂੰ ਨਿਰਵਸਤਰ ਕਰ ਕੇ ਗਲੀਆਂ-ਬਾਜ਼ਾਰਾਂ ਵਿਚ ਘੁਮਾਉਣ ਵਾਲਿਆਂ ਨੇ ਦੇਸ਼ ਦੇ 140 ਕਰੋੜ ਵਾਸੀਆਂ ਨੂੰ ਸ਼ਰਮਸਾਰ ਕੀਤਾ ਹੈ। ਇਹ ਉਹ ਦੇਸ਼ ਹੈ ਜਿੱਥੇ ਕੰਜਕਾਂ ਨੂੰ ਪੂਜਿਆ ਜਾਂਦਾ ਹੈ ਅਤੇ ਦੇਵੀਆਂ ਦੀ ਅਰਾਧਨਾ ਹੁੰਦੀ ਹੈ। ਇਸ ਘਟਨਾ ਨੇ ਸਾਡੇ ਅਮੀਰ ਵਿਰਸੇ ਨੂੰ ਵੀ ਕਲੰਕਿਤ ਕੀਤਾ ਹੈ।