VARINDER WALIA

ਹਰਮਨਪਿਆਰਾ ਕਾਲਮ –– ਹਰਫ਼ ਹਮੇਸ਼ / POPULAR COLUMN -- HARPH HAMESH

ਲਹੂ-ਭਿੱਜੀ ਤਵਾਰੀਖ਼ (ਪੰਜਾਬੀ ਜਾਗਰਣ –– 6th August, 2023)

ਵਰਿੰਦਰ ਵਾਲੀਆ

ਸੰਨ ਸੰਤਾਲੀ ਵਿਚ ਹਿੰਦੁਸਤਾਨ ਦੇ ਦੋ ਨਹੀਂ ਬਲਕਿ ਤਿੰਨ ਟੁਕੜੇ ਹੋਏ ਸਨ। ਇਸਲਾਮ ਦੇ ਨਾਂ ’ਤੇ ਬਣਿਆ ਨਵਾਂ ਮੁਲਕ ਜਨਮ ਵੇਲੇ ਹੀ ਮਗ਼ਰਬੀ ਅਤੇ ਮਸ਼ਰਕੀ ਪਾਕਿਸਤਾਨ ਵਿਚ ਵੰਡਿਆ ਹੋਇਆ ਸੀ। ਪੂਰਬੀ ਅਤੇ ਪੱਛਮੀ ਪਾਕਿਸਤਾਨ ਦੀ ਸੜਕ ਰਾਹੀਂ ਦੂਰੀ ਦੋ ਹਜ਼ਾਰ ਕਿਲੋਮੀਟਰ ਤੋਂ ਵੀ ਵੱਧ ਸੀ। ਪੂਰਬੀ ਤੋਂ ਪੱਛਮੀ ਪਾਕਿਸਤਾਨ ਬਰਾਸਤਾ ਪਿਤਰੀ ਮੁਲਕ ਭਾਰਤ ਰਾਹੀਂ ਹੀ ਜਾਇਆ ਜਾ ਸਕਦਾ ਸੀ। ਇਹ ਦਰਅਸਲ ਹਿੰਦੁਸਤਾਨ ਨਹੀਂ ਸਗੋਂ ਬੰਗਾਲ ਅਤੇ ਪੰਜਾਬ ਦੀ ਤਕਸੀਮ ਸੀ। ਦੋਨੋਂ ਸੂਬੇ ਜਿਨ੍ਹਾਂ ਨੇ ਆਜ਼ਾਦੀ ਸੰਗਰਾਮ ਵਿਚ ਸਭ ਤੋਂ ਵੱਧ ਯੋਗਦਾਨ ਪਾਇਆ ਸੀ, ਚੜ੍ਹਦੇ ਅਤੇ ਲਹਿੰਦੇ ਵਿਚ ਵੰਡੇ ਗਏ ਸਨ। ਇਸ ਤਕਸੀਮ ਦੇ ਬਾਵਜੂਦ ਸਾਹਿਤਕਾਰ ਅਤੇ ਫ਼ਨਕਾਰ ਵੰਡੇ ਨਾ ਗਏ। ਵੰਡ ਵੇਲੇ ਦਾ ਦਰਦ ਉਨ੍ਹਾਂ ਦੇ ਫ਼ਨ ਅਤੇ ਕਿਰਤਾਂ ’ਚੋਂ ਹਮੇਸ਼ਾ ਝਲਕਦਾ ਰਿਹਾ।

ਆਜ਼ਾਦੀ ਦੇ ਕੁਝ ਅਰਸੇ ਬਾਅਦ ਭਾਰਤ ਦੀ ਰਾਜਧਾਨੀ ਦਿੱਲੀ ਵਿਚ ਅੰਤਰਰਾਸ਼ਟਰੀ ਮੁਸ਼ਾਇਰੇ ਦਾ ਆਯੋਜਨ ਹੋਇਆ ਜਿਸ ਵਿਚ ਪਾਕਿਸਤਾਨ ਤੋਂ ਵੀ ਸ਼ਾਇਰ ਆਏ ਸਨ। ਇਸ ਮੁਸ਼ਾਇਰੇ ਦੀ ਸਦਾਰਤ ਤਤਕਾਲੀ ਪ੍ਰਧਾਨ ਮੰਤਰੀ ਪੰਡਿਤ ਜਵਾਹਰਲਾਲ ਨਹਿਰੂ ਨੇ ਕੀਤੀ ਸੀ। ਪੰਜਾਬੀ ਦੇ ਮਕਬੂਲ ਸ਼ਾਇਰ ਉਸਤਾਦ ਦਾਮਨ ਉਚੇਚੇ ਤੌਰ ’ਤੇ ਲਾਹੌਰ ਤੋਂ ਆਪਣਾ ਕਲਾਮ ਪੜ੍ਹਨ ਆਏ ਸਨ। ਉਸਤਾਦ ਦਾਮਨ ਨੇ ਫ਼ਿਲਬਦੀਹ (ਮੌਕੇ ’ਤੇ ਅਹੁੜੀ ਨਜ਼ਮ), ‘‘ਜਾਗਣ ਵਾਲਿਆਂ ਰੱਜ ਕੇ ਲੁੱਟਿਆ ਏ, ਸੋਏ ਤੁਸੀਂ ਵੀ ਓ, ਸੋਏ ਅਸੀਂ ਵੀ ਆਂ। ਲਾਲੀ ਅੱਖੀਆਂ ਦੀ ਪਈ ਦੱਸਦੀ ਏ, ਰੋਏ ਤੁਸੀਂ ਵੀ ਓ, ਰੋਏ ਅਸੀਂ ਵੀ ਆਂ।’’ ਪੜ੍ਹੀ ਤਾਂ ਉਨ੍ਹਾਂ ਨੇ ਸਰੋਤਿਆਂ ਨੂੰ ਹੰਝੂ ਕੇਰਨ ਲਈ ਮਜਬੂਰ ਕਰ ਦਿੱਤਾ ਸੀ।

ਨਹਿਰੂ ਦੀਆਂ ਅੱਖਾਂ ਵੀ ਸਿੱਲੀਆਂ ਹੋ ਗਈਆਂ ਸਨ। ਦਾਮਨ ਨੂੰ ਰੱਜ ਕੇ ਮਿਲੀ ਦਾਦ ਪਿੱਛੋਂ ਨਹਿਰੂ ਨੇ ਉਸਤਾਦ ਦਾਮਨ ਨੂੰ ਕਿਹਾ ਕਿ ਮੇਰੀ ਖ਼ਾਹਿਸ਼ ਹੈ ਕਿ ਤੁਸੀਂ ਪੱਕੇ ਤੌਰ ’ਤੇ ਭਾਰਤ ’ਚ ਹੀ ਰਹੋ। ਉਸਤਾਦ ਦਾਮਨ ਅਕਾਦਮੀ, ਲਾਹੌਰ ਦੇ ਸਦਰ ਫ਼ਰਜ਼ੰਦ ਅਲੀ ਅਨੁਸਾਰ ਦਾਮਨ ਨੇ ਨਹਿਰੂ ਵੱਲੋਂ ਕੀਤੀ ਗਈ ਪੇਸ਼ਕਸ਼ ਲਈ ਸ਼ੁਕਰੀਆ ਅਦਾ ਕਰਦਿਆਂ ਕਿਹਾ ਕਿ ‘‘ਮੈਂ ਰਹੂੰਗਾ ਤਾਂ ਲਾਹੌਰ ਵਿਚ ਈ, ਭਾਵੇਂ ਜੇਲ੍ਹ ਵਿਚ ਕਿਉਂ ਨਾ ਰਵ੍ਹਾਂ।’’ ਉਸਤਾਦ ਦਾਮਨ ਸਮਝਦੇ ਸਨ ਕਿ ਲਹੂ-ਭਿੱਜੀ ਆਜ਼ਾਦੀ ਨੇ ਪਾਕਿਸਤਾਨ ਦੇ ਅਵਾਮ ਕੋਲੋਂ ਬਹੁਤ ਕੁਝ ਖੋਹ ਲਿਆ ਸੀ। ਨਹੁੰਆਂ ਨਾਲੋਂ ਮਾਸ ਉਚੜਣ ਨਾਲ ਪੀੜਤਾਂ ਦੀ ਪੀੜਾ ਨੂੰ ਸ਼ਬਦਾਂ ਵਿਚ ਢਾਲਣਾ ਵੀ ਔਖਾ ਸੀ।

ਆਜ਼ਾਦੀ ਦੇ ਅੱਠ ਸਾਲ ਬਾਅਦ, 1955 ਵਿਚ ਲਾਹੌਰ ਵਿਖੇ ਕ੍ਰਿਕਟ ਮੈਚ ਵੇਖਣ ਗਏ ਹਿੰਦੂ, ਸਿੱਖ ਤੇ ਮੁਸਲਮਾਨ ਜਦੋਂ ਵੰਡ ਵੇਲੇ ਵਿਛੜੇ ਪੰਜਾਬੀ ਭਰਾਵਾਂ ਦੇ ਗਲ ਲੱਗ ਕੇ ਧਾਹਾਂ ਮਾਰ-ਮਾਰ ਰੋਏ ਤਾਂ ਪੱਥਰ ਦਿਲ ਵੀ ਪਿਘਲ ਗਏ ਸਨ। ਇਨ੍ਹਾਂ ਮੋਹ ਭਰੀਆਂ ਮਿਲਣੀਆਂ ਤੋਂ ਸਾਫ ਜ਼ਾਹਰ ਸੀ ਕਿ ਹੌਲਨਾਕ ਵੰਡ ਨੇ ਪੰਜਾਬੀਆਂ ਨੂੰ ਨਹੀਂ ਸੀ ਵੰਡਿਆ। ਉਹ ਰੈੱਡਕਲਿਫ ਨੂੰ ਪਾਣੀ ਪੀ ਪੀ ਕੇ ਰੋਸ ਰਹੇ ਸਨ ਜਿਸ ਨੇ ਵਾਹਗੇ ਤੇ ਅਟਾਰੀ ਦਰਮਿਆਨ ਲਕੀਰ ਪਾ ਕੇ ਲੱਖਾਂ ਪੰਜਾਬੀਆਂ ਦਾ ਖ਼ੂਨ ਡੋਲ੍ਹਿਆ ਸੀ।

ਭਾਰਤ ਵਿਚ ਲੋਕਤੰਤਰ ਜਲਦੀ ਹੀ ਮਜ਼ਬੂਤ ਹੋਣਾ ਸ਼ੁਰੂ ਹੋ ਗਿਆ ਪਰ ਪਾਕਿਸਤਾਨ ਵਿਚ ਫ਼ੌਜ ਨੇ ਜਮਹੂਰੀਅਤ ਨੂੰ ਜਿਬਹਾ ਕਰਨਾ ਸ਼ੁਰੂ ਕਰ ਦਿੱਤਾ। ਉਸਤਾਦ ਦਾਮਨ ਨੇ ਆਪਣੀ ਫ਼ੌਜ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ, ‘‘ਮੇਰੇ ਮੁਲਕ ਦੇ ਦੋ ਖ਼ੁਦਾ/ ਲਾ ਇੱਲਾ ਤੇ ਮਾਰਸ਼ਲ ਲਾਅ!’’ ਇਕ ਹੋਰ ਨਜ਼ਮ ਵਿਚ ਉਹ ਕਹਿੰਦੇ ਹਨ, ‘‘ਪਾਕਿਸਤਾਨ ਵਿਚ ਮੌਜਾਂ ਹੀ ਮੌਜਾਂ/ਜਿੱਧਰ ਵੇਖੋ ਫ਼ੌਜਾਂ ਹੀ ਫ਼ੌਜਾਂ।’’ ਮੁੱਲਾਂ-ਮੁਲਾਣਿਆਂ ਨੇ ਕੁਰਆਨ ਅਤੇ ਸ਼ਰਾਹ-ਸ਼ਰੀਅਤ ਦੇ ਨਾਂ ’ਤੇ ਅਵਾਮ ਦਾ ਜੀਣਾ ਹਰਾਮ ਕਰ ਦਿੱਤਾ। ਦਾਮਨ ਲਿਖਦਾ ਹੈ, ‘‘ਮੁੱਲਾਂ ਸ਼ਰਾਬ ਤੇ ਨਹੀਂ ਪੀਂਦਾ, ਪਰ ਖ਼ੂਨ ਤਾਂ ਕਿਸੇ ਦਾ ਪੀ ਸਕਦਾ ਏ।’’

ਆਜ਼ਾਦੀ ਤੋਂ ਬਾਅਦ ਲੋਕਾਂ ਕੋਲੋਂ ਬੋਲਣ ਦੀ ਆਜ਼ਾਦੀ ਵੀ ਖੋਹ ਲਈ ਗਈ। ਜਿਹੜਾ ਫ਼ੌਜ ਜਾਂ ਹਕੂਮਤ ਦੇ ਖ਼ਿਲਾਫ਼ ਬੋਲਦਾ ਉਸ ਨੂੰ ਜੇਲ੍ਹ ਦੀ ਹਵਾ ਖਾਣੀ ਪੈਂਦੀ। ਦਾਮਨ ਦੀ ਪਿੰਜਰੇ ਵਿਚ ਡੱਕੇ ਹੋਏ ਤੋਤੇ ਨਾਲ ਸੰਵਾਦ ਰਚਾਉਂਦੀ ਨਜ਼ਮ ਵੀ ਬੇਹੱਦ ਮਕਬੂਲ ਹੋਈ, ‘‘ਪਿੰਜਰੇ ਵਿਚ ਮੈਂ ਪਿਆ ਆਜ਼ਾਦ ਬੋਲਾਂ/ ਤੂੰ ਆਜ਼ਾਦ ਏਂ,ਤੇਰੀ ਜ਼ੁਬਾਨ ਬੰਦ ਏ।’’ ਉਸਤਾਦ ਦਾਮਨ ਨੇ ਮਨੁੱਖਤਾ ਨੂੰ ਫ਼ਿਰਕੂ ਲੀਹਾਂ ’ਤੇ ਵੰਡੇ ਜਾਣ ਬਾਰੇ ਲਿਖਿਆ ਕਿ ਧਰਮ ਗ੍ਰੰਥਾਂ ਨੇ ਨਹੀਂ ਸਗੋਂ ਸਿਆਸਤਦਾਨਾਂ ਨੇ ਅਵਾਮ ਨੂੰ ਵੰਡਿਆ ਸੀ, ‘‘ ਵਾਹਗੇ ਨਾਲ ਅਟਾਰੀ ਦੀ ਨਹੀਂ ਟੱਕਰ/ਨਾ ਹੀ ਗੀਤਾ ਨਾਲ ਕੁਰਆਨ ਦੀ ਏ। ਨਹੀਂ ਕੁਫ਼ਰ ਇਸਲਾਮ ਦਾ ਕੋਈ ਝਗੜਾ/ਸਾਰੀ ਗੱਲ ਇਹ ਨਫ਼ੇ-ਨੁਕਸਾਨ ਦੀ ਏ।’’ ਪੂਰਬੀ ਅਤੇ ਪੱਛਮੀ ਪਾਕਿਸਤਾਨ ਦੀ ਵੰਡ ਬਾਰੇ ਵੀ ਉਹ ਕਟਾਖਸ਼ ਕਰਦਾ ਹੈ, ‘‘ਪਾਕਿਸਤਾਨ ਦੀ ਅਜਬ ਏ ਵੰਡ ਹੋਈ/ਥੋੜ੍ਹਾ ਏਸ ਪਾਸੇ, ਥੋੜ੍ਹਾ ਓਸ ਪਾਸੇ। ਕੀ ਇਨ੍ਹਾਂ ਜਰਾਹਾਂ ਇਲਾਜ ਕਰਨਾ/ਮਰ੍ਹਮ ਏਸ ਪਾਸੇ, ਫੋੜਾ ਓਸ ਪਾਸੇ।’’

14-15 ਅਗਸਤ 1947 ਦੀ ਅੱਧੀ ਰਾਤ ਨੂੰ ਮਿਲੀ ਆਜ਼ਾਦੀ ਬਾਰੇ ਉਰਦੂ ਦਾ ਮਹਾਨ ਸ਼ਾਇਰ ਫ਼ੈਜ਼ ਅਹਿਮਦ ਫ਼ੈਜ਼ ਲਿਖਦਾ ਹੈ, ‘‘ਯੇ ਦਾਗ਼-ਦਾਗ਼ ਉਜਾਲਾ ਯੇ ਸ਼ਬਗੁਜ਼ੀਦਾ ਸਹਰ/ਹਮੇਂ ਇੰਤਜ਼ਾਰ ਥਾ ਜਿਸ ਕਾ ਯੇ ਵੋ ਸਹਰ ਨਹੀਂ।’’ ਗੁੱਜਰਾਂਵਾਲਾ (ਹੁਣ ਪਾਕਿਸਤਾਨ) ਦੀ ਜੰਮ-ਪਲ ਤੇ ਦਿੱਲੀ ਵਾਸੀ ਨੌਜਵਾਨ ਕਵਿੱਤਰੀ (ਉਸ ਵੇਲੇ ਤੀਹਾਂ ਤੋਂ ਘੱਟ ਉਮਰ) ਅੰਮ੍ਰਿਤਾ ਪ੍ਰੀਤਮ ਨੇ ਯੁੱਗ ਕਵੀ ਵਾਰਿਸ ਸ਼ਾਹ ਨੂੰ ਸੰਬੋਧਨ ਹੁੰਦਿਆਂ ਕੀਰਨੇ ਪਾਉਂਦੀ ਕਵਿਤਾ ਲਿਖ ਕੇ ਵੰਡ ਵੇਲੇ ਦੀ ਵੱਢ-ਟੁੱਕ ਨੂੰ ਕਰੁਣਾਮਈ ਬੋਲ ਦਿੱਤੇ ਸਨ, ‘‘ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੇ ਕਬਰਾਂ ਵਿੱਚੋਂ ਬੋਲ/ ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ... ਵੇ ਦਰਦਮੰਦਾਂ ਦਿਆ ਦਰਦੀਆ, ਉੱਠ ਤੱਕ ਆਪਣਾ ਪੰਜਾਬ/ਜਿੱਥੇ ਬੇਲੇ ਲਾਸ਼ਾਂ ਵਿਛੀਆਂ ਤੇ ਲਹੂ ਦੀ ਭਰੀ ਚਨਾਬ।’’

ਇਸ ਦੇ ਐਨ ਉਲਟ ਉਰਦੂ ਸ਼ਾਇਰੀ ਦਾ ਅਮਿੱਟ ਹਸਤਾਖਰ ਅੱਲਾਮਾ ਇਕਬਾਲ ਆਪਣੇ ਹੀ ਬੋਲਾਂ ’ਤੇ ਪਹਿਰਾ ਨਾ ਦੇ ਸਕਿਆ। ਅਖੰਡ ਹਿੰਦੁਸਤਾਨ ਦੀ ਤਹਿਜ਼ੀਬ ਦਾ ਕਾਇਲ ਤੇ ਆਪਣੇ ਵਤਨ ਨੂੰ ਇੰਤਹਾ ਮੁਹੱਬਤ ਕਰਨ ਵਾਲਾ ਮਹਾਨ ਸ਼ਾਇਰ ਫ਼ਿਰਕਾਪ੍ਰਸਤੀ ਦੇ ਅਮੋੜ ਵਹਿਣ ਵਿਚ ਪਤਾ ਨਹੀਂ ਕਿੰਜ ਵਹਿ ਤੁਰਿਆ। ‘ਤਰਾਨਾ-ਏ-ਹਿੰਦੀ’ ਵਿਚ ਹਿੰਦੁਸਤਾਨ ਨੂੰ ਸਾਰੇ ਜਹਾਨ ਤੋਂ ਬਿਹਤਰੀਨ ਸਮਝਣ ਵਾਲੇ ਇਕਬਾਲ ਨੇ ਕਦੇ ਲਿਖਿਆ ਸੀ, ‘‘ਸਾਰੇ ਜਹਾਂ ਸੇ ਅੱਛਾ ਹਿੰਦੁਸਤਾਂ ਹਮਾਰਾ, ਹਮ ਬੁਲਬੁਲੇਂ ਹੈਂ ਇਸਕੀ, ਯੇ ਗੁਲਿਸਤਾਂ ਹਮਾਰਾ।’’ ਇਹ ਗੀਤ ਅੱਜ ਵੀ ਦੇਸ਼ ਭਗਤੀ ਦੇ ਤਰਾਨੇ ਵਜੋਂ ਭਾਰਤ ਕੀ, ਦੁਨੀਆ ਭਰ ’ਚ ਗਾਇਆ ਜਾਂਦਾ ਹੈ।

ਆਪਣੀ ਵਿਚਾਰਧਾਰਾ ਤੋਂ ਥਿੜਕੇ ਇਕਬਾਲ ਵਰਗੇ ਵਤਨ-ਪ੍ਰਸਤ ਨੂੰ ਵੀ ਫ਼ਿਰਕੂ ਹਨੇਰੀ ਨੇ ਬੁਰੀ ਤਰ੍ਹਾਂ ਬਖੇਰ ਦਿੱਤਾ ਸੀ। ਸਾਬਤ ਕਦਮ ਤੁਰਦਾ-ਤੁਰਦਾ ਉਹ ਲੜਖੜਾ ਗਿਆ। ਉਸ ਦੀ ਵਿਚਾਰਧਾਰਾ ’ਚ ਆਏ ਕੂਹਣੀ ਮੋੜ ਨੇ ਤਕਸੀਮ ਦੇ ਬੀਜ ਬੋ ਦਿੱਤੇ ਸਨ। ਮੁਸਲਮਾਨਾਂ ਲਈ ਆਜ਼ਾਦ ਮੁਲਕ ਦਾ ਸੁਪਨਾ ਵੇਚਣ ਵਾਲਾ ਆਜ਼ਾਦੀ ਤੋਂ ਪਹਿਲਾਂ ਹੀ ਖ਼ਾਕ-ਏ-ਸਪੁਰਦ ਹੋ ਗਿਆ। ਇਹ ਵੀ ਵਿਡੰਬਣਾ ਹੈ ਕਿ ਅੱਲਾਮਾ ਇਕਬਾਲ ਦੇ ਪੁਰਖੇ ਕਸ਼ਮੀਰ ਦੇ ਸਪੂਰ ਬ੍ਰਾਹਮਣ ਸਨ। ਅਠਾਰਵੀਂ ਸਦੀ ਦੇ ਅਖ਼ੀਰ ਜਾਂ ਉੱਨੀਵੀਂ ਸਦੀ ਦੇ ਸ਼ੁਰੂ ’ਚ ਇਨ੍ਹਾਂ ਦੇ ਪੁਰਖਿਆਂ ਨੇ ਇਸਲਾਮ ਕਬੂਲ ਕਰ ਲਿਆ ਸੀ ਤੇ ਇਹ ਕਸ਼ਮੀਰ ਛੱਡ ਕੇ ਅਣਵੰਡੇ ਪੰਜਾਬ ਦੇ ਘੁੱਗ ਵਸਦੇ ਸ਼ਹਿਰ ਸਿਆਲਕੋਟ ’ਚ ਵਸ ਗਏ ਸਨ।

ਇਕਬਾਲ ਨੂੰ ਉਰਦੂ, ਫ਼ਾਰਸੀ, ਪੰਜਾਬੀ, ਅਰਬੀ ਤੇ ਅੰਗਰੇਜ਼ੀ ’ਚ ਅਬੂਰ ਹਾਸਲ ਸੀ। ਮਿਊਨਖ ਯੂਨੀਵਰਸਿਟੀ, ਜਰਮਨੀ ਤੋਂ ਪੀਐੱਚਡੀ ਦੀ ਡਿਗਰੀ ਹਾਸਲ ਕਰਨ ਵਾਲਾ ਇਕਬਾਲ ਦੇਸ਼-ਵਿਦੇਸ਼ ’ਚ ਘੁੰਮਿਆ ਸੀ। ਮੁਸਲਿਮ ਲੀਗ ਦੇ ਪ੍ਰਤੀਨਿਧ ਵਜੋਂ ਇਕਬਾਲ ਨੇ ਕਈ ਗੋਲਮੇਜ਼ ਕਾਨਫਰੰਸਾਂ ’ਚ ਭਾਗ ਲਿਆ ਸੀ। ਉਸ ਨੇ ਇਟਲੀ ਦੇ ਫਾਸ਼ਿਸ਼ਟ ਤਾਨਾਸ਼ਾਹ ਮੁਸੋਲਿਨੀ ਨਾਲ ਵੀ ਮੁਲਾਕਾਤ ਕੀਤੀ ਸੀ ਜਿਸ ਤੋਂ ਇਕਬਾਲ ਦੇ ਹਿਰਦੇ ਪਰਿਵਰਤਨ ਦੇ ਕਾਰਨਾਂ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਮੁਸੋਲਿਨੀ ਉਹੀ ਤਾਨਾਸ਼ਾਹ ਹੈ ਜਿਸ ਨੂੰ ਉਸ ਦੇ ਆਪਣੇ ਹੀ ਦੇਸ਼ ਵਾਸੀਆਂ ਨੇ ਉਸ ਦੀ ਪ੍ਰੇਮਿਕਾ ਤੇ 15 ਹੋਰ ਲੋਕਾਂ ਸਣੇ ਸ਼ਰੇਆਮ ਗੋਲ਼ੀਆਂ ਨਾਲ ਭੁੰਨ ਦਿੱਤਾ ਸੀ।

ਕੁਦਰਤੀ ਹੈ ਕਿ ਅੱਲਾਮਾ ਇਕਬਾਲ ਦੀ ਵਿਚਾਰਧਾਰਾ ਮੁਸੋਲਿਨੀ ਵਰਗੇ ਖੂੰਖਾਰ ਤਾਨਾਸ਼ਾਹਾਂ ਤੋਂ ਪ੍ਰਭਾਵਿਤ ਹੋਈ ਹੋਵੇਗੀ। ਪਾਕਿਸਤਾਨ ਦੇ ਵਿਧਾਤਾ ਮੁਹੰਮਦ ਅਲੀ ਜਿਨਹਾ ਦੇ ਪੁਰਖੇ ਵੀ ਹਿੰਦੂ ਸਨ। ਹਿੰਦੂ ਪਿਛੋਕੜ ਵਾਲੇ ਤੇ ਅਖੰਡ ਹਿੰਦੁਸਤਾਨ ਦੇ ਪੈਰੋਕਾਰ ਰਹੀਆਂ ਦੋਨੋਂ ਸ਼ਖ਼ਸੀਅਤਾਂ ਨੇ ਜਦੋਂ ਹੱਥ ਮਿਲਾਏ ਤਾਂ ਇਸ ਮਿਲਣੀ ’ਚੋਂ ਜ਼ਹਿਰ ਦੇ ਚੋਅ ਕਲਕਲ ਵਹਿਣ ਲੱਗੇ। ਇਸ ਵਹਿਣ ਨੇ ਇਨਸਾਨੀਅਤ ’ਚੋਂ ਹੈਵਾਨੀਅਤ ਪੈਦਾ ਕਰ ਦਿੱਤੀ। ਆਜ਼ਾਦੀ ਖ਼ਾਤਰ ਸਾਂਝਾ ਖ਼ੂਨ ਡੋਲ੍ਹਣ ਵਾਲੀਆਂ ਕੌਮਾਂ ਇਕ-ਦੂਜੇ ਦੇ ਖ਼ੂਨ ਦੀਆਂ ਤ੍ਰਿਹਾਈਆਂ ਹੋ ਗਈਆਂ। ਆਜ਼ਾਦੀ ਸੰਗਰਾਮ ’ਚ ਸ਼ਹੀਦ ਹੋਏ ਵਤਨਪ੍ਰਸਤਾਂ ਦੀ ਆਤਮਾ ਕੁਰਲਾਅ ਉੱਠੀ।