ਸੁਨਹਿਰੀ ਪੈੜਾਂ (ਪੰਜਾਬੀ ਜਾਗਰਣ –– 27th August, 2023)
ਵਰਿੰਦਰ ਵਾਲੀਆ
ਅਮਰੀਕਾ ਦੇ 39 ਸਾਲਾ ਪੁਲਾੜ ਯਾਤਰੀ ਨੀਲ ਆਰਮਸਟਰਾਂਗ ਨੇ ਜਦੋਂ 20 ਜੁਲਾਈ 1969 ਵਾਲੇ ਦਿਨ ਚੰਦਰਮਾ ’ਤੇ ਪਹਿਲੀਆਂ ਪੈੜਾਂ ਪਾਈਆਂ ਸਨ ਤਾਂ ਸਦੀਆਂ ਪੁਰਾਣੀਆਂ ਮਿੱਥਾਂ ਕੱਚ ਦੀਆਂ ਵੰਙਾਂ ਵਾਂਗ ਟੁੱਟ ਕੇ ਚਕਨਾਚੂਰ ਹੋ ਗਈਆਂ ਸਨ। ਆਪਣੇ ਸੋਹਣੇ ਖਾਵੰਦ ਨੂੰ ‘ਚੰਨ ਮਾਹੀ’ ਕਹਿਣ ਵਾਲੀਆਂ ਵਿਹਾਂਦੜਾਂ ਨੂੰ ਇਹ ਸੁਣ ਕੇ ਅਜੀਬ ਲੱਗਾ ਸੀ ਕਿ ਚੰਦਰਮਾ ਦੀ ਪਥਰੀਲੀ ਧਰਤੀ ਖੱਡਿਆਂ ਨਾਲ ਭਰੀ ਹੋਈ ਹੈ। ਪੰਜਾਬੀ ਲੋਕਧਾਰਾ ’ਚ ਚੰਦਰਮਾ ਨੂੰ ਵੱਖ-ਵੱਖ ਤਰ੍ਹਾਂ ਮੂਰਤੀਮਾਨ ਕੀਤਾ ਗਿਆ ਹੈ। ਬੱਚੇ ਚੰਦਰਮਾ ਨੂੰ ‘ਚੰਦਾ ਮਾਮਾ’ ਕਹਿੰਦੇ ਆਏ ਹਨ।
ਚੰਦਰਯਾਨ-3 ਜਦੋਂ ਚੰਦ ਦੇ ਦੱਖਣੀ ਧਰੁਵ ’ਤੇ ਪੁੱਜਾ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਹੁਣ ‘ਚੰਦਾ ਮਾਮਾ ਦੂਰ ਕੇ ਨਹੀਂ ਬਲਕਿ ਟੂਰ ਕੇ’ ਹੋ ਗਏ ਹਨ। ਧਰਤੀ ਭੈਣ ਨੇ ਹਜ਼ਾਰਾਂ ਮੀਲ ਦੂਰ ਬੈਠੇ ਆਪਣੇ ਭਰਾ ਨੂੰ ਰੱਖੜੀ ਭੇਜੀ ਜੋ ਉਸ ਨੇ ਖ਼ੁਸ਼ੀ-ਖ਼ੁਸ਼ੀ ਸਵੀਕਾਰ ਕਰ ਲਈ ਹੈ। ਕਈਆਂ ਨੂੰ ਕੋਈ ਬੁੱਢੀ ਮਾਈ ਚੰਨ ’ਤੇ ਚਰਖਾ ਕੱਤਦੀ ਮਹਿਸੂਸ ਹੁੰਦੀ। ਕੱਤਣ ਪਿੱਛੋਂ ਉਹ ਮੁੱਢਾ ਧਰਤੀ ਵੱਲ ਸੁੱਟਦੀ ਜਿਸ ਦੇ ਧਾਗੇ ਰਿਸ਼ਮਾਂ ਦਾ ਰੂਪ ਧਾਰ ਕੇ ਚਾਨਣ ਬਿਖੇਰਦੇ ਰਹਿੰਦੇ। ਆਦਿਮ ਮਨੁੱਖ ਨੇ ਸੂਰਜ ਤੇ ਚੰਦਰਮਾ ਨੂੰ ਲੱਗਦੇ ਗ੍ਰਹਿਣਾਂ ਬਾਰੇ ਵੀ ਕਈ ਕਹਾਣੀਆਂ ਘੜ ਲਈਆਂ ਸਨ। ਇਕ ਕਥਾ ਅਨੁਸਾਰ ਚੰਦਰਮਾ ਨੇ ਕਿਸੇ ਡੂਮ ਕੋਲੋਂ ਸੂਦ ’ਤੇ ਉਧਾਰ ਲਿਆ ਜੋ ਮੋੜਿਆ ਨਾ ਜਾ ਸਕਿਆ। ਅੱਜ ਵੀ ਜਦੋਂ ਡੂਮ ਆਪਣਾ ਪੈਸਾ ਵਸੂਲਣ ਜਾਂਦਾ ਹੈ ਤਾਂ ਉਹ ਲੁਕ-ਛਿਪ ਜਾਂਦਾ ਹੈ। ਮਾਤ ਲੋਕ ਵਿਚ ਜਦੋਂ ਡੂਮ ਸੂਦ ਦੀ ਉਗਰਾਹੀ ਕਰਦੇ ਹਨ ਤਾਂ ਚੰਦਰਮਾ ਫਿਰ ਅੰਬਰ ’ਤੇ ਦਿਖਾਈ ਦਿੰਦਾ ਹੈ। ਕੁਝ ਕਥਾਵਾਂ ’ਚ ਚੰਨ ਤੇ ਸੂਰਜ ਨੂੰ ਸਕੇ ਭਰਾ ਦੱਸਿਆ ਗਿਆ ਹੈ ਜਿਨ੍ਹਾਂ ਦਾ ਸੁਭਾਅ ਇਕ-ਦੂਜੇ ਤੋਂ ਉਲਟ ਹੈ। ਸੂਰਜ ਕਹਿਣੇ ਤੋਂ ਬਾਹਰ ਹੋਣ ਕਾਰਨ ਮਾਂ ਨੇ ਉਸ ਨੂੰ ਬਦਅਸੀਸ ਦਿੰਦਿਆਂ ਕਿਹਾ ਸੀ ਕਿ ਜਿਵੇਂ ਉਹ ਉਸ ਨੂੰ ਤਪਾਉਂਦਾ ਹੈ, ਉਸੇ ਤਰ੍ਹਾਂ ਤਾਉਮਰ ਉਹ ਵੀ ਤਪਦਾ ਰਹੇਗਾ। ਆਗਿਆਕਾਰੀ ਚੰਦਰਮਾ ਨੂੰ ਮਾਂ ਨੇ ਹਮੇਸ਼ਾ ਸ਼ੀਤਲ ਰਹਿਣ ਦਾ ਵਰਦਾਨ ਦਿੱਤਾ ਸੀ। ਪੰਜਾਬੀ ਦੇ ਇਕ ਲੋਕਗੀਤ ਦਾ ਮੁਖੜਾ ਇਸ ਦੀ ਸ਼ਾਹਦੀ ਭਰਦਾ ਹੈ : ਚੰਨ ਸੂਰਜ ਦੋਏ ਸਕੇ ਭਰਾ, ਕਦੇ ਨਾ ਬੈਠੇ ਰਲ ਕੇ/ਇਕ ਠੰਢਾ ਇਕ ਤੱਤਾ-ਤੀਹੜਾ, ਕੀਕਣ ਬੈਠਣ ਰਲ ਕੇ! ਆਦਿਮ ਮਨੁੱਖ ਲਈ ਬ੍ਰਹਿਮੰਡ ਸਭ ਤੋਂ ਵਚਿੱਤਰ ਬੁਝਾਰਤ ਰਿਹਾ ਹੈ। ਉਸ ਦੀ ਚੇਤਨਤਾ ਸਾਣ ’ਤੇ ਨਾ ਲੱਗੀ ਹੋਣ ਕਰਕੇ ਉਸ ਨੇ ਅਣਗਿਣਤ ਵਹਿਮ-ਭਰਮ ਪਾਲ ਰੱਖੇ ਸਨ। ਕੁਦਰਤੀ ਆਫ਼ਤਾਂ ਬਾਰੇ ਵੀ ਉਸ ਨੇ ਕਾਲਪਨਿਕ ਕਹਾਣੀਆਂ ਘੜ ਲਈਆਂ ਸਨ। ਉਹ ਸੋਚਦਾ ਕਿ ਧਰਤੀ ਨੂੰ ਧੌਲੇ ਬਲਦ ਨੇ ਆਪਣੇ ਸਿੰਙਾਂ ’ਤੇ ਚੁੱਕਿਆ ਹੋਇਆ ਹੈ। ਥੱਕ ਕੇ ਜਦੋਂ ਉਹ ਸਿੰਙ ਬਦਲਦਾ ਹੈ ਤਾਂ ਭੂਚਾਲ ਆਉਂਦਾ ਹੈ। ਕੋਈ ਕਹਿੰਦਾ ਹੈ ਕਿ ਪਿ੍ਰਥਵੀ ਨੂੰ ਸ਼ੇਸ਼ਨਾਗ ਨੇ ਆਪਣੇ ਫਨਾਂ ’ਤੇ ਚੁੱਕਿਆ ਹੈ। ਜਦੋਂ ਉਹ ਉਬਾਸੀ ਲੈਂਦਾ ਹੈ ਤਾਂ ਜ਼ਲਜ਼ਲਾ ਆ ਜਾਂਦਾ ਹੈ। ਬ੍ਰਹਿਮੰਡ ਦੀ ਰਚਨਾ ਬਾਰੇ ਮਨੋਕਲਪਿਤ ਕਥਾਵਾਂ ਦੀ ਧੁੰਦ ਨੇ ਹਜ਼ਾਰਾਂ ਸਾਲਾਂ ਤਕ ਮਨੁੱਖ ਨੂੰ ਦਿਸਹੱਦਿਆਂ ਤੋਂ ਅੱਗੇ ਵੇਖਣ ਹੀ ਨਹੀਂ ਦਿੱਤਾ। ਚੌਥੀ ਸਦੀ ਤੋਂ 14ਵੀਂ ਸਦੀ ਤਕ ਦੇ ਸਮੇਂ ਨੂੰ ‘ਡਾਰਕ ਏਜ’ ਕਿਹਾ ਜਾਂਦਾ ਹੈ। ਇਸ ਤੋਂ ਵੀ ਪਹਿਲਾਂ ਯੂਨਾਨ ਦੇ ਫਿਲਾਸਫਰ ਸੁਕਰਾਤ ਨੇ ਜਦੋਂ ਚੰਦਰਮਾ ਨੂੰ ਪਥਰੀਲੀ ਜ਼ਮੀਨ ਤੇ ਸੂਰਜ ਨੂੰ ਅੱਗ ਦਾ ਗੋਲਾ ਕਿਹਾ ਤਾਂ ਏਥਨਜ਼ ਦੇ ਮੁਨਸਫ਼ਾਂ ਨੇ ਉਸ ਨੂੰ ਈਸ਼-ਨਿੰਦਾ ਦਾ ਦੋਸ਼ੀ ਠਹਿਰਾਇਆ ਸੀ। ਸੁਕਰਾਤ ਆਪਣੇ ਵਿਸ਼ਵਾਸ ’ਤੇ ਅਡੋਲ ਸੀ। ਸਦੀਆਂ ਪਹਿਲਾਂ ਬ੍ਰਹਿਮੰਡ ਦੇ ਰਹੱਸਾਂ ਨੂੰ ਖੋਲ੍ਹਣ ਦੀ ਪਹਿਲ ਕਰਨ ਦੀ ਕੀਮਤ ਉਸ ਨੂੰ ਜ਼ਹਿਰ ਦਾ ਪਿਆਲਾ ਪੀ ਕੇ ਉਤਾਰਨੀ ਪਈ ਸੀ। ਇਸੇ ਤਰ੍ਹਾਂ ਇਟਲੀ ਦੇ ਖਗੋਲ ਵਿਗਿਆਨੀ ਗੈਲੀਲੀਓ ਗੈਲਿਲੀ (1564-1642) ਨੇ ਬਾਈਬਲ ’ਚ ਦਰਸਾਏ ਬਿਰਤਾਂਤ ਨੂੰ ਰੱਦ ਕਰਦਿਆਂ ਤਰਕ ਪੇਸ਼ ਕੀਤਾ ਕਿ ਪਿ੍ਰਥਵੀ ਬ੍ਰਹਿਮੰਡ ਦਾ ਕੇਂਦਰ ਬਿੰਦੂ ਨਹੀਂ ਹੈ। ਸੱਚਾਈ ਇਹ ਹੈ ਕਿ ਪਿ੍ਰਥਵੀ ਸੂਰਜ ਦੁਆਲੇ ਘੁੰਮਦੀ ਹੈ। ਗੈਲੀਲੀਓ ਦੀ ਇਸ ਨਵੀਂ ਸੋਚ ਨੇ ਚਰਚ ਦਾ ਗੁੱਸਾ ਸਹੇੜ ਲਿਆ ਸੀ। ਪੰਦਰਵੀਂ ਸਦੀ ਦਰਅਸਲ ਪੁਨਰ ਜਾਗਿ੍ਰਤੀ ਦਾ ਯੁੱਗ ਸਮਝਿਆ ਜਾਂਦਾ ਹੈ ਜਿਸ ’ਚ ਮੁੱਢ-ਕਦੀਮ ਦੀਆਂ ਧਾਰਨਾਵਾਂ ਨੂੰ ਤੱਜਿਆ ਗਿਆ ਸੀ। ਕਾਪਰਨਿਕਸ ਦੇ ਸਿਧਾਂਤ ਦੀ ਪ੍ਰੋੜ੍ਹਤਾ ਕਰਨ ਲਈ ਗੈਲੀਲੀਓ ਨੇ ਇਤਿਹਾਸਕ ਤਜਰਬੇ ਕੀਤੇ। ਬਾਈਬਲ ਵਿਰੁੱਧ ਦਿੱਤੇ ਗਏ ਸਿਧਾਂਤ ਕਾਰਨ ਪਾਦਰੀ ਗੈਲੀਲੀਓ ਦੇ ਪਿੱਛੇ ਹੱਥ ਧੋ ਕੇ ਪੈ ਗਏ। ਅਜਿਹੇ ਸਿਧਾਂਤ ਨੂੰ ਪਾਦਰੀਆਂ ਨੇ ਤਰਕਹੀਣ ਕਿਹਾ। ਗੈਲੀਲੀਓ ਭਾਵੇਂ ਖ਼ੁਦ ਪਾਦਰੀ ਸੀ ਪਰ ਉਸ ਵੱਲੋਂ ਦਿੱਤੇ ਗਏ ਤਰਕ ਨੇ ਵੱਡਾ ਧਾਰਮਿਕ ਬਖੇੜਾ ਪੈਦਾ ਕਰ ਦਿੱਤਾ ਸੀ। ਗੈਲੀਲੀਓ ’ਤੇ ਮੁਕੱਦਮਾ ਚਲਾਇਆ ਗਿਆ ਤੇ ਉਸ ਨੂੰ ਆਪਣਾ ਸਿਧਾਂਤ ਰੱਦ ਕਰਨ ਲਈ ਹੁਕਮ ਦਿੱਤਾ ਗਿਆ। ਦਬਾਅ ’ਚ ਆਇਆ ਗੈਲੀਲੀਓ ਜਦੋਂ ਆਪਣੇ ਹੀ ਤਰਕ ਨੂੰ ਤਰਕਹੀਣ ਕਹਿਣ ਲਈ ਉੱਠਿਆ ਤਾਂ ਕੁਝ ਮਿੰਟ ਲਈ ਉਹ ਅਵਾਕ ਖੜ੍ਹਾ ਰਿਹਾ। ਫਿਰ ਉਸ ਨੇ ਧਰਤੀ ’ਤੇ ਜ਼ੋਰ ਦੀ ਪੱਬ ਮਾਰ ਕੇ ਕਿਹਾ, ‘ਹਾਂ ਇਹ ਅਜੇ ਵੀ ਘੁੰਮ ਰਹੀ ਹੈ।’ ਇਸ ਕਥਨ ਪਿੱਛੋਂ ਗੈਲੀਲੀਓ ਲਈ ਗਿਰਜੇ ਦੇ ਕਿਵਾੜ ਸਦਾ ਲਈ ਬੰਦ ਹੋ ਗਏ ਤੇ ਉਸ ਨੂੰ ਤਾਉਮਰ ਆਪਣੇ ਛੋਟੇ ਜੇਹੇ ਰੈਣ-ਬਸੇਰੇ ’ਚ ਨਜ਼ਰਬੰਦ ਰਹਿਣਾ ਪਿਆ। ਉਸ ਦੀ ਮੌਤ ਤੋਂ ਤਿੰਨ ਸਦੀਆਂ ਬਾਅਦ ਪੋਪ ਨੇ ਜਨਤਕ ਤੌਰ ’ਤੇ ਵਿਛੜੀ ਆਤਮਾ ਕੋਲੋਂ ਮਾਫ਼ੀ ਮੰਗਦਿਆਂ ਕਿਹਾ ਕਿ ਗੈਲੀਲੀਓ ਨਾਲ ਉਸ ਵੇਲੇ ਬੇਹੱਦ ਜ਼ਿਆਦਤੀ ਹੋਈ ਸੀ। ਵੀਹਵੀਂ ਸਦੀ (8 ਜਨਵਰੀ 1942-14 ਮਾਰਚ 2018) ਦੇ ਮਹਾਨ ਬਰਤਾਨਵੀ ਭੌਤਿਕ ਵਿਗਿਆਨੀ ਸਟੀਫਨ ਹਾਕਿੰਗਜ਼ ਨੇ ਕਾਪਰਨਿਕਸ, ਗੈਲੀਲੀਓ, ਨਿਊਟਨ ਤੇ ਆਇੰਸਟਾਈਨ ਦੇ ਵਿਗਿਆਨਕ ਸਿਧਾਂਤਾਂ ਨੂੰ ਅੱਗੇ ਤੋਰਦਿਆਂ ਬ੍ਰਹਿਮੰਡ ਦੀ ਸੰਰਚਨਾ ਨਾਲ ਜੁੜੀਆਂ ਅਣਗਿਣਤ ਭ੍ਰਾਂਤੀਆਂ ਨੂੰ ਤੋੜਨ ਦਾ ਯਤਨ ਕੀਤਾ ਸੀ। ਭਿਅੰਕਰ ਬਿਮਾਰੀ ਨਾਲ ਪੀੜਤ ਹਾਕਿੰਗਜ਼ ਭਾਵੇਂ ਬੋਲਣ ਤੇ ਚੱਲਣ-ਫਿਰਨ ਤੋਂ ਅਸਮਰੱਥ ਸੀ ਪਰ ਉਸ ਦੀ ਜਾਗਦੀ ਚੇਤਨਾ ਲਗਾਤਾਰ ਬ੍ਰਹਿਮੰਡ ਦੇ ਚੱਕਰ ਕੱਟਦੀ ਰਹੀ। ਉਹ ਆਪਣੀ ਹਾਈਟੈੱਕ ਵ੍ਹੀਲ ਚੇਅਰ ਦੇ ਜ਼ਰੀਏ ਆਪਣੀਆਂ ਖੋਜਾਂ ਪ੍ਰਸਤੁਤ ਕਰਦਾ ਰਿਹਾ। ਉਸ ਨੇ ਕਿਹਾ ਕਿ ਰੱਬ ਬ੍ਰਹਿਮੰਡ ਦਾ ਵਿਧਾਤਾ ਨਹੀਂ ਹੈ। ਸੂਰਜ, ਚੰਨ, ਤਾਰਿਆਂ ਤੋਂ ਪਾਰ ਵੇਖਣ ਵਾਲੇ ਅਨੂਠੇ ਵਿਗਿਆਨੀ ਨੇ ਚਿਤਾਵਨੀ ਦਿੱਤੀ ਕਿ ਸਾਡੀ ਧਰਤੀ ’ਤੇ ਪੂਰੀ ਤਰ੍ਹਾਂ ਘੜਮੱਸ ਪੈ ਚੁੱਕਾ ਹੈ ਤੇ ਅਗਲੇ 100 ਸਾਲਾਂ ’ਚ ਮਨੁੱਖ ਨੂੰ ਬਦਲਵਾਂ ਰੈਣ-ਬਸੇਰਾ ਬਣਾਉਣ ਲਈ ਦੂਜੇ ਗ੍ਰਹਿਆਂ ਦੀ ਤਲਾਸ਼ ਕਰਨੀ ਹੋਵੇਗੀ। ਉਸ ਨੇ ਇਹ ਵੀ ਭਵਿੱਖਬਾਣੀ ਕੀਤੀ ਸੀ ਕਿ ਜੇ ਇੰਜ ਹੀ ਚੱਲਦਾ ਰਿਹਾ ਤਾਂ ਹਜ਼ਾਰ ਸਾਲਾਂ ਦੇ ਅੰਦਰ-ਅੰਦਰ ਮਨੁੱਖ ਫ਼ਨਾਹ ਹੋ ਸਕਦਾ ਹੈ। ਮਸਨੂਈ ਬੌਧਿਕਤਾ (ਆਰਟੀਫੀਸ਼ੀਅਲ ਇੰਟੈਲੀਜੈਂਸ) ਜਿਸ ਕਦਰ ਗਲਬਾ ਪਾ ਰਹੀ ਹੈ, ਉਹ ਮਨੁੱਖਤਾ ਦੀ ਹੋਂਦ ਲਈ ਵੱਡਾ ਖ਼ਤਰਾ ਬਣ ਜਾਵੇਗੀ। ਇਕ ਦਿਨ ਅਜਿਹਾ ਵੀ ਆਵੇਗਾ ਜਦੋਂ ਰੋਬੋਟ ਮਨੁੱਖ ਦਾ ਕਹਿਣਾ ਮੰਨਣ ਤੋਂ ਇਨਕਾਰੀ ਹੋ ਜਾਵੇਗਾ। ਚੰਦਰਯਾਨ-3 ਵੱਲੋਂ ਚੰਦਰਮਾ ਦੇ ਦੱਖਣੀ ਧਰੁਵ ’ਤੇ ਚਹਿਲਕਦਮੀ ਕਰਨ ਨਾਲ ਹਾਕਿੰਗਜ਼ ਦੀ ਸੋਚ ਨੂੰ ਬੂਰ ਪੈਂਦਾ ਦਿਖਾਈ ਦੇ ਰਿਹਾ ਹੈ। ਭਾਰਤ ਦੁਨੀਆ ਦਾ ਪਹਿਲਾ ਮੁਲਕ ਹੈ ਜਿਸ ਨੇ ਦੱਖਣੀ ਧਰੁਵ ’ਤੇ ਪੈੜਾਂ ਪਾ ਕੇ ਸੁਨਹਿਰੀ ਇਤਿਹਾਸ ਲਿਖਿਆ ਹੈ। ਚੰਦਰਮਾ ’ਤੇ ਹਵਾ ਤੇ ਪਾਣੀ ਲੱਭ ਪਿਆ ਤਾਂ ਉੱਥੇ ਬਸਤੀਆਂ ਬਣਾਉਣ ਦਾ ਸੁਪਨਾ ਵੀ ਪੂਰਾ ਹੋ ਜਾਵੇਗਾ। ਚੰਦਰਯਾਨ-3 ਦਾ ਲੈਂਡਰ ਦੇਸ਼ ਦੇ ਮਹਾਨ ਵਿਗਿਆਨੀ ਵਿਕਰਮ ਸਾਰਾਭਾਈ ਦੇ ਨਾਂ ’ਤੇ ਹੈ ਜਿਸ ਨੇ ਚੰਦਰਮਾ ’ਤੇ ਫ਼ਤਿਹ ਪਾਉਣ ਦਾ ਸੁਪਨਾ ਲਿਆ ਸੀ। ਇਸ ਸਮੇਂ ਪੰਜਾਬ (ਪਟਿਆਲਾ) ਦੇ ਜੰਮ-ਪਲ ਰਾਕੇਸ਼ ਸ਼ਰਮਾ ਦੀ ਪਹਿਲਕਦਮੀ ਨੂੰ ਵੀ ਚੇਤੇ ਕਰਨਾ ਚਾਹੀਦਾ ਹੈ ਜਿਨ੍ਹਾਂ ਨੇ 1984 ’ਚ ਪੁਲਾੜ ’ਚ ਪੈੜਾਂ ਪਾ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਸੀ। ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਜਦੋਂ ਰਾਕੇਸ਼ ਸ਼ਰਮਾ ਨੂੰ ਪੁੱਛਿਆ ਸੀ ਕਿ ਪੁਲਾੜ ’ਚੋਂ ਭਾਰਤ ਕਿਸ ਤਰ੍ਹਾਂ ਦਿਸਦਾ ਹੈ ਤਾਂ ਉਨ੍ਹਾਂ ਨੇ ਅਲਾਮਾ ਇਕਬਾਲ ਦੇ ਤਰਾਨੇ ਦੀਆਂ ਸਤਰਾਂ ਬੋਲਦਿਆਂ ਕਿਹਾ ਸੀ, ‘‘ਸਾਰੇ ਜਹਾਂ ਸੇ ਅੱਛਾ ਹਿੰਦੁਸਤਾਂ ਹਮਾਰਾ।’’ ਪੁਲਾੜ ਯਾਤਰਾ ਪਿੱਛੋਂ ਰਾਕੇਸ਼ ਸ਼ਰਮਾ ਜਦੋਂ ਹਿੰਦੁਸਤਾਨ ਦੀ ਸਰਜ਼ਮੀਨ ’ਤੇ ਉਤਰਿਆ ਤਾਂ ਉਸ ਨੂੰ ਪ੍ਰਸ਼ੰਸਕਾਂ ਨੇ ਘੇਰੀ ਰੱਖਿਆ। ਕਈ ਪੁੱਛਦੇ, ‘‘ਤੁਸੀਂ ਪੁਲਾੜ ’ਚ ਰੱਬ ਨੂੰ ਵੇਖਿਆ ਸੀ?’’ ਉਹ ਮੁਸਕਰਾ ਕੇ ਕਹਿੰਦਾ, ‘‘ਨਹੀਂ’’। ਰੱਬ ਨੂੰ ਮੰਨਣ ਵਾਲੇ ਕਹਿੰਦੇ ‘ਉੱਪਰ ਵਾਲਾ’ ਉੱਪਰ ਹੀ ਨਹੀਂ ਬਲਕਿ ਬ੍ਰਹਿਮੰਡ ਦੇ ਕਣ-ਕਣ ’ਚ ਵਸਿਆ ਹੋਇਆ ਹੈ। ਅੱਖਾਂ ਮੁੰਦ ਕੇ ਕਦੇ ਵੀ ਉਸ ਦੇ ਦੀਦਾਰ ਕੀਤੇ ਜਾ ਸਕਦੇ ਹਨ! ਧਾਰਮਿਕ ਆਸਥਾ ਤੇ ਵਿਗਿਆਨ ਵਿਚਾਲੇ ਮੁੱਢ-ਕਦੀਮ ਤੋਂ ਹੁੰਦੀ ਆ ਰਹੀ ਜੰਗ ਅਜੇ ਵੀ ਜਾਰੀ ਰਹਿਣ ਦੀ ਸੰਭਾਵਨਾ ਹੈ ਭਾਵੇਂ ਆਉਣ ਵਾਲੇ ਸਮੇਂ ’ਚ ਸੂਰਜਯਾਨ ‘ਸੂਰਜ ਦੇਵਤੇ’ ਦੇ ਰਹੱਸਾਂ ਦੀਆਂ ਪਰਤਾਂ ਵੀ ਕਿਉਂ ਨਾ ਫਰੋਲ ਦੇਵੇ।