ਮਹਿਤਾਬ ਤੋਂ ਆਫ਼ਤਾਬ ਤੱਕ! (ਪੰਜਾਬੀ ਜਾਗਰਣ –– 3rd September, 2023)
ਵਰਿੰਦਰ ਵਾਲੀਆ
ਚੰਦਰਯਾਨ-3 ਵੱਲੋਂ ਮਹਿਤਾਬ (ਚੰਦਰਮਾ) ’ਤੇ ਕੀਤੀ ਗਈ ਚਹਿਲਕਦਮੀ ਤੋਂ ਬਾਅਦ ਭਾਰਤ ਦਾ ਆਦਿਤਿਆ ਐੱਲ-1 ਹੁਣ ਆਫ਼ਤਾਬ (ਸੂਰਜ) ਦੀ ਪਰਿਕਰਮਾ ਕਰ ਕੇ ਨਿਵੇਕਲਾ ਇਤਿਹਾਸ ਸਿਰਜੇਗਾ। ਇਸ ਪ੍ਰਾਪਤੀ ਨਾਲ ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਦਾ ਡੰਕਾ ਪੂਰੇ ਆਲਮ ਵਿਚ ਵੱਜੇਗਾ। ਸੂਰਜ ਦੀ ਧਰਤੀ ਤੋਂ ਦੂਰੀ 15 ਕਰੋੜ ਕਿਲੋਮੀਟਰ (9.3 ਕਰੋੜ ਮੀਲ) ਹੈ ਜਿਸ ਨੂੰ ਤਹਿ ਕਰਨਾ ਅਸੰਭਵ ਕਾਰਜ ਮੰਨਿਆ ਜਾਂਦਾ ਹੈ। ਕੁਦਰਤੀ ਹੈ ਕਿ ਚੰਦਰਯਾਨ-3 ਵਾਂਗ ਆਦਿਤਿਆ ਸੂਰਜ ’ਤੇ ਨਹੀਂ ਉਤਰੇਗਾ ਬਲਕਿ ਇਹ 14.85 ਕਰੋੜ ਕਿਲੋਮੀਟਰ ਦੀ ਦੂਰੀ ਤੋਂ ਹੀ ਇਸ ਦਾ ਅਧਿਐਨ ਕਰੇਗਾ।
ਲਗਪਗ ਚਾਰ ਮਹੀਨਿਆਂ (125 ਦਿਨਾਂ ’ਚ) 15 ਲੱਖ ਕਿਲੋਮੀਟਰ ਦਾ ਸਫ਼ਰ ਮੁਕਾ ਕੇ ਇਹ ‘ਲਾਗਰੇਂਜ-1’ (ਐੱਲ-1) ’ਤੇ ਪੁੱਜੇਗਾ ਜਿੱਥੇ ਸੂਰਜ ਅਤੇ ਧਰਤੀ ਦੀ ਗਰੂਤਾ ਸ਼ਕਤੀ ਦੀ ਹੱਦ ਹੈ। ਇਸ ਲਈ ਸਾਡਾ ‘ਸੂਰਜ ਰੱਥ’ ਦੋਵਾਂ ਗ੍ਰਹਿਆਂ ਦੀ ਗਰੂਤਾ ਵਿਚਕਾਰ ਟਿਕ ਕੇ ਧਰਤੀ ਦੇ ਸਭ ਤੋਂ ਨੇੜਲੇ ਤਾਰੇ ਦੇ ਰਹੱਸ ਖੋਲ੍ਹਣ ਲਈ ਉਸ ਦੇ ਲਗਾਤਾਰ ਪੰਜ ਸਾਲ ਚੱਕਰ ਕੱਟੇਗਾ। ‘ਲਾਗਰੇਂਜ-1’ ਸੌਰ ਮੰਡਲ ਦਾ ਅਜਿਹਾ ਬਿੰਦੂ ਹੈ ਜਿੱਥੇ ਪੁੱਜ ਕੇ ਈਂਧਨ ਦੀ ਖਪਤ ਘਟ ਜਾਵੇਗੀ ਅਤੇ ਇਹ ਸੌਖਿਆਂ ਹੀ ਆਪਣੇ ਖੋਜ ਕਾਰਜਾਂ ਨੂੰ ਅੰਤਿਮ ਛੋਹਾਂ ਦੇ ਪਾਵੇਗਾ। ਅਮਰੀਕਾ ਦੀ ਪੁਲਾੜ ਸੰਸਥਾ ‘ਨਾਸਾ’ ਤੇ ਯੂਰਪੀਅਨ ਯੂਨੀਅਨ ਦੀ ਸਪੇਸ ਏਜੰਸੀ ਦੇ ਸਾਂਝੇ ਯਤਨਾਂ ਨਾਲ ‘ਸੋਹੋ’ (ਸੋਲਰ ਅਤੇ ਹੇਲੀਓਸਫੇਰਿਕ ਅਬਜ਼ਰਵੇਟਰੀ) ਆਦਿ ਮਿਸ਼ਨ ਪਹਿਲਾਂ ਹੀ ‘ਲਾਗਰੇਂਜ-1’ ਪੁਆਇੰਟ ’ਤੇ ਪੁੱਜ ਕੇ ਆਪਣੀ ਖੋਜ ਕਰ ਰਹੇ ਹਨ। ‘ਨਾਸਾ’ ਨੇ ਤਾਂ 14 ਦਸੰਬਰ 2021 ਨੂੰ ਦਾਅਵਾ ਕੀਤਾ ਸੀ ਕਿ ਇਸ ਦਾ ਪਾਰਕਰ ਸੋਲਰ ਪ੍ਰੋਬ, ਸੂਰਜ ਦੇ ਉੱਪਰਲੇ ਵਾਯੂਮੰਡਲ ਵਿੱਚੋਂ ਸਫਲਤਾਪੂਰਵਕ ਲੰਘਿਆ ਸੀ ਜਿਸ ਨੂੰ ‘ਕੋਰੋਨਾ’ (ਸੂਰਜ ਦੀ ਆਭਾ) ਕਹਿੰਦੇ ਹਨ। ਭਾਵੇਂ ਇਸ ਦਾ ਗਗਨਯਾਨ ਕਰੋੜਾਂ ਕਿਲੋਮੀਟਰ ਦੂਰ ਹੈ, ਫਿਰ ਵੀ ਅਮਰੀਕਾ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਪਹਿਲੀ ਵਾਰ ਸੂਰਜ ਦੇਵਤਾ ਨੂੰ ਛੋਹਿਆ ਸੀ। ਪਾਰਕਰ ਸੋਲਰ ਪ੍ਰੋਬ ਸੂਰਜ ਦੀ ਪਰਤ ਤੋਂ 65 ਲੱਖ ਕਿਲੋਮੀਟਰ ਦੇ ਘੇਰੇ ਵਿਚ ਜਾਣ ਦੇ ਸਮਰੱਥ ਸਮਝਿਆ ਜਾਂਦਾ ਹੈ। ‘ਸੌਰ ਮੰਡਲ’ ਵਿਚ ਸੂਰਜ ਨੂੰ ਮੁਖੀਆ ਸਮਝਿਆ ਜਾਂਦਾ ਹੈ ਜਿਸ ਦੇ ਹੁਕਮ ਵਿਚ ਬਾਕੀ ਤਾਰੇ ਚੱਲਦੇ ਹਨ। ਇਸ ਰਹੱਸ ਨੂੰ ਖੋਲ੍ਹਣ ਲਈ ਵੱਖ-ਵੱਖ ‘ਸੂਰਜ ਮਿਸ਼ਨ’ ਖੋਜ ਕਰ ਰਹੇ ਹਨ। ਨਾਸਾ ਦੇ ਪੁਲਾੜਯਾਨ ਨੇ ਸੂਰਜੀ ਆਭਾ ਪ੍ਰਣਾਲੀ ਅੰਦਰ ਪ੍ਰਵੇਸ਼ ਕਰ ਕੇ ਕਈ ਰਹੱਸ ਪਹਿਲਾਂ ਹੀ ਉਜਾਗਰ ਕਰ ਦਿੱਤੇ ਹਨ। ਆਦਿਤਿਆ ਐੱਲ-1 ਦੀ ਸਫਲ ਉਡਾਣ ਨਾਲ ਭਾਰਤ ਵੀ ਉਨ੍ਹਾਂ ਉਂਗਲਾਂ ’ਤੇ ਗਿਣੇ ਜਾਣ ਵਾਲੇ ਦੇਸ਼ਾਂ ਵਿਚ ਸ਼ੁਮਾਰ ਹੋ ਗਿਆ ਹੈ ਜਿਨ੍ਹਾਂ ਨੇ ‘ਸੋਲਰ ਵਿੰਡ’ ਦੀਆਂ ਗੁੱਝੀਆਂ ਰਮਜ਼ਾਂ ਨੂੰ ਸਮਝਣ ਲਈ ਹੰਭਲਾ ਮਾਰਿਆ ਹੈ। ਦੂਜੀ ਆਲਮੀ ਜੰਗ ਤੋਂ ਬਾਅਦ ਅਮਰੀਕਾ ਤੇ ਰੂਸ ਦਰਮਿਆਨ ਪੁਲਾੜ ’ਤੇ ਸਰਦਾਰੀ ਕਾਇਮ ਕਰਨ ਲਈ ਸੀਤ ਯੁੱਧ ਚੱਲਿਆ ਸੀ। ਅਮਰੀਕਾ ਦੇ ਪੁਲਾੜ ਯਾਤਰੀ ਨੀਲ ਆਰਮਸਟਰੌਂਗ ਨੇ ਜਦੋਂ 1969 ਵਿਚ ਚੰਦਰਮਾ ’ਤੇ ਪਹਿਲਾ ਕਦਮ ਰੱਖ ਕੇ ਸੁਨਹਿਰੀ ਇਤਿਹਾਸ ਰਚਿਆ ਸੀ ਤਾਂ ਪੁਲਾੜ ’ਤੇ ਕਬਜ਼ਾ ਕਰਨ ਦੀ ਜੰਗ ਹੋਰ ਤੇਜ਼ ਹੋ ਗਈ ਸੀ। ਚੰਦਰਮਾ ਤੋਂ ਬਾਅਦ ਮੰਗਲ ਅਤੇ ਸੂਰਜ ’ਤੇ ਨਜ਼ਰਾਂ ਟਿਕ ਗਈਆਂ। ‘ਸੂਰਜ ਮਿਸ਼ਨ’ ਦੀ ਸਫਲਤਾ ਨਾਲ ਸੂਰਜ ’ਚੋਂ ਉੱਠਦੇ ਅਗਨਿ-ਤੂਫ਼ਾਨਾਂ, ਮੌਸਮ ਦੀਆਂ ਤਬਦੀਲੀਆਂ ਆਦਿ ਨੂੰ ਸਮਝਣ ਵਿਚ ਵੀ ਮਦਦ ਮਿਲੇਗੀ। ਨਾਸਾ ਨਾਲ ਫ਼ਿਲਹਾਲ ਮੁਕਾਬਲਾ ਕਰਨ ਦੇ ਦਾਅਵੇ ਠੀਕ ਨਹੀਂ ਲੱਗਦੇ, ਫਿਰ ਵੀ ਚੰਦਰਯਾਨ-3 ਤੋਂ ਬਾਅਦ ਆਦਿਤਿਆ ਐੱਲ-1 ਦੀ ਸਫਲਤਾ ਵਿਗਿਆਨ ਦੀ ਦੁਨੀਆ ਵਿਚ ਮਾਣਮੱਤਾ ਮੀਲ ਪੱਥਰ ਹੀ ਸਮਝੀ ਜਾਵੇਗੀ। ਸੂਰਜ ਦਾ ਡਾਇਆਮੀਟਰ ਧਰਤੀ ਤੋਂ 109 ਗੁਣਾ ਵੱਧ ਹੈ ਤੇ ਇਸ ਦੇ ਤੇਜ਼-ਤਪ ਨੂੰ ਛੂਹਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ। ਧਰਤੀ ਦੇ ਮੁਕਾਬਲੇ ਸੂਰਜ ਦਾ ਵਜ਼ਨ ਤਿੰਨ ਲੱਖ ਤੇਤੀ ਹਜ਼ਾਰ ਗੁਣਾ ਵੱਧ ਹੈ। ਅਣਗਿਣਤ ਧਰਤੀਆਂ ਸੂਰਜ ਵਿਚ ਸਮਾ ਸਕਦੀਆਂ ਹਨ। ਕਰੋੜਾਂ ਮੀਲ ਦੂਰ ਧਰਤੀ ਤੋਂ ਵੀ ਸੂਰਜ ਨੂੰ ਟਿਕਟਿਕੀ ਲਾ ਕੇ ਦੇਖਣਾ ਮੁਸ਼ਕਲ ਹੈ। ਆਦਿਤਿਆ ਐੱਲ-1 ਦੇ ਅਤਿ-ਆਧੁਨਿਕ ਕੈਮਰਿਆਂ ਰਾਹੀਂ ਬਿਨਾਂ ‘ਅੱਖ ਝਪਕਿਆਂ’ ਸੂਰਜ ਦੇ ਆਭਾ ਮੰਡਲ ਨੂੰ ਤੱਕਿਆ ਜਾ ਸਕੇਗਾ। ਆਦਿਤਿਆ ਦੇ ਸ਼ਾਬਦਿਕ ਅਰਥ ਵੀ ‘ਸੂਰਜ ਦਾ ਦੇਵਤਾ’, ਰਵੀ ਅਤੇ ਆਫ਼ਤਾਬ ਹਨ। ਮਘਦੀਆਂ ਗੈਸਾਂ ਦਾ ਇਹ ਗੋਲਾ ਧਰਤੀ ’ਤੇ ਜੀਵਨ ਦਾ ਸਭ ਤੋਂ ਵੱਡਾ ਸਰੋਤ ਹੈ। ਰਿੱਗਵੇਦ ਵਿਚ ਤਿੰਨ ਦੇਵਤਿਆਂ, ਸੂਰਜ, ਅਗਨੀ ਤੇ ਇੰਦਰ ਦੀ ਸਭ ਤੋਂ ਵੱਧ ਮਹਿਮਾ/ਉਸਤਤ ਕੀਤੀ ਗਈ ਹੈ। ਮਿਥਿਹਾਸ ਵਿਚ ਸੂਰਜ ਨੂੰ ਵਿਰਾਟ ਮਹਾਪੁਰਸ਼ ਦਾ ਨੇਤਰ ਵੀ ਕਿਹਾ ਜਾਂਦਾ ਹੈ ਜੋ ਧਰਤੀ ਦੇ ਹਰ ਸ਼ਖ਼ਸ ਦੇ ਚੰਗੇ-ਮੰਦੇ ਕਰਮਾਂ ਦਾ ਇੰਦਰਾਜ ਆਪਣੀ ਵਹੀ ਵਿਚ ਕਰਦਾ ਹੈ। ਇਸ ਨੂੰ ਅਦਿਤੀ ਦੇ 12 ਪੁੱਤਰਾਂ ’ਚੋਂ ਇਕ ਮੰਨਿਆ ਜਾਂਦਾ ਹੈ। ਮਿਥਿਹਾਸ ਅਨੁਸਾਰ ਸੂਰਜ ਦੇਵਤਾ ਆਪਣੇ ਰੱਥ ’ਤੇ ਸਵਾਰ ਹੋ ਕੇ ਅੰਧਕਾਰ ਰੂਪੀ ਰਾਕਸ਼ ਦਾ ਪਿੱਛਾ ਕਰਦਾ ਰਹਿੰਦਾ ਹੈ। ਸੂਰਜ ਗ੍ਰਹਿਣ ਨਾਲ ਵੀ ਕਈ ਮਿੱਥਾਂ ਜੁੜੀਆਂ ਹੋਈਆਂ ਹਨ। ਧਰਤੀ ਸੂਰਜ ਦੁਆਲੇ ਪਰਿਕਰਮਾ ਕਰਦੀ ਹੈ ਤਾਂ ਰੁੱਤਾਂ ਬਦਲਦੀਆਂ ਹਨ। ਸੂਰਜ ਦੇਵਤਾ ਦੀ ਕਰੋਪੀ ਨਾਲ ਕਹਿਰ ਵਰਤਦਾ ਹੈ। ਜਲਦੀਆਂ-ਬਲਦੀਆਂ ਗੈਸਾਂ ਦਾ ਇਹ ਗੋਲਾ ਮੁੱਢ-ਕਦੀਮ ਤੋਂ ਮਨੁੱਖ ਨਾਲ ਅੱਖ-ਮਚੋਲੀ ਕਰਦਾ ਆ ਰਿਹਾ ਹੈ। ਇਸੇ ਲਈ ਮਨੁੱਖ ਨੇ ਇਸ ਨੂੰ ਹਨੇਰਾ ਦੂਰ ਕਰ ਕੇ ਰੋਸ਼ਨੀ ਵੰਡਣ ਵਾਲਾ ਦੇਵਤਾ ਮਿੱਥ ਲਿਆ ਸੀ। ਸੂਰਜ ਨੂੰ ਨਮਸਕਾਰ ਕਰਨ ਦੀ ਪ੍ਰਥਾ ਵੀ ਇਸੇ ’ਚੋਂ ਨਿਕਲੀ ਮੰਨੀ ਜਾਂਦੀ ਹੈ। ਆਦਿਤਿਆ ਐੱਲ-1 ਨੂੰ ਲਾਂਚ ਕਰਨ ਵਾਲੇ ਵਿਗਿਆਨੀਆਂ ਨੂੰ ਵਿਸ਼ਵਾਸ ਹੈ ਕਿ ਇਸ ਮਿਸ਼ਨ ਨਾਲ ਕਈ ਰੂੜੀਵਾਦੀ ਮਿੱਥਾਂ ਟੁੱਟਣਗੀਆਂ। ਉਨ੍ਹਾਂ ਨੂੰ ਉਮੀਦ ਹੈ ਕਿ ਨਵਾਂ ਡਾਟਾ ਸੌਰ ਮੰਡਲ, ਖ਼ਾਸ ਤੌਰ ’ਤੇ ਸੂਰਜ ਦੀ ਹੋਂਦ ਨੂੰ ਸਮਝਣ ਵਿਚ ਸਹਾਈ ਹੋਵੇਗਾ। ਇਹ ਉਨ੍ਹਾਂ ਕਾਰਨਾਂ ਨੂੰ ਸਮਝਣ ਵਿਚ ਵੀ ਸਹਾਈ ਹੋਵੇਗਾ ਜੋ ਕੋਰੋਨਾ ਦੇ ਬੇਹੱਦ ਗਰਮ ਹੋਣ ਲਈ ਜ਼ਿੰਮੇਵਾਰ ਹਨ। ਅਰਬਾਂ ਸਾਲਾਂ ਦੀ ਅਉਧ ਹੰਢਾ ਚੁੱਕੇ ਹਾਈਡ੍ਰੋਜਨ ਅਤੇ ਹੀਲੀਅਮ ਨਾਲ ਬਣੇ ਅੱਗ ਦੇ ਗੋਲੇ ਵੱਲ ਭਾਵੇਂ ਸਾਡੇ ਵਿਗਿਆਨੀਆਂ ਨੇ ਸਫ਼ਰ ਦਾ ਆਰੰਭ ਕੀਤਾ ਹੈ ਪਰ ਇਸ ਤੱਕ ਪੁੱਜਣ ਦਾ ਅਜੇ ਸੁਪਨਾ ਲੈਣਾ ਵੀ ਮੁਸ਼ਕਲ ਹੈ। ਚੰਦਰਮਾ ’ਤੇ ਕਦਮ ਰੱਖਣ ਤੋਂ ਬਾਅਦ ਜਿਵੇਂ ਮਨੁੱਖ ਦੀ ਸਮਝ ਸਾਣ ’ਤੇ ਲੱਗੀ ਹੈ ਤਿਵੇਂ ਸੂਰਜ ਦੀ ਕੁੰਡਲੀ ਵੀ ਪੜ੍ਹੇ ਜਾਣ ਦੇ ਆਸਾਰ ਬਣੇ ਹਨ। ਇਸ ਦੇ ਬਾਵਜੂਦ ਦੋਨੇ ‘ਤਾਰੇ’ ਜ਼ਿੰਦਗੀ ਦੀ ਧੜਕਣ ਬਣੇ ਰਹਿਣਗੇ। ਧਰਤੀ ’ਤੇ ‘ਜਦ ਤਕ ਸੂਰਜ, ਚਾਂਦ ਰਹੇਗਾ...’ ਜਿਹੇ ਨਾਅਰੇ ਲੱਗਦੇ ਰਹਿਣਗੇ। ਵਿਗਿਆਨੀਆਂ ਦੀਆਂ ਖੋਜਾਂ ਜੋ ਮਰਜ਼ੀ ਕਹਿਣ, ਸ਼ਾਇਰਾਂ ਦੇ ਦਿਲਾਂ ਨੂੰ ਇਹ ਸਦਾ ਟੁੰਬਦੇ ਰਹਿਣਗੇ। ਸ਼ਕੀਲ ਦੀ ਕਲਮ ’ਚੋਂ ਨਿਕਲਿਆ ਤੇ ਮੁਹੰਮਦ ਰਫ਼ੀ ਦਾ ਗਾਇਆ ਗੀਤ ‘‘ਚੌਧਵੀਂ ਕਾ ਚਾਂਦ ਹੋ ਜਾਂ ਆਫ਼ਤਾਬ ਹੋ, ਜੋ ਵੀ ਹੋ ਤੁਮ ਖ਼ੁਦਾ ਕੀ ਕਸਮ ਲਾਜਵਾਬ ਹੋ’ ਕਦੇ ਵੀ ਅਰਥਹੀਣ ਨਹੀਂ ਹੋਵੇਗਾ।