ਵਕਤ ਦੀ ਨਜ਼ਾਕਤ (ਪੰਜਾਬੀ ਜਾਗਰਣ –– 10th September, 2023)
ਵਰਿੰਦਰ ਵਾਲੀਆ
ਦਿੱਲੀ ਵਿਖੇ ਆਯੋਜਿਤ ਜੀ-20 ਦੇ ਮਹਾਕੁੰਭ ਵਿਚ ਹੋਣ ਵਾਲੇ ਮਹਾਮੰਥਨ ਤੋਂ ਪਹਿਲਾਂ ਮੇਜ਼ਬਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੂੰ ਉੱਥੇ ਪ੍ਰਦਰਸ਼ਿਤ ਵਿਸ਼ਾਲ ਕਲਾਕਿ੍ਰਤੀ ‘ਮਹਾਕਾਲਚੱਕਰ’ ਦਾ ਮਹਾਤਮ ਸਮਝਾ ਰਹੇ ਸਨ ਤਾਂ ਸਭ ਦੀ ਨਜ਼ਰ ਇਸ ’ਤੇ ਜਾ ਟਿਕੀ ਸੀ। ਉੱਥੇ ਹਾਜ਼ਰ ਵੱਖ-ਵੱਖ ਦੇਸ਼ਾਂ ਦੇ ਮੁਖੀ ਅਤੇ ਅੰਤਰਰਾਸ਼ਟਰੀ ਮੀਡੀਆ ਕਰਮੀ ਇਸ ਅਦਭੁੱਤ ਚੱਕਰ ਦਾ ਰਹੱਸ ਜਾਣਨ ਲਈ ਉਤਸੁਕ ਹੋ ਗਏ। ਉਨ੍ਹਾਂ ਨੂੰ ਦੱਸਿਆ ਗਿਆ ਕਿ ਇਹ ਓਡੀਸ਼ਾ ਸਥਿਤ ਸੂਰਜ ਮੰਦਰ (ਕੋਨਾਰਕ) ਵਿਚ ਬਣੇ ਮਹਾਕਾਲ ਦਾ ਰੈਪਲੀਕਾ ਹੈ ਜੋ ਸਮੇਂ ਨੂੰ ਦਰਸਾਉਂਦਾ ਹੈ।
ਤੇਰ੍ਹਵੀਂ ਸਦੀ ਵਿਚ ਕਾਲਿੰਗਾ (ਓਡੀਸ਼ਾ) ਸ਼ੈਲੀ ਵਿਚ ਬਣੇ ਇਸ ਖ਼ੂਬਸੂਰਤ ਮੰਦਰ ਨੂੰ ਯੂਨੈਸਕੋ ਨੇ 1984 ਵਿਚ ਵਰਲਡ ਹੈਰੀਟੇਜ ਸਾਈਟ ਐਲਾਨਿਆ ਸੀ। ਸੰਸਕ੍ਰਿਤ ਦੇ ‘ਕੋਨਾ’ (ਨੁੱਕਰ) ਤੇ ‘ਅਰਕ’ (ਸੂਰਜ) ਤੋਂ ਬਣੇ ਸ਼ਬਦ ਤੋਂ ਭਾਵ ‘ਸੂਰਜ ਮੰਦਰ’ ਹੈ ਜੋ ਰੱਥ ਦੀ ਨਿਆਈਂ ਸ਼ਰਧਾਲੂਆਂ ਦਾ ਧਿਆਨ ਆਕਰਸ਼ਿਤ ਕਰਦਾ ਹੈ। ਲਾਲ ਰੇਤਲੇ ਪੱਥਰ ਅਤੇ ਕਾਲੇ ਗ੍ਰੇਨਾਈਟ ਪੱਥਰਾਂ ’ਤੇ ਕੀਤੀ ਗਈ ਨਕਾਸ਼ੀ ਸਭ ਨੂੰ ਹੈਰਾਨ ਕਰ ਦਿੰਦੀ ਹੈ। ਰੱਥ-ਨੁਮਾ ਬਣੇ ਮੰਦਰ ਨੂੰ ਜਿਵੇਂ ਸੱਤ ਘੋੜੇ ਖਿੱਚ ਰਹੇ ਹਨ। ਛੱਬੀ ਏਕੜ ਵਿਚ ਬਣੇ ਮੰਦਰ ਦਾ ਨਿਰਮਾਣ ਗੰਗ ਵੰਸ਼ ਦੇ ਰਾਜਾ ਨਰਸਿੰਹਦੇਵ ਨੇ 1236 ਤੋਂ 1264 ਈਸਵੀ ਤੱਕ ਕਰਵਾਇਆ ਸੀ। ਗੰਗ ਦੇ ਵੰਸ਼ਜਾਂ ਨੇ ਲਗਪਗ 1000 ਸਾਲ ਰਾਜ ਕੀਤਾ ਸੀ। ਘੜੀ-ਨੁਮਾ ਚੱਕਰ ਵਿਚ ਅੱਠ ਪਹਿਰ (24 ਘੰਟਿਆਂ) ਨੂੰ ਅੱਠ ਸਪੋਕਸ ਵਿਚ ਦਰਸਾਇਆ ਗਿਆ ਹੈ। ਹਰੇਕ ਸਪੋਕ ਤਿੰਨ ਘੰਟਿਆਂ ਦਾ ਹੈ। ਇਹ ਆਕਾਰ ਤਿਰੰਗੇ ਵਿਚ ਵੀ ਮੌਜੂਦ ਹੈ। ਇਹ ਭਾਰਤ ਦਾ ਆਰਕੀਟੈਕਚਰਲ ਅਜੂਬਾ ਹੈ ਜਿਸ ਦੇ ਦਰਸ਼ਨ ਕਰਨ ਲਈ ਦੁਨੀਆ ਭਰ ਤੋਂ ਸੈਲਾਨੀ ਆਉਂਦੇ ਹਨ। ਇਹ ਕਾਲ ਚੱਕਰ ਇਸ ਗੱਲ ਦੀ ਸ਼ਾਹਦੀ ਭਰਦਾ ਹੈ ਕਿ ਸਮਾਂ ਗਤੀਸ਼ੀਲ ਹੈ। ਕਦੇ ਰੁਕਦਾ ਨਹੀਂ। ਆਧੁਨਿਕ ਪੰਜਾਬੀ ਕਾਵਿ ਦੇ ਮੋਢੀ ਭਾਈ ਵੀਰ ਸਿੰਘ ਨੇ ਵੀ ਮਾਰਤੰਡ (ਸੂਰਜ) ਮੰਦਰਾਂ ਬਾਰੇ ਕੁਝ ਭਾਵਪੂਰਤ ਕਵਿਤਾਵਾਂ ਰਚੀਆਂ ਹਨ। ‘ਮੰਦਰ ਮਾਰਤੰਡ ਦੇ ਖੰਡਰ’ ਕਵਿਤਾ ਵਿਚ ਉਹ ਲਿਖਦੇ ਹਨ, ‘ਮਾਰ ਪਈ ਜਦ ਮਾਰਤੰਡ ਨੂੰ, ਪੱਥਰ ਰੋ ਕੁਰਲਾਣੇ/ਪੱਥਰ ਤੋੜੇਂ? ਦਿਲ ਪਏ ਟੁੱਟਦੇ। ਦਿਲ ਕਾਬਾ-ਰਬਾਣੇ।’ ਕੋਨਾਰਕ ਦੇ ਸੂਰਜ ਮੰਦਰ ਨੂੰ ਵੀ ਕਈ ਵਾਰ ਜੁੱਗਗਰਦੀ ਦਾ ਸ਼ਿਕਾਰ ਹੋਣਾ ਪਿਆ ਸੀ। ਮੁਗ਼ਲ ਧਾੜਵੀਆਂ ਨੇ ਵੀ ਇਤਿਹਾਸਕ ਮੰਦਰਾਂ ਦੀ ਭੰਨ-ਤੋੜ ਕਰ ਕੇ ਉੱਥੇ ਮਸਜਿਦਾਂ ਉਸਾਰ ਲਈਆਂ ਸਨ। ਸਮਾਂ ਰੁਕਦਾ ਨਹੀਂ। ਅੱਜ ਜੀ-20 ਸਿਖ਼ਰ ਸੰਮੇਲਨ ਭਾਰਤ ਵਿਚ ਹੋਇਆ ਹੈ ਤੇ ਅਗਲੇ ਸਾਲ ਬ੍ਰਾਜ਼ੀਲ ਵਿਚ ਹੋਵੇਗਾ। ਇਸ ਤਰ੍ਹਾਂ ਸਮਾਂ ਰੁਕੇਗਾ ਨਹੀਂ। ਜਿਸ ਕਿਸੇ ਨੇ ਸਮੇਂ ਦੀ ਨਬਜ਼ ਤੇ ਰਮਜ਼ ਨੂੰ ਸਮਝ ਲਿਆ, ਉਹ ਤਰ ਜਾਂਦਾ ਹੈ। ਸਮੇਂ ਦੀ ਨਜ਼ਾਕਤ ਨੂੰ ਸਮਝ ਕੇ ਲਏ ਗਏ ਫ਼ੈਸਲੇ ਦੁਨੀਆ ਦਾ ਮੁਹਾਂਦਰਾ ਬਦਲ ਸਕਦੇ ਹਨ। ਸਮੇਂ ਦੀ ਰਮਜ਼ ਨਾ ਸਮਝਣ ਵਾਲੇ ਚੰਦ ਮੁਲਕਾਂ ਦੇ ਰਾਸ਼ਟਰ ਮੁਖੀ ਤੀਜੀ ਵਿਸ਼ਵ ਜੰਗ ਦਾ ਸਬੱਬ ਬਣ ਸਕਦੇ ਹਨ। ਭਾਈ ਵੀਰ ਸਿੰਘ ਦੀ ਇਕ ਹੋਰ ਨਜ਼ਮ, ‘ਰਹੀ ਵਾਸਤੇ ਘੱਤ ਸਮੇਂ ਨੇ ਇਕ ਨਾ ਮੰਨੀ/ ਫੜ ਫੜ ਰਹੀ ਧਰੀਕ, ਸਮੇਂ ਖਿਸਕਾਈ ਕੰਨੀ’ ਸਮੇਂ ਦੀ ਗਤੀਸ਼ੀਲਤਾ ਨੂੰ ਦਰਸਾਉਂਦੀ ਹੈ। ਕੋਨਾਰਕ ਦਾ ਮੰਦਰ ਜਗਨਨਾਥ ਪੁਰੀ ਤੋਂ ਲਗਪਗ 35 ਕਿਲੋਮੀਟਰ ਦੂਰ ਹੈ ਜਿੱਥੇ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਪਹਿਲੀ ਉਦਾਸੀ ਵੇਲੇ ‘ਆਰਤੀ’ ਉਚਾਰੀ ਸੀ। ਭਾਈ ਮਰਦਾਨਾ ਵੀ ਉਨ੍ਹਾਂ ਦੇ ਨਾਲ ਸੀ। ਗੁਰੂ ਨਾਨਕ ਆਰਤੀ ਨੂੰ ਥਾਲ ’ਚੋਂ ਕੱਢ ਕੇ ਬ੍ਰਹਿਮੰਡ ਵਿਚ ਲੈ ਗਏ ਸਨ ਜਿੱਥੇ ਸੂਰਜ, ਚੰਦ-ਤਾਰੇ ਤੇ ਹੋਰ ਸਿਆਰੇ ਹਰ ਪਲ, ਹਰ ਘੜੀ ਆਰਤੀ ਉਤਾਰ ਰਹੇ ਹਨ, ‘ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ...।’ ‘ਜਗਤ ਜਲੰਦੇ’ ਨੂੰ ਠਾਰਨ ਵਾਲੀ ਗੁਰਬਾਣੀ ਸਰਬੱਤ ਦੇ ਭਲੇ ਦੀ ਅਰਦਾਸ ਦੀ ਬਾਤ ਕਰਦੀ ਹੈ। ਸਾਰੀ ਮਨੁੱਖਤਾ ਨੂੰ ਰੱਬ ਦੀ ਜਾਤ ਸਮਝਦੀ ਹੈ। ਓਡੀਸ਼ਾ ਦੀ ਸਰਜ਼ਮੀਨ ਤੋਂ ਸਮੁੱਚੀ ਮਨੁੱਖਤਾ ਦੇ ਕਲਿਆਣ ਦੀ ਗੱਲ ਕਹੀ ਗਈ ਸੀ। ਪੰਜਾਬੀ ਅਧਿਆਤਮਕ ਸਾਹਿਤ ਵਿਚ ਇਸ ਧਰਤੀ ਨੂੰ ਹਸਰਤ ਭਰੀਆਂ ਨਿਗਾਹਾਂ ਨਾਲ ਵੇਖਿਆ ਜਾਂਦਾ ਹੈ। ਪੰਜਾਬੀ ਦੇ ਮਹਿਬੂਬ ਕਵੀ ਸੁਰਜੀਤ ਪਾਤਰ ਦੀ ਵਾਰਤਕ ਪੁਸਤਕ ‘ਸੂਰਜ ਮੰਦਿਰ ਦੀਆਂ ਪੌੜੀਆਂ’ ਨੂੰ ਵੀ ਇਸ ਮਿੱਥ ਵਜੋਂ ਲਿਆ ਗਿਆ ਜਾਪਦਾ ਹੈ। ‘ਭਾਰਤ ਮੰਡਪਮ’ ਵਿਚ ਨਟਰਾਜ ਦੀ 18 ਟਨ ਅਸ਼ਟਧਾਤ (ਅੱਠ ਧਾਤਾਂ) ਦੀ ਬਣੀ ਮੂਰਤੀ ਵੀ ਵਿਦੇਸ਼ੀ ਮਹਿਮਾਨਾਂ ਦਾ ਧਿਆਨ ਖਿੱਚਦੀ ਹੈ। ਨਟਰਾਜ ਦਰਅਸਲ, ਭਗਵਾਨ ਸ਼ਿਵ ਵੱਲੋਂ ਸਿ੍ਰਸ਼ਟੀ ਦੇ ਵਿਨਾਸ਼ ਸਮੇਂ ਕੀਤਾ ਗਿਆ ਬ੍ਰਹਮ ਨਾਚ (ਤਾਂਡਵ) ਹੈ। ਇਹ ਬ੍ਰਹਿਮੰਡ ਦੇ ਮੰਗਲਮਈ ਕਾਰਜ ਜਾਂ ਵਿਸ਼ਵ ਦੇ ਉਦਾਰ ਲਈ ਕੀਤਾ ਗਿਆ ਨਾਚ ਹੈ। ਸਤਾਈ ਫੁੱਟ ਉੱਚੀ ਨਟਰਾਜ ਦੀ ਪ੍ਰਤਿਮਾ ਨੂੰ ਤਾਮਿਲਨਾਡੂ ਦੇ ਸਵਾਮੀ ਦੇ ਮੂਰਤੀਕਾਰ ਰਾਧਾਕ੍ਰਿਸ਼ਣਨ ਨੇ ਬਣਾਇਆ ਹੈ। ਜੀ-20 ਸਿਖ਼ਰ ਸੰਮੇਲਨ ਦਾ ਥੀਮ ‘ਵਸੁਧੈਵ ਕੁਟੁੰਬਕਮ’ (ਇਕ ਧਰਤੀ, ਇਕ ਪਰਿਵਾਰ, ਇਕ ਭਵਿੱਖ) ਰੱਖਿਆ ਗਿਆ ਹੈ। ਜੀ-20 ਸਿਖ਼ਰ ਸੰਮੇਲਨ ਵਿਚ ਦੋ ਤਿਹਾਈ ਦੇਸ਼ਾਂ ਨੂੰ ਸ਼ਾਮਲ ਕੀਤਾ ਗਿਆ ਹੈ ਜਿਨ੍ਹਾਂ ਕੋਲ ਦੁਨੀਆ ਦੀ 85 ਫ਼ੀਸਦੀ ਜੀਡੀਪੀ ਹੈ। ਅਫ਼ਰੀਕਨ ਯੂਨੀਅਨ ਨੂੰ ਸ਼ਾਮਲ ਕਰ ਕੇ ਹੁਣ ਇਹ ‘ਜੀ-21’ ਬਣ ਗਿਆ ਹੈ। ਹਾਸ਼ੀਆਗਤ ਮੁਲਕਾਂ ਨੂੰ ਅਜੇ ਇਸ ਗੁੱਟ ਵਿਚ ਸ਼ਾਮਲ ਨਹੀਂ ਕੀਤਾ ਗਿਆ। ਇਸ ਗੁੱਟਬੰਦੀ ਦਾ ਆਧਾਰ 1973ਵਿਆਂ ਦੀ ਵਿਸ਼ਵ ਆਰਥਿਕ ਮੰਦੀ ਸੀ ਜਿਸ ਨੇ ਹਾਹਾਕਾਰ ਮਚਾ ਦਿੱਤੀ ਸੀ। ਅਰਬ ਦੇਸ਼ਾਂ ਨੇ ਉਨ੍ਹਾਂ ਸਾਰੇ ਪੱਛਮੀ ਦੇਸ਼ਾਂ ਨੂੰ ਤੇਲ ਦੇਣਾ ਬੰਦ ਕਰ ਦਿੱਤਾ ਸੀ ਜੋ ਇਜ਼ਰਾਈਲ ਦੇ ਹੱਕ ਵਿਚ ਭੁਗਤ ਰਹੇ ਸਨ। ਇਸ ਤਰ੍ਹਾਂ ਨਵੇਂ ਸਮੀਕਰਨ ਹੋਂਦ ਵਿਚ ਆਏ ਸਨ। ਸੰਨ 1929-30 ਦੇ ‘ਗ੍ਰੇਟ ਡਿਪਰੈਸ਼ਨ’ ਤੋਂ ਬਾਅਦ ਲੜਖੜਾਈ ਵਿਸ਼ਵ ਆਰਥਿਕਤਾ ਨੇ ਵਿਕਸਤ ਦੇਸ਼ਾਂ ਨੂੰ ਸਕਤੇ ’ਚ ਪਾ ਦਿੱਤਾ ਸੀ। ਅਮਰੀਕਾ ਨੇ ਸੱਤ ਦੇਸ਼ਾਂ ਦੇ ਰਾਸ਼ਟਰ ਮੁਖੀਆਂ ਨੂੰ ਇਕੱਠੇ ਕਰ ਕੇ ‘ਜੀ-7’ ਪੱਛਮੀ ਦੇਸ਼ਾਂ ਦਾ ਗੁੱਟ ਬਣਾਇਆ ਸੀ। ਵਿਕਾਸਸ਼ੀਲ ਦੇਸ਼ਾਂ ਨੂੰ ਇਸ ’ਚੋਂ ਬਾਹਰ ਰੱਖਿਆ ਗਿਆ ਸੀ। ਆਰਥਿਕ ਬੈਰੀਅਰਾਂ ਨੂੰ ਤੋੜ ਕੇ ਪੱਛਮੀ ਦੇਸ਼ਾਂ ਨੇ ਵਿਕਾਸ ਦੀਆਂ ਕਈ ਪੁਲਾਂਘਾਂ ਪੁੱਟੀਆਂ ਸਨ। ਵੀਹਵੀਂ ਸਦੀ ਦੇ ਅੰਤ ਵਿਚ ਇਨ੍ਹਾਂ ਦੇਸ਼ਾਂ ਨੂੰ ਮਹਿਸੂਸ ਹੋਇਆ ਕਿ ਵਿਕਾਸਸ਼ੀਲ ਦੇਸ਼ਾਂ ਨਾਲ ਪਰਸਪਰ ਸਬੰਧਾਂ ਨਾਲ ਹੀ ਵਿਕਾਸ ਦੀਆਂ ਬੁਲੰਦੀਆਂ ਛੂਹੀਆਂ ਜਾ ਸਕਦੀਆਂ ਹਨ। ਹੁਣ ਜੀ-21 ਦੇਸ਼ਾਂ ਵਿਚ ਅਫ਼ਰੀਕਨ ਯੂਨੀਅਨ, ਯੂਰਪੀਅਨ ਯੂਨੀਅਨ, ਅਰਜਨਟੀਨਾ, ਆਸਟ੍ਰੇਲੀਆ, ਬ੍ਰਾਜ਼ੀਲ, ਕੈਨੇਡਾ, ਚੀਨ, ਫਰਾਂਸ, ਜਰਮਨੀ, ਭਾਰਤ, ਇੰਡੋਨੇਸ਼ੀਆ, ਇਟਲੀ, ਜਾਪਾਨ, ਦੱਖਣੀ ਕੋਰੀਆ, ਮੈਕਸੀਕੋ, ਰੂਸ ਅਤੇ ਸਾਊਦੀ ਅਰਬ ਸ਼ਾਮਲ ਹਨ। ਇਸ ਸਿਖ਼ਰ ਸੰਮੇਲਨ ’ਚ ਵਿਸ਼ਵ ਬੈਂਕ, ਵਿਸ਼ਵ ਮੁਦਰਾ ਸੰਗਠਨ, ਸੰਯੁਕਤ ਰਾਸ਼ਟਰ ਅਤੇ ਹੋਰ ਆਲਮੀ ਅਦਾਰਿਆਂ ਦੇ ਨੁਮਾਇੰਦੇ ਵੀ ਸ਼ਾਮਲ ਹੁੰਦੇ ਹਨ। ਇਸ ਸੰਮੇਲਨ ਵਿਚ ਗੁਆਂਢੀ ਮੁਲਕ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਆਪਣੇ ਪ੍ਰਧਾਨ ਮੰਤਰੀ ਨੂੰ ਭੇਜਿਆ ਹੈ। ਯੂਕਰੇਨ ਜੰਗ ਵਿਚ ਬੁਰੀ ਤਰ੍ਹਾਂ ਫਸੇ ਰੂਸ ਦੇ ਰਾਸ਼ਟਰਪਤੀ ਪੁਤਿਨ ਨੇ ਵੀ ਸਿਖ਼ਰ ਸੰਮੇਲਨ ਤੋਂ ਕਿਨਾਰਾ ਕੀਤਾ ਹੈ। ਖੱਬੇ-ਪੱਖੀ ਦੋਨੋ ਮੁਲਕਾਂ ਦੇ ਰਾਸ਼ਟਰ ਮੁਖੀਆਂ ਵੱਲੋਂ ਸਿਖ਼ਰ ਸੰਮੇਲਨ ਤੋਂ ਕਿਨਾਰਾ ਕਰਨ ਨਾਲ ਇਸ ਦਾ ਰੰਗ ਥੋੜ੍ਹਾ ਫਿੱਕਾ ਜ਼ਰੂਰ ਹੋਇਆ ਹੈ। ਇਸ ਦੇ ਬਾਵਜੂਦ ਦੋਨੋ ਮੁਲਕ ਅਲੱਗ-ਥਲੱਗ ਹੁੰਦੇ ਵੀ ਨਜ਼ਰੀਂ ਆਏ। ਚੀਨ ਆਪਣੀਆਂ ਵਿਸਥਾਰਵਾਦੀ ਨੀਤੀਆਂ ਕਰਕੇ ਬਦਨਾਮ ਹੈ। ਪਿੱਛੇ ਜਿਹੇ ਇਸ ਨੇ ਆਪਣੇ ਮੁਲਕ ਦਾ ਨਕਸ਼ਾ ਛਾਪ ਕੇ ਭਾਰਤ ਦੇ ਅਰੁਣਾਚਲ ਪ੍ਰਦੇਸ਼ ਅਤੇ ਆਪਣੇ ਵੱਲੋਂ ਪਹਿਲਾਂ ਹੀ ਹਥਿਆਏ ਅਕਸਾਈ ਚਿਨ ਨੂੰ ਆਪਣੇ ਵਿਚ ਸ਼ਾਮਲ ਕਰ ਕੇ ਭਾਰਤ ਨੂੰ ਨਾਰਾਜ਼ ਕੀਤਾ ਸੀ। ਇਸ ਤੋਂ ਇਲਾਵਾ ਚੀਨ ਕਈ ਹੋਰ ਮੁਲਕਾਂ ਦੇ ਜਲ ਅਤੇ ਥਲ ਖੇਤਰਾਂ ਨੂੰ ਆਪਣੇ ਵਿਚ ਦਰਸਾ ਕੇ ਵਿਸ਼ਵ ਪੱਧਰ ’ਤੇ ਆਲੋਚਨਾ ਦਾ ਪਾਤਰ ਬਣਿਆ ਹੋਇਆ ਹੈ। ਚੀਨ ਅਤੇ ਰੂਸ ਦੇ ਰਾਸ਼ਟਰਪਤੀ ਸਿਖ਼ਰ ਸੰਮੇਲਨ ਵਿਚ ਆਉਂਦੇ ਤਾਂ ਇਹ ਪੂਰੇ ਵਿਸ਼ਵ ਲਈ ਸ਼ੁਭ ਸ਼ਗਨ ਹੋਣਾ ਸੀ। ਚੀਨ ਅਤੇ ਰੂਸ ਵੱਲੋਂ ਵਿਸ਼ਵ ਪਿੰਡ ਦੇ ਲਾਲਡੋਰੇ ’ਚੋਂ ਬਾਹਰ ਰਹਿਣਾ ਮਨੁੱਖਤਾ ਦਾ ਭਲਾ ਨਹੀਂ ਹੈ। ਚਾਹੀਦਾ ਤਾਂ ਇਹ ਹੈ ਕਿ ਆਰਥਿਕ ਪੱਖੋਂ ਕਮਜ਼ੋਰ ਮੁਲਕਾਂ ਨੂੰ ਵੀ ਅਜਿਹੇ ਸਿਖ਼ਰ ਸੰਮੇਲਨਾਂ ਵਿਚ ਸ਼ਾਮਲ ਕਰ ਲਿਆ ਜਾਵੇ ਤਾਂ ਜੋ ਸਾਰੀ ਲੋਕਾਈ ਵਿਸ਼ਵ ਪਿੰਡ ਦਾ ਹਿੱਸਾ ਬਣੇ। ਸਾਂਝੇ ਸਾਹ ਅਤੇ ਸਾਂਝੇ ਹਉਕੇ ਲੈ ਕੇ ਹੀ ਇਕ-ਦੂਜੇ ਦਾ ਦੁੱਖ-ਸੁੱਖ ਵੰਡਾਇਆ ਜਾ ਸਕਦਾ ਹੈ। ਅਜਿਹਾ ਸੰਭਵ ਹੋ ਜਾਵੇ ਤਾਂ ਵਿਸ਼ਵ ਪਿੰਡ ਕਿਸੇ ਸਵਰਗ ਤੋਂ ਘੱਟ ਨਹੀਂ ਹੋਵੇਗਾ।