VARINDER WALIA

ਹਰਮਨਪਿਆਰਾ ਕਾਲਮ –– ਹਰਫ਼ ਹਮੇਸ਼ / POPULAR COLUMN -- HARPH HAMESH

ਕਿਛੁ ਸੁਣੀਐ ਕਿਛੁ ਕਹੀਐ-1 (ਪੰਜਾਬੀ ਜਾਗਰਣ –– 17th September, 2023)

ਵਰਿੰਦਰ ਵਾਲੀਆ

ਚਿਸ਼ਤੀ ਸਿਲਸਿਲੇ ਦੇ ਮਹਾਨ ਸੂਫ਼ੀ-ਸੰਤ ਤੇ ਪੰਜਾਬੀ ਦੇ ਆਦਿ ਕਵੀ ਬਾਬਾ ਸ਼ੇਖ਼ ਫ਼ਰੀਦ (1173-1266) ਦੀ ਇਲਾਹੀ ਬਾਣੀ ਨਾਲ ਧਰਮ ਨਿਰਪੱਖਤਾ ਦੀ ਨੀਂਹ ਰੱਖੀ ਗਈ ਜਿਸ ’ਤੇ ਸਾਡੀ ਮਾਂ-ਬੋਲੀ ਦਾ ਬਹੁ-ਵਿਧਾਵੀ ਸਾਹਿਤ ਟਿਕਿਆ ਹੋਇਆ ਹੈ। ਸਾਢੇ ਤਿੰਨ ਸਦੀਆਂ ਬਾਅਦ ਉਨ੍ਹਾਂ ਦੀ ਬਾਣੀ ਨੂੰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ (1604) ਵਿਚ ਥਾਂ ਮਿਲਣਾ ਆਪਣੇ-ਆਪ ਵਿਚ ਅਨੂਠੀ ਮਿਸਾਲ ਸੀ। ਇਹ ਮੂਲਵਾਦ ਤੇ ਕੱਟੜਵਾਦ ਦਾ ਸਮਾਂ ਸੀ। ਇਸਲਾਮ ਦਾ ਬੋਲਬਾਲਾ ਹੋਣ ਕਰਕੇ ਗ਼ੈਰ-ਮੁਸਲਮਾਨਾਂ ਨੂੰ ਕਾਫ਼ਰ ਕਿਹਾ ਜਾਂਦਾ ਸੀ।

ਪੰਚਿਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਅੰਮ੍ਰਿਤਸਰ ਵਿਖੇ ਗੁਰਦੁਆਰਾ ਰਾਮਸਰ ਦੇ ਰਮਣੀਕ ਅਸਥਾਨ ’ਤੇ ਜਦੋਂ ਭਾਈ ਗੁਰਦਾਸ ਜੀ ਕੋਲੋਂ ਪਾਵਨ ਬੀੜ ਲਿਖਵਾਈ ਤਾਂ ਇਸ ਵਿਚ ਬ੍ਰਾਹਮਣ ਬਾਣੀਕਾਰਾਂ ਤੋਂ ਇਲਾਵਾ ਦੂਜੀਆਂ ਜਾਤਾਂ ਦੇ ਭਗਤਾਂ ਦੀ ਬਾਣੀ ਨੂੰ ਵੀ ਸ਼ਾਮਲ ਕੀਤਾ ਗਿਆ। ਸੂਫ਼ੀ ਕਾਵਿ ਤੋਂ ਬਾਅਦ ਕਿੱਸਾਕਾਰਾਂ ਨੇ ਵੀ ਪੰਜਾਬੀਅਤ ਨੂੰ ਬਰਕਰਾਰ ਰੱਖਿਆ। ਪੰਜ ਦਰਿਆਵਾਂ ਦੀ ਧਰਤੀ ਨੂੰ ‘ਦੇਸ ਪੰਜਾਬ’ ਕਿਹਾ ਜਾਂਦਾ। ਜੰਗਲ ਬੇਲਿਆਂ, ਬਾਰਾਂ ਤੇ ਝਨਾਅ ਦੀਆਂ ਪ੍ਰੀਤ ਕਹਾਣੀਆਂ ਨੇ ਪੰਜਾਬੀ ਸਾਹਿਤ ਵਿਚ ਚਾਸ਼ਨੀ ਘੋਲ ਦਿੱਤੀ। ਮਹਾਰਾਜਾ ਰਣਜੀਤ ਸਿੰਘ ਦੇ ‘ਸਿੱਖ ਰਾਜ’ ਵਿਚ ਹਿੰਦੂ, ਮੁਸਲਿਮ ਤੇ ਦੂਜੇ ਫ਼ਿਰਕਿਆਂ ਨੂੰ ਬਰਾਬਰ ਦਾ ਸਤਿਕਾਰ ਮਿਲਦਾ ਸੀ।

ਮਹਾਰਾਜਾ ਰਣਜੀਤ ਸਿੰਘ ਦੇ ਅੱਖਾਂ ਮੀਟਣ ਤੋਂ ਬਾਅਦ ਹੋਈ ਬੁਰਛਾਗਰਦੀ ਤੇ ਖਾਨਾਜੰਗੀ ਕਾਰਨ ਪੰਜਾਬ ਦੀ ਅੰਗਰੇਜ਼ਾਂ ਹੱਥੋਂ ਹੋਈ ਹਾਰ ’ਤੇ ਮੁਸਲਮਾਨ ਕਿੱਸਾਕਾਰ ਸ਼ਾਹ ਮੁਹੰਮਦ ਕੀਰਨੇ ਪਾਉਂਦਾ ਹੈ। ਪ੍ਰੋ. ਪੂਰਨ ਸਿੰਘ ਕਹਿੰਦਾ ਹੈ, ‘ ਪੰਜਾਬ ਨਾ ਹਿੰਦੂ ਨਾ ਮੁਸਲਮਾਨ/ਪੰਜਾਬ ਜੀਂਦਾ ਗੁਰਾਂ ਦੇ ਨਾਂ ’ਤੇ।’ ਪੰਜਾਬੀਅਤ ਨੂੰ ਖੇਰੂੰ-ਖੇਰੂੰ ਕਰਨ ਲਈ ਗੋਰਿਆਂ ਨੇ ਪੰਜਾਬ ਦੀ ਜਰਖ਼ੇਜ਼ ਧਰਤੀ ’ਤੇ ਸੇਹ ਦਾ ਤੱਕਲਾ ਗੱਡਿਆ। ‘ਪਾੜੋ ਤੇ ਰਾਜ ਕਰੋ’ ਦੀ ਬਦਨੀਤੀ ਨੇ ਪੰਜਾਬੀ ਭਾਈਚਾਰੇ ਨੂੰ ਤਾਰ-ਤਾਰ ਕਰਨਾ ਸ਼ੁਰੂ ਕਰ ਦਿੱਤਾ ਸੀ। ਪੰਜਾਬੀ ਸੂਬੇ ਦੀ ਲਹਿਰ ਤੋਂ ਪਹਿਲਾਂ ਇਕ ਫ਼ਿਰਕੇ ਵੱਲੋਂ ਮਾਂ-ਬੋਲੀ ਤੋਂ ਕਿਨਾਰਾ ਕਰਨ ਨਾਲ ਪੰਜਾਬੀਅਤ ’ਤੇ ਹਰਫ਼ ਆਇਆ ਸੀ। ਰੈੱਡਕਲਿੱਫ ਲਾਈਨ ਨੇ ਧਰਤੀ ਤੋਂ ਇਲਾਵਾ ਪੰਜਾਬ ਦੇ ਦਰਿਆ ਵੰਡ ਦਿੱਤੇ। ਸ਼ਰਧਾ ਦੇ ਧਾਮ ਲਹਿੰਦੇ ਤੇ ਚੜ੍ਹਦੇ ਪੰਜਾਬ ਵਿਚ ਵੰਡੇ ਗਏ। ਇਸ ਸਭ ਦੇ ਬਾਵਜੂਦ ਮਾਂ-ਬੋਲੀ ਦੀ ਸਾਂਝ ਬਰਕਰਾਰ ਰਹੀ।

ਵਾਹਗਾ-ਅਟਾਰੀ ਦੇ ਆਰ-ਪਾਰ ਦੇ ਵਿੱਦਿਅਕ ਅਦਾਰਿਆਂ ਵਿਚ ਸੂਫ਼ੀ-ਕਾਵਿ, ਕਿੱਸਾ ਕਾਵਿ ਜਾਂ ਅਧਿਆਤਮਕ ਸਾਹਿਤ ਨੂੰ ਇੱਕੋ ਜਿਹਾ ਮਾਣ ਮਿਲਦਾ ਹੈ। ਕਾਲੇ ਦੌਰ ਦੌਰਾਨ ਜਦੋਂ ਪੰਜਾਬ ਦੇ ਦੋ ਮੁੱਖ ਫ਼ਿਰਕਿਆਂ ਦੇ ਰਿਸ਼ਤਿਆਂ ਵਿਚ ਤਰੇੜਾਂ ਵੇਖਣ ਨੂੰ ਮਿਲੀਆਂ ਤਾਂ ਵਾਰਿਸ ਸ਼ਾਹ ਤੇ ਸ਼ਿਵ ਕੁਮਾਰ ਬਟਾਲਵੀ ਮਸ਼ਰਕੀ ਤੇ ਮਗ਼ਰਬੀ ਪੰਜਾਬਾਂ ਦੇ ਸਾਂਝੇ ਪ੍ਰਤੀਕ ਵਜੋਂ ਯਾਦ ਕੀਤੇ ਜਾਣ ਲੱਗੇ। ਸੁਰਜੀਤ ਪਾਤਰ ਨੇ ਉਸ ਤੇਜ਼ਾਬੀ ਮਾਹੌਲ ਦਾ ਵਰਣਨ ਕਰਦਿਆਂ ਚਿਤਾਵਨੀ ਦਿੱਤੀ, ‘‘ਓਦੋਂ ਵਾਰਿਸ ਸ਼ਾਹ ਨੂੰ ਵੰਡਿਆ ਸੀ, ਹੁਣ ਸ਼ਿਵ ਕੁਮਾਰ ਦੀ ਵਾਰੀ ਹੈ/ਉਹ ਜ਼ਖ਼ਮ ਤੁਹਾਨੂੰ ਭੁੱਲ ਵੀ ਗਏ, ਨਵਿਆਂ ਦੀ ਜੋ ਫਿਰ ਤਿਆਰੀ ਹੈ।’’ ਸ਼ਿਵ ਕੁਮਾਰ ਨੂੰ ਬਹੁਤੇ ਪੰਜਾਬੀ ‘ਬਿਰਹਾ ਦਾ ਸੁਲਤਾਨ’ ਦੇ ਤੌਰ ’ਤੇ ਯਾਦ ਕਰਦੇ ਹਨ। ਹਿਜਰ ਤੋਂ ਇਲਾਵਾ ਸ਼ਿਵ ਨੇ ਦੇਸ਼ ਪ੍ਰੇਮ, ਪਰਿਵਾਰ ਨਿਯੋਜਨ ਅਤੇ ਧਾਰਮਿਕ-ਸਮਾਜਿਕ ਵਿਸ਼ਿਆਂ ’ਤੇ ਵੀ ਕਲਮ ਅਜ਼ਮਾਈ ਸੀ ਜਿਨ੍ਹਾਂ ਨੂੰ ਬਹੁਤਾ ਗੌਲਿਆ ਨਹੀਂ ਗਿਆ।

ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੰਜ ਸੌ ਸਾਲਾ (1969) ਅਵਤਾਰ ਪੁਰਬ ’ਤੇ ਬਣੇ ‘ਜਗਿ ਚਾਨਣੁ ਹੋਆ’ ਰੋਸ਼ਨੀ ਤੇ ਆਵਾਜ਼ ਪ੍ਰੋਗਰਾਮ ਦੀ ਸਕ੍ਰਿਪਟ ਮਸ਼ਹੂਰ ਨਾਟਕਕਾਰ ਬਲਵੰਤ ਗਾਰਗੀ ਤੇ ਗੀਤ ਸ਼ਿਵ ਕੁਮਾਰ ਬਟਾਲਵੀ ਦੇ ਲਿਖੇ ਹੋਏ ਸਨ। ਇਸ ਪ੍ਰੋਗਰਾਮ ਨੂੰ ਸਮੁੱਚੇ ਪੰਜਾਬੀ ਜਗਤ ਨੇ ਬੇਹੱਦ ਹੁੰਗਾਰਾ ਦਿੱਤਾ ਸੀ। ਇਹੀ ਸ਼ਰਧਾ ‘ਨਾਨਕ ਨਾਮ ਜਹਾਜ਼’ ਨਾਲ ਜੁੜੀ ਸੀ। ਕਈ ਨਾਨਕ ਨਾਮਲੇਵਾ ਤਾਂ ਸਿਨੇਮਾਘਰਾਂ ਦੇ ਬਾਹਰ ਜੋੜੇ ਲਾਹ ਕੇ ਇਹ ਫਿਲਮ ਦੇਖਣ ਜਾਂਦੇ ਸਨ। ਬੀਬੀਆਂ ਦੇ ਸਿਰ ਚੰਗੀ ਤਰ੍ਹਾਂ ਦੁਪੱਟਿਆਂ ਨਾਲ ਢੱਕੇ ਹੁੰਦੇ। ਹਰਿਮੰਦਰ ਸਾਹਿਬ ਵਿਚ ਹੁੰਦੇ ਕੀਰਤਨ ਦਾ ਦ੍ਰਿਸ਼ ਆਉਂਦਾ ਤਾਂ ਕਈ ਦਰਸ਼ਕ ਪਰਦੇ ਵੱਲ ਸਿੱਕੇ ਸੁੱਟਦੇ ਵੀ ਨਜ਼ਰੀਂ ਆਉਂਦੇ।

ਮਹਾਨ ਐਕਟਰ ਪਿ੍ਰਥਵੀ ਰਾਜ ਕਪੂਰ, ਵੀਨਾ ਕੁਮਾਰੀ, ਆਈਐੱਸ ਜੌਹਰ ਤੇ ਡੇਵਿਡ ਆਦਿ ਕਲਾਕਾਰ ਪ੍ਰਪੱਕ ਗੁਰਸਿੱਖ ਹੋਣ ਦਾ ਭੁਲੇਖਾ ਪਾਉਂਦੇ ਸਨ। ਪੰਜਾਬੀਆਂ ਦੀ ਸ਼ਕਤੀ ਨੂੰ ਤਕਸੀਮ ਕਰਨ ਲਈ ਗੋਂਦਾਂ ਗੁੰਦੀਆਂ ਜਾਣ ਲੱਗੀਆਂ। ਕਲਾਕਾਰਾਂ, ਫਨਕਾਰਾਂ ਤੇ ਸਾਹਿਤਕਾਰਾਂ ਨੂੰ ਰੰਗਦਾਰ ਐਨਕਾਂ ਰਾਹੀਂ ਦੇਖਣ ਦੀਆਂ ਹੁਣ ਫਿਰ ਚਾਲਾਂ ਚੱਲੀਆਂ ਜਾ ਰਹੀਆਂ ਹਨ। ਇਨ੍ਹਾਂ ਸਾਜ਼ਿਸ਼ਘਾੜਿਆਂ ਦੀ ਮਾਰ ਸੱਤ ਸਮੁੰਦਰ ਪਾਰ ਵੀ ਪੈ ਰਹੀ ਹੈ। ਪੰਜਾਬੀਆਂ ਨੂੰ ਵੰਡਣ ਵਿਚ ਖ਼ੁਫ਼ੀਆ ਏਜੰਸੀਆਂ ਦੀ ਭੂਮਿਕਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਮੰਦੜੀ ਖੇਡ ਵਿਚ ਕਈ ਸਿਰਫਿਰੇ ਵੀ ਸ਼ਾਮਲ ਹੁੰਦੇ ਹਨ ਜਿਨ੍ਹਾਂ ਨੂੰ ਭਰਮ ਹੁੰਦਾ ਹੈ ਕਿ ਅਜਿਹਾ ਕਰ ਕੇ ਉਹ ਪਤਾ ਨਹੀਂ ਆਪਣੇ ਧਰਮ ਦੀ ਬਹੁਤ ਵੱਡੀ ਸੇਵਾ ਕਰ ਰਹੇ ਹਨ।

ਕੁਝ ਦਿਨ ਪਹਿਲਾਂ ਨਿਊਯਾਰਕ ਦੇ ‘ਸਿੱਖ ਕਲਚਰਲ ਸੁਸਾਇਟੀ’ ਦੇ ਗੁਰੂਘਰ ਵਿਚ ਵਾਪਰੀ ਮੰਦਭਾਗੀ ਘਟਨਾ ਨੂੰ ਅਜਿਹੀਆਂ ਸਾਜ਼ਿਸ਼ਾਂ ਦੀ ਕੜੀ ਵਜੋਂ ਹੀ ਵੇਖਿਆ ਜਾ ਰਿਹਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਉਤਸਵ ਤੋਂ ਪਹਿਲਾਂ ਉਪਰੋਕਤ ਗੁਰਧਾਮ ਵਿਚ ਲੱਗੀ ਪੁਸਤਕ ਪ੍ਰਦਰਸ਼ਨੀ ਵੇਲੇ ਮਚਾਏ ਹੜਦੁੰਗ ਤੋਂ ਬਾਅਦ ਵਿਸ਼ਵ ਵਿਆਪੀ ਆਲੋਚਨਾ ਹੋ ਰਹੀ ਹੈ। ਛੋਟੀ ਉਮਰ ਦੇ ਬੱਚਿਆਂ ਨੂੰ ਭੜਕਾ ਕੇ ਗ਼ੈਰ-ਸਿੱਖ ਕਵੀਆਂ, ਸਾਹਿਤਕਾਰਾਂ ਦੀਆਂ ਕਿਤਾਬਾਂ ਵਗਾਹ-ਵਗਾਹ ਕੇ ਸੁੱਟੀਆਂ ਗਈਆਂ। ਇਹ ਕਿਤਾਬਾਂ ਸ਼ਿਵ ਕੁਮਾਰ ਬਟਾਲਵੀ, ਰਣਬੀਰ ਰਾਣਾ, ਦੇਬੀ ਮਖਸੂਸਪੁਰੀ ਅਤੇ ਬਾਬੂ ਰਜਬ ਅਲੀ ਆਦਿ ਦੀਆਂ ਰਚੀਆਂ ਹੋਈਆਂ ਸਨ।

ਬੁਰਛਾਗਰਦੀ ’ਤੇ ਉਤਰੇ ਅਲੂਏਂ ਮੁੰਡੇ ਕਹਿ ਰਹੇ ਸਨ ਕਿ ਗੁਰੂ ਘਰ ਵਿਚ ਇਨ੍ਹਾਂ ‘ਮੋਨੇ’ ਕਵੀਆਂ/ਲੇਖਕਾਂ ਦਾ ਕੀ ਕੰਮ? ਚੇਤਨਾ ਪ੍ਰਕਾਸ਼ਨ ਦੇ ਮਾਲਕ ਸਤੀਸ਼ ਗੁਲਾਟੀ ਅਤੇ ਮਸ਼ਹੂਰ ਪੱਤਰਕਾਰ ਤੇ ਲੇਖਕ ਬਲਦੇਵ ਸਿੰਘ ਗਰੇਵਾਲ ਨੇ ਉਨ੍ਹਾਂ ਨੂੰ ਸਮਝਾਉਣ ਦੀ ਬਥੇਰੀ ਕੋਸ਼ਿਸ਼ ਕੀਤੀ ਕਿ ਅਜਿਹੀ ਪੁਸਤਕ ਪ੍ਰਦਰਸ਼ਨੀ ਹਰ ਸਾਲ ਲੱਗਦੀ ਹੈ ਜਿੱਥੋਂ ਗੁਰਦੁਆਰਾ ਪ੍ਰਬੰਧਕਾਂ ਸਣੇ ਸਿੱਖ ਸੰਗਤ ਕਿਤਾਬਾਂ ਖ਼ਰੀਦਦੀ ਆਈ ਹੈ। ਅੱਲ੍ਹੜ ਮੁੰਡਿਆਂ ’ਤੇ ਕੋਈ ਤਰਕ ਕੰਮ ਨਹੀਂ ਸੀ ਆ ਰਿਹਾ। ਉਹ ਕੁਝ ਵੀ ਸੁਣਨ ਨੂੰ ਤਿਆਰ ਨਹੀਂ ਸਨ। ਜੇ ਉਨ੍ਹਾਂ ਨੇ ਬਾਬੇ ਨਾਨਕ ਦਾ ਮਹਾਵਾਕ, ‘‘ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ॥’’ ਪੜ੍ਹਿਆ ਹੁੰਦਾ ਤਾਂ ਉਨ੍ਹਾਂ ਨੇ ਕੁਝ ਵੀ ਕਹਿਣ ਤੋਂ ਪਹਿਲਾਂ ਕੁਝ ਸੁਣਨਾ ਸੀ। ਸਮਝਣਾ ਸੀ। ਬਾਬਾ ਨਾਨਕ ਤਾਂ ਕਲਮਕਾਰਾਂ ਦੇ ਬਲਿਹਾਰੇ ਜਾਂਦੇ ਹਨ ਜੋ ਸੱਚ ’ਤੇ ਪਹਿਰਾ ਦਿੰਦੇ ਹਨ, ‘‘ਧਨੁ ਲੇਖਾਰੀ ਨਾਨਕਾ ਜਿਨਿ ਨਾਮੁ ਲਿਖਾਇਆ ਸਚੁ॥’’ ਸੱਚਾਈ ਇਹ ਹੈ ਕਿ ਇਨ੍ਹਾਂ ਬੱਚਿਆਂ ਨੂੰ ਕਿਸੇ ਸਾਜ਼ਿਸ਼ ਤਹਿਤ ਭੜਕਾਇਆ ਗਿਆ ਸੀ। ਹੁੱਲੜਬਾਜ਼ ਤਾਂ ਵਾਰਿਸ਼ ਸ਼ਾਹ ਦੀ ‘ਹੀਰ’ ਉੱਤੇ ਵੀ ਇਤਰਾਜ਼ ਕਰ ਰਹੇ ਸਨ।

ਸਾਰੇ ਗ਼ੈਰ-ਸਿੱਖ ਲੇਖਕਾਂ ਨੂੰ ਇੱਕੋ ਛਾਬੇ ਵਿਚ ਤੋਲਿਆ ਜਾ ਰਿਹਾ ਸੀ। ਇਨ੍ਹਾਂ ਨੂੰ ਕੀ ਪਤਾ ਕਿ ਬਾਬਾ ਨਾਨਕ ਨੇ ਉਦਾਸੀਆਂ ਵੇਲੇ ਜਿੰਨੀ ਵੀ ਬਾਣੀ ਇਕੱਤਰ ਕੀਤੀ ਉਹ ਗ਼ੈਰ-ਸਿੱਖਾਂ ਦੀ ਹੀ ਸੀ ਜਿਨ੍ਹਾਂ ਨੂੰ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਕੀਤਾ ਸੀ। ਇਨ੍ਹਾਂ ਬਾਣੀਕਾਰਾਂ ਵਿਚ ਉਹ ਵੀ ਭਗਤ ਸ਼ਾਮਲ ਸਨ ਜਿਨ੍ਹਾਂ ਨੂੰ ਮੰਦਰਾਂ ਵਿਚ ਜਾਣ ਦੀ ਮਨਾਹੀ ਸੀ ਅਤੇ ਉਨ੍ਹਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਕਰ ਕੇ ਹਰਿਮੰਦਰ ’ਚ ਬਿਰਾਜਮਾਨ ਕਰ ਦਿੱਤਾ ਗਿਆ।

ਬਲਦੇਵ ਸਿੰਘ ਗਰੇਵਾਲ ਨੇ ਆਪਣੇ ਚਰਚਿਤ ਨਾਵਲ ‘ਇਕ ਹੋਰ ਪੁਲ ਸਰਾਤ’ ਵਿਚ ਇਸੇ ਗੁਰਧਾਮ ਦਾ ਖੁੱਲ੍ਹ ਕੇ ਜ਼ਿਕਰ ਕੀਤਾ ਹੈ। ਅਮਰੀਕਾ ਰਹਿੰਦੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਤੇ ਮਕਬੂਲ ਲੇਖਕ ਤਰਲੋਚਨ ਸਿੰਘ ਦੁਪਾਲਪੁਰ ਨੇ ਇਸ ਘਟਨਾ ਦੀ ਪੁਰਜ਼ੋਰ ਨਿਖੇਧੀ ਕਰਦਿਆਂ ਸਤੀਸ਼ ਗੁਲਾਟੀ ਕੋਲੋਂ ਫੇਸਬੁੱਕ ’ਤੇ ਮਾਫ਼ੀ ਮੰਗੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਭੁਲੱਕੜਾਂ ਨੂੰ ਕੋਈ ਪੁੱਛੇ ਕਿ ਉਹ ਇੰਦੂ ਭੂਸ਼ਨ ਬੈਨਰਜੀ, ਡਾ. ਗੋਕਲ ਚੰਦ ਨਾਰੰਗ, ਡਾ. ਹਰੀ ਰਾਮ ਗੁਪਤਾ, ਸਰ ਜਾਦੂ ਨਾਥ ਸਰਕਾਰ, ਧਨੀ ਰਾਮ ਚਾਤ੍ਰਿਕ ਤੇ ਗੀਤਾਂ ਦੇ ਬਾਦਸ਼ਾਹ ਨੰਦ ਲਾਲ ਨੂਰਪੁਰੀ ਵਰਗੇ ਲੇਖਕਾਂ ਦੀਆਂ ਕਿਤਾਬਾਂ ਦਾ ਵੀ ਵਿਰੋਧ ਕਰਨਗੇ? ‘ਬਾਬਾ ਤੇ ਮਰਦਾਨਾ’ ਸਿਰਲੇਖ ਵਾਲੀ ਨਜ਼ਮ ਪੜ੍ਹ ਕੇ ਸ਼ਿਵ ਦੀ ਕਲਮ ਨੂੰ ਸ਼ਾਇਦ ਉਹ ਜ਼ਰੂਰ ਸਲਾਮ ਕਰਨ : ‘‘ਬਾਬਾ ਤੇ ਮਰਦਾਨਾ ਨਿੱਤ ਫਿਰਦੇ ਦੇਸ ਬਦੇਸ/ਕਦੇ ਤਾਂ ਵਿਚ ਬਨਾਰਸ ਕਾਸ਼ੀ ਕਰਨ ਗੁਣੀ ਸੰਗ ਭੇਟ/ਕੱਛ ਮੁਸੱਲਾ ਹੱਥ ਵਿਚ ਗੀਤਾ ਅਜਬ ਫਕੀਰੀ ਭੇਸ/ਆ ਆ ਬੈਠਣ ਗੋਸ਼ਠ ਕਰਦੇ, ਪੀਰ, ਬ੍ਰਾਹਮਣ, ਸ਼ੇਖ/ਨਾ ਕੋਈ ਹਿੰਦੂ ਨਾ ਕੋਈ ਮੁਸਲਿਮ ਕਰਦਾ ਅਜਬ ਆਦੇਸ਼।’’