ਤੀਜੇ ਪੰਜਾਬ ਦਾ ਦੁਖਾਂਤ (ਪੰਜਾਬੀ ਜਾਗਰਣ –– 24th September, 2023)
ਵਰਿੰਦਰ ਵਾਲੀਆ
ਦੁਵੱਲੀ ਤਲਖ਼ ਤੁਰਸ਼ ਕਲਾਮੀ ਨੇ ਭਾਰਤ ਤੇ ਕੈਨੇਡਾ ਦੇ ਕਿਸੇ ਸਮੇਂ ਨਿੱਘੇ ਰਹੇ ਰਿਸ਼ਤਿਆਂ ’ਚ ਅੰਤਾਂ ਦੀ ਤਲਖ਼ੀ ਪੈਦਾ ਕੀਤੀ ਹੋਈ ਹੈ। ਇਕ-ਦੂਜੇ ਦੇ ਨਾਗਰਿਕਾਂ ਲਈ ਬੂਹੇ-ਬਾਰੀਆਂ ਭੇੜਨ ਤੋਂ ਬਾਅਦ ਹੁਣ ਰੌਸ਼ਨਦਾਨ ਵੀ ਬੰਦ ਕਰਨ ਦੀ ਨੌਬਤ ਆ ਰਹੀ ਹੈ। ਕੈਨੇਡਾ ਪੰਜਾਬੀਆਂ ਲਈ ਸੁਪਨਿਆਂ ਦਾ ਦੇਸ਼ ਹੈ। ਆਪਣੀ ਮਿੱਟੀ ਦਾ ਮੋਹ ਤਿਆਗ ਕੇ ਪੰਜਾਬੀ ਵਹੀਰਾਂ ਘੱਤੀ ਕੈਨੇਡਾ ਜਾਂਦੇ ਰਹੇ ਹਨ। ਮਗ਼ਰਬੀ ਤੇ ਮਸ਼ਰਕੀ ਪੰਜਾਬਾਂ ਤੋਂ ਬਾਅਦ ਕੈਨੇਡਾ ਨੂੰ ‘ਤੀਜਾ ਪੰਜਾਬ’ ਮੰਨਿਆ ਜਾਂਦਾ ਹੈ।
ਨਵੀਂ ਦਿੱਲੀ ਵਿਚ ਜੀ-20 ਸਿਖ਼ਰ ਸੰਮੇਲਨ ’ਚ ਸ਼ਿਰਕਤ ਕਰਨ ਮਗਰੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਖ਼ਾਲਿਸਤਾਨ ਪੱਖੀ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ’ਚ ‘ਭਾਰਤੀ ਏਜੰਟਾਂ’ ਦੀ ਸ਼ਮੂਲੀਅਤ ਹੋਣ ਦਾ ਸਿੱਧਾ ਇਲਜ਼ਾਮ ਲਗਾ ਕੇ ਸਨਸਨੀ ਫੈਲਾ ਦਿੱਤੀ ਸੀ। ਨਿੱਝਰ ਦਾ ਕਤਲ 18 ਜੂਨ ਨੂੰ ਬਿ੍ਰਟਿਸ਼ ਕੋਲੰਬੀਆ ਦੇ ਸਰੀ ਸਥਿਤ ਗੁਰਦੁਆਰੇ ਦੀ ਪਾਰਕਿੰਗ ’ਚ ਹੋਇਆ ਸੀ। ਠੋਸ ਸਬੂਤ ਪੇਸ਼ ਕੀਤੇ ਬਗ਼ੈਰ ਕੀਤੀ ਗਈ ਸਿੱਧੀ ਇਲਜ਼ਾਮ-ਤਰਾਸ਼ੀ ਤੋਂ ਇਲਾਵਾ ਭਾਰਤੀ ਡਿਪਲੋਮੈਟ ਨੂੰ ਕੈਨੇਡਾ ’ਚੋਂ ਨਿਕਲ ਜਾਣ ਦੇ ਹੁਕਮ ਨੇ ਬਲ਼ਦੀ ’ਤੇ ਤੇਲ ਪਾਉਣ ਦਾ ਕੰਮ ਕੀਤਾ। ਭਾਰਤ ਨੇ ਫੌਰੀ ਕਾਰਵਾਈ ਕਰਦਿਆਂ ਕੈਨੇਡਾ ਦੇ ਹਮ-ਰੁਤਬਾ ਡਿਪਲੋਮੈਟ ਨੂੰ ਪੰਜ ਦਿਨਾਂ ਦੇ ਅੰਦਰ ਦੇਸ਼ ਛੱਡ ਕੇ ਚਲੇ ਜਾਣ ਦਾ ਆਦੇਸ਼ ਦੇ ਦਿੱਤਾ। ਟਰੂਡੋ ਨੇ ਭਾਵੇਂ ਦੂਜੇ ਬਿਆਨ ਵਿਚ ਨਰਮੀ ਵਰਤਦਿਆਂ ਕਿਹਾ ਕਿ ਉਨ੍ਹਾਂ ਦਾ ਮਕਸਦ ਭਾਰਤ ਨੂੰ ਉਕਸਾਉਣਾ ਨਹੀਂ ਬਲਕਿ ਕੈਨੇਡੀਅਨ ਨਾਗਰਿਕ ਨਿੱਝਰ ਦੀ ਹੱਤਿਆ ਦੀ ਜਾਂਚ ਵਿਚ ਸਹਿਯੋਗ ਦੀ ਮੰਗ ਕਰਨਾ ਸੀ। ਬੋਲ ਤਾਂ ਕਮਾਨ ’ਚੋਂ ਨਿਕਲੇ ਤੀਰ ਵਾਂਗ ਹੁੰਦੇ ਹਨ ਜੋ ਕਦੇ ਵਾਪਸ ਨਹੀਂ ਆਉਂਦੇ। ‘ਤੋਲ ਮੋਲ ਕੇ ਬੋਲ’ ਦੇ ਮਹੱਤਵ ਨੂੰ ਸਮਝਣ ਵਾਲੇ ਨੇਤਾ ਅਜਿਹੇ ਸੰਵੇਦਨਸ਼ੀਲ ਮਾਮਲਿਆਂ ’ਚ ਕੂਟਨੀਤੀ ਦਾ ਸਹਾਰਾ ਲੈਂਦੇ ਹਨ। ਕੈਨੇਡਾ ਦੇ ਇਤਿਹਾਸ ’ਚ ਇਹ ਪਹਿਲੀ ਵਾਰ ਹੋਇਆ ਹੈ ਕਿ ਕੋਈ ਪ੍ਰਧਾਨ ਮੰਤਰੀ ਭਾਰਤ ਨਾਲ ਇਵੇਂ ਸਿੱਧਾ ਹੋਇਆ ਹੋਵੇ। ਦੋਨਾਂ ਦੇਸ਼ਾਂ ਵੱਲੋਂ ਇਕ-ਦੂਜੇ ਖ਼ਿਲਾਫ਼ ਬਿਆਨਬਾਜ਼ੀ ਜਾਰੀ ਹੈ। ਭਾਰਤ ਅਤੇ ਕੈਨੇਡਾ ਦੇ ਬੇਹੱਦ ਸੁਖਾਵੇਂ ਰਿਸ਼ਤੇ ਰਹੇ ਹਨ। ਪਿਛਲੇ ਚੰਦ ਸਾਲਾਂ ਤੋਂ ਰਿਸ਼ਤੇ ਤਾਰ-ਤਾਰ ਹੋਣੇ ਸ਼ੁਰੂ ਹੋ ਗਏ ਸਨ। ਸਾਕਾ ਨੀਲਾ ਤਾਰਾ ਤੋਂ ਬਾਅਦ ਵੱਡੀ ਗਿਣਤੀ ਵਿਚ ਸਿੱਖ ਨੌਜਵਾਨਾਂ ਨੇ ਕੈਨੇਡਾ ਦੀ ਸਰਜ਼ਮੀਨ ’ਤੇ ਸਿਆਸੀ ਸ਼ਰਨ ਲਈ ਸੀ। ਗੁਰਧਾਮਾਂ ਦੀਆਂ ਕੰਧਾਂ ’ਤੇ ਭਾਰਤ, ਖ਼ਾਸ ਤੌਰ ’ਤੇ ਪੰਜਾਬ ਦੇ ਕਈ ਪੁਲਿਸ ਅਫ਼ਸਰਾਂ ਤੇ ਸਿਆਸਤਦਾਨਾਂ ਦੀਆਂ ਹਿੱਟ ਲਿਸਟਾਂ ਲਿਖੀਆਂ ਹੋਈਆਂ ਹਨ। ਕਈ ਗੁਰਧਾਮਾਂ ਦੀਆਂ ਕੰਧਾਂ ’ਤੇ ਖ਼ਾਲਿਸਤਾਨ ਪੱਖੀ ਨਾਅਰੇ ਵੀ ਲਿਖੇ ਗਏ ਸਨ। ਇਸ ਦੇ ਬਾਵਜੂਦ ਵੱਡੀ ਗਿਣਤੀ ਵਿਚ ਭਾਰਤੀ, ਖ਼ਾਸ ਤੌਰ ’ਤੇ ਵਿਦਿਆਰਥੀ ਕੈਨੇਡਾ ਜਾ ਰਹੇ ਹਨ। ਇਹ ਵੀ ਸੱਚਾਈ ਹੈ ਕਿ ਭਾਰਤੀ ਮੂਲ ਦੇ ਬਹੁਤੇ ਲੋਕ ਮਿਹਨਤਕਸ਼ ਹਨ। ਦਿਨ-ਰਾਤ ਇਕ ਕਰ ਕੇ ਉਨ੍ਹਾਂ ਨੇ ਕੈਨੇਡਾ ਵਿਚ ਆਪਣੀਆਂ ਜੜ੍ਹਾਂ ਲਗਾਈਆਂ ਹਨ। ਇਕ ਸਮਾਂ ਸੀ ਜਦੋਂ ਭਾਰਤੀ ਲੋਕਾਂ ਨੂੰ ਨਸਲੀ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ ਸੀ। ਫਿਰ ਉਹ ਦਿਨ ਵੀ ਆਇਆ ਜਦੋਂ ਭਾਰਤੀਆਂ ਦਾ ਸਰਕਾਰੇ-ਦਰਬਾਰੇ ਬੋਲਬਾਲਾ ਹੋ ਗਿਆ। ਸੰਸਦ ਵਿਚ ਅਠਾਰਾਂ ਪੰਜਾਬੀਆਂ ਦਾ ਪਹੁੰਚਣਾ ਕੋਈ ਮਾਮੂਲੀ ਗੱਲ ਨਹੀਂ ਹੈ। ਕੈਨੇਡਾ ਦੀਆਂ ਕਈ ਸੀਟਾਂ ਅਜਿਹੀਆਂ ਹਨ ਜਿਨ੍ਹਾਂ ’ਤੇ ਪੰਜਾਬੀ ਜਿੱਤ-ਹਾਰ ਦਾ ਫ਼ੈਸਲਾ ਕਰਦੇ ਹਨ। ਹਰ ਪਾਰਟੀ ਚਾਹੁੰਦੀ ਹੈ ਕਿ ਪੰਜਾਬੀਆਂ ਨੂੰ ਖ਼ੁਸ਼ ਰੱਖਿਆ ਜਾਵੇ। ਬਦਕਿਸਮਤੀ ਇਹ ਹੈ ਕਿ ਪੰਜਾਬੀਆਂ ਨੇ ਜਿੱਥੇ ਨਾਮਣਾ ਖੱਟਿਆ, ਓਥੇ ਮੁੱਠੀ ਭਰ ਨੇ ਤਸਕਰੀ ਤੇ ਗੈਂਗਵਾਰ ਵਿਚ ਸ਼ਾਮਲ ਹੋ ਕੇ ਬਦਨਾਮੀ ਵੀ ਖੱਟੀ। ਤਸਕਰੀ ਤੇ ਗੈਂਗਵਾਰ ਵਿਚ ਕਈ ਪੰਜਾਬੀਆਂ ਦਾ ਖ਼ੂਨ ਡੁੱਲਿ੍ਹਆ ਹੈ। ਅਜਿਹੇ ਗ਼ੈਰ-ਸਮਾਜਿਕ ਅਨਸਰਾਂ ਨੇ ਅਮਨ-ਪਸੰਦ ਪੰਜਾਬੀਆਂ ਦੀ ਨੀਂਦ ਉਡਾ ਦਿੱਤੀ ਹੈ। ਪੰਜਾਬੀਆਂ ਦੀ ਬਹੁ-ਗਿਣਤੀ ਅੱਜ ਵੀ ਖ਼ਾਨਾਜੰਗੀ ਤੋਂ ਬੇਹੱਦ ਦੁਖੀ ਹੈ। ਪੰਜਾਬ ’ਚੋਂ ਵੱਡੀ ਗਿਣਤੀ ’ਚ ਗਏ ਵਿਦਿਆਰਥੀ ਤੇ ਉਨ੍ਹਾਂ ਦੇ ਮਾਪੇ ਵੀ ਇਸ ਵਰਤਾਰੇ ਤੋਂ ਦੁਖੀ ਹਨ। ਬਹੁਤੇ ਪੰਜਾਬੀਆਂ ਨੇ ਆਪਣੀਆਂ ਜ਼ਮੀਨਾਂ-ਜਾਇਦਾਦਾਂ ਵੇਚ ਕੇ ਆਪਣੇ ਬੱਚਿਆਂ ਨੂੰ ਕੈਨੇਡਾ ਭੇਜਿਆ ਹੋਇਆ ਹੈ। ਭਾਰਤ ਅਤੇ ਕੈਨੇਡਾ ਦੇ ਤਿੜਕੇ ਰਿਸ਼ਤੇ ਸਭ ਨੂੰ ਚਿੰਤਾਤੁਰ ਕਰ ਰਹੇ ਹਨ। ਜ਼ਹਿਰੀਲੀਆਂ ਤਕਰੀਰਾਂ ਪੰਜਾਬੀ ਭਾਈਚਾਰੇ ’ਚ ਧਰੁਵੀਕਰਨ ਪੈਦਾ ਕਰ ਰਹੀਆਂ ਹਨ। ਕੈਨੇਡਾ ਦੇ ਕਈ ਅਜਿਹੇ ਗੁਰਧਾਮ ਹਨ ਜਿਨ੍ਹਾਂ ਦੀ ਉਸਾਰੀ ਵਿਚ ਸਹਿਜਧਾਰੀਆਂ ਨੇ ਯੋਗਦਾਨ ਪਾਇਆ ਹੈ। ਗੁਰਦੁਆਰੇ ਹੋਣ ਜਾਂ ਮੰਦਰ, ਸਭ ਪੰਜਾਬੀਆਂ ਲਈ ਸਾਂਝੇ ਤੀਰਥ ਅਸਥਾਨ ਹਨ। ਪੰਜਾਬੀ ਲਿਖਾਰੀਆਂ ਦੀਆਂ ਅਣਗਿਣਤ ਸਾਹਿਤ ਸਭਾਵਾਂ ਹਨ ਜਿਨ੍ਹਾਂ ਵਿਚ ਹਿੰਦੂ, ਮੁਸਲਮਾਨ ਤੇ ਸਿੱਖ ਮੈਂਬਰ ਹਨ। ਕੈਨੇਡਾ ਅਜਿਹਾ ਦੇਸ਼ ਹੈ ਜਿੱਥੇ ਸਭ ਤੋਂ ਵੱਧ ਵਿਸ਼ਵ ਪੰਜਾਬੀ ਕਾਨਫਰੰਸਾਂ ਦਾ ਆਯੋਜਨ ਹੋਇਆ ਹੈ। ਹਵਾਈ ਅੱਡਿਆਂ ’ਤੇ ਉਤਰੋ ਤਾਂ ਗੁਰਮੁਖੀ ਵਿਚ ਲਿਖੇ ‘ਜੀ ਆਇਆਂ ਨੂੰ’ ਦੇ ਵੱਡੇ ਬੋਰਡ ਤੁਹਾਡਾ ਸਵਾਗਤ ਕਰਦੇ ਹਨ। ਪੰਜਾਬੀਆਂ ਵੱਲੋਂ ਕਰਵਾਏ ਜਾਂਦੇ ਸੱਭਿਆਚਾਰਕ ਮੇਲਿਆਂ ’ਚ ਪਾਕਿਸਤਾਨ, ਭਾਰਤ ਅਤੇ ਹੋਰਨਾਂ ਦੇਸ਼ਾਂ ’ਚੋਂ ਫਨਕਾਰ, ਕਲਾਕਾਰ ਤੇ ਕਲਮਕਾਰ ਆਪਣੇ ਫਨ ਦਾ ਮੁਜ਼ਾਹਰਾ ਕਰਨ ਆਉਂਦੇ ਹਨ। ਲਹਿੰਦੇ ਤੇ ਚੜ੍ਹਦੇ ’ਚ ਵੰਡਿਆ ਪੰਜਾਬ ਇਨ੍ਹਾਂ ਸੱਭਿਆਚਾਰਕ ਮੇਲਿਆਂ ’ਚ ਇਕੱਠਾ ਲੁੱਡੀਆਂ ਪਾਉਂਦਾ ਦਿਖਾਈ ਦਿੰਦਾ ਹੈ। ਦੇਸ਼ ਦੀ ਵੰਡ ਨੇ ਦਰਅਸਲ ਪੰਜਾਬ ਅਤੇ ਬੰਗਾਲ ਨੂੰ ਵੰਡਿਆ ਸੀ। ਪੰਜਾਬੀ ਸੂਬਾ ਬਣਿਆ ਤਾਂ ਪੰਜਾਬੀ ਫਿਰ ਵੰਡੇ ਗਏ। ਪੰਜਾਬੀਆਂ ਨੂੰ ਵੰਡਣ ਦੀਆਂ ਸਾਜ਼ਿਸ਼ਾਂ ਨਾ ਹੁੰਦੀਆਂ ਤਾਂ ਅੱਜ ਇਹ ਦੁਨੀਆ ਦੀ ਬੇਹੱਦ ਸ਼ਕਤੀਸ਼ਾਲੀ ਕੌਮ ਹੁੰਦੀ। ਪੰਜਾਬੀਆਂ ਦਾ ਸ਼ੁਰੂ ਤੋਂ ਇਹ ਖ਼ਾਸਾ ਰਿਹਾ ਹੈ ਕਿ ਉਨ੍ਹਾਂ ਨੂੰ ਫਿਰਕਾਪ੍ਰਸਤੀ ਦੀ ਛੇਤੀ ਕੀਤੇ ਪਾਣ ਨਹੀਂ ਚੜ੍ਹਦੀ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਇਸ ਦੀ ਸੁਨਹਿਰੀ ਉਦਾਹਰਨ ਹੈ। ਮਹਾਰਾਜੇ ਦੇ ਦਰਬਾਰ ’ਚ ਹਰ ਕੌਮ ਨੂੰ ਬਰਾਬਰ ਦੀ ਨੁਮਾਇੰਦਗੀ ਮਿਲੀ ਹੋਈ ਸੀ। ਜੰਗਨਾਮਾ ਸ਼ਾਹ ਮੁਹੰਮਦ ’ਚ ਕਵੀ ਲਿਖਦਾ ਹੈ, ‘ਰਾਜ਼ੀ ਬਹੁਤ ਰਹਿੰਦੇ ਮੁਸਲਮਾਨ ਹਿੰਦੂ, ਸਿਰ ਦੋਹਾਂ ’ਤੇ ਅਫ਼ਾਤ ਆਹੀ/ਸ਼ਾਹ ਮੁਹੰਮਦਾ ਵਿਚ ਪੰਜਾਬ ਦੇ ਜੀ, ਕਦੇ ਨਹੀਂ ਸੀ ਦੂਸਰੀ ਜ਼ਾਤ ਆਹੀ।’’ ਅੱਜ ਸੱਤ ਸਮੁੰਦਰ ਪਾਰ ਗਏ ਮਿਹਨਤਕਸ਼ ਪੰਜਾਬੀ ਇਕ-ਦੂਜੇ ਵਿਰੁੱਧ ਝੰਡਾ ਚੁੱਕੀ ਫਿਰਦੇ ਹਨ। ਸੇਹ ਦਾ ਤੱਕਲਾ ਗੱਡਣ ਵਾਲੇ ਕੱਛਾਂ ਵਜਾ ਰਹੇ ਹਨ। ਇਹ ਕੌਣ ਹਨ ਜੋ ਫ਼ਿਰਕਿਆਂ ਦਾ ਨਾਂ ਲੈ ਕੇ ਇਕ-ਦੂਜੇ ਨੂੰ ਕੈਨੇਡਾ ਦੀ ਧਰਤੀ ਛੱਡਣ ਲਈ ਲਲਕਾਰੇ ਮਾਰ ਰਹੇ ਹਨ? ਪੰਜਾਬੀਆਂ ਦਾ ਅਸਲ ਘਰ ਪੰਜਾਬ ਹੈ। ਪੰਜਾਬ ’ਚ ਵੀ ਜ਼ਹਿਰੀਲੀ ਆਬੋ-ਹਵਾ ਚੱਲ ਰਹੀ ਹੈ। ਹਮਸਾਏ ਇਕ-ਦੂਜੇ ਦੇ ਖ਼ੂਨ ਦੇ ਤ੍ਰਿਹਾਏ ਹੋ ਜਾਣ ਤਾਂ ਇਸ ਪਿੱਛੇ ਕੋਈ ਡੂੰਘੀ ਸਾਜ਼ਿਸ਼ ਹੋ ਸਕਦੀ ਹੈ। ਪੰਜਾਬੀਆਂ ਕੋਲ ਦਰਅਸਲ ਕੋਈ ਸਾਂਝਾ ਸਿਰਕੱਢ ਨੇਤਾ ਨਹੀਂ ਹੈ। ਭਾਰਤੀ ਪੰਜਾਬ ਉਨ੍ਹਾਂ ਦਾ ਪੇਕਾ ਘਰ ਹੈ। ਪੰਜਾਬ ’ਚ ਵੀ ਕੋਈ ਅਜਿਹਾ ਨਿਰ-ਵਿਵਾਦਤ ਨੇਤਾ ਨਹੀਂ ਜਿਸ ਦੀ ਆਲਮੀ ਪੱਧਰ ’ਤੇ ਮਾਨਤਾ ਹੋਵੇ। ਸਿੱਖਾਂ ਦੀ ਗੱਲ ਕੀਤੀ ਜਾਵੇ ਤਾਂ ਕੌਮ ਦੀਆਂ ਪੁਰਾਤਨ ਸੰਸਥਾਵਾਂ ਨੂੰ ਵੀ ਬੁਰੀ ਤਰ੍ਹਾਂ ਖੋਰਾ ਲੱਗ ਚੁੱਕਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਵੀ ਉਹ ਰੁਤਬਾ ਨਹੀਂ ਰਿਹਾ ਜਿਸ ਦੀ ਇਕ ਆਵਾਜ਼ ’ਤੇ ਸਮੁੱਚਾ ਪੰਥ ਇਕੱਠਾ ਹੋ ਜਾਇਆ ਕਰਦਾ ਸੀ। ਸ਼੍ਰੋਮਣੀ ਅਕਾਲੀ ਦਲ ਕਿਸੇ ਸਮੇਂ ਸਿੱਖ ਕੌਮ ਦੀ ਰਹਿਨੁਮਾਈ ਕਰਦਾ ਸੀ, ਉਸ ਦੀ ਸ਼ਕਤੀ ਵੀ ਖੇਰੂੰ-ਖੇਰੂੰ ਹੋ ਚੁੱਕੀ ਹੈ। ਅਜਿਹੀ ਸਥਿਤੀ ’ਚ ਕੌਮ ਦਾ ਮਾਰਗ-ਦਰਸ਼ਨ ਕਰਨ ਵਾਲਾ ਕੋਈ ਵੱਡਾ ਨੇਤਾ ਨਹੀਂ ਦਿਖਾਈ ਦੇ ਰਿਹਾ। ਕੈਨੇਡਾ ਵਿਚ ਜੋ ਖ਼ੂਨ-ਖ਼ਰਾਬਾ ਹੋ ਰਿਹਾ ਹੈ, ਉਸ ਨਾਲ ਨਜਿੱਠਣ ਲਈ ਸਿੱਖ ਲੀਡਰਸ਼ਿਪ ਦੀ ਮੱਧਮ ਆਵਾਜ਼ ਸਭ ਨੂੰ ਖੜਕਦੀ ਹੈ। ਜਵਾਨੀ ਜੇ ਕੁਰਾਹੇ ਪਵੇ ਤਾਂ ਉਸ ਨੂੰ ਸਿੱਧੇ ਰਾਹ ’ਤੇ ਲਿਆਉਣ ਲਈ ਆਵਾਜ਼ ਬੁਲੰਦ ਕਰਨੀ ਹੋਵੇਗੀ। ਪੰਜਾਬ ਤੇ ਪੰਜਾਬੀ ਕੌਮ ਨੇ ਪਹਿਲਾਂ ਹੀ ‘ਕਾਲੇ ਦੌਰ’ ਵਿਚ ਬਥੇਰਾ ਸੰਤਾਪ ਭੋਗ ਲਿਆ ਹੈ। ਫ਼ਿਰਕਾਪ੍ਰਸਤੀ ਦੇ ਰੰਗ ’ਚ ਰੰਗੀਆਂ ਤੱਤੀਆਂ ਤਕਰੀਰਾਂ ਭਾਈਚਾਰੇ ਨੂੰ ਤਹਿਸ-ਨਹਿਸ ਕਰ ਦੇਣਗੀਆਂ। ਪੰਜਾਬ ਦੇ ‘ਕਾਲੇ ਦੌਰ’ ਦੌਰਾਨ ਜੇ ਸਿੱਖ/ਪੰਜਾਬੀ ਲੀਡਰਸ਼ਿਪ ਨੇ ਸਾਹਸ ਦਿਖਾਇਆ ਹੁੰਦਾ ਤਾਂ ਪੰਜਾਬੀਆਂ ਨੂੰ ਅੱਜ ਦੇ ਤੇਜ਼ਾਬੀ ਮਾਹੌਲ ’ਚੋਂ ਨਾ ਲੰਘਣਾ ਪੈਂਦਾ। ਤੱਤੇ ਬੋਲ ਹੱਦਾਂ-ਸਰਹੱਦਾਂ ਤਾਂ ਕੀ, ਸੱਤ ਸਮੁੰਦਰ ਪਾਰ ਵੀ ਭਾਂਬੜ ਮਚਾ ਦਿੰਦੇ ਹਨ। ‘ਸਰਬੱਤ ਦਾ ਭਲਾ’ ਦੀ ਅਰਦਾਸ ਕਰਨ ਵਾਲੀ ਕੌਮ ਉਨ੍ਹਾਂ ਅਨਸਰਾਂ ਦੀ ਨਿਸ਼ਾਨਦੇਹੀ ਕਰੇ ਜੋ ਭਾਈਚਾਰੇ ’ਚ ਦਰਾੜਾਂ ਪੈਦਾ ਕਰ ਰਹੇ ਹਨ। ਸ਼ਾਲਾ! ਭਾਰਤ ਤੇ ਕੈਨੇਡਾ ਦੇ ਰਿਸ਼ਤਿਆਂ ’ਚ ਖਟਾਸ ਘਟੇ। ਦੋਵਾਂ ਦੇਸ਼ਾਂ ਦੇ ਨੇਤਾਵਾਂ ਨੂੰ ਵੀ ਚਾਹੀਦਾ ਹੈ ਕਿ ਉਹ ਕੂਟਨੀਤਕ ਪੱਧਰ ’ਤੇ ਮਸਲੇ ਨੂੰ ਨਜਿੱਠਣ। ਪੰਜਾਬ ਦੇ ਲੋਕ ਆਪਣੇ ਯਾਰਾਂ-ਮਿੱਤਰਾਂ ਤੇ ਸਾਕ-ਸਬੰਧੀਆਂ ਨੂੰ ਬਾਹਾਂ ਖੋਲ੍ਹ ਕੇ ਉਡੀਕ ਰਹੇ ਹਨ ਜੋ ਕੈਨੇਡਾ ਦੀ ਹੱਡ-ਚੀਰਵੀਂ ਸਰਦੀ ਵਾਲੇ ਮਹੀਨਿਆਂ ’ਚ ਆਪਣੇ ਪੇਕੇ ਘਰ ਗੇੜਾ ਮਾਰਨ ਆਉਂਦੇ ਹਨ।