VARINDER WALIA

ਹਰਮਨਪਿਆਰਾ ਕਾਲਮ –– ਹਰਫ਼ ਹਮੇਸ਼ / POPULAR COLUMN -- HARPH HAMESH

ਨਰਗਿਸ ਦੀ ਮਹਿਕ (ਪੰਜਾਬੀ ਜਾਗਰਣ –– 8th October, 2023)

ਵਰਿੰਦਰ ਵਾਲੀਆ

ਮਹਿਲਾਵਾਂ ਦੇ ਹੱਕ-ਹਕੂਕ ਲਈ ਜੇਹਾਦ ਛੇੜਨ ਵਾਲੀ ਜੇਲ੍ਹਬੰਦ ਈਰਾਨੀ ਕਾਰਕੁੰਨ ਤੇ ਜਾਂਬਾਜ਼ ਨਾਮਾਨਿਗਾਰ ਈਰਾਨੀ ਖ਼ਾਤੂਨ ਨਰਗਿਸ ਮੁਹੰਮਦੀ (51) ਨੂੰ 2023 ਦੇ ਵਿਸ਼ਵ ਸ਼ਾਂਤੀ ਨੋਬਲ ਪੁਰਸਕਾਰ ਲਈ ਚੁਣਨਾ ਨਾਰੀ ਸ਼ਕਤੀ ਨੂੰ ਸਲਾਮ ਕਰਨ ਵਾਂਗ ਹੈ। ਤੁੰਦ ਹਵਾਵਾਂ ਵਿਚ ਲਟਲਟ ਬਲਣ ਵਾਲੇ ਚਮੁਖੀਏ ਚਿਰਾਗ਼ ਵਾਂਗ ਨਰਗਿਸ ਨੇ ਹਕੂਮਤ ਦੇ ਹਰ ਅਗਨ-ਬਾਣ ਦਾ ਸਹਿਜਤਾ ਨਾਲ ਮੁਕਾਬਲਾ ਕੀਤਾ ਹੈ। ਹਕੂਮਤ ਨੇ ਭਾਵੇਂ ਉਸ ਨੂੰ 154 ਕੋੜੇ (ਕੋਰੜੇ) ਮਾਰਨ ਤੇ 31 ਸਾਲਾਂ ਤੱਕ ਜੇਲ੍ਹ ਦੀ ਸਜ਼ਾ ਦਿੱਤੀ ਫਿਰ ਵੀ ਉਹ ਅਡੋਲ ਰਹੀ। ਮੌਤ ਦੀ ਸਜ਼ਾ ਖ਼ਿਲਾਫ਼ ਝੰਡਾ ਚੁੱਕਣ ਵਾਲੀ ਇਸ ਮਹਿਲਾ ਨੇ ਪਿਛਲੇ ਅੱਠ ਸਾਲਾਂ ਤੋਂ ਫਰਾਂਸ ਵਿਚ ਰਹਿ ਰਹੇ ਆਪਣੇ ਬੱਚਿਆਂ ਨੂੰ ਵੀ ਨਹੀਂ ਤੱਕਿਆ। ਇਸ ਦੇ ਬਾਵਜੂਦ ਔਰਤਾਂ ਦੇ ਜਮਹੂਰੀ ਹੱਕਾਂ ਲਈ ਲੜਨ ਵਾਲੀ ਦਿਲ ਵਿਚ ਬਲ਼ਦੀ ਅੱਗ ਉਸ ਨੇ ਬੁਝਣ ਨਹੀਂ ਦਿੱਤੀ।

ਸਲਾਖਾਂ ਪਿੱਛੇ ਬੈਠੀ ਇਸ ਕ੍ਰਾਂਤੀਕਾਰੀ ਪੱਤਰਕਾਰ ਦੀ ਕਲਮ ਨਿਰੰਤਰ ਚੱਲਦੀ ਆ ਰਹੀ ਹੈ। ਨਰਗਿਸ ਨੇ ਜੇਲ੍ਹ ਅੰਦਰ ਬੈਠੇ ਕੈਦੀਆਂ ਦੇ ਦਰਦ ਨੂੰ ਕਲਮਬੱਧ ਕਰਦਿਆਂ ‘ਵ੍ਹਾਈਟ ਟਾਰਚਰ’ ਨਾਂ ਦੀ ਪੁਸਤਕ ਲਿਖੀ ਹੈ। ‘ਨਰਗਿਸ’ ਫ਼ਾਰਸੀ ਮੂਲ ਦਾ ਸ਼ਬਦ ਹੈ। ‘ਅਰਬੀ ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ’ ਅਨੁਸਾਰ ‘ਨਰਗਿਸ’ ਅੱਖ ਵਰਗਾ ਅੰਦਰੋਂ ਪੀਲਾ ਤੇ ਬਾਹਰੋਂ ਸਫ਼ੈਦ ਫੁੱਲ ਹੁੰਦਾ ਹੈ। ਹਿੰਦੁਸਤਾਨ ਦੇ ਨਰਗਸੀ ਫੁੱਲ ਦਾ ਕਟੋਰਾ ਪੀਲਾ ਜਾਂ ਸਫ਼ੈਦ ਹੁੰਦਾ ਹੈ ਜਦਕਿ ਈਰਾਨ, ਕਾਬੁਲ ਅਤੇ ਕਸ਼ਮੀਰ ਵਾਲੇ ਫੁੱਲ ਦਾ ਕਟੋਰਾ ਕਾਲਾ ਹੁੰਦਾ ਹੈ। ਇਸ ਕਰਕੇ ਖ਼ੂਬਸੂਰਤ ਅੱਖਾਂ ਵਾਲੀ ਖ਼ਾਤੂਨ ਨੂੰ ਨਰਗਿਸ ਦੇ ਫੁੱਲ ਨਾਲ ਤੁਲਨਾ ਦਿੱਤੀ ਜਾਂਦੀ ਹੈ।

ਖ਼ੂਬਸੂਰਤ ਅੱਖਾਂ ਵਾਲੀ ਅੱਧੀ ਸਦੀ ਦੀ ਅਉਧ ਹੰਢਾ ਚੁੱਕੀ ਨਰਗਿਸ ਮੁਹੰਮਦੀ ਨੋਬਲ ਪੁਰਸਕਾਰ ਜਿੱਤਣ ਤੋਂ ਬਾਅਦ ਦੁਨੀਆ ਭਰ ਦੀਆਂ ਮਹਿਲਾਵਾਂ ਦੀਆਂ ਅੱਖਾਂ ਦਾ ਤਾਰਾ ਬਣ ਗਈ ਹੈ। ਇਕਬਾਲ ਦਾ ਸ਼ਿਅਰ ਹੈ, ‘‘ਹਜ਼ਾਰੋਂ ਸਾਲ ਨਰਗਿਸ ਆਪਣੀ ਬੇਨੂਰੀ ਪੇ ਰੋਤੀ ਹੈ/ਬੜੀ ਮੁਸ਼ਕਲ ਸੇ ਹੋਤਾ ਹੈ ਚਮਨ ਮੇਂ ਦੀਦਾਵਰ ਪੈਦਾ।’’ ਜਮਹੂਰੀ ਹੱਕਾਂ ਲਈ ਲੜਨ ਵਾਲੀ ਨਰਗਿਸ ਨੂੰ ਆਪਣੀਆਂ ਸਰਗਰਮੀਆਂ ਕਾਰਨ ਕਈ ਵਾਰ ਜੇਲ੍ਹ ਯਾਤਰਾ ਕਰਨੀ ਪਈ ਪਰ ਉਸ ਦੀ ਤਲਿਸਮੀ ‘ਖ਼ੁਸ਼ਬੂ’ ਨੇ ਨਾਰਵੇ ਨੋਬਲ ਕਮੇਟੀ ਦੇ ਚੋਣਕਾਰਾਂ ਦਾ ਧਿਆਨ ਮੱਲੋਮੱਲੀ ਆਪਣੇ ਵੱਲ ਖਿੱਚ ਲਿਆ। ਉਹ 13 ਵਾਰ ਜੇਲ੍ਹ ਗਈ ਤੇ ਪੰਜ ਵਾਰ ਦੋਸ਼ੀ ਐਲਾਨੀ ਗਈ। ਨੋਬਲ ਪੁਰਸਕਾਰ ਕਮੇਟੀ ਦੇ ਚੋਣਕਾਰਾਂ ਨੇ ਈਰਾਨ ਨੂੰ ਅਪੀਲ ਕੀਤੀ ਕਿ ਉਹ ਨਰਗਿਸ ਨੂੰ ਰਿਹਾਅ ਕਰ ਦੇਵੇ ਜਿਸ ਨੂੰ ਹਕੂਮਤ ਨੇ ਰੱਦ ਕਰ ਦਿੱਤਾ ਹੈ।

ਨਰਗਿਸ ਦੇ ਭਰਾ ਨੇ ਕਿਹਾ ਕਿ ਨੋਬਲ ਪੁਰਸਕਾਰ ਮਿਲਣ ਤੋਂ ਬਾਅਦ ਈਰਾਨ ਨਰਗਿਸ ਨੂੰ ਹੋਰ ਤੰਗ-ਪਰੇਸ਼ਾਨ ਕਰ ਸਕਦਾ ਹੈ। ਮੁਹੰਮਦੀ 19ਵੀਂ ਮਹਿਲਾ ਹੈ ਜਿਸ ਨੂੰ ਨੋਬਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਹੈ। ਮੁਹੰਮਦੀ ਤੋਂ ਪਹਿਲਾਂ 2003 ਵਿਚ ਈਰਾਨ ਦੀ ਸ਼ਿਰੀਨ ਇਬਾਦੀ ਪਹਿਲੀ ਮੁਸਲਮਾਨ ਮਹਿਲਾ ਸੀ ਜਿਸ ਨੂੰ ਨੋਬਲ ਪੁਰਸਕਾਰ ਮਿਲਣ ਦਾ ਮਾਣ ਪ੍ਰਾਪਤ ਹੋਇਆ ਸੀ। ਨਰਗਿਸ ਵੀ ਸ਼ਿਰੀਨ ਇਬਾਦੀ ਦੀ ਸੰਸਥਾ ਨਾਲ ਜੁੜੀ ਹੋਈ ਹੈ। ‘ਨਰਗਿਸ’ ਦੇ ਦੂਜੀਆਂ ਭਾਸ਼ਾਵਾਂ ਵਿਚ ਲਾਰਸੀਸਸ, ਡੈਫੋਡਿਲ ਤੇ ਕਈ ਹੋਰ ਨਾਮ ਵੀ ਹਨ ਪਰ ਇਨ੍ਹਾਂ ਦੀ ਖ਼ੁਸ਼ਬੂ ਇੱਕੋ ਜਿਹੀ ਹੁੰਦੀ ਹੈ।

ਵਿਲੀਅਮ ਵਰਡਜ਼ਵਰਥ ਨੇ ਇਸ ’ਤੇ ਵਿਸ਼ਵ ਪ੍ਰਸਿੱਧ ਕਵਿਤਾ ਲਿਖੀ ਹੈ। ਭਰਾ ਦੀ ਮੌਤ ਤੋਂ ਬਾਅਦ ਉਹ ਕਿਸੇ ਬਦਲੋਟੀ ਵਾਂਗ ਇਕੱਲਤਾ ਦਾ ਸੰਤਾਪ ਹੰਢਾ ਰਿਹਾ ਸੀ। ਜਦੋਂ ਉਸ ਨੇ ਉਪਰੋਕਤ ਫੁੱਲਾਂ ਨੂੰ ਰੁਮਕਦੀਆਂ ਹਵਾਵਾਂ ਵਿਚ ਝੂਮਰ ਪਾਉਂਦੇ ਸੁਣਿਆ ਤਾਂ ਉਹ ਉਨ੍ਹਾਂ ’ਤੇ ਮੋਹਿਤ ਹੋ ਗਿਆ। ਕਈ ਵਾਰ ਉਸ ਨੂੰ ਇਹ ਫੁੱਲ ਅੰਬਰ ਦੇ ਤਾਰਿਆਂ ਵਾਂਗ ਚਮਕਦੇ-ਦਮਕਦੇ ਦਿਖਾਈ ਦਿੰਦੇ। ਫੁੱਲਾਂ ਦਾ ਸੰਗ ਮਾਣਦਿਆਂ ਜ਼ੰਨਤ ਦੇ ਦਰਵਾਜ਼ੇ ਖੁੱਲ੍ਹ ਜਾਂਦੇ ਪ੍ਰਤੀਤ ਹੁੰਦੇ। ਯੂਨਾਨ ਦੀ ਲੋਕਧਾਰਾ ਵਿਚ ਨਾਰਸੀਸਸ ਨਾਂ ਦੇ ਸ਼ਿਕਾਰੀ ਦਾ ਜ਼ਿਕਰ ਆਉਂਦਾ ਹੈ ਜੋ ਤਲਾਅ ਵਿਚ ਆਪਣੇ ਖ਼ੂਬਸੂਰਤ ਅਕਸ ’ਤੇ ਮੋਹਿਤ ਹੋ ਕੇ ਡੁੱਬ ਜਾਂਦਾ ਹੈ। ਉਸੇ ਥਾਂ ਉੱਗੇ ਫੁੱਲ ਨੂੰ ਨਾਰਸੀਸਸ (ਨਰਗਿਸ) ਕਿਹਾ ਜਾਣ ਲੱਗਾ। ‘ਨਰਗਿਸ’ ਫੁੱਲ ਖ਼ੁਸ਼ਹਾਲੀ ਦਾ ਪ੍ਰਤੀਕ ਹੈ। ਆਯੁਰਵੇਦਾ ਵਿਚ ਇਸ ਦੇ ਮੈਡੀਸਨਲ ਗੁਣਾਂ ਦੇ ਵੀ ਗੁਣਗਾਨ ਕੀਤੇ ਗਏ ਹਨ।

ਨਰਗਿਸ ਦੇ ਫੁੱਲ ਵਾਂਗ ਮੁਹੰਮਦੀ ਦੇ ਕਦਰਦਾਨ ਭਾਵੇਂ ਈਰਾਨ ਦੀ ਹਕੂਮਤ ਜਾਂ ਮੁੱਲਾਂ-ਮੁਲਾਣੇ ਨਾ ਹੋਣ ਪਰ ਉਸ ਦੀ ਦੀਦਾ-ਦਲੇਰੀ ਨੂੰ ਅੱਜ ਦੁਨੀਆ ਸਲਾਮ ਕਰ ਰਹੀ ਹੈ। ਈਰਾਨ ਦੀ ਵਾਗਡੋਰ ਦਰਅਸਲ, 1979 ਦੀ ਕ੍ਰਾਂਤੀ ਪਿੱਛੋਂ ਕੱਟੜਪੰਥੀਆਂ ਦੇ ਹੱਥ ਆ ਗਈ। ਇਸ ਕ੍ਰਾਂਤੀ ਦਾ ਜਨਮ ਭ੍ਰਾਂਤੀ ’ਚੋਂ ਹੋਇਆ ਸੀ। ਈਰਾਨ ਵਾਸੀਆਂ ਨੂੰ ਭਰਮ ਸੀ ਕਿ ਤਾਨਾਸ਼ਾਹੀ ਖ਼ਤਮ ਹੋਣ ਪਿੱਛੋਂ ਦੇਸ਼ ਸਰਵ-ਪੱਖੀ ਵਿਕਾਸ ਕਰੇਗਾ। ਵਿਕਾਸ ਦੀ ਬਜਾਏ ਇਹ ਵਿਨਾਸ਼ ਦੇ ਰਾਹ ’ਤੇ ਤੁਰ ਗਿਆ। ਕੱਟੜਪੰਥੀ ਮਿਆਨਾਂ ’ਚ ਪਈਆਂ ਤਲਵਾਰਾਂ ਨੂੰ ਜੰਗ ਨਹੀਂ ਲੱਗਣ ਦਿੰਦੇ। ਉਹ ਸੋਚਦੇ ਹਨ ਕਿ ਜੇ ਤਲਵਾਰ ਨੂੰ ਖ਼ੂਨ ਨਾਲ ਨਾ ਧੋਇਆ ਜਾਵੇ ਤਾਂ ਇਸ ਨੂੰ ਜੰਗ ਖਾ ਜਾਂਦਾ ਹੈ।

ਅਜਿਹੀ ਵਿਚਾਰਧਾਰਾ ਨੂੰ ਪਰਣਾਈ ਉਲੇਮਾ (ਧਾਰਮਿਕ ਵਿਦਵਾਨਾਂ ਦੀ ਸਭਾ) ਈਰਾਨ ਵਿਚ ਸ਼ਰੀਅਤ ਨੂੰ ਇੰਨ-ਬਿੰਨ ਲਾਗੂ ਕਰਨ ਲਈ ਜਮਹੂਰੀ ਅਧਿਕਾਰਾਂ ਦਾ ਹਨਨ ਕਰਨ ’ਤੇ ਤੁਲੀ ਹੋਈ ਹੈ। ਈਰਾਨ ਵਿਚ ਮਹਿਲਾਵਾਂ ਖ਼ਿਲਾਫ਼ ਹੋ ਰਹੀਆਂ ਜ਼ਿਆਦਤੀਆਂ ਦੀ ਜੜ੍ਹ ਵੀ 1979 ਦੀ ਕ੍ਰਾਂਤੀ ’ਚੋਂ ਲੱਭੀ ਜਾ ਸਕਦੀ ਹੈ। ਹਿਜਾਬ/ਬੁਰਕਾ ਠੋਸਣ ਲਈ ਜਬਰ-ਜ਼ੁਲਮ ਢਾਹਿਆ ਜਾਂਦਾ ਹੈ। ਇਸਲਾਮੀ ਲਹਿਰ ਦਰਅਸਲ 1962-63 ਵਿਚ ਹੀ ਸ਼ੁਰੂ ਹੋ ਗਈ ਸੀ। ਉਸ ਨੇ ਦੇਸ਼ ਦੇ ਸ਼ਾਹਾਂ/ਤਾਨਾਸ਼ਾਹਾਂ ਖ਼ਿਲਾਫ਼ ਜੇਹਾਦ ਛੇੜਿਆ ਸੀ। ਉਸ ਵੱਲੋਂ ਲਗਾਏ ਜਾਂਦੇ ਤੱਤੇ ਨਾਅਰੇ ਲੋਕਾਂ ਦਾ ਖ਼ੂਨ ਉਬਾਲ ਦਿੰਦੇ। ਖੁਮੀਨੀ ਕਹਿੰਦਾ ਕਿ ਤਾਨਾਸ਼ਾਹ ਅਮਰੀਕਾ ਤੇ ਇੰਗਲੈਂਡ ਦੇ ਹੱਥਾਂ ਵਿਚ ਨੱਚਣ ਵਾਲੀਆਂ ਕਠਪੁਤਲੀਆਂ ਹਨ। ਔਰਤਾਂ ਲਈ ਉੱਚ ਵਿੱਦਿਅਕ ਅਦਾਰੇ ਖੋਲ੍ਹਣੇ ਜਾਂ ਵੋਟ ਦਾ ਅਧਿਕਾਰ ਦੇਣਾ ਸ਼ਰੀਅਤ ਦੇ ਖ਼ਿਲਾਫ਼ ਹੈ। ‘ਕਾਫ਼ਰਾਂ’ ਖ਼ਿਲਾਫ਼ ਫ਼ਤਵੇ ਜਾਰੀ ਹੋਣ ਲੱਗੇ।

ਖੁਮੀਨੀ ਦੀ ਇਕ ਝਲਕ ਪਾਉਣ ਲਈ ਈਰਾਨ ਵਾਸੀਆਂ ਦੀਆਂ ਅੱਖਾਂ ਪੱਕਦੀਆਂ। ਕ੍ਰਾਂਤੀ ਤੋਂ ਪਹਿਲਾਂ ਈਰਾਨ ’ਤੇ ਪੈ ਰਹੇ ਪੱਛਮੀ ਸੱਭਿਅਤਾ ਦੇ ਪ੍ਰਭਾਵ ਕਾਰਨ ਮਹਿਲਾਵਾਂ ਖੁੱਲ੍ਹ ਮਾਣ ਰਹੀਆਂ ਸਨ। ਨਾਚ-ਗਾਣਿਆਂ ’ਤੇ ਪਾਬੰਦੀ ਦੇ ਉਹ ਪਹਿਲਾਂ ਹੀ ਖ਼ਿਲਾਫ਼ ਸਨ। ਉੱਚ ਵਿੱਦਿਆ ਹਾਸਲ ਕਰ ਕੇ ਉਹ ਪੱਛਮ ਨਾਲ ਕਦਮ ਮਿਲਾ ਕੇ ਚੱਲਣ ਦੇ ਸੁਪਨੇ ਲੈ ਰਹੀਆਂ ਸਨ ਜਿਨ੍ਹਾਂ ਨੂੰ ਕ੍ਰਾਂਤੀ ਨੇ ਚਕਨਾਚੂਰ ਕਰ ਦਿੱਤਾ। ਉਲੇਮਾ ਦੇ ਫ਼ੈਸਲਿਆਂ ਨੇ ਉਨ੍ਹਾਂ ਕੋਲੋਂ ਇਕ ਝਟਕੇ ਵਿਚ ਹੀ ਆਜ਼ਾਦੀ ਖੋਹ ਲਈ ਸੀ। ਸਤੰਬਰ 2022 ਵਿਚ ਇਕ ਚੰਗਿਆੜੀ ਨੇ ਭਾਂਬੜ ਮਚਾ ਦਿੱਤਾ ਸੀ। ਤੇਰਾਂ ਸਤੰਬਰ 2022 ਵਾਲੇ ਦਿਨ ਹਿਜਾਬ ਖ਼ਿਲਾਫ਼ ਚੱਲੀ ਜ਼ਬਰਦਸਤ ਮੁਹਿੰਮ ਨੇ ਆਲਮੀ ਪੱਧਰ ’ਤੇ ਧਿਆਨ ਖਿੱਚਿਆ ਸੀ।

ਈਰਾਨ ਦੇ ਕੁਰਦਿਸਤਾਨ ਤੋਂ ਦੇਸ਼ ਦੀ ਰਾਜਧਾਨੀ ਤਹਿਰਾਨ ਨੂੰ ਪਰਿਵਾਰ ਸਣੇ ਜਾ ਰਹੀ 22 ਸਾਲਾ ਮਹਾਸਾ ਅਮਿਨੀ ਨੂੰ ‘ਮੋਰੈਲਟੀ ਪੁਲਿਸ’ (ਨੈਤਿਕਤਾ ਪੁਲਿਸ) ਨੇ ਇਸ ਲਈ ਰੋਕਿਆ ਕਿ ਉਸ ਨੇ ਢੰਗ ਨਾਲ ਹਿਜਾਬ ਨਹੀਂ ਸੀ ਪਹਿਨਿਆ ਹੋਇਆ। ਪੁਲਿਸ ਉਸ ਨੂੰ ਥਾਣੇ ਲੈ ਗਈ ਜਿੱਥੇ ਉਸ ’ਤੇ ਤਸ਼ੱਦਦ ਢਾਹਿਆ ਗਿਆ ਜਿਸ ਕਾਰਨ ਉਸ ਦੀ ਹਸਪਤਾਲ ਪੁੱਜ ਕੇ ਮੌਤ ਹੋ ਗਈ। ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਇਸ ਖ਼ਬਰ ਨੇ ਈਰਾਨ ਦੇ ਕੋਨੇ-ਕੋਨੇ ’ਚ ‘ਇਨਕਲਾਬ’ ਦਾ ਬਿਗਲ ਵਜਾ ਦਿੱਤਾ। ਔਰਤਾਂ ਯੂਟਿਊਬ ’ਤੇ ਲਾਈਵ ਹੋ ਕੇ ਆਪਣੇ ਨਕਾਬ ਉਤਾਰ ਕੇ ਉਨ੍ਹਾਂ ਦੀ ਹੋਲੀ ਬਾਲਣ ਲੱਗੀਆਂ। ਆਪਣੇ ਵਾਲ ਕੱਟਣ ਲੱਗੀਆਂ। ਹਕੂਮਤ ਨੇ ਦਮਨ ਚੱਕਰ ਸ਼ੁਰੂ ਕੀਤਾ। ਕਈ ਮੌਤਾਂ ਹੋਈਆਂ। ਨਰਗਿਸ ਮੁਹੰਮਦੀ ਝੰਡਾਬਰਦਾਰ ਸੀ।

ਦੂਜੇ ਪਾਸੇ ਭਾਰਤ ਦੇ ਕਰਨਾਟਕ ਤੇ ਕੁਝ ਹੋਰ ਹਿੱਸਿਆਂ ਵਿਚ ਔਰਤਾਂ ਹਿਜਾਬ ਪਾਉਣ ਦੀ ਅੜੀ ਪੁਗਾਉਣ ਲਈ ਸੜਕਾਂ ’ਤੇ ਉਤਰ ਆਈਆਂ। ਦੋਨਾਂ ਤਰ੍ਹਾਂ ਦੇ ਅੰਦੋਲਨਾਂ ਨੇ ਵਿਸ਼ਵ ਦਾ ਧਿਆਨ ਖਿੱਚਿਆ। ਈਰਾਨ ਉਂਜ ਵੀ ਔਰਤਾਂ ’ਤੇ ਪਾਬੰਦੀਆਂ ਲਾਉਣ ਲਈ ਚੰਦ ਬਦਨਾਮ ਦੇਸ਼ਾਂ ਵਿਚ ਗਿਣਿਆ ਜਾਂਦਾ ਹੈ। ਈਰਾਨ ਵਿਚ ਸ਼ੀਆ-ਸੁੰਨੀ ਦੰਗੇ-ਫ਼ਸਾਦ ਵੀ ਆਮ ਵਰਤਾਰਾ ਹਨ।

ਇਕ ਸਮਾਂ ਸੀ ਜਦੋਂ ਈਰਾਨ ਬੇਹੱਦ ਅਮਨ-ਪਸੰਦ ਦੇਸ਼ ਮੰਨਿਆ ਜਾਂਦਾ ਸੀ। ਈਰਾਨ ’ਚੋਂ ਆਏ ਸੂਫ਼ੀ-ਸੰਤਾਂ ਨੇ ਭਾਰਤ ਦੇ ਸੱਭਿਆਚਾਰ ਨੂੰ ਵੀ ਬਹੁਤ ਪ੍ਰਭਾਵਿਤ ਕੀਤਾ ਸੀ। ਪੰਜਾਬ ਦੀ ਲੋਕਧਾਰਾ ਵਿਚ ਵੀ ਈਰਾਨ ਦਾ ਬੋਲਬਾਲਾ ਹੈ। ਈਰਾਨ ਦਾ ਪ੍ਰਾਚੀਨ ਨਾਮ ਆਰੀਆਨ ਹੈ। ਫ਼ਾਰਸੀਆਂ, ਪਾਰਸੀਆਂ ਨੂੰ ਜਦੋਂ ਈਰਾਨ ਵਿਚ ਕੁੱਟ ਪਈ ਤਾਂ ਉਨ੍ਹਾਂ ਨੇ ਭਾਰਤ ਦੇ ਮਹਾਰਾਸ਼ਟਰ ਅਤੇ ਗੁਜਰਾਤ ਸੂਬਿਆਂ ਵਿਚ ਸ਼ਰਨ ਲਈ। ਦੇਸ਼ ਦੀ ਵੰਡ ਵੇਲੇ ਭੂਗੋਲਿਕ ਤੌਰ ’ਤੇ ਈਰਾਨ ਨਾਲੋਂ ਅਸੀਂ ਦੂਰ ਜ਼ਰੂਰ ਹੋਏ ਹਾਂ, ਸੰਸਕ੍ਰਿਤਕ ਤੌਰ ’ਤੇ ਨਹੀਂ। ਇਸੇ ਲਈ ਨਰਗਿਸ ਮੁਹੰਮਦੀ ਨਾਲ ਜੁੜੇ ਫਿਕਰ ਅਤੇ ਉਸ ਨੂੰ ਮਿਲੇ ਪੁਰਸਕਾਰ ਦਾ ਜ਼ਿਕਰ ਭਾਰਤ ਵਿਚ ਹੋਣਾ ਕੁਦਰਤੀ ਗੱਲ ਹੈ।