VARINDER WALIA

ਹਰਮਨਪਿਆਰਾ ਕਾਲਮ –– ਹਰਫ਼ ਹਮੇਸ਼ / POPULAR COLUMN -- HARPH HAMESH

ਤਲਵਾਰ ਉਠਾਈ ਕਿਸ ਨੇ? (ਪੰਜਾਬੀ ਜਾਗਰਣ –– 15th October, 2023)

ਵਰਿੰਦਰ ਵਾਲੀਆ

ਆਦਿ ਕਾਲ ਤੋਂ ਦੀਨ-ਮਜ਼ਹਬ ਇਨਸਾਨ ਨੂੰ ਇਨਸਾਨੀਅਤ ਦਾ ਪੈਗ਼ਾਮ ਦਿੰਦੇ ਆਏ ਹਨ। ਵਿਸ਼ਵ ਭਾਈਚਾਰੇ ਦਾ ਸੁਨੇਹਾ ਦੇਣ ਵਾਲੇ ਸੂਫ਼ੀਆਂ-ਸੰਤਾਂ, ਨਬੀਆਂ-ਪੈਗੰਬਰਾਂ ਤੇ ਗੁਰੂਆਂ ਨੇ ਸਮੇਂ-ਸਮੇਂ ਮਨੁੱਖ ਦਾ ਮਾਰਗ-ਦਰਸ਼ਨ ਕਰ ਕੇ ਉਸ ਨੂੰ ਨੈਤਿਕਤਾ ਦਾ ਪਾਠ ਪੜ੍ਹਾਇਆ ਹੈ। ਇਸ ਦੇ ਬਾਵਜੂਦ ਧਰਮ ਗੁਰੂਆਂ ਦੇ ਪੈਰੋਕਾਰਾਂ ਨੇ ਕੱਟੜਤਾ ਦਾ ਰਾਹ ਅਪਣਾ ਕੇ ਮਨੁੱਖਤਾ ਨੂੰ ਤਕਸੀਮ ਕਰਨ ਦੀਆਂ ਕੋਝੀਆਂ ਚਾਲਾਂ ਚੱਲੀਆਂ। ਕਹਿੰਦੇ ਹਨ ਕਿ ਧਾਰਮਿਕ ਕੱਟੜਤਾ ਨੇ ਇਨਸਾਨ ਨੂੰ ਤਾਰਿਆ ਘੱਟ ਤੇ ਮਾਰਿਆ ਵੱਧ ਹੈ। ਫ਼ਿਰਕਾਪ੍ਰਸਤੀ ਕਾਰਨ ਦੁਨੀਆ ਦੇ ਕੋਨੇ-ਕੋਨੇ ’ਚ ਅੱਜਕੱਲ੍ਹ ਖ਼ੂਨ ਦੇ ਦਰਿਆ ਵਗ ਰਹੇ ਹਨ।

ਇਜ਼ਰਾਈਲ ਅਤੇ ਹਮਾਸ ਦਰਮਿਆਨ ਚੱਲੀ ਜੰਗ ਨੇ ਵਿਨਾਸ਼ਕਾਰੀ ਦਾ ਨਵਾਂ ਬਾਬ ਲਿਖਿਆ ਹੈ। ਹਮਾਸ ਨੂੰ ਈਰਾਨ ਸਣੇ ਕਈ ਮੁਸਲਿਮ ਦੇਸ਼ਾਂ ਦੀ ਸ਼ਹਿ ਹੈ। ਗਾਜ਼ਾ ਪੱਟੀ ਅਤੇ ਵੈਸਟ ਬੈਂਕ ’ਚ ਹਮਸਾ ਦੇ ਗੁਰੀਲਿਆਂ ਨੇ ਸੁਰੰਗਾਂ ਦਾ ਜਾਲ ਵਿਛਾਇਆ ਹੋਇਆ ਹੈ। ਇਜ਼ਰਾਈਲ ਦਾ ਖੁਫ਼ੀਆਤੰਤਰ ਪਹਿਲੀ ਵਾਰ ਫੇਲ੍ਹ ਸਾਬਤ ਹੋਇਆ। ਸੱਤ ਅਕਤੂਬਰ, 2023 ਨੂੰ ਗਾਜ਼ਾ ਪੱਟੀ ’ਚੋਂ 5000 ਰਾਕਟਾਂ ਦੀ ਹੋਈ ਬੁਛਾੜ ਨੇ ਇਜ਼ਰਾਈਲ ਦੇ ‘ਫੌਲਾਦੀ ਗੁੰਬਦ’ (ਆਇਰਨ ਡੋਮ) ਨੂੰ ਝਕਾਨੀ ਦੇ ਕੇ ਅਣਕਿਆਸੀ ਤਬਾਹੀ ਕੀਤੀ। ਪਿਛਲੇ ਕਈ ਦਹਾਕਿਆਂ ਤੋਂ ‘ਫੌਲਾਦੀ ਗੁੰਬਦ’ ਇਜ਼ਰਾਈਲ ਦੀ ਸਭ ਤੋਂ ਮਜ਼ਬੂਤ ਸੁਰੱਖਿਆ ਪੰਕਤੀ ਰਿਹਾ ਹੈ। ਫ਼ਲਸਤੀਨੀਆਂ ਤੇ ਹੋਰ ਮੁਸਲਿਮ ਦੇਸ਼ਾਂ ਵੱਲੋਂ ਦਾਗੀਆਂ ਜਾਂਦੀਆਂ ਮਿਜ਼ਾਈਲਾਂ ਨੂੰ ਇਹ ਹਵਾ ’ਚ ਹੀ ਰਾਖ ਕਰਦਾ ਆਇਆ ਹੈ। ਮੋਸਾਦ ਦਾ ਸ਼ੁਰੂ ਤੋਂ ਹੀ ਨਾਅਰਾ ਰਿਹਾ ਹੈ, ‘ਨਾ ਭੁੱਲਦੇ ਹਾਂ ਤੇ ਨਾ ਮਾਫ਼ ਕਰਦੇ ਹਾਂ।’

ਮੋਸਾਦ ਦੇ ਆਪਰੇਸ਼ਨ ਬੇਹੱਦ ਹੈਰਾਨੀਜਨਕ ਰਹੇ ਹਨ। ਸੰਨ 1976 ’ਚ ਇਜ਼ਰਾਈਲ ਦੇ 248 ਸਵਾਰੀਆਂ ਵਾਲੇ ਜਹਾਜ਼ ਨੂੰ ਮੋਸਾਦ ਨੇ ਅੱਤ ਖੁਫ਼ੀਆ ਆਪਰੇਸ਼ਨ ‘ਥੰਡਰਬੋਲਟ’ ਜ਼ਰੀਏ ਯੁਗਾਂਡਾ ਤੋਂ ਸੁਰੱਖਿਅਤ ਵਾਪਸ ਲੈ ਆਂਦਾ ਸੀ। ਇਸ ਤੋਂ ਵੀ ਪਹਿਲਾਂ ਇਜ਼ਰਾਈਲ ਨੇ ਯਹੂਦੀਆਂ ਨੂੰ 1942 ’ਚ ਜਰਮਨੀ ਦੇ ਤਸੀਹਾਘਰਾਂ (ਗੈਸ ਚੈਂਬਰਾਂ) ’ਚ ਮਾਰਨ ਵਾਲੇ ਹਿਟਲਰ ਦੇ ਬੇਹੱਦ ਵਿਸ਼ਵਾਸਪਾਤਰ ਓਟੋ ਅਡੌਲਫ ਈਖਮੈਨ ਨੂੰ ਅਰਜਨਟੀਨਾ ’ਚੋਂ ਲੱਭ ਕੇ ਇਜ਼ਰਾਈਲ ਲਿਆਂਦਾ ਤੇ ਇਕ ਜੂਨ 1962 ਨੂੰ ਫਾਹੇ ਲਾ ਦਿੱਤਾ ਸੀ। ਮਸਨੂਈ ਬੌਧਿਕਤਾ (ਆਰਟੀਫੀਸ਼ੀਅਲ ਇੰਟੈਲੀਜੈਂਸ) ਨਾਲ ਲੈਸ ਮੋਸਾਦ ਇਸ ਵਾਰ ਮਾਤ ਖਾ ਗਿਆ। ਇਜ਼ਰਾਈਲ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਕਈ ਵਿਰੋਧੀ ਆਗੂਆਂ ਨੇ ਨਪੇ-ਤੁਲੇ ਸ਼ਬਦਾਂ ’ਚ ਕਿਹਾ ਕਿ ਹਾਕਮਾਂ ਨੂੰ ਹਉਮੇ ਨੇ ਮਾਰਿਆ ਹੈ। ਰੂਸ-ਯੂਕਰੇਨ ਜੰਗ ਦੇ ਮੁਕਾਬਲੇ ਇਜ਼ਰਾਈਲ-ਹਮਾਸ ਲੜਾਈ ਨੇ ਬਹੁਤ ਹੀ ਤੇਜ਼ੀ ਨਾਲ ਵਿਸ਼ਵ ਨੂੰ ਦੋ ਖੇਮਿਆਂ ’ਚ ਵੰਡ ਦਿੱਤਾ ਹੈ। ਪਹਿਲੀਆਂ ਦੋ ਵਿਸ਼ਵ ਜੰਗਾਂ ਵੇਲੇ ਮਨੁੱਖਤਾ ਦੇ ਘਾਣ ਨੂੰ ਵੇਖਦਿਆਂ ਮਹਿਸੂਸ ਕੀਤਾ ਜਾਂਦਾ ਸੀ ਕਿ ਇਸ ਤੋਂ ਬਾਅਦ ਆਲਮੀ ਜੰਗਾਂ ਦਾ ਭੋਗ ਪੈ ਜਾਵੇਗਾ।

ਦੋਨਾਂ ਆਲਮੀ ਜੰਗਾਂ ’ਚ ਕਰੋੜਾਂ ਫ਼ੌਜੀ, ਆਮ ਲੋਕ ਮਾਰੇ ਗਏ ਤੇ ਜ਼ਖ਼ਮੀ ਹੋਏ ਸਨ। ਦੁਨੀਆ ਦੇ ਨਕਸ਼ੇ ਤੋਂ ਕਈ ਦੇਸ਼ ਲੋਪ ਹੋ ਗਏ ਸਨ। ਪਹਿਲੀ ਆਲਮੀ ਜੰਗ ਦੇ ਨੁਕਸਾਨ ਦਾ ਠੀਕਰਾ ਜਰਮਨੀ ਸਿਰ ਭੰਨਣ ਤੋਂ ਬਾਅਦ ਹਿਟਲਰ ਤਿਲਮਿਲਾ ਉੱਠਿਆ ਸੀ। ਉਸ ਨੇ ਜਰਮਨੀ ਦੀ ਹਾਰ ਲਈ ਯਹੂਦੀਆਂ ਤੇ ਕਾਮਰੇਡਾਂ ਨੂੰ ਜ਼ਿੰਮੇਵਾਰ ਠਹਿਰਾਇਆ। ਜਰਮਨ ਸ਼ੁੱਧ ਆਰੀਅਨ ਹਨ, ਦਾ ਪ੍ਰਚਾਰ ਕੀਤਾ। ਉਸ ਨੇ ਸਾਮੀ ਅਤੇ ਆਰੀਅਨ ਨਸਲਾਂ ’ਚ ਮਨੁੱਖਤਾ ਨੂੰ ਵੰਡਿਆ। ਜਿੰਨੇ ਤਸੀਹੇ ਯਹੂਦੀਆਂ ਨੇ ਨਾਜ਼ੀ ਜਰਮਨੀ ’ਚ ਝੱਲੇ, ਇਸ ਦੀ ਮਿਸਾਲ ਦੁਨੀਆ ਭਰ ’ਚ ਨਹੀਂ ਮਿਲਦੀ। ਜਿੱਥੋਂ ਤਕ ਯਹੂਦੀਆਂ, ਈਸਾਈਆਂ ਅਤੇ ਮੁਸਲਮਾਨਾਂ ਦਾ ਸਬੰਧ ਹੈ, ਇਨ੍ਹਾਂ ਤਿੰਨਾਂ ਫਿਰਕਿਆਂ ’ਚ ਸਦੀਆਂ ਤੋਂ ਦੰਗੇ-ਫ਼ਸਾਦ ਹੁੰਦੇ ਆ ਰਹੇ ਹਨ। ਵਿਡੰਬਣਾ ਇਸ ਗੱਲ ਦੀ ਹੈ ਕਿ ਤਿੰਨਾਂ ਨਸਲਾਂ ਦਾ ਮੁੱਢ-ਤਣਾ ਇਕ ਹੈ। ਜੜ੍ਹਾਂ ਇਕ ਹਨ। ਸਾਂਝੀ ਵਿਰਾਸਤ ਵਾਲੀਆਂ ਨਸਲਾਂ ਵਿਚ ਲਹੂ-ਵੀਟਵੀਂ ਜੰਗ ਦਾ ਕਾਰਨ ਇਨ੍ਹਾਂ ਦੀਆਂ ਪ੍ਰਾਚੀਨ ਧਾਰਮਿਕ ਪੁਸਤਕਾਂ ਵਿਚ ਰਲੇਵਾਂ ਹੈ।

ਉਪਰੋਕਤ ਨਸਲਾਂ ਦਾ ਸਾਮੀ ਸੱਭਿਆਚਾਰ ਇਨ੍ਹਾਂ ਨੂੰ ਆਪਸ ਵਿਚ ਜੋੜਦਾ ਰਿਹਾ ਹੈ। ਇਨ੍ਹਾਂ ਦੀ ਮਿੱਟੀ ਅਤੇ ਖਮੀਰ ਸਾਂਝਾ ਸੱਭਿਆਚਾਰ ਸਿਰਜਦੇ ਹਨ। ਨਫ਼ਰਤ ਦੇ ਬੀਜ ਕੁਝ ਹਦੀਸਾਂ ਰਾਹੀਂ ਬੀਜੇ ਗਏ ਜਿਸ ਨੇ ਯਹੂਦੀਆਂ ਅਤੇ ਮੁਸਲਮਾਨਾਂ ਨੂੰ ਇਕ-ਦੂਜੇ ਦੇ ਜਾਨੀ ਦੁਸ਼ਮਣ ਬਣਾ ਦਿੱਤਾ। ਇਸ ਤੋਂ ਵੀ ਪਹਿਲਾਂ ਯਹੂਦੀਆਂ ਅਤੇ ਈਸਾਈਆਂ ’ਚ ਬਖੇੜੇ ਪਏ। ਕਈ ਇਤਿਹਾਸਕਾਰ ਕਹਿੰਦੇ ਹਨ ਕਿ ਯਸੂ ਮਸੀਹ ਦਾ ਜਨਮ ਯਹੂਦੀ ਪਰਿਵਾਰ ’ਚ ਹੋਇਆ ਸੀ। ਯਸੂ ਨੂੰ ਸੱਚ ਖ਼ਾਤਰ ਸੂਲੀ ਚੜ੍ਹਨਾ ਪਿਆ। ਯਹੂਦੀ ਮੂਸਾ ਨੂੰ ਆਖ਼ਰੀ ਨਬੀ ਮੰਨਦੇ ਹਨ। ਮੁਸਲਮਾਨ ਮੁਹੰਮਦ ਸਾਹਿਬ ਨੂੰ ਆਖ਼ਰੀ ਪੈਗੰਬਰ ਮੰਨਦੇ ਹਨ। ਇਬਰਾਹਮ, ਮੋਜ਼ਜ਼, ਦਾਊਦ ਤੇ ਸੁਲੇਮਾਨ ਆਦਿ ਤਿੰਨਾਂ ਨਸਲਾਂ ਦੇ ਸਾਂਝੇ ਹਨ। ਸਦੀਆਂ ਤੱਕ ਇਨ੍ਹਾਂ ਦੇ ਬੱਚਿਆਂ ਦੇ ਨਿਕਾਹ ਬਿਨਾ ਕਿਸੇ ਰੋਕ-ਟੋਕ ਦੇ ਹੁੰਦੇ ਰਹੇ। ਫਿਰ ਸਮਾਂ ਆਇਆ ਯਹੂਦੀਆਂ ਖ਼ਿਲਾਫ਼ ਕੂੜ-ਪ੍ਰਚਾਰ ਦਾ। ਕੁਝ ਧਾਰਮਿਕ ਗ੍ਰੰਥਾਂ ’ਚ ਸਾਜ਼ਿਸ਼ ਤਹਿਤ ਯਹੂਦੀਆਂ ਨੂੰ ਲਹੂ-ਪੀਣੇ ਦੱਸਿਆ ਗਿਆ।

ਇਕ ਧਾਰਮਿਕ ਪੋਥੀ ਨੇ ਤਾਂ ਇੱਥੋਂ ਤਕ ਲਿਖ ਦਿੱਤਾ ਕਿ ਜਿੰਨੀ ਦੇਰ ਸਾਲ ਅੰਦਰ ਕੋਈ ਯਹੂਦੀ ਗ਼ੈਰ-ਯਹੂਦੀ ਨੂੰ ਮੌਤ ਦੇ ਘਾਟ ਉਤਾਰ ਕੇ ਉਸ ਦਾ ਖ਼ੂਨ ਨਹੀਂ ਪੀਂਦਾ, ਉਹ ਦੋਜ਼ਖ ’ਚ ਜਾਂਦਾ ਹੈ। ਇਸ ਦੇ ਉਲਟ ਕੁਝ ਇਤਰਾਜ਼ਯੋਗ ਹਦੀਸਾਂ, ਜੋ ਨਬੀ ਉਮਰ ਨੇ ਇਕੱਠੀਆਂ ਕਰਵਾ ਕੇ ਖ਼ੁਦ ਸਾੜੀਆਂ ਸਨ, ’ਚ ਲਿਖਿਆ ਹੈ ਕਿ ਹਰ ਮੁਸਲਮਾਨ ਦਾ ਫ਼ਰਜ਼ ਹੈ ਕਿ ਉਹ ਘੱਟੋ-ਘੱਟ 50 ਕਾਫਰਾਂ (ਵਿਸ਼ੇਸ਼ ਤੌਰ ’ਤੇ ਯਹੂਦੀਆਂ) ਦਾ ਕਤਲ ਕਰੇ ਤਾਂ ਉਸ ਨੂੰ ਜੰਨਤ ਨਸੀਬ ਹੋਵੇਗੀ। ਸੱਚਾਈ ਤਾਂ ਇਹ ਹੈ ਕਿ ਇਨ੍ਹਾਂ ਤਿੰਨਾਂ ਨਸਲਾਂ ਦੇ ਪੈਗੰਬਰਾਂ ਨੇ ਅਜਿਹਾ ਕੋਈ ਸੁਨੇਹਾ ਨਹੀਂ ਦਿੱਤਾ ਜਿਸ ਨਾਲ ਇਨਸਾਨ ਹੈਵਾਨ ਦਾ ਰੂਪ ਧਾਰਨ ਕਰ ਜਾਵੇ।

ਇਸਲਾਮ ਦਰਅਸਲ ਦੀਨ-ਏ-ਰਹਿਮਤ ਹੈ। ਹਜ਼ਰਤ ਮੁਹੰਮਦ ਸਾਹਿਬ ਦੇ ਜ਼ਮਾਨੇ ’ਚ ਜੋ ਸੈਨਿਕ ਜਹਾਦ ਲਈ ਭੇਜੇ ਜਾਂਦੇ ਸਨ, ਉਨ੍ਹਾਂ ਨੂੰ ਇਹ ਸਖ਼ਤ ਹਦਾਇਤ ਸੀ ਕਿ ਕਿਸੇ ਮਜ਼ਲੂਮ ’ਤੇ ਜ਼ੁਲਮ ਨਹੀਂ ਢਾਹੁਣਾ। ਫਿਤਨੇ ਫਸਾਦ ਕਰਨਾ ਜਹਾਦ ਨਹੀਂ ਹੈ। ਇਸਲਾਮ ਨੂੰ ਦੀਨ-ਏ-ਫ਼ਿਤਰਤ ਵੀ ਕਿਹਾ ਜਾਂਦਾ ਹੈ, ਜਿਸ ਦਾ ਆਗ਼ਾਜ਼ ਇਨਸਾਨ ਦੀ ਉਤਪਤੀ ਤੋਂ ਹੀ ਮੰਨਿਆ ਜਾਂਦਾ ਹੈ। ਇਸਲਾਮ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਹੁਕਮ ਮੰਨਣਾ, ਆਤਮ ਸਮਰਪਣ ਕਰਨਾ ਤੇ ਖ਼ੁਦਾ ਪਾਕ ਦੀ ਮਰਜ਼ੀ ਅੱਗੇ ਸਮਰਪਣ ਕਰਨਾ ਹੈ। ਮਸਾਦ, ਤਾਲਿਬਾਨ, ਆਈਐੱਸਆਈ ਅਤੇ ਲਸ਼ਕਰੇ ਤੋਇਬਾ ਵਰਗੀਆਂ ਸੈਂਕੜੇ ਤਨਜ਼ੀਮਾਂ ਅੱਜ ਆਪਣੇ ਮੂਲ ਨੂੰ ਪਛਾਣਨ ਤੋਂ ਇਨਕਾਰੀ ਹਨ। ਦਰਅਸਲ ‘ਜਹਾਦ’ ਦਾ ਸੰਕਲਪ ਕਈ ਭਰਮ ਭੁਲੇਖੇ ਪੈਦਾ ਕਰ ਕੇ ਮੁਸਲਮਾਨ ਭਾਈਚਾਰੇ ਨੂੰ ਬਿਖੜੇ ਰਾਹਾਂ ਦਾ ਪਾਂਧੀ ਬਣਾ ਰਿਹਾ ਹੈ।

ਜਹਾਦ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਮਤਲਬ ਜ਼ੋਰਦਾਰ, ਕਰੜਾ ਸੰਘਰਸ਼ ਤੇ ਦੀਨ ਦੇ ਪ੍ਰਚਾਰ ਲਈ ਤਨੋਂ-ਮਨੋਂ ਯਤਨ ਕਰਨਾ ਹੈ। ਇਸ ਸ਼ਬਦ ਦੇ ਸੰਕੀਰਣ ਅਰਥ ਕੱਢਣ ਕਰਕੇ ਹੀ ਦੁਨੀਆ ਭਰ ’ਚ ਦੰਗੇ-ਫ਼ਸਾਦ ਹੋ ਰਹੇ ਹਨ। ‘ਸਾਰੇ ਜਹਾਂ ਸੇ ਅੱਛਾ ਹਿੰਦੁਸਤਾਂ ਹਮਾਰਾ’ ਵਰਗਾ ਅਮਰ ਤਰਾਨਾ ਲਿਖਣ ਵਾਲਾ ਅੱਲਾਮਾ ਮੁਹੰਮਦ ਇਕਬਾਲ ਵੀ ਗੁਮਰਾਹ ਹੋ ਗਿਆ ਸੀ। ਪਾਕਿਸਤਾਨ ਦੇ ਬਾਨੀ ਜਿਨਹਾ ਵਾਂਗ ਉਸ ਦਾ ਪਿਛੋਕੜ ਭਾਵੇਂ ਹਿੰਦੂ ਪਰਿਵਾਰ ਨਾਲ ਸੀ ਪਰ ਇਸਲਾਮ ਧਾਰਨ ਕਰਨ ਤੋਂ ਬਾਅਦ ਉਹ ਕੱਟੜ ਮੁਸਲਮਾਨ ਬਣ ਗਿਆ ਸੀ। ਵੀਹਵੀਂ ਸਦੀ ਦੇ ਆਰੰਭ ’ਚ ਇਸਲਾਮਿਕ ਦੇਸ਼, ਓਟੋਮਨ ਇੰਪਾਇਰ ਰਸਾਤਲ ਵੱਲ ਜਾਣ ਲੱਗਾ (1924 ’ਚ ਇਸ ਦਾ ਪੂਰੀ ਤਰ੍ਹਾਂ ਭੋਗ ਪੈ ਗਿਆ ਸੀ) ਤਾਂ ਇਕਬਾਲ ਲਹੂ ਦੇ ਅੱਥਰੂ ਕੇਰਨ ਲੱਗਾ। ਉਸ ਨੇ ‘ਸ਼ਿਕਵਾ’ ਅਨੁਵਾਨ ਹੇਠ ਲੰਬੀ ਨਜ਼ਮ (ਜੋ ਅੱਜ ਕੱਲ੍ਹ ਕਵਾਲੀ ਦੇ ਰੂਪ ’ਚ ਗਾਈ ਜਾਂਦੀ ਹੈ) ਲਿਖੀ, ਜਿਸ ’ਚ ਅੱਲਾਹ ਤਾਅਲਾ ਨੂੰ ਉਲਾਂਭਾ ਦਿੱਤਾ ਗਿਆ। ਇਸ ਦੀਆਂ ਕੁਝ ਸਤਰਾਂ ਆਤਮਸਾਤ ਕਰੋ,

‘‘ਇਸੀ ਦੁਨੀਆ ਮੇਂ ਯਹੂਦੀ ਭੀ ਥੇ/ਨਸਰਾਨੀ ਭੀ/ਈਸਾਈ ਭੀ। ਪਰ ਤੇਰੇ ਨਾਮ ਪਰ ਤਲਵਾਰ ਉਠਾਈ ਕਿਸਨੇ? ਬਾਤ ਜੋ ਵਿਗੜੀ ਹੂਈ ਥੀ/ਵੋ ਬਨਾਈ ਕਿਸਨੇ?’’ ਸਭ ਤੋਂ ਵੱਧ ਕੁੱਟ ਖਾਣ ਵਾਲੇ ਯਹੂਦੀਆਂ ਨੇ ਲੰਬੇ ਸੰਘਰਸ਼ ਤੋਂ ਬਾਅਦ 1948 ’ਚ ਵੱਖਰਾ ਦੇਸ਼ ਇਜ਼ਰਾਈਲ ਹਾਸਲ ਕੀਤਾ ਸੀ। ਦੁਨੀਆ ਦੀ ਅੱਠ ਖਰਬ ਆਬਾਦੀ ਦਾ ਉਹ ਮਹਿਜ਼ 0.2 ਪ੍ਰਤੀਸ਼ਤ (1.61 ਕਰੋੜ) ਹਨ। ਇਸਲਾਮਿਕ ਦੇਸ਼ਾਂ ਨਾਲ ਘਿਰਿਆ ਨਿੱਕਾ ਜੇਹਾ ਦੇਸ਼ ਇਜ਼ਰਾਈਲ ਆਪਣੀ ਹੋਂਦ ਦੀ ਜੰਗ ਲੜ ਰਿਹਾ ਹੈ। ਉਸ ਵੱਲੋਂ ਲਏ ਜਾ ਰਹੇ ਇੰਤਕਾਮ ’ਚ ਬੱਚੇ, ਬੁੱਢੇ, ਬਿਮਾਰ ਅਤੇ ਨਿਰਦੋਸ਼ ਔਰਤਾਂ ਵੀ ਸ਼ਾਮਲ ਹਨ। ਦੁਨੀਆ ਦੇ 83 ਦੇਸ਼ਾਂ ਸਣੇ ਭਾਰਤ ਨੇ ਇਜ਼ਰਾਈਲ ਨਾਲ ਖੜ੍ਹਨ ਦਾ ਐਲਾਨ ਕਰਦਿਆਂ ਤਰਕ ਦਿੱਤਾ ਹੈ ਕਿ ‘ਭਾਰਤ ਯੁੱਧ ਦਾ ਨਹੀਂ ਬੁੱਧ ਦਾ ਦੇਸ਼ ਹੈ। ਯੁੱਧ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੈ। ਖ਼ੁਦਾ ਖ਼ੈਰ ਕਰੇ!