VARINDER WALIA

ਹਰਮਨਪਿਆਰਾ ਕਾਲਮ –– ਹਰਫ਼ ਹਮੇਸ਼ / POPULAR COLUMN -- HARPH HAMESH

ਗਰਜਦੇ ਸ਼ਬਦ (ਪੰਜਾਬੀ ਜਾਗਰਣ –– 22nd October, 2023)

ਵਰਿੰਦਰ ਵਾਲੀਆ

ਹਰ ਸ਼੍ਰੇਣੀ ਦੀ ਵੱਖਰੀ ਬੋਲੀ ਤੇ ਵੱਖਰੇ ਅਖਾਣ ਹੁੰਦੇ ਹਨ। ਇਨ੍ਹਾਂ ਜਮਾਤਾਂ ਦੀ ਜੀਵਨ-ਸ਼ੈਲੀ ਨਵੇਕਲੀ ਬਿੰਬਾਵਲੀ ਦੀ ਸਿਰਜਣਾ ਕਰਦੀ ਹੈ। ਮਸਲਨ, ਨੰਬਰਦਾਰਾਂ (ਲੰਬੜਾਂ) ਅਤੇ ਸੀਰੀਆਂ ਦਾ ਚਿਤਰਣ ਕਰਨ ਲਈ ਵੱਖਰੇ-ਵੱਖਰੇ ਬਿੰਬ ਵਰਤੇ ਜਾਂਦੇ ਹਨ। ਇਹ ਸਾਡੀ ਲੋਕਧਾਰਾ ਦਾ ਵੰਨ-ਸੁਵੰਨ ਪੇਸ਼ ਕਰਦੇ ਹਨ। ਸ਼ਿਵ ਕੁਮਾਰ ਬਟਾਲਵੀ ਦੇ ਗੀਤ ਦਾ ਮੁੱਖੜਾ, ‘‘ਮੈਨੂੰ ਹੀਰੇ ਹੀਰੇ ਆਖੇ, ਹਾਏ ਨੀ ਮੁੰਡਾ ਲੰਬੜਾਂ ਦਾ’’ ਵੱਡੇ ਘਰਾਂ ਦੇ ਕਾਕਿਆਂ ਦੇ ਕਿਰਦਾਰ ਤੋਂ ਵੱਧ ਉਨ੍ਹਾਂ ਦੇ ‘ਅਧਿਕਾਰ’ ਵੱਲ ਸੰਕੇਤ ਕਰਦਾ ਹੈ। ਦੂਜੇ ਪਾਸੇ ਕਿਰਤੀ ਕਵੀ ਗੁਰਦਾਸ ਆਲਮ ਦਾ ਗੀਤ, ‘ਲੰਬੜਾਂ ਦੀ ਕੰਧ ਟੱਪ ਕੇ, ਮੁੰਡਾ ਕੰਡਿਆਂ ’ਚੋਂ ਬੇਰ ਲਿਆਇਆ’ ਜਗੀਰਦਾਰਾਂ ਖ਼ਿਲਾਫ਼ ਬਗ਼ਾਵਤ ਦਾ ਸੁਰ ਅਲਾਪਦਾ ਹੈ।

ਅਵਤਾਰ ਸਿੰਘ ‘ਪਾਸ਼’ ਦੇ ਪਿਤਾ ਸੋਹਣ ਸਿੰਘ ਸੰਧੂ ਵੱਲੋਂ ਸੰਪਾਦਿਤ ਪੁਸਤਕ, ‘ਤਲਵੰਡੀ ਸਲੇਮ ਨੂੰ ਜਾਂਦੀ ਸੜਕ’ ਵਿਚ ਸੱਤਰਵਿਆਂ ਦੌਰਾਨ ਚੱਲਦੀਆਂ ਦੋ ਸਮਾਨਾਂਤਰ ਕਾਵਿ ਲਹਿਰਾਂ ਦੀ ਖ਼ੂਬਸੂਰਤ ਝਲਕ ਪ੍ਰਸਤੁਤ ਹੁੰਦੀ ਹੈ। ਬਟਾਲਵੀ ਦੇ ਰੇਖਾ ਚਿੱਤਰ ਵਿਚ ਪਾਸ਼ ਲਿਖਦਾ ਹੈ-ਸ਼ਿਵ ਕੁਮਾਰ ਮਰ ਗਿਆ ਹੈ, ਪੰਜਾਬੀ ਕਵਿਤਾ ਦਾ ਇਕ ਦੌਰ ਜੋ ਉਸ ਦੇ ਨਾਲ ਸ਼ੁਰੂ ਹੋਇਆ ਸੀ, ਉਸ ਦੇ ਨਾਲ ਹੀ ਖ਼ਤਮ ਹੋ ਗਿਆ ਹੈ। ਉਹ ਜਿੰਨਾ ਜੀਵਿਆ, ਇਕ ਦੌਰ ਬਣ ਕੇ ਜੀਵਿਆ। ਅਜਿਹੀ ਖ਼ੁਸ਼ਕਿਸਮਤੀ ਦੁਨੀਆ ਦੇ ਬੜੇ ਘੱਟ ਸ਼ਾਇਰਾਂ ਨੂੰ ਨਸੀਬ ਹੋਈ ਹੈ। ਬਿਮਾਰ ਜ਼ਿੰਦਗੀ ਦਾ ਦਰਦ ਉਹਨੇ ਭਰਪੂਰ ਵੇਗ ਨਾਲ ਲਿਖਿਆ ਅਤੇ ਜੀਵਿਆ। ਸ਼ਾਇਦ ਇਹ ਸਭ ਤੋਂ ਵੱਡੀ ਖ਼ਿਦਮਤ ਸੀ ਜੋ ਇਕ ਬਿਮਾਰ ਇਨਸਾਨ ਲੋਕਾਂ ਦੀ ਕਰ ਸਕਦਾ ਹੈ। ਉਹ ਜ਼ਿੰਦਗੀ ਦਾ ਮਤਰੇਆ ਪੁੱਤਰ ਸੀ ਜਿਹਨੂੰ ਕਦੇ ਵੀ ਜ਼ਿੰਦਗੀ ਨਾਲ ਮਾਂ ਵਾਂਗ ਪਿਆਰ ਨਹੀਂ ਆਇਆ। ਦੂਜੇ ਪਾਸੇ ਪਾਸ਼ ਆਪਣੇ ਇਕ ਹੋਰ ਸਮਕਾਲੀ ਗੁਰਦਾਸ ਰਾਮ ‘ਆਲਮ’ ਬਾਰੇ ਲਿਖੇ ਰੇਖਾ ਚਿੱਤਰ ‘ਨੀ ਉਹ ਕੰਮੀਆਂ ਦਾ ਮੁੰਡਾ ਬੋਲੀ ਹੋਰ ਬੋਲਦਾ’ ਦੀ ਕਲਮ ਨੂੰ ਸਲਾਮ ਕਰਦਾ ਹੈ।

ਗੁਰਦਾਸ ‘ਆਲਮ’ ਨੂੰ ਤੱਕਣ ਤੇ ਉਸ ਦਾ ਕਲਾਮ ਸੁਣਨ ਲਈ ਪਾਸ਼ ਉਸ ਦੇ ਜਲੰਧਰ ਨੇੜੇ ਪਿੰਡ ਬੁੰਡਾਲਾ ਮੰਜਕੀ ਖ਼ੁਦ ਜਾਂਦਾ ਹੈ। ਪਾਸ਼ ਲਿਖਦਾ ਹੈ-ਮੈਨੂੰ ਇਕ ਲੋਕ ਕਵੀ ਦੀ ਸਦੀਵੀ ਭਾਲ ਰਹੀ ਹੈ ਜੋ ਲੁੱਟੀ ਜਾ ਰਹੀ ਜਨਤਾ ਦਾ ਅੰਗ ਹੋਵੇ, ਜੋ ਆਮ ਲੋਕਾਂ ਵਿਚ ਰਹਿੰਦਾ ਹੋਇਆ ਉਨ੍ਹਾਂ ਦੀ ਜ਼ਿੰਦਗੀ ਦੇ ਵੀਰਾਨਿਆਂ, ਹੰਝੂਆਂ ਅਤੇ ਅਭਾਵਾਂ ਨੂੰ ਉਨ੍ਹਾਂ ਦੇ ਨਾਲ ਹੀ ਭੋਗਦਾ ਹੋਇਆ ਇਕ ਸਫਲ ਚਿਤੇਰਾ ਵੀ ਹੋਵੇ। ਗੁਰਦਾਸ ਰਾਮ ‘ਆਲਮ’ ਬਾਰੇ ਕੁਝ ਇਹੋ ਜਿਹੀ ਚਰਚਾ ਸੁਣੀਂਦੀ ਸੀ। ਸੁਣਿਆ ਸੀ ਇਕ ਅਨਪੜ੍ਹ, ਜੱਟਾਂ-ਜ਼ਿਮੀਂਦਾਰਾਂ ਦਾ ਆਡਾਂ-ਬੰਨਿਆਂ ਦੇ ਘਾਹ ਖੋਤਦਾ ਹੋਇਆ ਕਵਿਤਾ ਜੋੜਦਾ ਰਹਿੰਦਾ ਹੈ।

ਸੁਣਿਆ ਸੀ ਉਹਦੀ ਕਵਿਤਾ ਵਿਚ ਦਰਦ, ਜਮਾਤੀ ਨਫ਼ਰਤ ਅਤੇ ਰੋਹ ਦਾ ਇਕ ਹੜ੍ਹ ਜਿਹਾ ਹੈ। ਸੁਣਿਆ ਸੀ ਉਹ ਸਟੇਜ ’ਤੇ ਜਾ ਕੇ ਮੰਚ ਨੂੰ ਬਸ ਆਪਣੇ ਜੋਗਾ ਕਰ ਲੈਂਦਾ ਹੈ। ਪਾਸ਼ ਮੁਤਾਬਕ ‘ਆਲਮ’ ਸ਼ਿਵ ਕੁਮਾਰ ਨੂੰ ਚੰਗਾ ਕਵੀ ਮੰਨਣ ਦੇ ਨਾਲ-ਨਾਲ ਉਸ ਨੂੰ ਜਮਾਤੀ ਸੂਝ ਤੋਂ ਕੋਰਾ ਕਹਿੰਦਾ ਸੀ। ‘ਆਲਮ’ ਪਾਸ਼ ਨੂੰ ਕਹਿੰਦਾ, ‘‘ਮੈਂ ਸਮਝਦਾ ਹਾਂ ਸਾਨੂੰ ਦੱਬੇ-ਕੁਚਲੇ ਲੋਕਾਂ ਨੂੰ ਸੱਭਿਆਚਾਰ ਦਾ ਆਪਣਾ ਵੱਖਰਾ ਵਿਧਾਨ ਬਣਾਉਣਾ ਚਾਹੀਦਾ ਹੈ। ਆਖ਼ਰ ਕਦੋਂ ਤੱਕ ਇਹ ਲੰਬੜ, ਚੌਧਰੀ, ਪਟਵਾਰੀ ਤੇ ਜ਼ੈਲਦਾਰ ਗੀਤਾਂ, ਬੋਲੀਆਂ ਵਿਚ ਸਾਡੇ ’ਤੇ ਚੜ੍ਹੇ ਰਹਿਣਗੇ?... ਕਿਸੇ ਗੀਤ ਜਾਂ ਅਖਾਣ ਦੀ ਨਾਇਕਾ ਸਾਡੇ ਕੰਮੀਆਂ-ਕਮੀਣਾਂ ਦੀ ਧੀ-ਭੈਣ ਤਾਂ ਹੋ ਸਕਦੀ ਹੈ ਪਰ ਸਾਡੇ ਲੱਠ ਵਰਗੇ ਮੁੰਡੇ ਨਹੀਂ। ਜਿਦਾਂ ਕਿਤੇ ਸਾਨੂੰ ਪਿਆਰ ਕਰਨ ਦਾ ਢੰਗ ਨਹੀਂ ਆਉਂਦਾ। ਤਾਹੀਓਂ ਮੈਂ ਲਿਖਿਆ ਹੈ-‘ਮਾਹੀ ਮੇਰਾ ਕਾਲੇ ਰੰਗ ਦਾ/ਵੇਹੜੇ ਵੜਦਾ ਤੇ ਚੰਨ ਚੜ੍ਹ ਜਾਂਦਾ/ਜੱਗ ਦੀ ਭਲਾਈ ਵਾਸਤੇ/ਬੇਹੀਆਂ ਰੋਟੀਆਂ ਮਿਰਚ ਨਾਲ ਖਾਂਦਾ।’ ਗੁਰਦਾਸ ‘ਆਲਮ’ ਇੱਥੇ ਹੀ ਨਹੀਂ ਰੁਕਦਾ।

ਉਹ ਕਹਿੰਦਾ,-ਤੂੰ ਦੇਖ, ਆਮ ਗੀਤ ਹੁੰਦੇ ਨੇ ‘‘ਜ਼ੈਲਦਾਰਾ ਪੁੱਤ ਨੂੰ ਸਮਝਾ ਲਾ ਕਿ ਵੱਟੇ ਮਾਰੇ ਘੜਿਆਂ ਨੂੰ’ ਜਾਂ, ‘ਤੇਰੀ ਤੋਰ ਪੱਟਿਆ ਪਟਵਾਰੀ ਤੂੰ ਪੱਟੀ ਲੱਡੂਆਂ ਨੇ’ ਜਾਂ ਜਿਦਾਂ ਸ਼ਿਵ ਕੁਮਾਰ ਨੇ ਲਿਖਿਆ, ‘ਮੈਨੂੰ ਹੀਰੇ ਹੀਰੇ ਆਖੇ, ਹਾਏ ਨੀ ਮੁੰਡਾ ਲੰਬੜਾਂ ਦਾ’ ਜਾਂ ‘ਨੀ ਉਹ ਲੰਬੜਾਂ ਦਾ ਮੁੰਡਾ ਬੋਲੀ ਹੋਰ ਬੋਲਦਾ’... ਖੇਹ ਤੇ ਸਵਾਹ ਬੋਲੀ ਬੋਲਣੀ ਆ ਇਨ੍ਹਾਂ ਨੇ। ਸੁਣ, ਮੈਂ ਲਿਖਿਆ, ‘‘ਲੰਬੜਾਂ ਦੀ ਕੰਧ ਟੱਪ ਕੇ...।’’ ਇਹ ਗੀਤ ਜਮਾਤੀ ਘੋਲ ਦੀ ਬਾਤ ਪਾਉਂਦਾ ਹੈ। ਕ੍ਰਾਂਤੀ ਦਾ ਬਿਗਲ ਵੱਜਦਾ ਹੈ। ਅੱਟਣ ਪਏ ਹੱਥਾਂ ਵਿਚ ਕਲਮ ਹਾਕਮਾਂ/ਜਾਗੀਰਦਾਰਾਂ ਦੇ ਸੋਹਲੇ ਨਹੀਂ ਗਾਉਂਦੀ। ਕਸੀਦੇ ਨਹੀਂ ਕੱਢਦੀ। ਕਿਰਤੀਆਂ-ਕਾਮਿਆਂ ਦੇ ਦਿਲਾਂ ’ਚੋਂ ਉੱਠਦੇ ਲਾਵੇ ਨੂੰ ਸ਼ਬਦਾਂ ਵਿਚ ਢਾਲਦੀ ਹੈ। ਸੁਲਗ ਰਹੀ ਅੱਗ ਨੂੰ ਭੂਕਣੇ ਥੀਂ ਫੂਕਾਂ ਮਾਰ ਕੇ ਭੜਕਾਉਂਦੀ ਹੈ। ਬਲਦੇ ਅੱਖਰਾਂ ਨਾਲ ਬਿਰਤਾਂਤ ਸਿਰਜਦੀ ਹੈ।

ਸ਼ਿਵ ਕੁਮਾਰ ਬਟਾਲਵੀ ਨੇ ਇਤਿਹਾਸ-ਮਿਥਿਹਾਸ ਦੀ ਪੀੜਤ ‘ਲੂਣਾ’ ਨੂੰ ਸਦੀਆਂ ਬਾਅਦ ਇਨਸਾਫ਼ ਦਿਵਾਇਆ ਸੀ। ਉਸ ਤੋਂ ਪਹਿਲਾਂ ਦੇ ਕਵੀਆਂ ਨੇ ਲੂਣਾ ’ਤੇ ਚਰਿੱਤਰਹੀਣ ਹੋਣ ਦੇ ਲਾਂਛਣ ਲਾਏ ਸਨ। ਸ਼ਿਵ ਦੀ ਕਲਮ ਨੇ ਉਸ ਨੂੰ ਹਾਲਾਤ ਦੀ ਪੀੜਤ ਗਰਦਾਨਿਆ ਸੀ। ਨਵੇਂ ਅਰਥਾਂ ਨੇ ਲੋਕਾਂ ਦਾ ਨਜ਼ਰੀਆ ਬਦਲ ਕੇ ਰੱਖ ਦਿੱਤਾ। ਇਸ ਮਾਰਮਿਕ ਉਪਲਬਧੀ ਨੇ ਸ਼ਿਵ ਨੂੰ ਭਾਰਤੀ ਸਾਹਿਤ ਅਕਾਦਮੀ ਦਾ ‘ਸਭ ਤੋਂ ਛੋਟੀ ਉਮਰ ਦਾ ਪੁਰਸਕਾਰ ਵਿਜੇਤਾ ਬਣਾ ਦਿੱਤਾ। ਇਸੇ ਤਰ੍ਹਾਂ ‘ਆਲਮ’ ਨੇ ਲੰਬੜਾਂ ਦੀ ਚੌਧਰ ਨੂੰ ਵੰਗਾਰਦਿਆਂ ਨਜ਼ਮਾਂ/ਗੀਤ ਰਚੇ। ਉਨ੍ਹਾਂ ਦੀਆਂ ਧੌਣਾਂ ’ਚੋਂ ਕਿੱਲੇ ਕੱਢੇ। ਉਸ ਦਾ ਪਾਤਰ ਜਾਨ ਤਲੀ ’ਤੇ ਰੱਖ ਕੇ ਲੰਬੜਾਂ ਦੀ ਕੰਧ ਟੱਪਦਾ ਹੈ। ਇਹ ਬਗ਼ਾਵਤ ਦੀ ਪਹਿਲੀ ਪੁਲਾਂਘ ਹੈ ਜਿਸ ਨੇ ਬਾਅਦ ਵਿਚ ਸਮਾਜੀ ਘੋਲ ਵਿਚ ਤਬਦੀਲ ਹੋਣਾ ਹੁੰਦਾ ਹੈ।

ਉੱਚੇ ਬੁਰਜਾਂ ਦੇ ਕਿੰਙਰੇ ਢਾਹੁਣੇ ਹੁੰਦੇ ਹਨ। ਉਹ ਲੰਬੜਾਂ ਦੀ ਬੇਰੀ ਨੂੰ ਜੱਫਾ ਮਾਰ ਹਲੂਣਦਾ ਹੈ। ਘਰ ਦੀ ‘ਚੌਧਰਾਣੀ’ (ਮਾਲਕਣ) ਡਰ ਕੇ ਅੰਦਰੋਂ ਕੁੰਡਾ ਮਾਰ ਲੈਂਦੀ ਹੈ। ਉਸ ਦੇ ਗੀਤ ਦੇ ਬੋਲ ਹਨ, ‘‘ਜਿਸ ਵੇਲੇ ਰੋਕ ਨਾ ਸਕੀ/ਨਵੇਂ ਪੈਰਾਂ ਨੂੰ ਦੀਵਾਰ ਪੁਰਾਣੀ/ਨੱਸ ਕੇ ਅੰਦਰ ਲੁਕ ਗਈ/ਕੁੰਡਾ ਮਾਰ ਕੇ ਵੱਡੀ ਚੌਧਰਾਣੀ।’’ ਲੰਬੜਾਂ ਦਾ ਬਿੰਬ ਤਿੜਕਦਾ ਹੈ। ਜਮਾਤੀ ਘੋਲ ਪ੍ਰਚੰਡ ਹੋਣ ਦਾ ਨਗਾਰਾ ਵੱਜਦਾ ਹੈ। ਬੱਦਲ ਗਰਜਦੇ ਵੀ ਹਨ ਤੇ ਵਰ੍ਹਦੇ ਵੀ ਹਨ। ਲਲਕਾਰ ਅੱਗੇ ਹੈਂਕੜ ਨੂੰ ਦੰਦਲਾਂ ਪੈਂਦੀਆਂ ਹਨ। ‘ਆਲਮ’ ਕਹਿੰਦਾ ਹੈ, ‘‘ਲਗਰਾਂ ਮਧੋਲ ਸੁੱਟੀਆਂ/ਕੀਤੀ ਭੁੱਖ ਜ਼ਿੰਦਗੀ ਦੀ ਊਣੀ, ਲਾਲ ਗੜੁੱਭ ਵਰਗਾ, ਸੋਹਣਾ ਬੇਰ ਬੁੱਲ੍ਹੀਆਂ ਨੂੰ ਲਾਇਆ/ਲੰਮੇ ਪੈ ਗਏ ਪੈਰ ਸੁੰਘ ਕੇ, ਕੁੱਤਾ ਭੌਂਕਿਆ ਨਾ ਕੋਈ ਵੀ ਸ਼ਿਕਾਰੀ/ਬਿੱਟ ਬਿੱਟ ਰਹੇ ਝਾਕਦੇ, ਚੌਂਕੀਦਾਰ ਤੇ ਲੰਬੜ ਪਟਵਾਰੀ।’’

ਅਜਿਹੀ ਸ਼ਬਦ-ਧੁਨੀ ਖੇਤਾਂ ਵਿਚ ਹੱਥੀਂ ਕਾਰ ਕਰਨ ਵਾਲਾ ਗੁਰਦਾਸ ‘ਆਲਮ’ ਹੀ ਰਚ ਸਕਦਾ ਸੀ। ਉਹ ਅਨਪੜ੍ਹ ਸੀ। ਉਸ ਕੋਲ ਸ਼ਬਦਾਂ ਦਾ ਸੀਮਤ ਭੰਡਾਰ ਸੀ। ਇਹ ਉਸ ਦੀ ਕਮਜ਼ੋਰੀ ਨਹੀਂ ਸਗੋਂ ਤਾਕਤ ਸੀ। ਉਸ ਨੂੰ ਸ਼ਬਦਾਂ ਨਾਲ ਖੇਡਣਾ ਨਹੀਂ ਸੀ ਆਉਂਦਾ। ਕਿਸੇ ਜੌਹਰੀ ਵਾਂਗ ਸ਼ਬਦਾਂ ਦੀ ਨਕਾਸ਼ੀ ਦਾ ਵੱਲ ਵੀ ਨਹੀਂ ਸੀ ਆਉਂਦਾ। ਇਸੇ ਕਰਕੇ ਉਸ ਦੇ ਸ਼ਬਦ ਸੰਮਾਂ ਵਾਲੀ ਡਾਂਗ ਵਾਂਗ ਖੜਕਦੇ ਹਨ। ਲੋਕਾਂ ਨਾਲ ਜੁੜੇ ਸਰੋਕਾਰਾਂ ਨੂੰ ਉਹ ਹੰਢਾਉਂਦਾ ਹੈ। ਉਹ ਸਿਸਕੀਆਂ ਨੂੰ ਲਲਕਾਰ ਵਿਚ ਬਦਲ ਦਿੰਦਾ। ਦਰਦ ਦੇ ਹਾਣ ਦੇ ਸ਼ਬਦ ਉਸ ਨੂੰ ਨਾਜ਼ਲ ਹੁੰਦੇ। ਵਿਸ਼ੇਸ਼ ਤਰੱਦਦ ਦੀ ਲੋੜ ਹੀ ਨਾ ਪੈਂਦੀ। ਦਿਲਾਂ ’ਤੇ ਪਈਆਂ ਝਰੀਟਾਂ ਨੂੰ ਉਹ ਸਹਿਜੇ ਹੀ ਕਾਗਜ਼ ’ਤੇ ਝਰੀਟ ਲੈਂਦਾ। ਕਿਸੇ ਖ਼ਾਸ ਅਲੰਕਾਰ ਦੀ ਲੋੜ ਨਾ ਭਾਸਦੀ। ਕਿਰਤੀ ਕਾਮਿਆਂ ਨਾਲ ਹੁੰਦੇ ਵਿਤਕਰੇ ਨੂੰ ਵੇਖਦਾ ਤਾਂ ਉਸ ਅੰਦਰਲਾ ਜੰਗਜੂ ਅੰਗੜਾਈ ਲੈਂਦਾ। ਚਾਨਣ ਦੀਆਂ ਪੈੜਾਂ ਪਾਉਂਦਾ ਚੇਤਨਾ ਦਾ ਦੂਤ ਖੁਰਪਾ/ਕਹੀ ਛੱਡ ਕੇ ਕਲਮ ਚੁੱਕ ਲੈਂਦਾ। ਪਗਡੰਡੀਆਂ ’ਤੇ ਤੁਰਨ ਵਾਲਾ ਸ਼ਾਹ-ਮਾਰਗਾਂ ਦੀ ਦੱਸ ਪਾਉਂਦਾ।

ਕਿਰਤੀ-ਕਿਰਸਾਨੀ ਘੋਲ ਦਾ ਹੋਕਾ ਦਿੰਦਾ। ਸੰਘਰਸ਼ ਦੀ ਨਵੀਂ-ਨਵੇਕਲੀ ਇਬਾਰਤ ਲਿਖਣ ਵਾਲੇ ਕਵੀ ’ਤੇ ਦੁਸ਼ਿਅੰਤ ਕੁਮਾਰ ਦੇ ਇਹ ਸ਼ਿਅਰ ਢੁੱਕਦੇ ਹਨ, ‘‘ਹੋ ਗਈ ਹੈ ਪੀਰ ਪਰਬਤ ਸੀ ਪਿਘਲਨੀ ਚਾਹੀਏ/ਇਸ ਹਿਮਾਲਯ ਸੇ ਕੋਈ ਗੰਗਾ ਨਿਕਲਨੀ ਚਾਹੀਏ...ਮੇਰੇ ਸੀਨੇ ਮੇਂ ਨਹੀਂ ਤੋ ਤੇਰੇ ਸੀਨੇ ਮੇਂ ਸਹੀ/ਹੈ ਕਹੀਂ ਭੀ ਆਗ ਲੇਕਿਨ ਆਗ ਨਿਕਲਨੀ ਚਾਹੀਏ।’’ ਉਹ ਜਾਗਦੀ ਜ਼ਮੀਰ ਵਾਲਾ ਕਵੀ ਸੀ। ਕਿਸੇ ਵਿਸ਼ਵ ਵਿਦਿਆਲੇ ਵਿਚ ਪੜ੍ਹਿਆ ਹੁੰਦਾ ਤਾਂ ਕਈ ਤਰ੍ਹਾਂ ਦੀਆਂ ਜਮ੍ਹਾਂ ਤਕਸੀਮਾਂ ਜ਼ਰੂਰ ਕਰਦਾ। ਇਨਾਮ-ਇਕਰਾਮ ਪਾਉਣ ਲਈ ਹੱਥ-ਪੈਰ ਮਾਰਦਾ। ਦਰਅਸਲ, ਉਹ ਇਨ੍ਹਾਂ ਰਾਹਾਂ ਦਾ ਪਾਂਧੀ ਹੈ ਹੀ ਨਹੀਂ ਸੀ। ਉਹ ਦਸਾਂ ਨਹੁੰਆਂ ਦੀ ਕਿਰਤ ਕਮਾਈ ਕਰਨ ਵਾਲਾ ਜਿਊੜਾ ਸੀ। ਸ਼ਾਇਰੀ ਉਸ ਲਈ ਰੂਹ ਦੀ ਖੁਰਾਕ ਸੀ। ਉਹ ਪ੍ਰਤੀਬੱਧ ਕਲਮਕਾਰ ਸੀ। ਉਪਜੀਵਕਾ ਲਈ ਉਹ ਕਹੀ ਵਾਹੁੰਦਾ। ਲੋਕ ਘੋਲ ਲਈ ਉਹ ਸਟੇਜਾਂ ’ਤੇ ਗਾਉਂਦਾ। ਸ਼ਿਵ ਤੇ ਉਹ ਇਕ ਮੰਚ ’ਤੇ ਇਕੱਠੇ ਹੋ ਜਾਂਦੇ ਤਾਂ ਵੱਧ ਤਾੜੀਆਂ ‘ਆਲਮ’ ਦੇ ਕਲਾਮ ’ਤੇ ਵੱਜਦੀਆਂ। ਇਸ ਦੇ ਬਾਵਜੂਦ ‘ਆਲਮ’ ਨੂੰ ਅੱਜ ਤੱਕ ਉਹ ਰੁਤਬਾ ਹਾਸਲ ਨਹੀਂ ਹੋਇਆ ਜੋ ਉਸ ਦੇ ਸਮਕਾਲੀਆਂ ਨੂੰ ਹੋਇਆ ਹੈ।