VARINDER WALIA

ਹਰਮਨਪਿਆਰਾ ਕਾਲਮ –– ਹਰਫ਼ ਹਮੇਸ਼ / POPULAR COLUMN -- HARPH HAMESH

ਦਿਲਾਂ ’ਤੇ ਖੁਣਿਆ ਨਾਅਰਾ (ਪੰਜਾਬੀ ਜਾਗਰਣ –– 29th October, 2023)

ਵਰਿੰਦਰ ਵਾਲੀਆ

ਤਿੰਨ ਸਦੀਆਂ ਤੋਂ ਵੀ ਪਹਿਲਾਂ ‘ਹਾਅ ਦਾ ਨਾਅਰਾ’ ਮਾਰਨ ਵਾਲੀ ਮਾਲੇਰਕੋਟਲਾ ਰਿਆਸਤ ਦੀ ਆਖ਼ਰੀ ਬੇਗਮ, ਮੁਨੱਵਰ-ਉਨ-ਨਿਸਾ (103) ਦੇ ਸਪੁਰਦ-ਏ-ਖ਼ਾਕ ਹੋਣ ਨਾਲ ਸਭ ਫਿਰਕਿਆਂ, ਖ਼ਾਸ ਤੌਰ ’ਤੇ ਸਿੱਖ ਕੌਮ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਆਪ ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਦੇ ਦੋ ਛੋਟੇ ਸਾਹਿਬਜ਼ਾਦਿਆਂ, ਬਾਬਾ ਜ਼ੋਰਾਵਰ ਸਿੰਘ (9) ਤੇ ਬਾਬਾ ਫ਼ਤਿਹ ਸਿੰਘ (7) ਨੂੰ ਸਰਹਿੰਦ ਵਿਖੇ ਨੀਹਾਂ ਵਿਚ ਚਿਣੇ ਜਾਣ ਵੇਲੇ ‘ਹਾਅ ਦਾ ਨਾਅਰਾ’ ਮਾਰਨ ਵਾਲੇ ਸ਼ੇਰਦਿਲ ਨਵਾਬ, ਸ਼ੇਰ ਮੁਹੰਮਦ ਖਾਂ ਦੀ 14ਵੀਂ ਪੀੜ੍ਹੀ ਅਤੇ ਚੜ੍ਹਦੇ ਪੰਜਾਬ ਦੀ ਇਕਲੌਤੀ ਮੁਸਲਿਮ ਰਿਆਸਤ ਮਾਲੇਰਕੋਟਲਾ ਦੇ ਆਖ਼ਰੀ ਨਵਾਬ ਮਰਹੂਮ ਇਫ਼ਤਖਾਰ ਅਲੀ ਖਾਂ ਦੀ ਚੌਥੀ ਬੇਗਮ ਸਨ।

ਬੇਗਮ ਸਾਹਿਬਾ ਦੇ ਜਨਾਜ਼ੇ ਵਿਚ ਸ਼ਰੀਕ ਹਰ ਕਿਸੇ ਦੀਆਂ ਅੱਖਾਂ ਸਿੱਲ੍ਹੀਆਂ ਸਨ। ਸ਼ਾਹੀ ਮਕਬਰੇ ਵਿਚ ਆਪਣੇ ਖ਼ਾਵੰਦ ਨਵਾਬ ਇਫ਼ਤਖਾਰ ਅਲੀ ਖਾਂ ਦੀ ਕਬਰ ਨਾਲ ਦਫ਼ਨਾਏ ਜਾਣ ਵਾਲੀ ਬੇਗਮ ਨੂੰ ਪਿਆਰ ਨਾਲ ਲੋਕ ਮਾਦਰ-ਏ-ਮਾਲੇਰਕੋਟਲਾ ਕਿਹਾ ਕਰਦੇ ਸਨ। ਛੇ-ਸੱਤ ਪੋਹ (20-21 ਦਸਬੰਰ, 1705) ਵਾਲੇ ਦਿਨ ਅਨੰਦਪੁਰ ਨਗਰੀ ਨੂੰ ਅਲਵਿਦਾ ਕਹਿਣ ਤੋਂ ਬਾਅਦ ਸਰਸਾ ਨਦੀ ਵਿਚ ਹੜ੍ਹ ਆਉਣ ਕਾਰਨ ਕਲਗੀਆਂ ਵਾਲੇ ਦੇ ਪਰਿਵਾਰ ਦਾ ਵਿਛੋੜਾ ਪੈ ਗਿਆ ਸੀ। ਗੁਰੂ ਘਰ ਦਾ ਰਸੋਈਆ ਗੰਗੂ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਆਪਣੇ ਨਾਲ ਲੈ ਗਿਆ ਤੇ ਫਿਰ ਉਨ੍ਹਾਂ ਨੂੰ ਮੁਗ਼ਲ ਸੈਨਾ ਕੋਲ ਗਿ੍ਰਫ਼ਤਾਰ ਕਰਵਾ ਦਿੱਤਾ। ਨਵਾਬ ਵਜ਼ੀਰ ਖਾਂ ਨੇ ਮਾਲੇਰਕੋਟਲਾ ਦੇ ਨਵਾਬ ਨੂੰ ਕਿਹਾ ਕਿ ਉਹ ਆਪਣੇ ਭਰਾ ਦੀ ਮੌਤ ਦਾ ਜਿਵੇਂ ਚਾਹੇ ਬਦਲਾ ਲੈ ਸਕਦਾ ਹੈ। ਨਵਾਬ ਮਾਲੇਰਕੋਟਲਾ ਨੇ ਕੋਰੀ ਨਾਂਹ ਕਰਦਿਆਂ ਕਿਹਾ ਕਿ ਬੱਚਿਆਂ ਤੇ ਔਰਤਾਂ ’ਤੇ ਜ਼ੁਲਮ ਢਾਹੁਣ ਦੀ ਇਸਲਾਮ ਇਜਾਜ਼ਤ ਨਹੀਂ ਦਿੰਦਾ।

ਹਾਅ ਦਾ ਮਾਰਿਆ ਨਾਅਰਾ ਤਿੰਨ ਸਦੀਆਂ ਬੀਤ ਜਾਣ ਦੇ ਬਾਵਜੂਦ ਸਿੱਖਾਂ ਦੇ ਦਿਲਾਂ ’ਤੇ ਖੁਣਿਆ ਹੋਇਆ ਹੈ। ਜ਼ੁਲਮ ਦੀ ਵਗ ਰਹੀ ਕਾਲ਼ੀ-ਬੋਲ਼ੀ ਹਨੇਰੀ ਵਿਚ ਅਜਿਹਾ ਹਾਅ ਦਾ ਨਾਅਰਾ ਮਾਰਨਾ ਪੁਰੇ ਦੀ ਰੁਮਕਦੀ ਪੌਣ ਵਰਗਾ ਸੀ। ਕਿਸੇ ਇਨਸਾਨ ਵੱਲੋਂ ਹੈਵਾਨ ਨੂੰ ਲਲਕਾਰ ਸੀ ਇਹ। ਨਵਾਬ ਵੱਲੋਂ ਦਿਖਾਈ ਸੰਜੀਦਗੀ ਨੇ ਸਿੱਖ ਕੌਮ ਦਾ ਦਿਲ ਜਿੱਤ ਲਿਆ। ਮੁਗ਼ਲਾਂ ਅਤੇ ਸਿੱਖਾਂ ਦਰਮਿਆਨ ਚੱਲ ਰਹੀ ਖ਼ੂਨੀ ਜੰਗ ਵੇਲੇ ਦਿਖਾਈ ਗਈ ਤਵਾਰੀਖ਼ੀ ਸਦਭਾਵਨਾ ਨੇ ਬਲਦੀ ’ਤੇ ਪਾਣੀ ਛਿੜਕਣ ਵਾਲਾ ਕਾਰਜ ਕੀਤਾ। ਇਤਿਹਾਸ ਵਿਚ ਸੁਨਹਿਰੀ ਪੰਨਾ ਜੁੜ ਗਿਆ। ਇਹੀ ਕਾਰਨ ਸੀ ਕਿ ਦੇਸ਼ ਦੀ ਵੰਡ ਵੇਲੇ ਹੋਈ ਵੱਢ-ਟੁੱਕ ਦੇ ਬਾਵਜੂਦ ਮਾਲੇਰਕੋਟਲਾ ਵਿਚ ਅਮਨ-ਚੈਨ ਰਿਹਾ।

ਨਵਾਬ ਸ਼ੇਰ ਮੁਹੰਮਦ ਖ਼ਾਨ ਵੱਲੋਂ ਪਾਏ ਪੂਰਨਿਆਂ ’ਤੇ ਚੱਲਦਿਆਂ ਮਾਲੇਰਕੋਟਲਾ ਦਾ ਅਵਾਮ ਅੱਜ ਵੀ ਫ਼ਿਰਕੂ ਦੰਗੇ-ਫ਼ਸਾਦਾਂ ਤੋਂ ਕੋਹਾਂ ਦੂਰ ਰਹਿੰਦਾ ਹੈ। ਇਸਲਾਮ ਦਾ ਲਿਟਰੇਚਰ ਛਾਪਣ ਵਾਲਾ ਹਿੰਦੂ ਧਰਮ ਦਾ ਅਨੁਯਾਈ ਮਿਲ ਜਾਵੇਗਾ। ਮੰਦਰ, ਮਸਜਿਦ ਜਾਂ ਗੁਰਧਾਮ ਦੇ ਬਾਹਰ ਮੁਸਲਮਾਨਾਂ ਦੀਆਂ ਦੁਕਾਨਾਂ ਮਾਲੇਰਕੋਟਲਾ ਦੀ ਧਰਮ-ਨਿਰਪੱਖਤਾ ਦੀ ਗਵਾਹੀ ਭਰਦੀਆਂ ਹਨ। ਕਈ ਕਾਰੋਬਾਰਾਂ ਦੇ ਭਾਈਵਾਲ ਮੁਸਲਮਾਨ, ਹਿੰਦੂ ਤੇ ਸਿੱਖ ਹਨ। ਜੇ ਸੂਬਾ ਸਰਹਿੰਦ ਦਾ ਕਹਿਣਾ ਮੰਨ ਕੇ ਮਾਲੇਰਕੋਟਲਾ ਦਾ ਨਵਾਬ ਇੰਤਕਾਮ ਲੈ ਲੈਂਦਾ ਤਾਂ ਇਤਿਹਾਸ ਵੱਖਰੀ ਤਰ੍ਹਾਂ ਲਿਖਿਆ ਜਾਣਾ ਸੀ। ‘ਗੁਰਦੁਆਰਾ ਹਾਅ ਦਾ ਨਾਅਰਾ’ ਨਵਾਬ ਮਾਲੇਰਕੋਟਲਾ ਵੱਲੋਂ ਸਾਹਿਬਜ਼ਾਦਿਆਂ ਪ੍ਰਤੀ ਦਿਖਾਈ ਗਈ ਸਹਾਨੁਭੂਤੀ ਦਾ ਪ੍ਰਤੀਕ ਬਣਿਆ ਹੋਇਆ ਹੈ। ਇਸ ਗੁਰਧਾਮ ਵਿਚ ‘ਮਾਦਰ-ਏ-ਮਾਲੇਰਕੋਟਲਾ’ ਵੀ ਅਕਸਰ ਨਤਮਸਤਕ ਹੋਇਆ ਕਰਦੇ ਸਨ।

ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 14 ਮਈ 2021 ਨੂੰ ਈਦ-ਉਲ-ਫ਼ਿਤਰ ਮੌਕੇ ਮਾਲੇਰਕੋਟਲਾ ਨੂੰ ਸੰਗਰੂਰ ਜ਼ਿਲ੍ਹੇ ’ਚੋਂ ਕੱਢ ਕੇ 23ਵਾਂ ਜ਼ਿਲ੍ਹਾ ਬਣਾਉਣ ਦਾ ਐਲਾਨ ਕੀਤਾ ਸੀ। ਦੋ ਜੂਨ ਨੂੰ ਪੰਜਾਬ ਕੈਬਨਿਟ ਨੇ ਇਸ ਨੂੰ ਰਸਮੀ ਤੌਰ ’ਤੇ ਜ਼ਿਲ੍ਹਾ ਬਣਾ ਦਿੱਤਾ। ਕੈਪਟਨ ਅਮਰਿੰਦਰ ਸਿੰਘ ਦੀਆਂ ਸਿਮਰਤੀਆਂ ਵਿਚ ਮਾਲੇਰਕੋਟਲਾ ਉੱਕਰਿਆ ਹੋਇਆ ਹੈ। ਉਹ ਅਕਸਰ ਕਿਹਾ ਕਰਦੇ ਕਿ ਬਚਪਨ ਵਿਚ ਉਹ ਮਾਲੇਰਕੋਟਲਾ ਦੇ ਮੁਬਾਰਕ ਮੰਜ਼ਿਲ ਵਿਚ ਖੇਡਿਆ ਕਰਦੇ ਸਨ। ਰਾਜਿਆਂ-ਮਹਾਰਾਜਿਆਂ ਵਿਚ ਉਂਜ ਵੀ ਕਈ ਤਰ੍ਹਾਂ ਦੀਆਂ ਸਾਕ-ਸਕੀਰੀਆਂ ਹੁੰਦੀਆਂ ਸਨ। ਨਾਤਾ ਜੋੜਨ ਵੇਲੇ ਉਹ ਫ਼ਿਰਕਿਆਂ ਦੀਆਂ ਵਲਗਣਾਂ ਦੀ ਪਰਵਾਹ ਨਾ ਕਰਦੇ। ਮਾਲੇਰਕੋਟਲਾ ਦੀ ਆਖ਼ਰੀ ਬੇਗਮ ਦੇ ਦੀਦਾਰ ਕਰਨ ਨੂੰ ਕੈਪਟਨ ਸੁਭਾਗਾ ਸਮਝਦੇ ਸਨ। ਬੇਗਮ ਸਾਹਿਬਾ ਦੀ ਤਬੀਅਤ ਕਾਫ਼ੀ ਦੇਰ ਤੋਂ ਨਾਸਾਜ਼ ਸੀ।

ਆਖ਼ਰੀ ਸਮੇਂ ਉਹ ਘੱਟ-ਵੱਧ ਹੀ ਕਿਸੇ ਨੂੰ ਮਿਲਦੇ ਸਨ। ਚੰਦ ਸਾਲ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਕ ਟੀਮ ਨੇ ਉਨ੍ਹਾਂ ਦਾ ਮੁਬਾਰਿਕ ਮੰਜ਼ਿਲ ਵਿਚ ਪੁੱਜ ਕੇ ਸਨਮਾਨ ਕੀਤਾ ਸੀ। ਮੁਗ਼ਲਾਂ ਨੇ ਜਿੱਥੇ ਸਿੱਖ ਕੌਮ ’ਤੇ ਅੰਨ੍ਹੇ ਜ਼ੁਲਮ ਢਾਹੇ, ਓਥੇ ਕਈ ਸੱਚੇ ਮੁਸਲਮਾਨ ਗੁਰੂ ਸਾਹਿਬਾਨ ਦੇ ਅੰਗ-ਸੰਗ ਵੀ ਰਹੇ। ਇਹ ਸਦਭਾਵਨਾ ਅਗਲੀਆਂ ਪੀੜ੍ਹੀਆਂ ’ਚ ਵੀ ਦਿਖਾਈ ਦਿੱਤੀ। ਇਕ ਮੁਸਲਮਾਨ ਕਵੀ ਅੱਲ੍ਹਾ ਯਾਰ ਖਾਂ ਜੋਗੀ (1870-1956) ਦੇ ਦੋ ਲੰਬੇ ਮਰਸੀਏ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਨੂੰ ਸੁੱਚੇ ਹੰਝੂਆਂ ਨਾਲ ਦਿੱਤੀ ਸ਼ਰਧਾਂਜਲੀ ਵਜੋਂ ਪੜ੍ਹੇ ਜਾਂਦੇ ਹਨ। ਜੋਗੀ ਨੂੰ ਨਵਾਬ ਮਾਲੇਰਕੋਟਲਾ ਵੱਲੋਂ ਮਾਰਿਆ ‘ਹਾਅ ਦਾ ਨਾਅਰਾ’ ਵੀ ਟੁੰਬਦਾ ਹੈ। ਸ਼ਹੀਦਾਨ-ਏ-ਵਫ਼ਾ ਵਿਚ ਉਹ ਸਾਹਿਬਜ਼ਾਦਿਆਂ ਦੇ ਅਡਿੱਗ ਹੌਸਲੇ ਦੀ ਖ਼ੂਬ ਦਾਦ ਦਿੰਦਾ ਹੈ। ਇਹ ਲੰਬਾ ਮਰਸੀਆ ਸੰਨ 1913 ਵਿਚ ਕਲਮਬੱਧ ਕੀਤਾ ਗਿਆ ਸੀ। ਇਸ ਵਿਚ ਜੋਗੀ ਜੀ ਨੇ ਠੰਢੇ ਬੁਰਜ ਵਿਚ ਦਾਦੀ ਮਾਂ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਦਰਮਿਆਨ ਹੋਏ ਮਾਰਮਿਕ ਸੰਵਾਦ ਨੂੰ ਅਨੂਠੇ ਅਲੰਕਾਰਾਂ ਨਾਲ ਪਰੋਇਆ ਹੈ। ਸੂਬਾ ਸਰਹਿੰਦ ਦੀ ਕਚਹਿਰੀ ਲਈ ਤੋਰਨ ਵੇਲੇ ਮਾਤਾ ਜੀ ਫੁਰਮਾਉਂਦੇ ਹਨ :

ਜਾਨੇ ਸੇ ਪਹਲੇ ਆਓ ਗਲੇ ਸੇ ਲਗਾ ਤੋ ਲੂੰ, ਕੇਸੋਂ ਕੋ ਕੰਘੀ ਕਰ ਦੂੰ ਜ਼ਰਾ ਮੂੰਹ ਧੁਲਾ ਤੋਂ ਲੂੰ, ਪਯਾਰੇ ਸਰੋਂ ਪੇ ਨੰਨ੍ਹੀ ਸੀ ਕਲਗੀ ਸਜਾ ਤੋ ਲੂੰ। ਧਰਮ ਪਰਿਵਰਤਨ ਤੋਂ ਬਾਅਦ ਜਾਨ ਬਖ਼ਸ਼ੇ ਜਾਣ ਦੀ ਪੇਸ਼ਕਸ਼ ਨੂੰ ਜੁਰਅੱਤ ਨਾਲ ਠੁਕਰਾਉਣ ਵਾਲੇ ਸਾਹਿਬਜ਼ਾਦਿਆਂ ਦੀ ਸ਼ਬਦਾਂ ਨਾਲ ਕੀਤੀ ਗਈ ਤਸਵੀਰਕਸ਼ੀ ਆਤਮਸਾਤ ਕਰ ਕੇ ਹਰ ਕਿਸੇ ਦੀਆਂ ਅੱਖਾਂ ’ਚੋਂ ਹੰਝੂ ਟਪਕ ਪੈਂਦੇ ਹਨ। ਨੀਹਾਂ ਵਿਚ ਚਿਣੇ ਜਾਣ ਤੋਂ ਪਹਿਲਾਂ ਸਾਹਿਬਜ਼ਾਦੇ ਕਹਿੰਦੇ ਹਨ :

ਹਮ ਜਾਨ ਦੇ ਕੇ ਔਰੋਂ ਕੀ ਜਾਨ ਬਚਾ ਚਲੇ, ਸਿੱਖੀ ਕੀ ਨੀਂਵ ਹਮ ਹੈਂ ਸਰੋਂ ਪਰ ਉਠਾ ਚਲੇ। ਸੱਚਮੁੱਚ ਸਾਹਿਬਜ਼ਾਦਿਆਂ ਦੇ ਨੀਹਾਂ ਵਿਚ ਚਿਣੇ ਜਾਣ ਤੋਂ ਬਾਅਦ ਸਿੱਖ ਕੌਮ ਦੀ ਬੁਨਿਆਦ ਮਜ਼ਬੂਤ ਹੋਈ। ਜ਼ੁਲਮ ਦੀ ਹਨੇਰੀ ਨੂੰ ਠੱਲ੍ਹ ਪਈ। ਅੱਲ੍ਹਾ ਯਾਰ ਖਾਂ ਜੋਗੀ ਨੇ ਇਸ ਸਾਕੇ ਨੂੰ ਜ਼ੁਲਮ ਦੀ ਜੜ੍ਹ ਪੁੱਟਣ ਵਾਲਾ ਅਹਿਮ ਕਦਮ ਦੱਸਿਆ ਹੈ। ਨਵਾਬ ਮਾਲੇਰਕੋਟਲੇ ਵਾਂਗ ਜੋਗੀ ਦਾ ਦਿਲ ਵੀ ਜ਼ਾਰ ਜ਼ਾਰ ਰੋਂਦਾ ਪ੍ਰਤੀਤ ਹੁੰਦਾ ਹੈ। ਇਹ ਦੋਨੋਂ ਫ਼ਿਰਕਾਪ੍ਰਸਤੀ ਤੋਂ ਕੋਹਾਂ ਦੂਰ ਹਨ। ਇਸੇ ਲਈ ਸਿੱਖ ਕੌਮ ਦੇ ਦਿਲਾਂ ਅੰਦਰ ਇਨ੍ਹਾਂ ਦੀ ਵਿਸ਼ੇਸ਼ ਥਾਂ ਹੈ। ਉਹ ਦੀਨੀ ਭਾਈਆਂ ਨੂੰ ਲਾਹਨਤਾਂ ਪਾਉਣ ਵਾਲੇ ਸੱਚੇ-ਸੁੱਚੇ ਇਨਸਾਨ ਸਨ।

ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਬਾਰੇ ਲਿਖੀ ਨਜ਼ਮ, ‘ਗੰਜ-ਏ-ਸ਼ਹੀਦਾਂ’ ਵੀ ਅੱਲਾ ਯਾਰ ਖਾਂ ਜੋਗੀ ਦੀ ਕਰੁਣਾ ਦਾ ਇਜ਼ਹਾਰ ਕਰਦੀ ਹੈ। ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਮਰਹੂਮ ਬੀਰਦਵਿੰਦਰ ਸਿੰਘ ਕਵੀ ਸਾਧੂ ਸਿੰਘ ਦਰਦ ਦੀ ਕਵਿਤਾ ‘ਇਹ ਸਰਹਿੰਦ ਨਹੀਂ, ਸਿੱਖਾਂ ਦੀ ਕਰਬਲਾ ਹੈ’ ਦਾ ਅਕਸਰ ਜ਼ਿਕਰ ਕਰਿਆ ਕਰਦੇ ਸਨ। ਕਰਬਲਾ ਇਰਾਕ ਦੇ ਕੂਫ਼ਾ ਸ਼ਹਿਰ ਨੇੜੇ ਦਰਿਆ ਫ਼ਰਾਤ ਕਿਨਾਰੇ ਵਸਿਆ ਕਸਬਾ ਹੈ ਜਿੱਥੇ ਹਜ਼ਰਤ ਮੁਹੰਮਦ ਸਾਹਿਬ ਦੇ ਦੋਹਤਰੇ ਹਜ਼ਰਤ ਇਮਾਮ ਹੁਸੈਨ ਨੂੰ 72 ਸਾਥੀਆਂ ਸਣੇ 680 ਈਸਵੀ ਵਿਚ ਤਿੰਨ ਦਿਨ ਭੁੱਖੇ-ਪਿਆਸੇ ਰੱਖ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਇਨ੍ਹਾਂ ’ਚ ਛੇ ਮਹੀਨੇ ਤੱਕ ਦਾ ਬੱਚਾ ਸ਼ਾਮਲ ਸੀ।

ਸ਼ੀਆ ਮੁਸਲਮਾਨ ਇਸ ਸਾਕੇ ਨੂੰ ਯਾਦ ਕਰ ਕੇ ਤਾਜੀਏ ਕੱਢਦੇ ਹਨ। ਸਿਆਹ ਕੱਪੜੇ ਪਾਉਂਦੇ ਤੇ ਛਾਤੀਆਂ ਪਿੱਟਦੇ ਹਨ। ਇਸੇ ਤਰ੍ਹਾਂ ਸਾਹਿਬਜ਼ਾਦਿਆਂ ’ਤੇ ਢਾਹੇ ਗਏ ਜ਼ੁਲਮਾਂ ਨੂੰ ਯਾਦ ਕਰਦਿਆਂ ਸਿੱਖ ਕੌਮ ਸ਼ਹੀਦੀ ਪੰਦਰਵਾੜਾ ਮਨਾਉਂਦੀ ਹੈ। ਇਸ ਪੰਦਰਵਾੜੇ ਦੌਰਾਨ ਨਵਾਬ ਸ਼ੇਰ ਮੁਹੰਮਦ ਖਾਂ ਵੱਲੋਂ ਲਾਏ ‘ਹਾਅ ਦੇ ਨਾਅਰੇ’ ਨੂੰ ਹੁੱਬ ਕੇ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਪ੍ਰਤੀ ਕੌਮ ਅਹਿਸਾਨ ਜਤਾਉਂਦੀ ਹੈ। ਅਫ਼ਸੋਸ! ਆਖ਼ਰੀ ਨਵਾਬ ਮਾਲੇਰਕੋਟਲਾ ਦੀਆਂ ਚਾਰੇ ਬੇਗਮਾਂ ’ਚੋਂ ਕੋਈ ਔਲਾਦ ਨਹੀਂ ਹੋਈ। ਉਨ੍ਹਾਂ ਦੇ ਬਾਕੀ ਵੰਸ਼ਜ ਦੇਸ਼ ਦੀ ਵੰਡ ਵੇਲੇ ਪਾਕਿਸਤਾਨ ਚਲੇ ਗਏ। ਮਾਦਰ-ਏ-ਮਾਲੇਰਕੋਟਲਾ ਦੀ ਆਖ਼ਰੀ ਖ਼ਾਹਿਸ਼ ਉਨ੍ਹਾਂ ਦੇ ਮੁਬਾਰਕ ਮੰਜ਼ਿਲ ਮਹਿਲ ਨੂੰ ਪੁਰਾਤਨ ਦਿੱਖ ਦੇਣ ਦੀ ਸੀ ਜੋ ਉਨ੍ਹਾਂ ਦੇ ਆਖ਼ਰੀ ਸਾਹ ਲੈਣ ਤੱਕ ਪੂਰੀ ਨਾ ਹੋ ਸਕੀ।