...ਬਸ ਰੋਸ਼ਨੀ ਕਾ ਬੋਲਬਾਲਾ ਹੋ (ਪੰਜਾਬੀ ਜਾਗਰਣ –– 12th November, 2023)
ਵਰਿੰਦਰ ਵਾਲੀਆ
ਹਨੇਰੇ ‘’’ਤੇ ਚਾਨਣ ਦੀ ਫ਼ਤਹਿ ਦਾ ਪ੍ਰਤੀਕ ਹੈ ਰੋਸ਼ਨੀਆਂ ਦਾ ਤਿਉਹਾਰ ਦੀਵਾਲੀ। ਬਦੀ ’ਤੇ ਨੇਕੀ ਦੀ ਜਿੱਤ ਦਾ ਜਸ਼ਨ ਮਨਾਉਣ ਲਈ ਘਰਾਂ ਦੇ ਬਨੇਰਿਆਂ/ਸ਼ਰਧਾ ਦੇ ਧਾਮਾਂ ’ਚ ਕੀਤੀ ਜਾਂਦੀ ਦੀਪਮਾਲਾ ਤੋਂ ਇਲਾਵਾ ਆਤਿਸ਼ਬਾਜ਼ੀ ਦੇ ਅਲੌਕਿਕ ਨਜ਼ਾਰੇ ਦੀਵਾਲੀ ਨੂੰ ਦੇਸ਼ ਦਾ ਸਭ ਤੋਂ ਵੱਡਾ ਪੁਰਬ ਬਣਾਉਂਦੇ ਹਨ। ਇਸ ਦਿਨ ਮਰਿਆਦਾ ਪਰਸ਼ੋਤਮ ਸ੍ਰੀ ਰਾਮ ਚੰਦਰ ਜੀ 14 ਸਾਲ ਦੇ ਬਨਵਾਸ ਤੋਂ ਬਾਅਦ ਅਯੁੱਧਿਆ ਵਾਪਸ ਪਰਤੇ ਤਾਂ ਖ਼ੁਸ਼ੀ ਵਿਚ ਖੀਵੇ ਨਗਰ ਵਾਸੀਆਂ ਨੇ ਘਿਓ ਦੇ ਦੀਵੇ ਬਾਲ਼ ਕੇ ਜਸ਼ਨ ਮਨਾਏ।
ਸਿੱਖ ਭਾਈਚਾਰੇ ਲਈ ਵੀ ਦੀਵਾਲੀ ਮੁਕੱਦਸ ਦਿਵਸ ਹੈ। ਇਸ ਦਿਨ ਮੀਰੀ-ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ 52 ਰਾਜਿਆਂ ਸਣੇ ਗਵਾਲੀਅਰ ਦੇ ਕਿਲ੍ਹੇ ’ਚੋਂ ਰਿਹਾਅ ਹੋਏ ਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਚ ਦੀਪਮਾਲਾ ਤੇ ਆਤਿਸ਼ਬਾਜ਼ੀ ਕੀਤੀ ਗਈ। ਪੰਜਾਬ ਦੀ ਲੋਕਧਾਰਾ ਵਿਚ ‘ਦਾਲ ਰੋਟੀ ਘਰ ਦੀ, ਦੀਵਾਲੀ ਅੰਬਰਸਰ ਦੀ’ ਇਸ ਪੁਰਬ ਦੀ ਮਹੱਤਤਾ ਨੂੰ ਦਰਸਾਉਂਦੀ ਹੈ। ਜਦੋਂ ਕੋਈ ਬਹੁਤ ਖ਼ੁਸ਼ ਹੋਵੇ ਤਾਂ ਕਿਹਾ ਜਾਂਦਾ ਹੈ, ‘ਸਾਡੇ ਬਲਣ ਘਿਓ ਦੇ ਦੀਵੇ’। ਦੀਵਾ, ਦੀਪਕ, ਚਿਰਾਗ਼ ਸਮਾਨਅਰਥੀ ਸ਼ਬਦ ਹਨ ਜਿਨ੍ਹਾਂ ਦਾ ਜ਼ਿਕਰ ਪ੍ਰਾਚੀਨ ਕਾਲ ਤੋਂ ਹੁੰਦਾ ਆ ਰਿਹਾ ਹੈ। ਗਿਆਨ ਦਾ ਪ੍ਰਤੀਕ ਦੀਵਾ ਅੰਤਹਕਰਣ ਵਿਚ ਜਗਮਗਾਹਟ ਪੈਦਾ ਕਰਦਾ ਹੈ। ਰੋਸ਼ਨ ਦਿਮਾਗ ਰੋਸ਼ਨੀਆਂ ਵੰਡਦੇ ਹਨ। ਪੰਜਾਬੀ ਦਾ ਮੁਹਾਵਰਾ, ‘ਦੀਵੇ ਹੇਠ ਹਨੇਰਾ’ ਵੱਖਰੇ ਪ੍ਰਸੰਗ ਵਿਚ ਵਰਤਿਆ ਜਾਂਦਾ ਹੈ। ਮਾਤਲੋਕ ਵਿਚ ਬਲ਼ਦੇ ਦੀਵੇ ਅੰਬਰ ਵਿਚ ਟਿਮਟਿਮਾਂਦੇ ਦੀਵਿਆਂ ਦਾ ਅਨੁਵਾਦ ਸਮਝੇ ਜਾਂਦੇ ਹਨ। ਸੂਰਜ, ਚੰਨ, ਤਾਰੇ-ਸਿਤਾਰੇ ਸਾਰੇ ਰੋਸ਼ਨੀ ਦੇ ਵਣਜਾਰੇ ਹਨ। ਸੂਰਜ ਅਸਤ ਹੁੰਦਾ ਹੈ ਤਾਂ ਚੰਨ-ਤਾਰੇ ਅੰਬਰ ਦੇ ਦੀਵੇ ਬਣ ਕੇ ਚਾਨਣ ਵੰਡਦੇ ਹਨ। ਸਾਡੀਆਂ ਸੱਭਿਆਚਾਰਕ ਰੂੜ੍ਹੀਆਂ ਵਿਚ ਇਨ੍ਹਾਂ ਦਾ ਅਕਸਰ ਜ਼ਿਕਰ ਮਿਲਦਾ ਹੈ, ‘‘ਚੰਨ ਸੂਰਜ ਦੋਏ ਸਕੇ ਭਰਾ, ਕਦੇ ਨਾ ਬੈਠੇ ਰਲ ਕੇ/ਇਕ ਠੰਢਾ ਇਕ ਤੱਤਾ-ਤੀਹੜਾ, ਕੀਕਣ ਬੈਠਣ ਰਲ ਕੇ?’’ ਧਰਤੀ ਦੇ ਤਾਰੇ ਦੀਵੇ ਤੇ ਮੋਮਬੱਤੀਆਂ ਹਨ। ਜਾਗਦਾ ਦੀਵਾ ਜੀਵਨ ਤੇ ਬੁਝਿਆ ਅਜੀਵਨ ਸਮਝਿਆ ਜਾਂਦਾ ਹੈ। ਜਿੰਦ ਤੇ ਨਿਰਜਿੰਦ ਦੀ ਤਰ੍ਹਾਂ। ਖ਼ਾਨਗਾਹ, ਵਡਿੱਕੇ ਦੀ ਸਮਾਧ, ਜਠੇਰੇ/ਭੂਮੀਏ ਦੀ ਮੜ੍ਹੀ-ਮਸਾਣ ’ਤੇ ਬਲਣ ਵਾਲੇ ਦੀਵਿਆਂ ਦੇ ਅਰਥ ਵੱਖਰੇ ਹਨ। ਹਜ਼ਰਤ ਸੁਲਤਾਨ ਬਾਹੂ ਰੱਬ ਨੂੰ ਪੁੱਜੇ ਹੋਏ ਫ਼ਕੀਰਾਂ ਨੂੰ ਅਮਰ ਕਹਿੰਦਾ ਹੈ ਜਿਨ੍ਹਾਂ ਦੀਆਂ ਕਬਰਾਂ ’ਤੇ ਬਲ਼ਦੇ ਚਿਰਾਗ਼ ਇਸ ਦੀ ਸ਼ਾਹਦੀ ਭਰਦੇ ਪ੍ਰਤੀਤ ਹੁੰਦੇ ਹਨ, ‘‘ਜੀਣ ਕਬੂਲ ਤਿਨ੍ਹਾਂ ਦਾ ਬਾਹੂ/ਕਬਰ ਜਿਨ੍ਹਾਂ ਦੀ ਜੀਵੇ ਹੂ’’ ਜਾਂ ‘‘ਸੇ ਸਾਬਤ ਸਿਦਕ ਤੇ ਕਦਮ ਅਗਾਹਾਂ, ਤਾਂ ਹੀ ਰੱਬ ਲੱਭੀਵੇ ਹੂ... ਨਾਮ ਫ਼ਕੀਰ ਤਿਨ੍ਹਾਂ ਦਾ ਬਾਹੂ, ਕਬਰ ਜਿਨ੍ਹਾਂ ਦੀ ਜੀਵੇ ਹੂ।’’ ਝੂਲੇ ਲਾਲਣ ਦੀ ਦਰਗਾਹ ’ਤੇ ਬਲ਼ਦੇ ਚਿਰਾਗ਼ਾਂ ਦਾ ਜ਼ਿਕਰ ਕਰਦੀ ਕੱਵਾਲੀ, ‘‘ਚਾਰ ਚਿਰਾਗ਼ ਤੇਰੇ ਬਲਣ ਹਮੇਸ਼ਾ, ਪੰਜਵਾਂ ਮੈਂ ਬਾਲਣ ਆਈ ਆਂ...’’ ਅੱਲ੍ਹਾ ਨੂੰ ਪਿਆਰੇ ਦਰਵੇਸ਼ਾਂ ਦੇ ਰੁਤਬੇ ਦੀ ਬਾਤ ਪਾਉਂਦੀ ਹੈ। ਬਿਰਹੇ ਦੀ ਨਿਰਾਸ਼ਾ ਵਿਚ ਡੁੱਬਿਆ ਸ਼ਿਵ, ਜਿਸ ਨੂੰ ਕਬਰਾਂ ਮਾਵਾਂ ਵਾਂਗ ਉਡੀਕਦੀਆਂ ਲੱਗਦੀਆਂ ਹਨ, ਉਹ ਦੀਵੇ ਨੂੰ ਹੋਰ ਅਰਥਾਂ ਵਿਚ ਵਰਤਦਾ ਹੈ : ਜਿੱਥੇ ਭੱਜਿਆ ਵੀ ਨਾ ਮਿਲੂ ਦੀਵਾ/ ਓਹੀ ਮੇਰਾ ਮਜ਼ਾਰ ਹੋਵੇਗਾ।’ ਸਾਡੇ ਸਨਾਤਨੀ ਲੋਕ ਅੱਗ ’ਚੋਂ ਅਗਨੀ ਦੇਵਤੇ ਦਾ ਦੀਦਾਰ ਕਰਦੇ ਸਨ। ਇਸੇ ਲਈ ਦੀਵੇ ਨੂੰ ਜ਼ਮੀਨ ’ਤੇ ਰੱਖਣਾ ਅਸ਼ੁਭ ਮੰਨਦੇ ਸਨ। ਦੀਵੇ ਨੂੰ ਫੂਕ ਮਾਰ ਕੇ ਬੁਝਾਉਣਾ ਅਪਸ਼ਗਨ ਸਮਝਿਆ ਜਾਂਦਾ। ਲਟਲਟ ਬਲ਼ਦੇ ਦੀਵੇ ਨੂੰ ਜੀਵਨ ਦਾ ਪ੍ਰਤੀਕ ਸਮਝਦੇ। ਦੀਵਟ ਵਿਚ ਰੱਖੇ ਦੀਵੇ ਦਾ ਤੇਲ ਬਚਾਉਣ ਲਈ ਉਸ ਨੂੰ ਵਿਦਾ ਕਰਨ ਦੀ ਰਸਮ ਵੀ ਦਿਲ ਨੂੰ ਟੁੰਬਦੀ ਹੈ। ਲੋਕ ਗੀਤ ਦਾ ਮੁੱਖੜਾ, ‘‘ਜਾਹ ਦੀਵਿਆ ਘਰ ਆਪਣੇ, ਤੇਰੀ ਮਾਂ ਉਡੀਕੇ ਬਾਹਰ’/ਜਾਈਂ ਹਨੇਰੇ, ਆਈਂ ਸਵਖਤੇ, ਸਾਰੇ ਸ਼ਗਨ ਵਿਚਾਰ/ ਜਾਹ ਦੀਵਿਆ ਘਰ ਆਪਣੇ ਮੇਰੀ ਸੁੱਖਾਂ ਬੀਤੇ ਰਾਤ/ਰਿਜਕ ਲਿਆਈਂ ਭਾਲ ਕੇ, ਤੇਲ ਲਿਆਵੀਂ ਨਾਲ।’’ ਸ਼ਰਧਾ ਦੇ ਧਾਮਾਂ ’ਤੇ ਜਗਦੀਆਂ ਜੋਤਾਂ ਬੁਝਾਈਆਂ ਨਹੀਂ ਜਾਂਦੀਆਂ ਜੋ ਹਰ ਆਏ ਸ਼ਰਧਾਲੂ ਨੂੰ ਚਾਨਣ ਵੰਡਦੀਆਂ ਹਨ। ਰੱਬ ਨੂੰ ਮੰਨਣ ਵਾਲੇ ਸੱਚੇ ਲੋਕ ਸਰਬੱਤ ਦਾ ਭਲਾ ਮੰਗਦੇ ਹਨ। ਜਿਸ ਦੇ ਅੰਦਰ-ਬਾਹਰ ਹਨੇਰਾ ਹੈ, ਉਹ ਦਰ-ਦਰ ਦੀਆਂ ਠੋਕਰਾਂ ਖਾਂਦਾ ਤੇ ਦੂਜਿਆਂ ਨੂੰ ਠੋਕਰਾਂ ਮਾਰਦਾ ਹੈ। ਦੂਜੇ ਪਾਸੇ ਚਾਨਣ ਦੇ ਵਣਜਾਰੇ ਮੋਮਬੱਤੀਆਂ ਵਾਂਗ ਖ਼ੁਦ ਬਲ਼ ਕੇ ਦੂਜਿਆਂ ਦੇ ਰਾਹ ਰੁਸ਼ਨਾਉਂਦੇ ਹਨ। ਪ੍ਰਾਚੀਨ ਧਾਰਨਾ ਹੈ ਕਿ ਦਹਿਲੀਜ਼ਾਂ ’ਤੇ ਦੀਵੇ ਬਲ਼ਦੇ ਹੋਣ ਤਾਂ ਬਦਰੂਹਾਂ ਬਰੂਹਾਂ ਨਹੀਂ ਟੱਪਦੀਆਂ। ਲੋਕ ਤਾਂ ਕੀ, ਪਰਲੋਕ ਦਾ ਰਾਹ ਰੁਸ਼ਨਾਉਣ ਲਈ ਵੀ ਦੀਵਾ ਸਹਾਈ ਹੁੰਦਾ ਹੈ। ਜਦੋਂ ਕਿਸੇ ਵਿਅਕਤੀ ਦਾ ਘੋਰੜੂ ਵੱਜ ਰਿਹਾ ਹੋਵੇ ਤਾਂ ਆਟੇ ਦਾ ਦੀਵਾ ਉਸ ਦੇ ਸਿਰਹਾਣੇ ਵੱਲ ਰੱਖਿਆ ਜਾਂਦਾ ਹੈ। ਕਈ ਲੋਕ ਦੀਵਾ ਬਾਲ਼ ਕੇ ਮਰਨ ਵਾਲੇ ਦੀ ਹਥੇਲੀ ’ਤੇ ਵੀ ਰੱਖਦੇ ਹਨ ਤਾਂ ਜੋ ਉਸ ਨੂੰ ਬਹਿਸ਼ਤ ਦਾ ਰਾਹ ਨਾਪਣ ਵਿਚ ਕੋਈ ਦਿੱਕਤ ਨਾ ਆਵੇ। ਇਕ ਹੋਰ ਮਿੱਥ ਅਨੁਸਾਰ ਸ਼ਰਾਧਾਂ ਵੇਲੇ ਪਿਤਰਾਂ ਦੀ ਰੋਟੀ ਕੱਢੀ ਜਾਂਦੀ ਹੈ ਤਾਂ ਵੀ ਦੀਵੇ ਉਨ੍ਹਾਂ ਨੂੰ ਵਿਦਾ ਕਰਨ ਵੇਲੇ ਅਹਿਮ ਭੂਮਿਕਾ ਨਿਭਾਉਂਦੇ ਹਨ। ਲੋਕ ਵਿਸ਼ਵਾਸ ਅਨੁਸਾਰ ਸ਼ਰਾਧਾਂ ਮੌਕੇ ਸ਼ਾਮ ਵੇਲੇ ਪਿਤਰਾਂ ਨੂੰ ਵਿਦਾ ਕਰਨ ਲਈ ਘਰ ਦੀਆਂ ਬਰੂਹਾਂ ਵਿਚ ਦੋ-ਚਾਰ ਰੋਟੀਆਂ ’ਤੇ ਦੀਵੇ ਜਗਾ ਕੇ ਰੱਖੇ ਜਾਂਦੇ ਹਨ। ਥਾਲ ਵਿਚ ਦੀਵੇ ਰੱਖ ਕੇ ਯੋਧਿਆਂ ਤੇ ਮਹਾਪੁਰਸ਼ਾਂ ਦੀ ਆਰਤੀ ਉਤਾਰਨਾ ਵੀ ਸਾਡੇ ਸੱਭਿਆਚਾਰ ਦਾ ਅੰਗ ਹੈ। ਵਿਆਹ-ਸ਼ਾਦੀਆਂ ਵੇਲੇ ਪਿੱਤਲ ਦੀ ਗਾਗਰ ਜਾਂ ਘੜੇ ’ਤੇ ਦੀਵੇ ਜਗਾ ਕੇ ‘ਜਾਗੋ’ ਕੱਢੀ ਜਾਂਦੀ ਹੈ। ਜਦੋਂ ਕਿਸੇ ਦੇ ਵਪਾਰ ਦਾ ਭੱਠਾ ਬਹਿ ਜਾਵੇ ਤਾਂ ਉਹ ਦੀਵਟ ’ਚ ਬਲ਼ਦਾ ਦੀਵਾ ਦੁਕਾਨ ਦੀ ਦਹਿਲੀਜ਼ ’ਤੇ ਰੱਖ ਕੇ ਖ਼ੁਦ ਨੂੰ ਦੀਵਾਲੀਆ ਘੋਸ਼ਿਤ ਕਰਦਾ ਹੈ। ਭਾਵ, ਦੀਵੇ ਮਨੁੱਖ ਦੇ ਸਦਾ ਅੰਗ-ਸੰਗ ਰਹੇ ਹਨ। ਘੁੱਪ ਹਨੇਰੇ ਨੂੰ ਚੀਰਨ ਲਈ ਮਸ਼ਾਲਾਂ ਜਗਾਈਆਂ ਜਾਂਦੀਆਂ ਸਨ। ਅੱਜ ਵੀ ਮਸ਼ਾਲ ਹਨੇਰੇ ਖ਼ਿਲਾਫ਼ ਜੰਗ ਦਾ ਐਲਾਨਨਾਮਾ ਸਮਝੀ ਜਾਂਦੀ ਹੈ। ਮਹਿੰਦਰ ਸਾਥੀ ਦੀ ਗ਼ਜ਼ਲ ਦਾ ਸ਼ਿਅਰ, ‘ਮਸ਼ਾਲਾਂ ਬਾਲ਼ ਕੇ ਰੱਖਣਾ ਜਦ ਤੱਕ ਰਾਤ ਬਾਕੀ ਹੈ’ ਵਿਚ ਹਨੇਰੇ ਤੇ ਰੋਸ਼ਨੀ ਦੀ ਮੁੱਢ-ਕਦੀਮੀ ਜੰਗ ਦਾ ਹੀ ਜ਼ਿਕਰ ਹੈ। ਦੀਵਾਲੀ ਨੂੰ ਦੀਵੇ ਬਾਲਣਾ ਸੱਚਮੁੱਚ ਹੀ ਮਨਮੋਹਕ ਲੱਗਦਾ ਹੈ। ਆਤਿਸ਼ਬਾਜ਼ੀ ਦਾ ਵਧਦਾ ਰੁਝਾਨ ਚਿੰਤਾ ਦਾ ਵਿਸ਼ਾ ਹੈ। ਆਤਿਸ਼ਬਾਜ਼ੀ ਨਾਲ ਪ੍ਰਦੂਸ਼ਣ ਪੈਦਾ ਹੁੰਦਾ ਹੈ ਜਿਸ ਕਾਰਨ ਕਈ ਘਰਾਂ ਦੇ ਚਿਰਾਗ਼ ਬੁਝ ਜਾਂਦੇ ਹਨ। ਆਤਿਸ਼ਬਾਜ਼ੀ ਦੇ ਪਲੀਤਿਆਂ ਨੂੰ ਅੱਗ ਲੱਗਦੀ ਹੈ ਤਾਂ ਹਵਾ ਪਲੀਤ ਹੁੰਦੀ ਹੈ। ਪ੍ਰਦੂਸ਼ਿਤ ਆਬੋ-ਹਵਾ ਕਈ ਲਾਇਲਾਜ ਬਿਮਾਰੀਆਂ ਦਾ ਸਬੱਬ ਬਣਦੀ ਹੈ। ਜੇ ਅਸੀਂ ਹਰੀ ਦੀਵਾਲੀ ਮਨਾਵਾਂਗੇ ਤਾਂ ਇਹ ਹਰਿਆਵਲ ਨੂੰ ਨਿਮੰਤ੍ਰਣ ਦੇਵੇਗੀ। ਪ੍ਰਦੂਸ਼ਣ ਕਾਰਨ ਸੱਥਰ ਵਿਛ ਜਾਂਦੇ ਹਨ। ਹਰ ਸਾਲ ਸਰਕਾਰਾਂ ਵੱਲੋਂ ਗ੍ਰੀਨ ਦੀਵਾਲੀ ਮਨਾਉਣ ਦਾ ਸੱਦਾ ਦਿੱਤਾ ਜਾਂਦਾ ਹੈ ਜਿਸ ਦਾ ਸਾਨੂੰ ਹਾਰਦਿਕ ਸਵਾਗਤ ਕਰਨਾ ਚਾਹੀਦਾ ਹੈ। ਘਰਾਂ ਤੇ ਹੋਰ ਇਮਾਰਤਾਂ ’ਤੇ ਦੀਵਿਆਂ ਦੀਆਂ ਕਤਾਰਾਂ ਹੀ ਸੋਂਹਦੀਆਂ ਹਨ। ਹਰ ਦੀਵਾਲੀ ਦੇ ਇਸ ਉਤਸਵ ਨੂੰ ਚਾਰ ਚੰਨ ਲਾਉਣੇ ਚਾਹੀਦੇ ਹਨ। ਜਿਹੜੇ ਫ਼ੌਜੀ ਸਰਹੱਦਾਂ ਦੀ ਰਾਖੀ ਕਰਦੇ ਰੱਬ ਨੂੰ ਪਿਆਰੇ ਹੋ ਗਏ, ਉਨ੍ਹਾਂ ਦੀ ਯਾਦ ਵਿਚ ਦੀਪ ਜ਼ਰੂਰ ਬਾਲਣੇ ਚਾਹੀਦੇ ਹਨ। ਜੇ ਨਿਗਾਹਬਾਨ ਫ਼ੌਜੀ ਸਰਹੱਦਾਂ ’ਤੇ ਜਾਗਦੇ ਹਨ ਤਾਂ ਹੀ ਦੇਸ਼ ਵਾਸੀ ਚੈਨ ਦੀ ਨੀਂਦ ਸੌਂ ਸਕਦੇ ਹਨ। ਸ਼ਹੀਦ ਅਮਰ ਹੁੰਦੇ ਹਨ ਤੇ ਬਲ਼ਦੇ ਚਿਰਾਗ਼ ਇਸ ਦੀ ਨਿਸ਼ਾਨੀ ਸਮਝਣੇ ਚਾਹੀਦੇ ਹਨ। ਦੀਵਾਲੀ ਵਾਲੇ ਦਿਨ ਅਰਦਾਸ ਕਰਨੀ ਚਾਹੀਦੀ ਹੈ ਕਿ ਬਲ਼ਦੇ ਦੀਵਿਆਂ ਦੀਆਂ ਰੋਸ਼ਨੀਆਂ ਮਨੁੱਖਤਾ ਨੂੰ ਹਰ ਪ੍ਰਕਾਰ ਦੇ ਹਨੇਰੇ ’ਚੋਂ ਕੱਢਣ। ਜੀਵਨ ਦੇ ਸਵਾਸ ਗਿਣੇ-ਮਿੱਥੇ ਹੁੰਦੇ ਹਨ। ਉਸ ਦੇ ਹੁਕਮ ਤੋਂ ਬਿਨਾਂ ਇਕ ਵੀ ਸਵਾਸ ਨਹੀਂ ਲਿਆ ਜਾ ਸਕਦਾ। ਧਨਾਸਰੀ ਮਹਲਾ ਵਿਚ ਗੁਰੂ ਨਾਨਕ ਸਾਹਿਬ ਫੁਰਮਾਉਂਦੇ ਹਨ : ਹਮ ਆਦਮੀ ਹਾਂ ਇਕ ਦਮੀ ਮੁਹਲਤਿ ਮੁ ਹਤੁ ਨ ਜਾਣਾ॥ ਪੰਜਾਬੀ ਦੇ ਆਦਿ ਕਵੀ ਬਾਬਾ ਫ਼ਰੀਦ ਦਾ ਸ਼ਲੋਕ ਹੈ, ‘‘ਫਰੀਦਾ ਦੁਹੁ ਦੀਵੀ ਬਲੰਦਿਆ ਮਲਕੁ ਬਹਿਠਾ ਆਇ॥ ਗੜੁ ਲੀਤਾ ਘਟੁ ਲੁਟਿਆ ਦੀਵੜੇ ਗਇਆ ਬੁਝਾਇ॥ (ਭਾਵ, ਦੋਨਾਂ ਅੱਖਾਂ ਦੇ ਜਗਦੇ ਦੀਵਿਆਂ ਸਾਹਵੇਂ ਮੌਤ ਦਾ ਫ਼ਰਿਸ਼ਤਾ ਜਿਸ ਪਾਸ ਵੀ ਆ ਬੈਠਾ ਉਸ ਨੇ ਉਸ ਦੇ ਸਰੀਰ ਰੂਪੀ ਕਿਲ੍ਹੇ ’ਤੇ ਕਬਜ਼ਾ ਕਰ ਲਿਆ ਅਤੇ ਅੱਖਾਂ ਦੇ ਦੀਵੇ ਬੁਝਾ ਗਿਆ।’’ ਸ਼ਾਲਾ! ਦੀਵਾਲੀ ਹਰ ਘਰ ਵਿਚ ਰੋਸ਼ਨੀ ਲਿਆਵੇ। ਦੰਗੇ-ਫਸਾਦਾਂ ਵਿਚ ਕਿਸੇ ਦੇ ਘਰ ਦਾ ਚਿਰਾਗ਼ ਨਾ ਬੁਝੇ। ਰਾਹਤ ਇੰਦੌਰੀ ਦਾ ਸ਼ਿਅਰ ਆਤਮਸਾਤ ਕਰੋ : ਜਲਾਓ ਪ੍ਰੇਮ ਕਾ ਦੀਪਕ ਕਿ ਹਰ ਘਰ ਮੇਂ ਉਜਾਲਾ ਹੋ/ਸ਼ਹਿਰ ਸੇ ਗਾਂਵ ਤੱਕ ਬਸ ਰੋਸ਼ਨੀ ਕਾ ਬੋਲਬਾਲਾ ਹੋ।