VARINDER WALIA

ਹਰਮਨਪਿਆਰਾ ਕਾਲਮ –– ਹਰਫ਼ ਹਮੇਸ਼ / POPULAR COLUMN -- HARPH HAMESH

ਜਮਹੂਰੀਅਤ ਦੇ ਆਰ-ਪਾਰ (ਪੰਜਾਬੀ ਜਾਗਰਣ –– 14th April, 2024)

ਵਰਿੰਦਰ ਵਾਲੀਆ

ਲੋਕਤੰਤਰ ਦੀ ਬੁਨਿਆਦ ਉਨ੍ਹਾਂ ਲੱਖਾਂ ਸੀਸਾਂ ’ਤੇ ਟਿਕੀ ਹੋਈ ਹੈ ਜਿਨ੍ਹਾਂ ਨੇ ਚਾਰ ਸਦੀਆਂ ਪਹਿਲਾਂ ਰਜਵਾੜਾਸ਼ਾਹੀ ਖ਼ਿਲਾਫ਼ ਜਹਾਦ ਖੜ੍ਹਾ ਕਰ ਕੇ ਲੋਕਾਂ ਨੂੰ ਵੋਟ ਦਾ ਅਧਿਕਾਰ ਦਿਵਾਇਆ ਸੀ। ਮੁੱਠੀ ਭਰ ਕ੍ਰਾਂਤੀਕਾਰੀਆਂ ਨੂੰ ਛੱਡ ਕੇ ਬਹੁਤੇ ਅਣਗੌਲੇ ਸੈਨਾਨੀਆਂ ਦਾ ਜ਼ਿਕਰ ਤਵਾਰੀਖ਼ ਦੇ ਪੰਨਿਆਂ ’ਤੇ ਨਹੀਂ ਮਿਲਦਾ। ਸੋਲਵੀਂ ਸਦੀ ਦੇ ਅੰਤ ਤੱਕ ਦੁਨੀਆ ਭਰ ਵਿਚ ਰਜਵਾੜਾਸ਼ਾਹੀ ਦਾ ਬੋਲਬਾਲਾ ਸੀ। ਰਾਜਿਆਂ-ਮਹਾਰਾਜਿਆਂ ਨੂੰ ਰੱਬ ਵੱਲੋਂ ਥਾਪਿਆ ਮੰਨਿਆ ਜਾਂਦਾ ਸੀ। ਪੁਜਾਰੀ ਸ਼੍ਰੇਣੀ ਧਰਮ ਦੀ ਠੇਕੇਦਾਰ ਬਣੀ ਹੋਈ ਸੀ। ਗ਼ੁਰਬਤ ਦੇ ਪੁੜਾਂ ਵਿਚ ਬੁਰੀ ਤਰ੍ਹਾਂ ਪਿਸ ਰਿਹਾ ਅਵਾਮ ਆਪਣੀ ਦੁਰਦਸ਼ਾ ਨੂੰ ਰੱਬ ਦਾ ਭਾਣਾ ਮੰਨਦਾ ਸੀ। ਜਾਂ, ਇਸ ਨੂੰ ਪੂਰਵਲੇ ਜਨਮ ਵਿਚ ਕੀਤੇ ਗਏ ਪਾਪਾਂ ਦਾ ਫਲ ਸਮਝਦਾ ਸੀ। ਅਜਿਹੇ ਤਰਕ ਦਿਮਾਗ਼ ਦੀ ਬਜਾਏ ਦਿਲ ਦੀ ਉਪਜ ਵੱਧ ਸਨ।

ਸੋਲਵੀਂ ਸਦੀ ਦੀ ਰਾਤ ਤੋਂ ਬਾਅਦ ਉੱਗਮੀ ਪ੍ਰਭਾਤ ਨੇ ਆਸ ਦੀਆਂ ਕਿਰਨਾਂ ਬਿਖੇਰੀਆਂ। ਅਜ਼ਲਾਂ ਪੁਰਾਣਾ ਧੁੰਦੂਕਾਰਾ ਛਟਣਾ ਸ਼ੁਰੂ ਹੋਇਆ। ਬਦਲ ਰਿਹਾ ਸਮਾਂ ਪੁਰੇ ਦੇ ਰੁਮਕਦੇ ਬੁੱਲਿਆਂ ਵਾਂਗ ਸੀ। ਲੋਕਾਂ ਨੂੰ ਆਪਣੇ ਅੰਦਰੋਂ ਆਵਾਜ਼ ਆਈ ਕਿ ਉਨ੍ਹਾਂ ਦਾ ਮੁਕੱਦਰ ਮਸਤਕ ’ਤੇ ਲਿਖੀਆਂ ਲਕੀਰਾਂ ਕਾਰਨ ਨਹੀਂ ਹੈ। ਉਹ ਰੇਖ ’ਤੇ ਮੇਖ ਮਾਰਨ ਦੇ ਸਮਰੱਥ ਹਨ। ਰਾਜਿਆਂ, ਨਵਾਬਾਂ ਤੇ ਪੁਜਾਰੀ ਸ਼੍ਰੇਣੀ ਖ਼ਿਲਾਫ਼ ਲੋਕ-ਮਨਾਂ ਵਿਚ ਰੋਹ ਜਾਗਣ ਲੱਗਾ। ਇਸ ਦੀ ਪ੍ਰਚੰਡ ਅਵਸਥਾ ਦਿਲਾਂ ’ਚੋਂ ਲਾਵਾ ਫੁੱਟਣਾ ਸੀ ਜਿਸ ਨੇ ਸਵਰਨ ਸਮਝੇ ਜਾਂਦੇ ਵਰਗਾਂ ਨੂੰ ਆਪਣੀ ਚਪੇਟ ਵਿਚ ਲੈਣਾ ਸੀ। ਚੰਗਿਆੜੀਆਂ ਭਾਂਬੜ ਬਣ ਜਾਣ ਤਾਂ ਤਖ਼ਤਾਂ ’ਤੇ ਬੈਠੇ ਬਾਦਸ਼ਾਹ ਤਖ਼ਤਿਆਂ ’ਤੇ ਲਟਕਾਏ ਜਾਂਦੇ ਹਨ।

ਫਰਾਂਸ ਦੀ ਕ੍ਰਾਂਤੀ ਦਾ ਆਗਾਜ਼ ਵੀ ਕੁਝ ਅਜਿਹਾ ਹੀ ਸੀ। ਇਸ ਕ੍ਰਾਂਤੀ ਦਾ ਬੀਜ ਭਾਵੇਂ ਕਾਫ਼ੀ ਦੇਰ ਪਹਿਲਾਂ ਬੀਜਿਆ ਗਿਆ ਸੀ ਪਰ ਇਸ ਨੂੰ ਫੁਟਾਰਾ 14 ਜੁਲਾਈ 1789 ਵਿਚ ਪਿਆ ਸੀ। ਇਸ ਇਤਿਹਾਸਕ ਦਿਹਾੜੇ ਲੋਕਾਂ ਨੇ ਬਾਸਤੀਲ (ਬੇਸਟਿਲ) ਕਿਲ੍ਹੇ/ਮਹਿਲ ਨੂੰ ਘੇਰਾ ਘੱਤ ਲਿਆ। ਉਪਰੰਤ ਕਿੰਗ ਲੂਈਸ ਸੋਲਵਾਂ ਅਤੇ ਉਸ ਦੀ ਐਸ਼ਪ੍ਰਸਤ ਰਾਣੀ ਦੀ ਧਰ-ਪਕੜ ਕਰ ਕੇ ਦੋਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਸਤਾਰਵੀਂ ਸਦੀ ਦਾ ਆਗਾਜ਼ ਦਰਅਸਲ ਜਾਗਿ੍ਰਤੀ ਦਾ ਯੁੱਗ ਮੰਨਿਆ ਜਾਂਦਾ ਹੈ। ਸਮੇਂ ਦੇ ਮਹਾਨ ਵਿਗਿਆਨੀਆਂ ਤੇ ਫਿਲਾਸਫਰਾਂ ਨੇ ਆਮ ਲੋਕਾਂ ਦੀ ਦ੍ਰਿਸ਼ਟੀ ਵਿਚ ਆਏ ਕਾਲੇ ਤੇ ਚਿੱਟੇ ਮੋਤੀਏ-ਬਿੰਦ ਸਾਫ਼ ਕੀਤੇ। ਪ੍ਰਾਚੀਨ ਗ੍ਰੰਥਾਂ ਦੇ ਤੱਥਾਂ ਨੂੰ ਚੁਣੌਤੀ ਦੇਣੀ ਸ਼ੁਰੂ ਕੀਤੀ।

ਬਾਈਬਲ ਵਿਚ ਦਰਜ ‘ਸੂਰਜ ਧਰਤੀ ਦੁਆਲੇ ਘੁੰਮਦਾ ਹੈ’ ਦੇ ਤੱਥ ਨੂੰ ਝੁਠਲਾਉਣ ਲਈ ਗੈਲੀਲੀਓ ਨੇ ਆਪਣੀ ਟੈਲੀਸਕੋਪ ਨੂੰ ਅੰਬਰ ਵੱਲ ਸੇਧਿਤ ਕੀਤਾ। ਉਸ ਨੇ ਕੋਠੇ ਚੜ੍ਹ ਕੇ ਰੌਲਾ ਪਾ ਦਿੱਤਾ ਕਿ ਸੂਰਜ ਨਹੀਂ ਬਲਕਿ ਧਰਤੀ ਇਸ ਦੁਆਲੇ ਘੁੰਮ ਰਹੀ ਹੈ। ਪੁਜਾਰੀ ਸ਼੍ਰੇਣੀ ਨੇ ਗੈਲੀਲੀਓ ਨੂੰ ਨਾਸਤਕ ਤੇ ਵਿਦਰੋਹੀ ਕਹਿ ਕੇ ਭੰਡਿਆ। ਹਾਕਮਾਂ ਨੇ ਉਸ ਨੂੰ ਤਾਉਮਰ ਸਲਾਖਾਂ ਦੇ ਪਿੱਛੇ ਸੁੱਟਣ ਦਾ ਫੁਰਮਾਨ ਜਾਰੀ ਕਰ ਦਿੱਤਾ। ਫ਼ਤਵਿਆਂ ਅਤੇ ਫੁਰਮਾਨਾਂ ਦੀ ਪਰਵਾਹ ਕੀਤੇ ਬਗ਼ੈਰ ਤਰਕਸ਼ੀਲ ਮਸ਼ਾਲਾਂ ਫੜੀ ਹਰ ਕੂਚੇ-ਕਸਬੇ ਗਾਹੁਣ ਲੱਗੇ।

ਫਰਾਂਸ ਦੇ ਮਕਬੂਲ ਫਿਲਾਸਫਰ ਰੇਨੇ ਡਸਕਾਰਟਸ ਨੇ ਸਮਾਜ ’ਚ ਫੈਲਿਆ ਅੰਧਕਾਰ ਦੂਰ ਕਰਨ ਲਈ ਗਿਆਨ ਦੇ ਦੀਵੇ ਵੰਡਣੇ ਸ਼ੁਰੂ ਕਰ ਦਿੱਤੇ। ਉਸ ਦੀਆਂ ਇਹ ਸਤਰਾਂ, ‘‘ਮੈਂ ਸੋਚ ਸਕਦਾ ਹਾਂ, ਇਸੇ ਲਈ ਮੈਂ ਇੱਥੇ ਹਾਂ’’ ਨੇ ਲੋਕਾਂ ਦੇ ਮੱਥਿਆਂ ’ਚ ਚੌਮੁਖੀਏ ਦੀਵੇ ਬਾਲੇ। ਉਸ ਨੇ ਕਿਹਾ ਕਿ ਹਰ ਸੀਸ ਅੰਦਰ ਵਿਚਾਰਾਂ ਦਾ ਖ਼ੌਲਦਾ ਸਮੁੰਦਰ ਹੋਣਾ ਚਾਹੀਦਾ ਹੈ। ਸੋਚਾਂ ਤੋਂ ਸੱਖਣੇ ਦਿਮਾਗ਼ ਲੋਕਤੰਤਰ ਦੀ ਬਜਾਏ ਮਹਿਜ਼ ਭੀੜਤੰਤਰ ਹੁੰਦੇ ਹਨ। ਉਸ ਨੇ ਲੋਕਾਂ ਨੂੰ ਸੋਚਣ, ਦੇਖਣ, ਪਰਖਣ ਅਤੇ ਸਵਾਲ-ਦਰ-ਸਵਾਲ ਕਰਨ ਦਾ ਵੱਲ ਸਿਖਾਇਆ। ਜਾਗਿ੍ਰਤੀ ਦੇ ਇਸ ਦੌਰ ਵਿਚ ਆਮ ਲੋਕਾਂ ਨੇ ਮੰਗ ਕੀਤੀ ਕਿ ਰਾਜ-ਭਾਗ ਜਾਂ ਇਸ ਦੇ ਫ਼ੈਸਲਿਆਂ ਵਿਚ ਉਨ੍ਹਾਂ ਦਾ ਵੀ ਦਖ਼ਲ ਹੋਣਾ ਚਾਹੀਦੈ। ਇਸ ਮੰਗ ਨੂੰ ਲੈ ਕੇ ਰਾਜਾ, ਨਵਾਬ ਤੇ ਪੁਜਾਰੀ ਭੜਕ ਉੱਠੇ। ਲੋਕ ਲਾਮਬੱਧ ਹੋਏ ਤਾਂ ਹਾਕਮਾਂ ਨੂੰ ਉਨ੍ਹਾਂ ਅੱਗੇ ਸਿਰ ਝੁਕਾਉਣਾ ਪਿਆ ਸੀ। ਉਨ੍ਹਾਂ ਕਿਹਾ ਕਿ ਜੋ ਸਦੀਆਂ ਪੁਰਾਣੀਆਂ ਰਵਾਇਤਾਂ/ਪਰੰਪਰਾਵਾਂ ਨੂੰ ਨਹੀਂ ਮੰਨਦੇ, ਉਹ ਖੱਬੇ ਤੇ ਰੂੜੀਵਾਦੀ ਸੱਜੇ ਪਾਸੇ ਬੈਠਣ। ਇਸੇ ਤੋਂ ਹੀ ਖੱਬੇ-ਪੱਖੀ ਅਤੇ ਸੱਜੇ-ਪੱਖੀ ਟਰਮ ਹੋਂਦ ਵਿਚ ਆਈ।

ਫਰਾਂਸ ਦੀ ਕ੍ਰਾਂਤੀ ਤੋਂ ਬਾਅਦ ਉੱਥੋਂ ਦਾ ਇਕ ਲੜਾਕੂ ਨੈਪੋਲੀਅਨ ਖ਼ੁਦ ਡਿਕਟੇਟਰ ਬਣ ਬੈਠਾ ਜਿਸ ਨੇ ਲੰਮਾ ਸਮਾਂ ਰਾਜ ਕੀਤਾ। ਇਸ ਦੇ ਬਾਵਜੂਦ ਫਰਾਂਸ ਦੀ ਧਰਤੀ ਨੂੰ ਜਮਹੂਰੀਅਤ ਦੀ ਜਨਮਦਾਤੀ ਕਿਹਾ ਜਾਂਦਾ ਹੈ। ‘ਲਿਬਰਟੀ’, ‘ਇਕੁਐਲਿਟੀ’ ਤੇ ‘ਫਰੈਟਰਨਿਟੀ’ ਫਰਾਂਸ ਦਾ ਹੀ ਨਹੀਂ ਬਲਕਿ ਜਮਹੂਰੀ ਕਦਰਾਂ-ਕੀਮਤਾਂ ਦੇ ਹਾਮੀ ਦੇਸ਼ਾਂ ਦਾ ਮਾਟੋ ਬਣ ਗਿਆ। ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਵਿਚ ਵੀ ਇਨ੍ਹਾਂ ਅੱਖਰਾਂ ਦੀ ਤ੍ਰੈਮੂਰਤੀ ਦੇ ਦੀਦਾਰ ਹੁੰਦੇ ਹਨ। ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਵੀ ਉਪਰੋਕਤ ਕ੍ਰਾਂਤੀ ਦੀ ਦੇਣ ਹੈ। ਲਾਸਾਨੀ ਕੁਰਬਾਨੀਆਂ ਦੇ ਕੇ ਹਾਸਲ ਕੀਤੀ ਜਮਹੂਰੀਅਤ ਦੇ ਅਰਥ ਅੱਜ-ਕੱਲ੍ਹ ਬਦਲ ਚੁੱਕੇ ਜਾਪਦੇ ਹਨ। ਲੋਕਤੰਤਰ ਦੇ ਚਾਰੇ ਥੰਮ੍ਹ ਥਰਥਰਾ ਰਹੇ ਹਨ। ‘ਜੰਗ ਤੇ ਪਿਆਰ ਵਿਚ ਸਭ ਕੁਝ ਜਾਇਜ਼ ਹੈ’ ਦੀ ਲੋਕੋਕਤੀ ਨੂੰ ਆਧਾਰ ਮੰਨ ਕੇ ਚੋਣਾਂ ਕਿਸੇ ਜੰਗ ਵਾਂਗ ਲੜੀਆਂ ਜਾਂਦੀਆਂ ਹਨ।

‘‘ਆਲ ਇਜ਼ ਫੇਅਰ ਇਨ ਲਵ ਐਂਡ ਵਾਰ’’ ਸੋਲਵੀਂ ਸਦੀ ਦੇ ਬਿ੍ਰਟਿਸ਼ ਕਵੀ/ਸਾਹਿਤਕਾਰ ਜੌਹਨ ਲਿਲੀ (1553-1606) ਦੀ ਕਵਿਤਾ ’ਚੋਂ ਲਈ ਸਤਰ ਦਾ ਅਧੂਰਾ ਵਾਕ ਹੈ। ਦਰਅਸਲ ਕੋਮਲ ਚਿੱਤ ਵਾਲੇ ਜੰਗ ਜਿੱਤ ਕੇ ਵੀ ਖ਼ੁਦ ਨੂੰ ਹਾਰਿਆ ਮਹਿਸੂਸ ਕਰਦੇ ਹਨ। ਕਲਿੰਗਾ ਦੀ ਜਿੱਤ ਪਿੱਛੋਂ ਅਸ਼ੋਕ ਮਹਾਨ ਬੋਧੀ ਹੋ ਗਿਆ ਸੀ। ਪਿਆਰ ਵਿਚ ਕਈ ਹਾਰ ਕੇ ਵੀ ਜਿੱਤ ਜਾਂਦੇ ਹਨ। ਪ੍ਰੀਤ ਕਹਾਣੀਆਂ ਤੇ ਕਿੱਸੇ ਇਸ ਦੀ ਪੁਖਤਾ ਉਦਾਹਰਨ ਹਨ। ਇਸ ਲਈ ਨਾ ਪਿਆਰ ਤੇ ਨਾ ਹੀ ਜੰਗ ਵਿਚ ਸਭ ਕੁਝ ਜਾਇਜ਼ ਹੁੰਦਾ ਹੈ। ਪਿਆਰ ਤੇ ਜੰਗ ਉਂਜ ਵੀ ਇੱਕੋ ਛਾਬੇ ਵਿਚ ਤੋਲੇ ਨਹੀਂ ਜਾ ਸਕਦੇ। ਸੱਚਾਈ ਇਹ ਹੈ ਕਿ ਪ੍ਰਾਚੀਨ ਸਮੇਂ ’ਚ ਜੰਗ ਅਤੇ ਮੁਹੱਬਤ ਦੀ ਵੀ ਮਰਿਆਦਾ ਹੁੰਦੀ ਸੀ। ਹੁਣ ਚੋਣਾਂ ਨੂੰ ਜੰਗ ਵਾਂਗ ਲੜਨ ਵਾਲੇ ਹਰ ਕਿਸਮ ਦੀ ਮਰਿਆਦਾ ਦੀਆਂ ਧੱਜੀਆਂ ਉਡਾਉਂਦੇ ਨਜ਼ਰੀਂ ਪੈਂਦੇ ਹਨ। ਕੂੜ ਪ੍ਰਚਾਰ ਸਿਖ਼ਰਾਂ ’ਤੇ ਹੁੰਦਾ ਹੈ। ਕਈ ਨੇਤਾ ਭਰਮ ਪਾਲਦੇ ਹਨ ਕਿ ਲਾਸ਼ਾਂ ’ਤੇ ਤੁਰ ਕੇ ਹੀ ਸਿੰਘਾਸਣ ਤੱਕ ਅੱਪੜਿਆ ਜਾ ਸਕਦਾ ਹੈ। ਲੋਕਤੰਤਰ ਤਾਂ ਲੋਕਾਂ ਦਾ, ਲੋਕਾਂ ਦੁਆਰਾ ਅਤੇ ਲੋਕਾਂ ਲਈ ਹੁੰਦਾ ਹੈ। ਚੋਣ ਦੰਗਲ ਵਿਚ ਇਸ ਕਥਨ ਦੀ ਆਤਮਾ ਨੂੰ ਆਂਚ ਨਹੀਂ ਆਉਣੀ ਚਾਹੀਦੀ।

ਵਿਧਾਨ ਅਤੇ ਸੰਵਿਧਾਨ ਦੀ ਪਵਿੱਤਰਤਾ ਵਿਚ ਯਕੀਨ ਰੱਖਣ ਵਾਲੇ ਹੀ ਲੋਕਾਂ ਦੀ ਨੁਮਾਇੰਦਗੀ ਕਰਨ ਦਾ ਹੱਕ ਰੱਖਦੇ ਹਨ। ਜਿੱਤਣ ਤੋਂ ਬਾਅਦ ਹੈਂਕੜ ਵਿਚ ਆਉਣ ਵਾਲਿਆਂ ਨੂੰ ਗੁਰਬਾਣੀ ਦਾ ਮਹਾਵਾਕ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ, ‘‘ਸੇਖ ਹੈਯਾਤੀ ਜਗਿ ਨ ਕੋਈ ਥਿਰੁ ਰਹਿਆ॥ ਜਿਸੁ ਆਸਣਿ ਹਮ ਬੈਠੇ ਕੇਤੇ ਬੈਸਿ ਗਇਆ॥ ਆਠਰੀਆਂ ਤਿਊੜੀਆਂ ਉਸ ਇਬਾਰਤ ਵਾਂਗ ਹੁੰਦੀਆਂ ਹਨ ਜਿਸ ਨੂੰ ਵਿਅਕਤੀ ਦੇ ਮਰਨ ਉਪਰੰਤ ਵੀ ਪੜ੍ਹਿਆ ਜਾ ਸਕਦਾ ਹੈ। ਮਨ ਦੀ ਬਾਤ, ਮਸਤਕ ’ਤੇ ਉੱਕਰੀ ਮਿਲ ਹੀ ਜਾਂਦੀ ਹੈ। ਇਸ ਨਾਸ਼ਮਾਨ ਸੰਸਾਰ ਨੂੰ ਅਲਵਿਦਾ ਕਹਿ ਗਏ ਜਿਊੜੇ ਅੰਦਰ ਆਖ਼ਰੀ ਸਮੇਂ ਕੀ ਚੱਲ ਰਿਹਾ ਸੀ, ਉਸ ਦਾ ਖ਼ੁਲਾਸਾ ਤਿਊੜੀਆਂ ਦੀਆਂ ਸਤਰਾਂ ਤੋਂ ਹੋ ਜਾਂਦਾ ਹੈ।

ਬ੍ਰਿਟਿਸ਼ ਕਵੀ ਪੀ.ਬੀ. ਸ਼ੈਲੇ (4.8. 1792-8.7.1822) ਦੇ ਸੋਨੇਟ (14 ਸਤਰਾਂ ਦੀ ਗੀਤ-ਨੁਮਾ ਕਵਿਤਾ), ਓਜ਼ੀਮੇਂਡੀਅਸ ਦਾ ਪਾਠ ਕਰਦਿਆਂ ਉਪਰੋਕਤ ਰਹੱਸ ਦੀਆਂ ਪਰਤਾਂ ਖੁੱਲ੍ਹਦੀਆਂ ਹਨ। ਇਸ ਸੋਨੇਟ ਰਾਹੀਂ ਜ਼ਿੰਦਗੀ ਦਾ ਪਾਠ ਪੜ੍ਹਿਆ ਜਾ ਸਕਦਾ ਹੈ। ਮਿਸਰ ਦੇ ਬਾਦਸ਼ਾਹ ਰੇਮਜ਼ ਦੂਜਾ ਦੇ ਟੁੱਟੇ ਹੋਏ ਦਿਓ ਕੱਦ ਬੁੱਤ ਦੇ ਵਿਸ਼ਾ-ਵਸਤੂ ਰਾਹੀਂ ਜੀਵਨ ਦੇ ਅਰਥ ਸਮਝਾਏ ਗਏ ਹਨ। ਆਪਣੀ ਕਲਪਨਾ ਵਿਚ ਕਵੀ ਪ੍ਰਾਚੀਨ ਸਮੇਂ ਦੇ ਇਕ ਯਾਤਰੂ ਨੂੰ ਮਿਲਦਾ ਹੈ। ਯਾਤਰੂ ਰਾਜੇ ਦੇ ਉਸ ਬੁੱਤ ਦੀ ਬਾਤ ਸੁਣਾਉਂਦਾ ਹੈ ਜੋ ਉਸ ਨੂੰ ਰੇਤਾ ਵਿਚ ਬਿਖਰਿਆ ਮਿਲਿਆ ਸੀ। ਮਜ਼ਬੂਤ ਪੱਥਰ ਦੀਆਂ ਲੱਤਾਂ ’ਤੇ ਧੜ ਨਹੀਂ ਸੀ। ਨੇੜੇ ਹੀ ਰਾਜੇ ਦਾ ਰੇਤਾ ਵਿਚ ਅੱਧਾ ਧਸਿਆ ਹੋਇਆ ਸਿਰ ਸੀ। ਮੱਥੇ ’ਤੇ ਆਠਰੀਆਂ ਹੋਈਆਂ ਤਿਊੜੀਆਂ ਤੇ ਬੁੱਲ੍ਹਾਂ ਦੀਆਂ ਝੁਰੜੀਆਂ ਦੱਸ ਰਹੀਆਂ ਸਨ ਕਿ ਰਾਜਾ ਕਿੰਨਾ ਹੰਕਾਰੀ ਤੇ ਕਰੋਧਵਾਨ ਹੋਵੇਗਾ। ਨਿਸਚੇ ਹੀ ਬੁੱਤਘਾੜੇ ਨੇ ਰਾਜੇ ਦੀ ਸ਼ਖ਼ਸੀਅਤ ਨੂੰ ਚੰਗੀ ਤਰ੍ਹਾਂ ਸਮਝ ਕੇ ਹੀ ਬੁੱਤ ਘੜਿਆ ਹੋਵੇਗਾ।

ਜ਼ਿੰਦਗੀ ਦਾ ਸਫ਼ਰ ਪੂਰਾ ਕਰਨ ਦੇ ਬਾਵਜੂਦ ਪੱਥਰ ’ਤੇ ਰਾਜੇ ਦੀ ਨੱਕ-ਚੜ੍ਹੀ ਬੋਲੀ ਉੱਕਰੀ ਹੋਈ ਸੀ। ਬਿਨਾਂ ਧੜ ਦੀਆਂ ਬਚੀਆਂ ਹੋਈਆਂ ਲੱਤਾਂ ਹੇਠਾਂ ਲਿਖੀ ਹੋਈ ਇਬਾਰਤ ਤੋਂ ਰੇਮਜ਼ ਦੂਜੇ ਦੇ ਅਡਿੱਗ ਹੰਕਾਰ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਸੀ, ‘‘ਮੇਰਾ ਨਾਮ ਓਜ਼ੀਮੇਂਡੀਅਸ ਹੈ, ਰਾਜਿਆਂ ਦਾ ਰਾਜਾ। ਮੇਰੇ ਮਹਾਨ ਕਾਰਨਾਮਿਆਂ ਵੱਲ ਵੇਖੋ ਅਤੇ ਮਾਯੂਸ ਹੋ ਜਾਵੋ।’’ ਜੀਵਨ ਦੀਆਂ ਰਮਜ਼ਾਂ ਨੂੰ ਸਮਝਣ/ਸਮਝਾਉਣ ਲਈ ਸ਼ੈਲੇ ਦੇ ਸੋਨੇਟ ਓਜ਼ੀਮੇਂਡੀਅਸ ਦਾ ਅਕਸਰ ਹਵਾਲਾ ਦਿੱਤਾ ਜਾਂਦਾ ਹੈ।