ਤਾਲਿਬਾਨੀ ਕਾਰਾ (ਪੰਜਾਬੀ ਜਾਗਰਣ –– 7th April, 2024)
ਵਰਿੰਦਰ ਵਾਲੀਆ
ਸਰਹੱਦੀ ਕਸਬਾ ਵਲਟੋਹਾ ਵਿਚ ਗੁਆਂਢੀਆਂ ਦੀ ਕੁੜੀ ਨਾਲ ਪ੍ਰੇਮ ਵਿਆਹ ਕਰਵਾਉਣ ਵਾਲੇ ਅੱਲ੍ਹੜ ਮੁੰਡੇ ਦੀ ਅਧਖੜ ਮਾਂ ਨੂੰ ਨਿਰਵਸਤਰ ਕਰ ਕੇ ਵੀਡੀਓ ਬਣਾਉਣ ਤੇ ਫਿਰ ਉਸ ਨੂੰ ਵਾਇਰਲ ਕਰਨ ਦੇ ਕੁਕਰਮ ਨੇ ਪੰਜਾਬ ਤੇ ਪੰਜਾਬੀਅਤ ਨੂੰ ਪਾਣੀ-ਪਾਣੀ ਕਰ ਦਿੱਤਾ ਹੈ। ਦੂਜੀ ਸ਼ਰਮਨਾਕ ਘਟਨਾ ਲੁਧਿਆਣਾ ਜ਼ਿਲ੍ਹੇ ਦੀ ਹੈ ਜਿੱਥੇ ਆਰਕੈਸਟਰਾ ਟੀਮ ਦੀ ਨੌਜਵਾਨ ਕੁੜੀ ਨੇ ਜਦੋਂ ਮੰਚ ਤੋਂ ਹੇਠਾਂ ਉਤਰ ਕੇ ਡਾਂਸ ਕਰਨ ਤੋਂ ਮਨ੍ਹਾ ਕੀਤਾ ਤਾਂ ਗੁਸੈਲ ਪੁਲਿਸ ਮੁਲਾਜ਼ਮ ਨੇ ਸ਼ਰਾਬ ਦਾ ਭਰਿਆ ਜਾਮ ਉਸ ਵੱਲ ਵਗਾਹ ਮਾਰਿਆ। ਗਾਲੀ-ਗਲੋਚ ਦੀ ਵਾਇਰਲ ਵੀਡੀਓ ਨੇ ਪੰਜਾਬੀ ਸੱਭਿਆਚਾਰ ਦੇ ਮੁਦਈਆਂ ਦਾ ਸਿਰ ਸ਼ਰਮ ਨਾਲ ਨੀਵਾਂ ਕਰ ਦਿੱਤਾ। ਪੱਛਮ ਦੇ ਪ੍ਰਭਾਵ ਨੇ ਸਾਡੇ ਅਮੀਰ ਵਿਰਸੇ ਨੂੰ ਪਲੀਤ ਕੀਤਾ ਹੈ।
ਪੰਜਾਬੀ ਤਾਂ ਆਪਣੀਆਂ ਜਾਨਾਂ ਦੀ ਬਾਜ਼ੀ ਲਗਾ ਕੇ ਬੇਗਾਨੀਆਂ ਧੀਆਂ ਨੂੰ ਵਿਦੇਸ਼ੀ ਧਾੜਵੀਆਂ ਦੇ ਚੁੰਗਲ ’ਚੋਂ ਬਚਾਉਂਦੇ ਰਹੇ ਹਨ। ਉਪਰੋਕਤ ਵਾਇਰਲ ਹੋਈਆਂ ਵੀਡੀਓਜ਼ ਵੇਖ ਕੇ ਕੌਣ ਕਹੇਗਾ ਕਿ ਅਸੀਂ ‘ਬੰਦੀ ਛੋੜ’ ਦੇ ਵਾਰਸ ਹਾਂ? ਅਬਲਾ ਔਰਤਾਂ ਦੀ ਇੱਜ਼ਤ-ਆਬਰੂ ਦੇ ਰਖਵਾਲੇ ਅਖਵਾਉਣ ਵਾਲੇ ਪੰਜਾਬੀਆਂ ਲਈ ਇਹ ਆਤਮ-ਮੰਥਨ ਦੀ ਘੜੀ ਹੈ। ਆਪਣੀ ਲਾਜ ਅਤੇ ਜਾਨ ਬਚਾਉਂਦੀ ਏਧਰ-ਓਧਰ ਦੌੜਾਈ ਜਾਂਦੀ ਔਰਤ ਦੀ ਵੀਡੀਓ ਬਣਾ ਕੇ ਉਸ ਨੂੰ ਵਾਇਰਲ ਕਰਨਾ ਭਲਾ ਕਿੱਥੋਂ ਦੀ ਬਹਾਦਰੀ ਹੈ। ਯਕੀਨ ਹੀ ਨਹੀਂ ਆਉਂਦਾ ਕਿ ਦਰਿੰਦਗੀ ਦਾ ਨੰਗਾ ਨਾਚ ਪੀਰਾਂ-ਫਕੀਰਾਂ, ਸੰਤਾਂ-ਮਹਾਤਮਾਵਾਂ ਤੇ ਗੁਰੂਆਂ ਦੀ ਵਰੋਸਾਈ ਧਰਤੀ ’ਤੇ ਹੋ ਰਿਹਾ ਹੈ। ਪਹਿਲਾ ਕਸੂਰ ਪੀੜਤ ਮਹਿਲਾ ਦੇ ਪੁੱਤਰ ਦਾ ਹੈ ਜਿਸ ਨੇ ਗੁਆਂਢੀਆਂ ਦੀ ਧੀ-ਭੈਣ ਨਾਲ ਭੱਜ ਕੇ ਪ੍ਰੇਮ ਵਿਆਹ ਕਰਵਾਇਆ ਸੀ। ਇਹ ਵੀ ਮੰਨਿਆ ਜਾ ਸਕਦਾ ਹੈ ਕਿ ਪੀੜਤ ਔਰਤ ਨੇ ਆਪਣੇ ਪੁੱਤਰ ਨੂੰ ਪੰਜਾਬੀਆਂ ਦੇ ਅਮੀਰ ਵਿਰਸੇ ਬਾਰੇ ਸਮਝਾਉਣ ਦੀ ਬਜਾਏ ਉਸ ਦਾ ਸਾਥ ਦਿੱਤਾ ਸੀ। ਕੋਰਟ ਮੈਰਿਜ ਵੇਲੇ ਹਾਜ਼ਰ ਹੋਣ ਤੋਂ ਬਾਅਦ ਵੀ ਉਹ ਆਪਣੇ ‘ਨੂੰਹ-ਪੁੱਤਰ’ ਨਾਲ ਅਣਦੱਸੀ ਜਗ੍ਹਾ ’ਤੇ ਰਹੀ ਸੀ। ਕਾਨੂੰਨ ਦੇ ਨੁਕਤਾ-ਨਿਗਾਹ ਤੋਂ ਬਾਲਗ ਆਪਣੀ ਮਰਜ਼ੀ ਨਾਲ ਵਿਆਹ ਕਰ ਸਕਦੇ ਹਨ। ਅਜਿਹਾ ਰਿਸ਼ਤਾ ਗੰਢਣ ਵਿਚ ਕੋਈ ਕਾਨੂੰਨੀ ਅੜਚਣ ਨਹੀਂ ਹੈ। ਗੱਲ ਤਾਂ ਪੰਜਾਬੀਆਂ ਦੇ ਵਿਰਸੇ ਦੀ ਹੈ। ਪੁਰਾਣੇ ਪੰਜਾਬ ਵਿਚ ਲੋਕ ਪਿੰਡ ਦੇ ਲਾਲਡੋਰੇ ਅੰਦਰ ਰਹਿਣ ਵਾਲੀਆਂ ਔਰਤਾਂ ਨੂੰ ਆਪਣੀਆਂ ਸਕੀਆਂ ਭੈਣਾਂ ਦੇ ਤੁੱਲ ਸਮਝਦੇ ਸਨ। ਅਜਿਹੀਆਂ ਸਾਕ-ਸਕੀਰੀਆਂ ਪੀੜ੍ਹੀ-ਦਰ-ਪੀੜ੍ਹੀ ਨਿਭਦੀਆਂ ਆਈਆਂ ਹਨ। ਸਮਾਜਿਕ ਕਦਰਾਂ-ਕੀਮਤਾਂ ਵਿਚ ਸੰਨ੍ਹ ਲਾਉਣ ਦਾ ਕੋਈ ਹੀਆ ਨਾ ਕਰਦਾ। ਇਸ ਦੇ ਬਾਵਜੂਦ ਇੱਕੀਵੀਂ ਸਦੀ ਵਿਚ ਤਾਲਿਬਾਨੀ ਨਿਆਂ ਲਈ ਕੋਈ ਥਾਂ ਨਹੀਂ ਹੈ। ਕਬਾਇਲੀ ਮਾਨਸਿਕਤਾ ਵਾਲੇ ਦੋਸ਼ੀਆਂ ਵਿਚ ਪ੍ਰੇਮ-ਵਿਆਹ ਕਰਵਾਉਣ ਵਾਲੀ ਕੁੜੀ ਦੇ ਦੋ ਭਰਾਵਾਂ ਤੇ ਹੋਰ ਮਰਦ ਦੋਸ਼ੀਆਂ ਤੋਂ ਇਲਾਵਾ ਉਸ ਦੀ ਮਾਂ ਵੀ ਸ਼ਾਮਲ ਸੀ। ਹਮਲਾਵਰ ਔਰਤ ਨੇ ਇਹ ਵੀ ਨਾ ਸੋਚਿਆ ਕਿ ਉਹ ਕਿਸੇ ਦੂਜੀ ਅਬਲਾ ਨਾਰੀ ਦਾ ਚੀਰਹਰਨ ਕਰ ਰਹੀ ਹੈ। ਨਾਰੀ ਵੱਲੋਂ ਨਾਰੀ ਨੂੰ ਲੋਕਾਂ ਸਾਹਮਣੇ ਨਿਰਵਸਤਰ ਕਰਨ ਦੀ ਹਿਮਾਕਤ ਦਰਅਸਲ ਖ਼ੁਦ ਦੀ ਆਤਮਾ ਦਾ ਚੀਰਹਰਨ ਹੀ ਹੈ। ਕਾਨੂੰਨ ਨੂੰ ਆਪਣੇ ਹੱਥ ਵਿਚ ਲੈ ਕੇ ਦਿੱਤੀ ਗਈ ਅਜਿਹੀ ਖ਼ੌਫ਼ਨਾਕ ਸਜ਼ਾ ਦਾ ਤਸੱਵਰ ਕਰਦਿਆਂ ਹੀ ਰੌਂਗਟੇ ਖੜ੍ਹੇ ਹੋ ਜਾਂਦੇ ਹਨ। ਅਜਿਹਾ ਕਾਲਾ ਕਾਰਾ ਪਾਪ ਦੀ ਜੱਦ ਵਿਚ ਆਉਂਦਾ ਹੈ। ਪਾਪੀ ਇਸ ਗੱਲ ਤੋਂ ਅਣਜਾਣ ਹਨ ਕਿ ਲਾਚਾਰ ਅਬਲਾ ਔਰਤ ਦੀਆਂ ਅੱਖਾਂ ਵਿਚ ਆਏ ਅੱਥਰੂ ਮਹਿਲ-ਮਾੜੀਆਂ ਨੂੰ ਵੀ ਰੋੜ੍ਹ ਕੇ ਲੈ ਜਾਂਦੇ ਹਨ। ਪ੍ਰਾਚੀਨ ਇਤਿਹਾਸ ਦੇ ਪੰਨੇ ਫਰੋਲਦਿਆਂ ਪਤਾ ਚੱਲਦਾ ਹੈ ਕਿ ਦਰੋਪਦੀ ਦਾ ਚੀਰਹਰਨ ਕਰਨ ਤੋਂ ਬਾਅਦ ਕੌਰਵਾਂ ਦੇ ਰਾਜ-ਭਾਗ ਦਾ ਭੋਗ ਪੈ ਗਿਆ ਸੀ। ਆਦਿਕਾਲ ਤੋਂ ਝਗੜਿਆਂ-ਝੇੜਿਆਂ ਦਾ ਕਾਰਨ ਜ਼ਰ, ਜ਼ੋਰੂ ਤੇ ਜ਼ਮੀਨ ਰਿਹਾ ਹੈ। ਔਰਤ ਨੂੰ ਜਨਤਕ ਤੌਰ ’ਤੇ ਜ਼ਲੀਲ ਕਰਨ ਨਾਲ ਵੱਡੇ-ਵੱਡੇ ਖਾਨਦਾਨ ਤਬਾਹ ਹੁੰਦੇ ਰਹੇ ਹਨ। ਸਰੂਪਨਖਾ ਦੇ ਨੱਕ ਵੱਢਣ ਤੋਂ ਬਾਅਦ ਧਰਤੀ ਦਾ ਖ਼ੂਨ ਨਾਲ ਰੰਗਿਆ ਇਤਿਹਾਸ ਸਭ ਨੂੰ ਯਾਦ ਹੈ। ਜੇ ਪੀੜਤ ਨੂੰ ਤੁਰੰਤ ਇਨਸਾਫ਼ ਮਿਲ ਜਾਵੇ ਤਾਂ ਆਉਣ ਵਾਲੀ ਆਫ਼ਤ ਨੂੰ ਰੋਕਿਆ ਜਾ ਸਕਦਾ ਹੈ। ਅੱਲ੍ਹੇ ਜ਼ਖ਼ਮਾਂ ’ਤੇ ਮੱਲ੍ਹਮ ਲਾਉਣ ਨਾਲ ਅੰਗੂਰ ਆ ਜਾਂਦਾ ਹੈ। ਪੁਲਿਸ ਪ੍ਰਸ਼ਾਸਨ ਵੱਲੋਂ ਫੌਰੀ ਮਿਲਿਆ ਇਨਸਾਫ਼ ਤਪਦੇ ਹਿਰਦਿਆਂ ਨੂੰ ਸ਼ਾਂਤ ਕਰ ਸਕਦਾ ਹੈ। ਮਿਸਾਲੀ ਸਜ਼ਾ ਮਿਲਣ ਨਾਲ ਪੂਰੇ ਸਮਾਜ ਨੂੰ ਸਬਕ ਮਿਲ ਸਕਦਾ ਹੈ। ਉਪਰੋਕਤ ਘਟਨਾ ਤੋਂ ਬਾਅਦ ਜੇ ਦੋਸ਼ੀਆਂ ਖ਼ਿਲਾਫ਼ ਤੁਰੰਤ ਕਾਰਵਾਈ ਹੋ ਜਾਂਦੀ ਤਾਂ ਪ੍ਰਸ਼ਾਸਨ ਦੀ ਤੋਏ-ਤੋਏ ਨਾ ਹੁੰਦੀ। ਅਫ਼ਸੋਸਨਾਕ ਗੱਲ ਇਹ ਹੈ ਕਿ ਘੁੱਗ ਵਸਦੇ ਮੁਹੱਲੇ ’ਚ ਜਦੋਂ ਪੀੜਤ ਔਰਤ ਨੂੰ ਭਜਾ-ਭਜਾ ਕੇ ਵੀਡੀਓ ਬਣਾਈ ਜਾ ਰਹੀ ਸੀ ਤਾਂ ਲੋਕ ਤਮਾਸ਼ਬੀਨੀ ਕਰ ਰਹੇ ਸਨ। ਕਿਸੇ ਨੇ ਹਮਲਾਵਰਾਂ ਨੂੰ ਰੋਕਿਆ ਨਾ। ਲੜਾਈ ਝਗੜੇ ਘਰ-ਘਰ ਦੀ ਕਹਾਣੀ ਹਨ ਪਰ ਕਿਸੇ ਔਰਤ ਨੂੰ ਇਸ ਤਰ੍ਹਾਂ ਜਨਤਕ ਤੌਰ ’ਤੇ ਜ਼ਲੀਲ ਕਰਨਾ ਭਲਾ ਕਿੱਥੋਂ ਦੀ ਇਨਸਾਨੀਅਤ ਹੈ? ਸੰਸਕਾਰਾਂ ਨੂੰ ਭੁੱਲ ਕੇ ਅਜੋਕਾ ਸਮਾਜ ਔਝੜੇ ਰਾਹ ਪਿਆ ਜਾਪਦਾ ਹੈ। ਇੰਜ ਜਾਪਦਾ ਹੈ ਕਿ ਦੋਹਰੇ ਮਾਪਦੰਡਾਂ ਨੂੰ ਲੋਕਾਂ ਨੇ ਜੀਵਨ-ਸ਼ੈਲੀ ਬਣਾ ਲਿਆ ਹੈ। ਕੰਜਕਾਂ ਪੂਜਣ ਵਾਲੇ ਲੋਕ ਜਦੋਂ ਭਰੂਣ ਹੱਤਿਆ ਕਰਨ ਤਾਂ ਇਹ ਦੋਹਰਾ ਮਾਪਦੰਡ ਨਹੀਂ ਤਾਂ ਹੋਰ ਕੀ ਹੈ? ਜਨਮ ਤੋਂ ਹੀ ਔਰਤ ਜਾਤ ਨਾਲ ਵਿਤਕਰਾ ਸ਼ੁਰੂ ਹੋ ਜਾਂਦਾ ਹੈ। ਸਦੀਆਂ ਪਹਿਲਾਂ ਔਰਤ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ। ਗੁਰੂ ਸਾਹਿਬਾਨ ਅਤੇ ਹੋਰਨਾਂ ਪਾਕ ਰੂਹਾਂ ਨੇ ਔਰਤ ਜਾਤ ਨੂੰ ਅਜਿਹੀ ਜਿੱਲਣ ’ਚੋਂ ਕੱਢਣ ਲਈ ਆਵਾਜ਼ ਬੁਲੰਦ ਕੀਤੀ। ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਨੇ ਲੋਕਾਈ ਨੂੰ ਬਾਣੀ ਰਾਹੀਂ ਸਮਝਾਇਆ ਕਿ ਔਰਤ ਤੋਂ ਬਿਨਾਂ ਸਮਾਜ ਦਾ ਤਸੱਵਰ ਹੀ ਨਹੀਂ ਕੀਤਾ ਜਾ ਸਕਦਾ। ਜਿਸ ਸਮਾਜ ਵਿਚ ਔਰਤ ਨੂੰ ਬਣਦਾ ਮਾਣ-ਸਨਮਾਨ ਦੇਣ ਦੀ ਬਜਾਏ ਉਸ ਦਾ ਤਿ੍ਰਸਕਾਰ ਹੁੰਦਾ ਹੈ, ਉਸ ਦੇ ਗਰਕਣ ਨੂੰ ਬਹੁਤਾ ਸਮਾਂ ਨਹੀਂ ਲੱਗਦਾ। ਜਿੱਥੇ ਔਰਤ ਨੂੰ ਬਣਦਾ ਸਨਮਾਨ ਮਿਲਦਾ ਹੈ, ਉਹ ਸਮਾਜ ਤਰੱਕੀ ਦੀਆਂ ਬੁਲੰਦੀਆਂ ਛੋਹ ਲੈਂਦਾ ਹੈ। ਕਬਾਇਲੀ ਮਾਨਸਿਕਤਾ ਨੂੰ ਤਿਲਾਂਜਲੀ ਦੇ ਕੇ ਔਰਤ ਜਾਤ ਬਾਰੇ ਨਜ਼ਰੀਆ ਬਦਲਣ ਦੀ ਲੋੜ ਹੈ। ਖਾਪ ਪੰਚਾਇਤਾਂ ਵੱਲੋਂ ਅੱਜ ਵੀ ਫ਼ਤਵੇ ਜਾਰੀ ਕੀਤੇ ਜਾ ਰਹੇ ਹਨ। ਅਜਿਹਾ ਰੁਝਾਨ ਉੱਤਰੀ ਭਾਰਤ ਦੇ ਸੂਬਿਆਂ ਵਿਚ ਵੇਖਿਆ ਜਾ ਸਕਦਾ ਹੈ। ਇਕ ਗੋਤਰ ਵਿਚ ਵਿਆਹ ਕਰਵਾਉਣ ਵਾਲਿਆਂ ਨੂੰ ਬਰਾਦਰੀ ’ਚੋਂ ਛੇਕੇ ਜਾਣ ਦੇ ਫ਼ਤਵੇ ਤੱਕ ਜਾਰੀ ਹੋ ਜਾਂਦੇ ਹਨ। ਕਿਸੇ ਨੂੰ ਪਿੰਡ ’ਚੋਂ ਨਿਕਾਲੇ ਜਾਣ ਦਾ ਹੁਕਮ ਜਾਰੀ ਹੁੰਦਾ ਹੈ। ਖਾਪ ਦੋ ਅੱਖਰਾਂ ‘ਖਾ’ ਅਤੇ ‘ਪ’ ਦਾ ਸੁਮੇਲ ਹੈ। ਪਹਿਲੇ ਅੱਖਰ ਦਾ ਭਾਵ ਅੰਬਰ ਹੈ ਜੋ ਸਭ ਦੇ ਉੱਪਰ ਨੀਲੀ ਛੱਤਰੀ ਵਾਂਗਰ ਤਣਿਆ ਹੋਇਆ ਹੈ। ‘ਪ’ ਦਾ ਮਤਲਬ ਡੂੰਘਾ ਨਿਰਮਲ ਜਲ ਹੈ। ਖਾਪ ਪੰਚਾਇਤਾਂ ਦੇ ਚੌਧਰੀ ਦਾਅਵਾ ਕਰਦੇ ਹਨ ਕਿ ਉਹ ਆਪਣੀ ਜਾਤ-ਬਰਾਦਰੀ ਅਤੇ ਕੌਮ ਦੇ ਸੱਚੇ ਪਹਿਰੇਦਾਰ ਹਨ। ਅਜਿਹਾ ਭਰਮ ਮਾਤਰ ਹੈ। ਖਾਪਾਂ ਦੇ ਚੌਧਰੀ ਕਾਨੂੰਨ ਨੂੰ ਮੋਮ ਦਾ ਨੱਕ ਸਮਝਦੇ ਹਨ ਜਿਸ ਨੂੰ ਜਿੱਧਰ ਮਰਜ਼ੀ ਮਰੋੜਿਆ ਜਾ ਸਕਦਾ ਹੈ। ਵਕੀਲ, ਦਲੀਲ ਤੇ ਅਪੀਲ ਦੀ ਕੋਈ ਗੁੰਜਾਇਸ਼ ਹੀ ਨਹੀਂ ਹੁੰਦੀ। ਖਾਪ ਪੰਚਾਇਤਾਂ ਦੇ ਇਤਿਹਾਸ ਬਾਰੇ ਇਤਿਹਾਸਕਾਰ ਇਕਮੱਤ ਨਹੀਂ ਹਨ। ਕਈ ਇਨ੍ਹਾਂ ਨੂੰ ਕੁਸ਼ਾਨ ਸਮੇਂ ਤੋਂ ਚੱਲੀ ਆ ਰਹੀ ਨਿਆਂ ਪ੍ਰਣਾਲੀ ਕਹਿੰਦੇ ਹਨ ਤੇ ਕਈ ਇਸ ਨੂੰ ਹਰਸ਼ ਵਰਧਨ ਦੇ ਰਾਜ-ਕਾਲ ਨਾਲ ਜੋੜ ਕੇ ਦੇਖਦੇ ਹਨ। ਹਰਿਆਣਾ ਵਿਚ ਅਜਿਹੀ ਨਿਆਂ ਪ੍ਰਣਾਲੀ ਨੂੰ ਖਾਪ ਪੰਚਾਇਤਾਂ ਕਹਿੰਦੇ ਹਨ। ਰਾਜਸਥਾਨ ਦੇ ਰਾਠੌੜ ਰਾਜਪੂਤਾਂ ਨੇ ਇਸ ਦਾ ਨਾਮਕਰਨ ‘ਪੱਟੀ’ ਕੀਤਾ ਹੈ। ਮਥੁਰਾ ਦੇ ਬ੍ਰਜ ਖੇਤਰ ਵਿਚ ਇਨ੍ਹਾਂ ਨੂੰ ਪਾਲ ਪੰਚਾਇਤਾਂ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਪਹਿਲਾਂ ਪੰਜਾਬ ਵਿਚ ਬਾਰਾਂ ਮਿਸਲਾਂ ਇਸੇ ਤਰਜ਼ ’ਤੇ ਬਣੀਆਂ ਸਨ। ਇਸ ਬਿਖਰੀ ਸ਼ਕਤੀ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਇਕੱਠਾ ਕਰ ਕੇ ਪੰਜਾਬੀਆਂ ਦੇ ਸਾਂਝੇ ਰਾਜ ਦੀ ਨੀਂਹ ਰੱਖੀ ਸੀ। ਖਾਪ ਪੰਚਾਇਤਾਂ ਦੇ ਕਰਤਾ-ਧਰਤਾ ਦਾਅਵਾ ਕਰਦੇ ਆ ਰਹੇ ਹਨ ਕਿ ਉਨ੍ਹਾਂ ਨੇ ਵਿਦੇਸ਼ੀ ਹਮਲਾਵਰਾਂ ਦੇ ਹਮਲਿਆਂ ਨੂੰ ਪਛਾੜ ਕੇ ਆਪਣੇ ਦੇਸ਼/ਕੌਮ ਦੀ ਰਖਵਾਲੀ ਕੀਤੀ ਸੀ। ਅਮੀਰ ਵਿਰਸੇ ਦੇ ਬਾਵਜੂਦ ਇਨ੍ਹਾਂ ਦੇ ਕਈ ਤਾਲਿਬਾਨੀ ਫ਼ੈਸਲੇ ਸਮੇਂ ਦੇ ਹਾਣ ਦੇ ਨਹੀਂ ਹੁੰਦੇ। ਸਰਬਉੱਚ ਅਦਾਲਤ ਨੇ ਵੀ ਅਜਿਹੀ ਨਿਆਂ ਪ੍ਰਣਾਲੀ ਨੂੰ ਮਾਨਤਾ ਦੇਣ ਤੋਂ ਇਨਕਾਰ ਕੀਤਾ ਹੈ। ਚਿੰਤਾ ਦੀ ਗੱਲ ਇਹ ਹੈ ਕਿ ਖਾਪ ਪੰਚਾਇਤਾਂ ਵਿਚ ਔਰਤਾਂ ਅਤੇ ਨੌਜਵਾਨਾਂ ਨੂੰ ਕੋਈ ਨੁਮਾਇੰਦਗੀ ਨਹੀਂ ਮਿਲਦੀ। ਚੌਧਰੀਆਂ ਦਾ ਫ਼ੈਸਲਾ ਇਲਾਹੀ ਫ਼ਰਮਾਨ ਵਾਂਗ ਸਵੀਕਾਰਿਆ ਜਾਂਦਾ ਹੈ। ਵਲਟੋਹਾ ਵਿਚ ਵਾਪਰਿਆ ਸ਼ਰਮਨਾਕ ਕਾਂਡ ਵੀ ਅਜਿਹਾ ਹੀ ਵਰਤਾਰਾ ਜਾਪਦਾ ਹੈ ਜਿੱਥੇ ਇੱਕੋ ਬਰਾਦਰੀ ਦੇ ਬਾਲਗ ਬੱਚਿਆਂ ਦਾ ਪ੍ਰੇਮ-ਵਿਆਹ ਕਾਨੂੰਨ ਦੇ ਦਾਇਰੇ ਵਿਚ ਆਉਂਦਾ ਹੋਣ ਦੇ ਬਾਵਜੂਦ ਸਜ਼ਾ ਔਰਤ ਨੂੰ ਦਿੱਤੀ ਗਈ।