VARINDER WALIA

ਹਰਮਨਪਿਆਰਾ ਕਾਲਮ –– ਹਰਫ਼ ਹਮੇਸ਼ / POPULAR COLUMN -- HARPH HAMESH

ਨਾਇਕ ਬਨਾਮ ਮੁਹੰਮਦ ਸ਼ਮੀ (ਪੰਜਾਬੀ ਜਾਗਰਣ –– 19th November, 2023)

ਵਰਿੰਦਰ ਵਾਲੀਆ

ਫੁੱਟਬਾਲ ਤੋਂ ਬਾਅਦ ਕ੍ਰਿਕਟ ਸਭ ਤੋਂ ਮਕਬੂਲ ਖੇਡ ਮੰਨੀ ਜਾਂਦੀ ਹੈ। ਇਕ ਅੰਦਾਜ਼ੇ ਮੁਤਾਬਕ ਵਿਸ਼ਵ ਭਰ ਵਿਚ ਫੁੱਟਬਾਲ ਦੇ ਸਾਢੇ ਤਿੰਨ ਸੌ ਅਤੇ ਕ੍ਰਿਕਟ ਦੇ ਢਾਈ ਸੌ ਕਰੋੜ ਪ੍ਰਸ਼ੰਸਕ ਹਨ। ਕ੍ਰਿਕਟ ਦੇ ਸਿਰ ’ਤੇ ਵਪਾਰ ਤੋਂ ਇਲਾਵਾ ਅਰਬਾਂ ਰੁਪਏ ਦਾ ਦੜਾ-ਸੱਟਾ ਚੱਲਦਾ ਹੈ। ਸੰਜੀਦਾ ਖੇਡ ਪ੍ਰੇਮੀਆਂ ਦਾ ਕਹਿਣਾ ਹੈ ਕਿ ਕ੍ਰਿਕਟ ਦੇ ਜਨੂੰਨ ਨੇ ਰਵਾਇਤੀ ਖੇਡਾਂ ਦਾ ਬੇਹੱਦ ਨੁਕਸਾਨ ਕੀਤਾ ਹੈ। ਇਸ ਦਾ ਪ੍ਰਭਾਵ ਬਿ੍ਟੇਨ ਤੇ ਇਸ ਦੀਆਂ ਬਸਤੀਆਂ ਰਹੇ ਦੇਸ਼ਾਂ ਵਿਚ ਵਧੇਰੇ ਹੈ।

ਤਵਾਰੀਖ਼ ਦੇ ਪੰਨੇ ਫਰੋਲੀਏ ਤਾਂ ਭਾਰਤ ਵਿਚ ਸਭ ਤੋਂ ਪਹਿਲਾ ਮੈਚ ਗੁਜਰਾਤ ਖੰਬਾਥ ਵਿਖੇ ਈਸਟ ਇੰਡੀਆ ਕੰਪਨੀ ਦੇ ਮਲਾਹਾਂ ਵੱਲੋਂ 1721 ਵਿਚ ਖੇਡਿਆ ਗਿਆ ਸੀ। ਗੋਰੇ ਜਿੱਥੇ ਕਿਤੇ ਵੀ ਗਏ, ਆਪਣੀ ਮਨਭਾਉਂਦੀ ਖੇਡ ਕ੍ਰਿਕਟ ਨੂੰ ਆਪਣੇ ਨਾਲ ਲੈ ਗਏ। ਅੱਜ ਵੀ ਇੰਟਰਨੈਸ਼ਨਲ ਕ੍ਰਿਕਟ ਕੌਂਸਲ (ਆਈਸੀਸੀ) ਦੇ 12 ਪੱਕੇ ਮੈਂਬਰਾਂ ਵਿਚ ਭਾਰਤ ਸਣੇ ਇੰਗਲੈਂਡ ਤੇ ਇਸ ਦੀਆਂ ਪੁਰਾਣੀਆਂ ਬਸਤੀਆਂ ਰਹੇ ਦੇਸ਼ ਹੀ ਸ਼ਾਮਲ ਹਨ। ਸ਼ੁਰੂ ਵਿਚ ਇਸ ਨੂੰ ਅਮੀਰਜ਼ਾਦਿਆਂ ਦੀ ਖੇਡ ਸਮਝਿਆ ਜਾਂਦਾ ਸੀ। ਹੁਣ ਇਸ ’ਤੇ ਆਮ ਘਰਾਂ ਦੇ ਜਾਏ ਛਾਏ ਹੋਏ ਹਨ।

ਵਨਡੇ ਵਿਸ਼ਵ ਕੱਪ ਵਿਚ ਕੀਰਤੀਮਾਨ ਸਥਾਪਤ ਕਰਨ ਵਾਲੇ ਵੀ ਆਮ ਲੋਕ ਹਨ। ਨਿਊਜ਼ੀਲੈਂਡ ਨੂੰ ਮੁੰਬਈ ਦੇ ਖੇਡ ਮੈਦਾਨ ਵਿਚ 70 ਦੌੜਾਂ ਨਾਲ ਹਰਾ ਕੇ ਭਾਰਤ ਬਾਰਾਂ ਸਾਲਾਂ ਦੇ ਵਕਫ਼ੇ ਮਗਰੋਂ ਫਾਈਨਲ ਵਿਚ ਪੁੱਜਾ ਹੈ। ਇਸ ਰੋਮਾਂਚਕ ਮੈਚ ਵਿਚ ਭਾਰਤ ਦੇ ਵਿਰਾਟ ਕੋਹਲੀ, ਮੁਹੰਮਦ ਸ਼ਮੀ, ਰੋਹਿਤ ਸ਼ਰਮਾ ਤੇ ਸ਼ੁਭਮਨ ਗਿੱਲ ਨੇ ਕਮਾਲ ਦਾ ਪ੍ਰਦਰਸ਼ਨ ਦਿਖਾਇਆ ਸੀ। ਜੇਤੂ ਰੱਥ ’ਤੇ ਸਵਾਰ ਭਾਰਤੀ ਕ੍ਰਿਕਟ ਟੀਮ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਅੱਜ ਆਸਟ੍ਰੇਲੀਆ ਨਾਲ ਖਿਤਾਬੀ ਮੈਚ ਲਈ ਭਿੜੇਗੀ।

ਆਪਣੇ ਨਾਮ ’ਤੇ ਬਣੇ ਸਟੇਡੀਅਮ ਵਿਚ ਖ਼ੁਦ ਪ੍ਰਧਾਨ ਮੰਤਰੀ ਤੋਂ ਇਲਾਵਾ ਅਣਗਿਣਤ ਬਾਲੀਵੁੱਡ ਦੇ ਸਿਤਾਰੇ ਦਰਸ਼ਕ ਬਣ ਕੇ ਜਾਣਗੇ। ਜਿੱਤ-ਹਾਰ ਚੱਲਦੀ ਆਈ ਹੈ। ਇਕ ਨੇ ਜਿੱਤਣਾ ਤੇ ਦੂਜੇ ਨੇ ਹਾਰਨਾ ਹੁੰਦਾ ਹੈ। ਜੋ ਜਿੱਤਦਾ ਹੈ, ਉਸ ਨੂੰ ਸਿਕੰਦਰ ਕਿਹਾ ਜਾਂਦਾ ਹੈ। ਕਈ ਵਾਰ ਜਿੱਤ-ਹਾਰ ਦਾ ਨਿਰਣਾ ਪ੍ਰਸਥਿਤੀਆਂ ਕਰਦੀਆਂ ਹਨ। ਚਮਤਕਾਰ ਵੀ ਵੇਖਣ ਨੂੰ ਮਿਲਦੇ ਹਨ। ਕੋਈ ਜਿੱਤੀ ਬਾਜ਼ੀ ਹਾਰ ਜਾਂਦਾ ਹੈ ਤੇ ਕਦੇ ਕਿਸੇ ਟੀਮ/ਵਿਅਕਤੀ ਨੂੰ ਅਣਕਿਆਸੀ ਹਾਰ ਦਾ ਸਾਹਮਣਾ ਕਰਨਾ ਪੈਂਦਾ ਹੈ। ਨਿਸ਼ਚੇ ਹੀ ‘ਫ਼ੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ’ ਵਾਲੀ ਨੌਬਤ ਆ ਜਾਵੇ ਤਾਂ ਇਹ ਲੋਕਧਾਰਾ ਦੇ ਕੀਰਨੇ ਵਾਂਗ ਯਾਦ ਕੀਤੀ ਜਾਂਦੀ ਹੈ। ਮੈਦਾਨ-ਏ-ਜੰਗ ਹੋਵੇ ਜਾਂ ਖੇਡ ਦਾ ਮੈਦਾਨ, ਉਸ ਵਿਚ ਇਕ ਖਿਡਾਰੀ ਵੀ ਆਪਣੀ ਟੀਮ ਨੂੰ ਬੁਲੰਦੀਆਂ ’ਤੇ ਪਹੁੰਚਾ ਦਿੰਦਾ ਹੈ। ਦੂਜੇ ਪਾਸੇ ਕੋਈ ਕਮਜ਼ੋਰ ਕੜੀ ਜਿੱਤੀ ਬਾਜ਼ੀ ਹਰਾ ਦਿੰਦੀ ਹੈ।

ਦੁਨੀਆ ਵਿਚ ਅਸਾਧਾਰਨ ਪ੍ਰਾਪਤੀਆਂ ਦਰਜ ਕਰਵਾਉਣ ਵਾਲੇ ਅਮੂਮਨ ਸਾਧਾਰਨ ਘਰਾਂ ਦੇ ਬੱਚੇ ਹੁੰਦੇ ਹਨ। ਵਨਡੇ ਵਿਸ਼ਵ ਕੱਪ ਵਿਚ ਇਤਿਹਾਸ ਸਿਰਜਣ ਵਾਲਾ ਮੁਹੰਮਦ ਸ਼ਮੀ ਆਮ ਕਿਸਾਨ ਦਾ ਬੱਚਾ ਹੈ। ਉਸ ਦੀ ਜ਼ਿੰਦਗੀ ’ਤੇ ਪੰਛੀ ਝਾਤ ਮਾਰੀ ਜਾਵੇ ਤਾਂ ਉਸ ਨੇ ਹੈਰਾਨੀਜਨਕ ਉਤਰਾਅ-ਚੜ੍ਹਾਅ ਦੇਖੇ ਹਨ। ਖੇਡ ਦੇ ਮੈਦਾਨ ਵਿਚ ਖ਼ੂਨ-ਪਸੀਨਾ ਵਹਾ ਕੇ ਦਰਸ਼ਕਾਂ ਦੀ ਵਾਹ-ਵਾਹ ਖੱਟਣ ਵਾਲੇ ਨਾਇਕ ’ਤੇ ਇਕ ਉਹ ਵੀ ਸਮਾਂ ਆਇਆ ਜਦੋਂ ਉਸ ਨੂੰ ਖਲਨਾਇਕ ਵਾਂਗ ਵੇਖਿਆ ਜਾਣ ਲੱਗਾ। ਉਹ ਅੰਦਰੋਂ ਇੰਨਾ ਟੁੱਟ ਗਿਆ ਸੀ ਕਿ ਉਸ ਨੇ ਤਿੰਨ ਵਾਰ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ।

ਉਸ ਦੇ ਘਰਦਿਆਂ ਵੱਲੋਂ ਹੌਸਲਾ ਨਾ ਮਿਲਿਆ ਹੁੰਦਾ ਤਾਂ ਪਰਿਵਾਰ ਨੇ ਹੀਰਾ ਪੁੱਤ ਗੁਆ ਦੇਣਾ ਸੀ ਤੇ ਦੇਸ਼ ਨੇ ਕੋਹਿਨੂਰ ਹੀਰੇ ਵਰਗਾ ਖਿਡਾਰੀ। ਉਸ ਦੇ ਪਿਤਾ ਅਮਰੋਹੀ (ਉੱਤਰ ਪ੍ਰਦੇਸ਼) ਦੇ ਕਿਸਾਨ ਪਰਿਵਾਰ ਵਿਚ ਜੰਮੇ-ਪਲੇ। ਸੀਮਤ ਸਾਧਨਾਂ ਦੇ ਬਾਵਜੂਦ ਉਹ ਆਪਣੇ ਇਲਾਕੇ ਵਿਚ ਤੇਜ਼ ਗੇਂਦਬਾਜ਼ ਵਜੋਂ ਮਕਬੂਲ ਹੋਏ।

ਆਰਥਿਕ ਥੁੜ੍ਹਾਂ ਕਾਰਨ ਉਹ ਰਾਸ਼ਟਰੀ ਜਾਂ ਅੰਤਰਰਾਸ਼ਟਰੀ ਪੱਧਰ ’ਤੇ ਨਾ ਖੇਡ ਸਕੇ। ਸ਼ਮੀ ਦੇ ਪਿਤਾ ਨੇ ਆਪਣਾ ਅਧੂਰਾ ਸੁਪਨਾ ਆਪਣੇ ਸਭ ਤੋਂ ਛੋਟੇ ਪੁੱਤਰ ਰਾਹੀਂ ਪੂਰਾ ਕਰਨ ਦਾ ਫ਼ੈਸਲਾ ਲਿਆ। ਉਸ ਨੇ ਲਾਡਲੇ ਪੁੱਤਰ ਲਈ ਆਪਣੇ ਖੇਤਾਂ ਵਿਚ ਪਿੱਚ ਬਣਾਈ ਤੇ ਗੇਂਦਬਾਜ਼ੀ ਦੇ ਗੁਰ ਸਿਖਾਉਣ ਲੱਗਾ। ਸ਼ਮੀ ਚੀਤੇ ਵਾਂਗ ਆਪਣੇ ਸ਼ਿਕਾਰ ’ਤੇ ਝਪਟਦਾ ਜਾਪਦਾ। ਪਿਤਾ ਬਾਗੋਬਾਗ ਸੀ। ਬਾਪ ਉਸ ਦੀ ਖੇਡ ਨੂੰ ਤਰਾਸ਼ਣ ਲਈ ਉਮਦਾ ਕੋਚਾਂ ਕੋਲ ਲੈ ਕੇ ਗਿਆ। ਸ਼ਮੀ ਦੇ ਉਸਤਾਦ ਉਸ ਦੀਆਂ ਅੱਖਾਂ ਤੇ ਉਸ ਦੇ ਹਾਵ-ਭਾਵ ਨੂੰ ਬਾਰੀਕੀ ਨਾਲ ਵਾਚਦੇ। ਸ਼ਮੀ ਕਹਿੰਦੇ-ਕਹਾਉਂਦੇ ਬੱਲੇਬਾਜ਼ਾਂ ਦੇ ਛੱਕੇ ਛੁਡਾ ਦਿੰਦਾ। ਉਸ ਦੇ ਕੋਚ ਨੇ ਸ਼ਮੀ ਦੇ ਸੁਭਾਅ ਵਿਚ ਅਜੀਬ ਗੱਲ ਵੇਖੀ।

ਉਹ ਕਿਸੇ ਨੂੰ ਐੱਲਬੀਡਬਲਿਊ ਜਾਂ ਕੈਚ ਆਊਟ ਕਰਦਾ ਤਾਂ ਉਸ ਦੇ ਚਿਹਰੇ ’ਤੇ ਕੋਈ ਹਾਵ-ਭਾਵ ਨਾ ਦਿਸਦਾ। ਉਹ ਉਦੋਂ ਹੀ ਖ਼ੁਸ਼ ਹੋ ਕੇ ਦੁੜੰਗੇ ਮਾਰਦਾ ਜਦੋਂ ਕਿਸੇ ਨੂੰ ਕਲੀਨ ਬੋਲਡ ਕਰਦਾ। ਉੱਡਦੀਆਂ ਵਿਕਟਾਂ ਦਾ ਸੰਗੀਤ ਉਸ ਨੂੰ ਬੇਹੱਦ ਸਕੂਨ ਦਿੰਦਾ। ਜ਼ਿੰਦਗੀ ਵਿਚ ਸਭ ਤੋਂ ਪਹਿਲਾ ਝਟਕਾ ਉਸ ਨੂੰ ਉਦੋਂ ਲੱਗਿਆ ਜਦੋਂ ਕਾਬਲੀਅਤ ਦੇ ਬਾਵਜੂਦ ਉਸ ਦੀ ਚੋਣ ‘ਅੰਡਰ ਨਾਈਨਟੀਨ’ ਟੀਮ ਵਿਚ ਨਾ ਹੋ ਸਕੀ। ਕੋਲਕਾਤਾ ਦੇ ਕਲੱਬ ਲਈ ਖੇਡਦਿਆਂ ਕ੍ਰਿਕਟ ਐਸੋਸੀਏਸ਼ਨ ਦੇ ਅਸਿਸਟੈਂਟ ਸੈਕਟਰੀ ਦੀ ਨਜ਼ਰ ਇਸ ਚੀਤੇ ’ਤੇ ਪਈ। ਉਸ ਨੇ ਸਿਰਨਾਵਾਂ ਪੁੱਛਿਆ। ਝਿਜਕਦਿਆਂ ਸ਼ਮੀ ਨੇ ਦੱਸਿਆ ਕਿ ਉਹ ਕਦੇ ਰੇਲਵੇ ਸਟੇਸ਼ਨ ਤੇ ਕਦੇ ਬੱਸ ਸਟੈਂਡ ’ਤੇ ਰਾਤ ਕੱਟ ਲੈਂਦਾ ਹੈ।

ਕ੍ਰਿਕਟ ਸੰਸਥਾ ਦੇ ਅਧਿਕਾਰੀ ਦਾ ਦਿਲ ਪਸੀਜਿਆ ਤੇ ਉਹ ਉਸ ਨੂੰ ਆਪਣੇ ਕੋਲ ਲੈ ਗਿਆ। ਪੱਕਾ ਰੈਣ-ਬਸੇਰਾ ਮਿਲਣ ਤੋਂ ਬਾਅਦ ਸ਼ਮੀ ਦੀ ਖੇਡ ਵਿਚ ਹੋਰ ਨਿਖਾਰ ਆਇਆ। ਉਹ ਦਿਨ ਵੀ ਆਇਆ ਜਦੋਂ ਇੰਡੀਅਨ ਪ੍ਰੀਮੀਅਰ ਲੀਗ ਦੀ ਬੋਲੀ ਵਿਚ ਉਹ ਲੱਖਾਂ ਦਾ ਵਿਕਣ ਲੱਗਾ। ਆਈਪੀਐੱਲ ਦੇ ਇਕ ਮੈਚ ਦੌਰਾਨ ਹੁਸੀਨਾ ਜਹਾਂ ਨਾਂ ਦੀ ਖ਼ੂਬਸੂਰਤ ਮਾਡਲ ਨਾਲ ਅੱਖਾਂ ਚਾਰ ਹੋਈਆਂ। ਦੋਨੋਂ ਜੀਵਨ ਸਾਥੀ ਬਣ ਗਏ। ਇਕ ਬੇਟੀ ਪੈਦਾ ਹੋਈ ਤਾਂ ਉਸ ਨੂੰ ਪਤਾ ਚੱਲਿਆ ਕਿ ਉਸ ਦੀ ਬੀਵੀ ਪਹਿਲਾਂ ਵੀ ਕਿਸੇ ਕਰਿਆਨੇ ਵਾਲੇ ਨਾਲ ਵਿਆਹੀ ਹੋਈ ਸੀ ਜਿਸ ਤੋਂ ਉਸ ਦੇ ਦੋ ਬੱਚੇ ਪੈਦਾ ਹੋਏ ਸਨ। ਰਿਸ਼ਤਿਆਂ ਵਿਚ ਆਈ ਖਟਾਸ ਨੇ ਦੂਰੀਆਂ ਵਧਾ ਦਿੱਤੀਆਂ।

ਬੀਵੀ ਨੇ ਸ਼ਮੀ ’ਤੇ ਉਸ ਨੂੰ ਮਾਰਨ-ਕੁੱਟਣ ਤੋਂ ਇਲਾਵਾ ਕਈ ਹੋਰ ਸੰਗੀਨ ਇਲਜ਼ਾਮ ਲਗਾਏ। ਉਸ ਲਈ ਸਭ ਤੋਂ ਵੱਡਾ ਇਲਜ਼ਾਮ ‘ਮੈਚ ਫਿਕਸਿੰਗ’ ਦਾ ਸੀ ਜਿਸ ਨੇ ਉਸ ਨੂੰ ਤੋੜ ਕੇ ਰੱਖ ਦਿੱਤਾ। ਕ੍ਰਿਕਟ ਪ੍ਰੇਮੀਆਂ ਦੀਆਂ ਅੱਖਾਂ ਦਾ ਤਾਰਾ ਕੰਕਰ ਬਣ ਕੇ ਉਨ੍ਹਾਂ ਦੀਆਂ ਅੱਖਾਂ ਵਿਚ ਰੜਕਣ ਲੱਗਾ। ਉਸ ਨੂੰ ਗ਼ਦਾਰ ਤੱਕ ਕਿਹਾ ਗਿਆ। ਉਸ ਦੀ ਬੀਵੀ ਨੇ ਇਹ ਵੀ ਦੋਸ਼ ਲਗਾਇਆ ਕਿ ਸ਼ਮੀ ਦੇ ਪਾਕਿਸਤਾਨ ਦੀਆਂ ਕੁੜੀਆਂ ਨਾਲ ਨਾਜਾਇਜ਼ ਸਬੰਧ ਹਨ।

ਸ਼ਮੀ ਕਹਿੰਦਾ ਕਿ ਉਹ ਵਤਨ ਨਾਲ ਗ਼ਦਾਰੀ ਕਰਨ ਦੀ ਬਜਾਏ ਮੌਤ ਨੂੰ ਗਲੇ ਲਗਾਉਣ ਨੂੰ ਤਰਜੀਹ ਦੇਵੇਗਾ। ਉਸ ਦੀਆਂ ਅੱਖਾਂ ’ਚ ਆਇਆ ਸੈਲਾਬ ਉਸ ਦੀਆਂ ਉਮੀਦਾਂ ਨੂੰ ਰੋੜ੍ਹ ਰਿਹਾ ਸੀ। ਆਪਣੀ ਜਨਮ ਭੂਮੀ ਅਮਰੋਹੀ ਵਿਚ ਸਟੇਡੀਅਮ ਬਣਾਉਣ ਤੇ ਦਾਨ-ਪੁੰਨ ਕਰਨ ਵਾਲਾ ਖ਼ੁਦ ਨੂੰ ਕੱਖੋਂ ਹੌਲਾ ਸਮਝ ਰਿਹਾ ਸੀ। ਆਖ਼ਰ ਭਾਰਤੀ ਕ੍ਰਿਕਟ ਬੋਰਡ ਨੇ ਸ਼ਮੀ ਨੂੰ ‘ਕਲੀਨ-ਚਿੱਟ’ ਦੇ ਦਿੱਤੀ ਤੇ ਉਸ ਨੇ ਕ੍ਰਿਕਟ ਦੇ ਮੈਦਾਨ ਦੀ ਮਿੱਟੀ ਨੂੰ ਚੁੰਮਦਿਆਂ ਅੱਲ੍ਹਾ ਦਾ ਸ਼ੁਕਰ ਕੀਤਾ।

ਫਿਰ 2021 ਵਿਚ ਜਦੋਂ ਟੀ-20 ਵਿਚ ਭਾਰਤ ਨੂੰ ਪਾਕਿਸਤਾਨ ਨੇ 10 ਵਿਕਟਾਂ ਨਾਲ ਹਰਾਇਆ ਤਾਂ ਸ਼ਮੀ ਇਕ ਵਾਰ ਫਿਰ ‘ਗ਼ਦਾਰ’ ਬਣ ਗਿਆ। ਸ਼ਮੀ ਦਾ ਪਿਤਾ ਉਸ ਅੰਦਰਲੇ ਫ਼ੌਲਾਦ ਨੂੰ ਟੁਣਕਾਉਂਦਾ। ਉਹ ਕਹਿੰਦਾ ਕਿ ਫ਼ੌਲਾਦੀ ਇਰਾਦਿਆਂ ਵਾਲੇ ਲੋਕ ਅਡਿੱਗ ਹੁੰਦੇ ਹਨ। ਉਹ ਚਕਨਾਚੂਰ ਹੋ ਚੁੱਕੇ ਸੁਪਨਿਆਂ ਦੇ ਕਣ-ਚਿਪਰਾਂ ਇਕੱਠੀਆਂ ਕਰਨ ਵਿਚ ਸ਼ਮੀ ਦੀ ਸਹਾਇਤਾ ਕਰਦਾ। ਉਸ ਨੂੰ ਭਰੋਸਾ ਸੀ ਕਿ ਇਕ ਦਿਨ ਉਹ ਵੀ ਆਵੇਗਾ ਜਦੋਂ ਨਜ਼ਰਾਂ ’ਚੋਂ ਡਿੱਗੇ ਸ਼ਮੀ ਨੂੰ ਕ੍ਰਿਕਟ ਪ੍ਰੇਮੀ ਫਿਰ ਆਪਣੀਆਂ ਪਲਕਾਂ ’ਤੇ ਬਿਠਾਉਣ ਲਈ ਮਜਬੂਰ ਹੋਣਗੇ।

ਗ਼ਦਾਰ ਕਹੇ ਜਾਣ ਵਾਲਾ ਫਿਰ ਸਰਦਾਰ ਅਖਵਾਏਗਾ। ਨਿਊਜ਼ੀਲੈਂਡ ਖ਼ਿਲਾਫ਼ ਮੈਚ ਵਿਚ ਸੱਤ ਵਿਕਟਾਂ ਲੈ ਕੇ ਵਨਡੇ ਵਿਸ਼ਵ ਕੱਪ ਵਿਚ ਰਿਕਾਰਡ ਬਣਾਉਣ ਵਾਲੇ ਸ਼ਮੀ ਨੇ ਸਾਬਿਤ ਕਰ ਦਿੱਤਾ ਕਿ ਉਹ ਐਸਾ ਚਮੁਖੀਆ ਚਿਰਾਗ਼ ਹੈ ਜੋ ਤੂਫ਼ਾਨ ਵਿਚ ਵੀ ਲਟਲਟ ਬਲ ਸਕਦਾ ਹੈ। ਉਸ ਦੀ ਸੁਨਾਮੀ ਅੱਗੇ ਨਿਊਜ਼ੀਲੈਂਡ ਦੇ ਖਿਡਾਰੀ ਪਿੱਚ ’ਤੇ ਨਾ ਟਿਕ ਸਕੇ ਅਤੇ ਭਾਰਤ ਨੂੰ 12 ਸਾਲਾਂ ਬਾਅਦ ਵਨਡੇ ਵਿਸ਼ਵ ਕੱਪ ਦੇ ਫਾਈਨਲ ਵਿਚ ਖੇਡਣ ਦਾ ਅਵਸਰ ਮਿਲ ਗਿਆ।

ਇਹ ਵੀ ਇਕ ਸਬੱਬ ਹੈ ਕਿ ਚਾਰ ਮੈਚਾਂ ’ਚ ਬੈਂਚ ’ਤੇ ਬੈਠਣ ਵਾਲੇ ਸ਼ਮੀ ਨੂੰ ਉਸ ਵੇਲੇ ਖੇਡਣ ਦਾ ਮੌਕਾ ਮਿਲਿਆ ਜਦੋਂ ਇਕ ਖਿਡਾਰੀ ਜ਼ਖ਼ਮੀ ਹੋ ਗਿਆ ਸੀ। ਕੈਪਟਨ ਦੀ ਮਜਬੂਰੀ ਭਾਰਤ ਦੀ ਮਜ਼ਬੂਤੀ ਬਣ ਗਈ। ਅੱਜ ਫਾਈਨਲ ’ਚ ਭਾਰਤੀ ਚੀਤਾ ਕੰਗਾਰੂਆਂ ’ਤੇ ਭਾਰੀ ਪਿਆ ਤਾਂ ਉਸ ਦਾ ਨਾਂ ਕ੍ਰਿਕਟ ਦੇ ਇਤਿਹਾਸ ’ਚ ਸੁਨਹਿਰੀ ਅੱਖਰਾਂ ਵਿਚ ਲਿਖਿਆ ਜਾਵੇਗਾ।