ਰਾਵੀ ਦੇ ਹਾਰ ਵਾਲੀ ਨਗਰੀ (ਪੰਜਾਬੀ ਜਾਗਰਣ –– 26th November, 2023)
ਵਰਿੰਦਰ ਵਾਲੀਆ
ਜਗਤ ਗੁਰੂ ਬਾਬਾ ਨਾਨਕ ਨੇ ਕਾਦਰ ਤੇ ਉਸ ਦੀ ਰਚੀ ਹੋਈ ਕੁਦਰਤ ਨੂੰ ਖ਼ੂਬ ਗਾ ਕੇ ਰੱਬ ਦੇ ਘਰ ਦਾ ਅਸਲੀ ਸਿਰਨਾਵਾਂ ਦੱਸਿਆ। ਇਹ ਵੀ ਸੱਚਾਈ ਹੈ ਕਿ ਲੋਕਾਈ ਨੇ ਜਿੰਨਾ ਬਾਬੇ ਨੂੰ ਗਾਇਆ, ਸ਼ਾਇਦ ਹੀ ਕਿਸੇ ਹੋਰ ਰਹਿਬਰ ਨੂੰ ਗਾਇਆ ਹੋਵੇ। ਲੰਬੀ ਤੇ ਕਾਲੀ-ਬੋਲੀ ਰਾਤ ਤੋਂ ਬਾਅਦ ਹੋਈ ਪ੍ਰਭਾਤ ਦਾ ਨਾਮ ਹੈ ਗੁਰੂ ਨਾਨਕ। ਗੁਰੂ ਸਾਹਿਬ ਦਾ ਆਗਮਨ ਚੜ੍ਹਦੇ ਸੂਰਜ ਵਾਂਗ ਸੀ। ਵਹਿਮਾਂ-ਭਰਮਾਂ ਦੀ ਧੁਆਂਖੀ ਧੁੰਦ ਦਾ ਨਾਮੋ-ਨਿਸ਼ਾਨ ਮਿਟ ਗਿਆ। ਸਮਾਂ ਜ਼ਾਲਮ ਸੀ। ਸੱਜਣ ਬਣ ਕੇ ਠੱਗਣ ਵਾਲਿਆਂ ਤੇ ਕੌਡੇ ਰਾਖਸ਼ਸ਼ਾਂ ਦਾ ਬੋਲਬਾਲਾ ਸੀ।
ਭੇਖੀ ਚਾਨਣ ਦੇ ਵਣਜਾਰੇ ਹੋਣ ਦਾ ਭਰਮ ਸਿਰਜਦੇ ਸਨ। ਗੁਰੂ ਨਾਨਕ ਸਾਹਿਬ ਦੇ ਪ੍ਰਗਟ ਹੋਣ ਨਾਲ ਪ੍ਰਪੰਚ ਦਾ ਹਨੇਰ ਹੂੰਝਿਆ ਗਿਆ। ਸ਼ਬਦ ਦੀ ਦਹਾੜ ਨਾਲ ਮਿਰਗਾਂ ਨੂੰ ਭਾਜੜਾਂ ਪੈ ਗਈਆਂ। ਬਾਬਾ ਜਿੱਥੇ ਪੈਰ ਧਰਦਾ ਉਸ ਧਰਤੀ ਨੂੰ ਭਾਗ ਲੱਗ ਜਾਂਦੇ। ਸ਼ਰਧਾਲੂ ਨਾਨਕ ਦੇ ਚਰਨਾਂ ਦੀ ਧੂੜ ਨੂੰ ਮਸਤਕ ਨਾਲ ਲਾਉਂਦੇ। ਉਦਾਸੀਆਂ ਨੇ ਲੋਕ ਮਨਾਂ ਦੀ ਉਦਾਸੀ ਦੂਰ ਕੀਤੀ। ਲੋਕਾਈ ਨੂੰ ਕੂੜ ਦੀ ਦਲਦਲ ’ਚੋਂ ਕੱਢਣ ਦਾ ਕਾਰਜ ਕੀਤਾ। ਲੋਕ ਚੜ੍ਹਦੇ ਨੂੰ ਪਾਣੀ ਦਿੰਦੇ ਤੇ ਬਾਬਾ ਲਹਿੰਦੇ ਨੂੰ। ਤਰਕ ਨਾਲ ਦਿਲਾਂ ’ਚੋਂ ਭਰਮ ਕੱਢਦਾ। ਮੱਕੇ ਵੱਲ ਪੈਰ ਕਰ ਕੇ ਮੱਕੇ ਨੂੰ ਨਹੀਂ ਬਲਕਿ ਸੋਚ ਨੂੰ ਘੁਮਾਇਆ। ਹਰ ਪਾਸੇ ਅੱਲ੍ਹਾ ਦਾ ਦਰ ਨਜ਼ਰੀਂ ਆਇਆ। ਬਾਬਾ ਅਲਾਪ ਲੈਂਦਾ ਹੈ। ਥਾਲ ’ਚੋਂ ਆਰਤੀ ਨਿਕਲ ਕੇ ਬ੍ਰਹਿਮੰਡ ਨੂੰ ਕਲਾਵੇ ਵਿਚ ਲੈਂਦੀ ਹੈ। ਸਾਰੀ ਕਾਇਨਾਤ ਆਰਤੀ ਕਰਦੀ ਨਜ਼ਰੀਂ ਪੈਂਦੀ ਹੈ। ਵੇਈਂ ਵਿਚ ਟੁੱਭੀ ਲਾਉਣ ਉਪਰੰਤ ਮੇਰ-ਤੇਰ ਦਾ ਫ਼ਰਕ ਖ਼ਤਮ ਹੋਇਆ ਤਾਂ ਬਾਬਾ ਘਰ-ਬਾਰ ਛੱਡ ਕੇ ਲੋਕਾਈ ਨੂੰ ਤਾਰਨ ਲਈ ਅਣਗਾਹੇ ਰਾਹਾਂ ਨੂੰ ਗਾਹੁੰਦਾ ਹੈ। ਪਹਿਲੀ ਉਦਾਸੀ ਅਖੰਡ ਭਾਰਤ ਦੇ ਹਜ਼ਾਰਾਂ ਮੀਲ ਪੱਥਰਾਂ ਨੂੰ ਪਿੱਛੇ ਛੱਡਦੀ ਹੈ। ਬਾਬਾ ਜੀ ਬੰਗਲਾਦੇਸ਼, ਪਾਕਿਸਤਾਨ (ਜੋ ਅਖੰਡ ਹਿੰਦੁਸਤਾਨ ਦਾ ਹਿੱਸਾ ਸਨ), ਉੱਤਰ-ਪੱਛਮ, ਮੱਧ ਪ੍ਰਦੇਸ਼ ਦੇ ਅਣਗਿਣਤ ਅਸਥਾਨਾਂ ਨੂੰ ਆਪਣੀ ਚਰਨ-ਛੋਹ ਬਖ਼ਸ਼ਦੇ ਹਨ। ਕੁਰੂਕਸ਼ੇਤਰ, ਪਿਹੋਵਾ, ਪਾਣੀਪਤ, ਦਿੱਲੀ, ਹਰਿਦੁਆਰ, ਗੋਰਖ ਮਤਾ, ਅਯੁੱਧਿਆ, ਬਨਾਰਸ, ਬੋਧ ਗਯਾ, ਗੁਹਾਟੀ, ਸ਼ਿਲਾਂਗ, ਕਲਕੱਤਾ, ਜਗਨ ਨਾਥ ਪੁਰੀ, ਬਿਦਰ, ਰਾਮੇਸ਼ਵਰਮ, ਤ੍ਰਿਵੇਂਦਰਮ, ਅਜਮੇਰ, ਅਹਿਮਦਾਬਾਦ, ਉਜੈਨ, ਚਿਤੌੜ, ਮਥਰਾ, ਤੇ ਪਾਕਪਟਨ ਆਦਿ ਥਾਵਾਂ ਨੂੰ ਭਾਗ ਲਾਉਂਦੇ ਹਨ। ਦੂਜੀ ਉਦਾਸੀ ਵੇਲੇ ਹਿਮਾਲਿਆ ਦੇ ਬਿਖੜੇ ਪੈਂਡਿਆਂ ਨੂੰ ਗਾਹੁੰਦੇ ਹਨ। ਰੁੱਖ, ਮਨੁੱਖ, ਜੀਵ-ਜੰਤੂ ਬਾਬੇ ਦੀ ਇਕ ਝਲਕ ਪਾ ਕੇ ਧੰਨ ਹੋ ਜਾਂਦੇ ਹਨ। ਇਸ ਯਾਤਰਾ ਦੌਰਾਨ ਕਾਂਗੜਾ, ਕੁੱਲੂ, ਲਾਹੁਲ ਸਪਿਤੀ, ਪੱਛਮੀ ਤਿੱਬਤ, ਕਸ਼ਮੀਰ, ਲੱਦਾਖ ਅਤੇ ਲਹਿੰਦੇ ਪੰਜਾਬ ਦੇ ਕਈ ਅਸਥਾਨਾਂ ’ਚੋਂ ਵਿਚਰਦੇ। ਇਸ ਉਦਾਸੀ ਉਪਰੰਤ ਹਾਜੀਆਂ ਦਾ ਪਹਿਰਾਵਾ ਪਾ ਕੇ ਪੱਛਮੀ ਦੇਸ਼ਾਂ ਦੀ ਯਾਤਰਾ ’ਤੇ ਨਿਕਲ ਜਾਂਦੇ ਹਨ। ਸਿੰਧ, ਬਲੋਚਿਸਤਾਨ, ਅਰਬ, ਈਰਾਨ, ਇਰਾਕ ਅਤੇ ਅਫ਼ਗਾਨਿਸਤਾਨ ਦੇ ਕਠਿਨ ਰਾਹਾਂ ਦਾ ਸਫ਼ਰ ਕਰਦੇ ਹਨ। ਮੱਧ ਏਸ਼ੀਆ ਦੀ ਯਾਤਰਾ ਵੇਲੇ ਮੱਕਾ, ਮਦੀਨਾ, ਬਗਦਾਦ, ਮਸ਼ਹਦ, ਕੰਧਾਰ ਅਤੇ ਪਿਸ਼ਾਵਰ ਦਾ ਸਫ਼ਰ ਕਰਦੇ ਹਨ। ਚਰਨ ਛੋਹ ਪ੍ਰਾਪਤ ਕਰਨ ਉਪਰੰਤ ਪਗਡੰਡੀਆਂ ਸ਼ਾਹ-ਮਾਰਗ ਬਣ ਜਾਂਦੀਆਂ, ਤੀਰਥ ਅਸਥਾਨ ਉਸਰਦੇ। ਉਹ ਅਸਥਾਨ ਨਾਨਕ ਨਾਮਲੇਵਾ ਸੰਗਤਾਂ ਲਈ ਤੀਰਥ ਬਣ ਜਾਂਦਾ ‘ਜਿੱਥੇ ਬਾਬਾ ਪੈਰ ਧਰਿ ਪੂਜਾ ਆਸਣੁ ਥਾਪਣਿ ਸੋਆ।’’ ਯਾਤਰਾਵਾਂ ਦਾ ਕਾਲ ਸੰਪੂਰਨ ਹੋਣ ਉਪਰੰਤ ਉਨ੍ਹਾਂ ਨੇ ਉਦਾਸੀ ਭੇਖ ਲਾਹ ਦਿੱਤਾ ਤੇ ਸੰਸਾਰੀਆਂ ਵਾਲੇ ਕੱਪੜੇ ਪਾ ਕੇ ਦਰਿਆ ਰਾਵੀ ਦੇ ਰਮਣੀਕ ਕੰਢੇ ’ਤੇ ਆਪਣੇ ਆਬਾਦ ਕੀਤੇ ਨਗਰ ਕਰਤਾਰਪੁਰ ਸਾਹਿਬ ਵਿਚ ਨਿਵਾਸ ਕਰ ਲਿਆ। ਭਾਈ ਗੁਰਦਾਸ ਜੀ ਰਚਿਤ ਵਾਰਾਂ ਵਿਚ ਗੁਰੂ ਨਾਨਕ ਸਾਹਿਬ ਦੀਆਂ ਅਧਿਆਤਮਕ ਯਾਤਰਾਵਾਂ ਦਾ ਬਾਖ਼ੂਬੀ ਵਰਣਨ ਮਿਲ ਜਾਂਦਾ ਹੈ। ਵੇਈਂ ਪਰਵੇਸ਼ ਤੋਂ ਪਿੱਛੋਂ ਨਾਨਕ ਸਾਹਿਬ ਨੇ ਮੋਦੀਖਾਨੇ ਨੂੰ ਅਲਵਿਦਾ ਕਹਿ ਦਿੱਤਾ ਸੀ। ਇਹ ਵੱਖਰੀ ਗੱਲ ਹੈ ਕਿ ਨੌਕਰੀ ਵੇਲੇ ਜਦੋਂ ‘ਤੇਰਾਂ’ ਦਾ ਅੰਕੜਾ ਆਉਂਦਾ ਹੈ ਤਾਂ ਬਾਬਾ ਜੀ ‘ਤੇਰਾ-ਤੇਰਾ’ ਕਰ ਕੇ ਮੋਦੀਖਾਨਾ ਲੁਟਾ ਦਿੰਦੇ। ਬਾਬਾ ਨਾਨਕ ਦਰਅਸਲ ਵਪਾਰੀ ਨਹੀਂ ਸੀ। ਤਜਾਰਤ ਆਪ ਦੇ ਖ਼ੂਨ ਵਿਚ ਹੀ ਨਹੀਂ ਸੀ। ਪਿਤਾ ਮਹਿਤਾ ਕਾਲੂ ਵੱਲੋਂ ਵਪਾਰ ਲਈ ਦਿੱਤੇ ਵੀਹ ਰੁਪਏ ਉਹ ਭੁੱਖੇ ਸਾਧੂਆਂ ਨੂੰ ਲੰਗਰ ਛਕਾ ਕੇ ਖ਼ਰਚ ਕਰ ਦਿੰਦੇ ਹਨ। ਇਸ ਸਦਭਾਵਨਾ ਕਾਰਨ ਭਾਵੇਂ ਪਿਤਾ ਕੋਲੋਂ ਝਿੜਕਾਂ ਪੈਂਦੀਆਂ ਹਨ ਪਰ ਇਸ ਨੇ ਨਾਨਕ ਦੀ ਖ਼ੁਸ਼ਬੂ ਨੂੰ ਦੇਸ਼-ਦੇਸ਼ਾਂਤਰਾਂ ਵਿਚ ਫੈਲਾ ਦਿੱਤਾ। ਨਾਨਕ ਨਾਮਲੇਵਾ ਕਹਿੰਦੇ ਹਨ ਕਿ ਗੁਰੂ ਸਾਹਿਬ ਦੇ ਵੀਹਾਂ ਰੁਪਇਆਂ ਦੇ ‘ਫਿਕਸਡ ਡਿਪਾਜ਼ਟ’ ਦੇ ਵਿਆਜ ਨਾਲ ਦੁਨੀਆ ਭਰ ਵਿਚ ਅੱਜ ਵੀ ਅਟੁੱਟ ਲੰਗਰ ਚੱਲ ਰਹੇ ਹਨ। ਆਫ਼ਤ ਮਾਰੇ ਇਲਾਕਿਆਂ ਵਿਚ ਵੀ ਨਾਨਕ ਨਾਮਲੇਵਾ ਵੱਲੋਂ ਲੰਗਰ ਲਗਾਏ ਜਾਂਦੇ ਹਨ। ਬਾਬਾ ਨਾਨਕ ਵਪਾਰੀ ਜਾਂ ਕਾਰੋਬਾਰੀ ਨਹੀਂ ਸੀ। ਫਿਰ ਵੀ ਲੱਖਾਂ ਵਪਾਰਕ ਅਦਾਰਿਆਂ ਦਾ ਨਾਂ ਬਾਬਾ ਜੀ ਦੇ ਨਾਮ ’ਤੇ ਹੈ। ਕਾਮਾਗਾਟਾਮਾਰੂ ਜਹਾਜ਼ ਵੀ ਤਾਂ ਨਾਨਕ ਦੇ ਨਾਂ ’ਤੇ ਹੀ ਸੀ। ਅੱਜ ਵੀ ਸ਼ਰਧਾਲੂ ‘ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ’ ਦੀ ਅਰਦਾਸ ਕਰਦੇ ਹਨ। ਬਾਬਾ ਬ੍ਰਹਿਮੰਡੀ ਨਾਗਰਿਕ ਹੈ। ਉਹ ਤਾਂ ਕਣ-ਕਣ ’ਚ ਸਮਾਇਆ ਹੈ। ਹਰ ਮਨ-ਮਸਤਕ ਵਿਚ ਉਸ ਦਾ ਵਾਸਾ ਹੈ। ਬਸ ਜ਼ਰਾ ਕੁ ਅੱਖਾਂ ਮੁੰਦਣ ਦੀ ਦੇਰ ਹੈ। ਬਾਬਾ ਸਾਖ਼ਸ਼ਾਤ ਦਰਸ਼ਨ ਦਿੰਦੇ ਹਨ। ਭੁੱਖੇ ਸਾਧੂਆਂ ਨੂੰ ਲੰਗਰ ਛਕਾਉਣ ਵਾਲੇ ਕਾਰਜ ਨੂੰ ਸੱਚਾ ਸੌਦਾ ਵਜੋਂ ਅੱਜ ਵੀ ਯਾਦ ਕੀਤਾ ਜਾਂਦਾ ਹੈ। ਪੁਰਤਗਾਲ ਦਾ ਵਾਸਕੋਡੀ ਗਾਮਾ ਗੁਰੂ ਨਾਨਕ ਦੇਵ ਜੀ ਦਾ ਸਮਕਾਲੀ ਸੀ। ਬਾਬਾ ਨਾਨਕ ਨੇ ਜਲ-ਥਲ ਗਾਹਿਆ ਸੀ ਪਰ ਵਾਸਕੋਡੀ ਨੇ ਸਮੁੰਦਰ ਦੇ ਨਵੇਂ ਰਾਹ ਲੱਭ ਕੇ ਭਾਰਤ ਦੀ ਖੋਜ ਕੀਤੀ ਸੀ। ਉੱਥੋਂ ਦੇ ਰਾਜਾ ਦਾ ਥਾਪੜਾ ਲੈ ਕੇ ਉਹ ਭਾਰਤ ’ਚੋਂ ਮਿਰਚ-ਮਸਾਲਿਆਂ ਨੂੰ ਲੱਭਣ ਆਇਆ ਸੀ। ਆਖ਼ਰੀ ਗੇੜੇ ਵੇਲੇ ਕੋਚੀ ਵਿਖੇ ਉਹ ਰੱਬ ਨੂੰ ਪਿਆਰਾ ਹੋ ਗਿਆ ਸੀ। ਕੋਚੀ ਦੀ ਚਰਚ ਅੰਦਰ ਹੀ ਉਸ ਦੀ ਸਮਾਧੀ ਹੈ ਜਿਸ ’ਚੋਂ ਅਸਥੀਆਂ ਪੁਰਤਗਾਲ ਲਿਜਾਈਆਂ ਗਈਆਂ। ਵਪਾਰ ਦੇ ਮਕਸਦ ਨਾਲ ਆਏ ਵਾਸਕੋਡੀ ਗਾਮਾ ਦੀ ਭਾਰਤ ਵਿਚ ਹੋਰ ਕੋਈ ਨਿਸ਼ਾਨੀ ਨਹੀਂ ਬਚੀ। ਸ਼ਾਇਦ ਹੀ ਉਸ ਦੀ ਆਖ਼ਰੀ ਨਿਸ਼ਾਨੀ ’ਤੇ ਕੋਈ ਨਤਮਸਤਕ ਹੁੰਦਾ ਹੋਵੇਗਾ। ਵਪਾਰੀ ਤੇ ਪਰਉਪਕਾਰੀ ਵਿਚ ਇਹੀ ਤਾਂ ਫ਼ਰਕ ਹੁੰਦਾ ਹੈ। ਸੱਚਾ ਸੌਦਾ ਦੇ ਨਾਮ ’ਤੇ ਕੂੜ ਦੀਆਂ ਦੁਕਾਨਾਂ ਭਲਾ ਲੱਖ ਚੱਲਦੀਆਂ ਹੋਣ, ਉਨ੍ਹਾਂ ਦਾ ਕੋਈ ਮੁੱਲ ਨਹੀਂ ਹੈ। ਕੂੜ ਦਾ ਸੌਦਾ ਕਰਨ ਵਾਲੇ ਖੁਆਰ ਹੁੰਦੇ ਜ਼ਰੂਰ ਦੇਖੇ ਜਾ ਸਕਦੇ ਹਨ। ਬਾਬਾ ਦੁਨਿਆਵੀ ਵਣਜ ਵਾਲਾ ਵਣਜਾਰਾ ਹੁੰਦਾ ਤਾਂ ਉਸ ਨੇ ਵੀ ਕੋਈ ‘ਸਿਲਕ ਰੂਟ’ ਖੋਜ ਲੈਣਾ ਸੀ। ਚਾਨਣ ਦਾ ਵਣਜ ਕਰਨ ਵਾਲੇ ਨਫ਼ੇ-ਨੁਕਸਾਨ ਬਾਰੇ ਨਹੀਂ ਸੋਚਦੇ। ‘ਧਰਤਿ ਲੁਕਾਈ’ ਨੂੰ ‘ਸੋਧਣਿ’ ਵਾਲਿਆਂ ਦੀ ਲਿਵ ਸੱਚੇ ਰੱਬ ਨਾਲ ਜੁੜੀ ਹੁੰਦੀ ਹੈ। ਭਾਈ ਗੁਰਦਾਸ ਫੁਰਮਾਉਂਦੇ ਹਨ ਕਿ ਬਾਬਾ ਨਾਨਕ ਨੇ ਮਹਿਸੂਸ ਕੀਤਾ ਕਿ ਸਾਰੀ ਲੋਕਾਈ ਲੋਭ, ਕਰੋਧ ਦੀ ਅੱਗ ਵਿਚ ਭੁੱਜ ਰਹੀ ਹੈ। ਇਸ ਅੱਗ ਨੂੰ ਸ਼ਾਂਤ ਕਰਨ ਲਈ ਉਦਾਸੀਆਂ ਲਾਜ਼ਮੀ ਹਨ, ‘‘ਬਾਬਾ ਦੇਖੈ ਧਿਆਨ ਧਰਿ ਜਲਤੀ ਸਭਿ ਪਿ੍ਰਥਵੀ ਦਿਸਿ ਆਈ।’’ ਬਿਨਾਂ ਕਿਸੇ ਦੁਨਿਆਵੀ ਲੋਭ-ਲਾਲਚ ਦੇ ਘਰ ਨੂੰ ਤਿਆਗਣਾ ਆਸਾਨ ਨਹੀਂ ਹੁੰਦਾ। ਬਾਬਾ ਨਾਨਕ ਤਾਂ ਸਮੁੱਚੇ ਸੰਸਾਰ ਨੂੰ ਆਪਣਾ ਘਰ ਸਮਝ ਕੇ ਉਸ ਨੂੰ ਸੰਵਾਰਨ ਤੁਰੇ ਸਨ। ਉਨ੍ਹਾਂ ਸੰਗ ਸਾਏ ਵਾਂਗ ਚੱਲਣ ਵਾਲੇ ਭਾਈ ਮਰਦਾਨਾ ਦਾ ਤਿਆਗ ਕਿਹੜਾ ਘੱਟ ਹੈ। ਭਾਈ ਮਰਦਾਨਾ ਰਬਾਬ ਦੀਆਂ ਤਰਬਾਂ ਛੇੜਦੇ ਤਾਂ ਬਾਬਾ ਨਾਨਕ ਇਲਾਹੀ ਬਾਣੀ ਉਚਾਰਦੇ। ਸਮੁੱਚੀ ਕਾਇਨਾਤ ਝੂਮਰ ਪਾਉਂਦੀ। ਹਰ ਰੂਹ ਮਾਖਿਓਂ ਮਿੱਠੀ ਬਾਣੀ ਵਿਚ ਗੜੁੱਚ ਹੋ ਜਾਂਦੀ। ਜਗਤ ਨੂੰ ਚਾਨਣ ਵੰਡਦਿਆਂ ਬਾਬੇ ਨਾਨਕ ਨੇ ਕੋਈ ਸੋਨੇ-ਚਾਂਦੀ ਦੇ ਅੰਬਾਰ ਲਗਾਏ ਹੁੰਦੇ ਤਾਂ ਉਨ੍ਹਾਂ ਨੂੰ ਰਾਵੀ ਕਿਨਾਰੇ ਆ ਕੇ ਹਲ਼ ਦੀ ਹੱਥੀ ਫੜਨ ਦੀ ਲੋੜ ਨਹੀਂ ਸੀ। ਭੇਖੀਆਂ ਨੂੰ ਜੇ ਇਸ ਰਹੱਸ ਦੀ ਸਮਝ ਆ ਜਾਵੇ ਤਾਂ ਉਹ ਬਾਬੇ ਨਾਨਕ ਨੂੰ ਵੀ ਜ਼ਰੂਰ ਸਮਝ ਲੈਣਗੇ। ਹੱਥੀਂ ਕਾਰ ਦਾ ਮਹਾਤਮ ਦੱਸਣ ਲਈ ਬਾਬਾ ਜੀ ਨੇ ਖ਼ੁਦ ਰਾਹਲਾਂ ਤੇ ਸਿਆੜ ਕੱਢੇ। ਕਿਰਤ ਕਰੋ, ਵੰਡ ਛਕੋ ਤੇ ਨਾਮ ਜਪੋ ਦੀ ਰਮਜ਼ ਸਮਝਾਉਣ ਲਈ ਹੀ ਉਨ੍ਹਾਂ ਨੇ ਉਦਾਸੀ ਭੇਖ ਤਿਆਗ ਕੇ ਸੰਸਾਰੀ ਪਹਿਰਾਵਾ ਅਪਣਾ ਲਿਆ, ‘‘ਫਿਰਿ ਬਾਬਾ ਆਇਆ ਕਰਤਾਰ ਪੁਰਿ/ਭੇਖੁ ਉਦਾਸੀ ਸਗਲ ਉਤਾਰਾ।’’ ਕਰਤਾਰਪੁਰ ਨਗਰੀ ਦੀ ਸਥਾਪਨਾ ਦਾ ਮੁੱਖ ਉਦੇਸ਼ ਅਕਾਲ ਪੁਰਖ ਦੀ ਰਜ਼ਾ ਵਿਚ ਰਹਿੰਦਿਆਂ ਸਰਬਪੱਖੀ ਗੁਣਕਾਰੀ ਜੀਵਨ ਬਤੀਤ ਕਰਨਾ ਹੈ। ਅਜਿਹੀ ਜੀਵਨ-ਜਾਚ ਨੂੰ ਹੀ ‘ਗੁਰਮੁਖੀ ਜੀਵਨ’ ਕਿਹਾ ਜਾਂਦਾ ਹੈ। ਇਹ ਆਦਰਸ਼ ਜੀਵਨ ਹੈ। ਬਾਣੀ ਤੇ ਬਾਣੇੇ ਦਾ ਸੁਮੇਲ ਹੀ ਨਾਨਕ ਦਾ ਦਰਸਾਇਆ ਅਸਲੀ ਜੀਵਨ ਮਾਰਗ ਹੈ। ਕਰਤਾਰਪੁਰ ਸਾਹਿਬ ਦੀ ਮਹਿਮਾ ਬਾਰੇ ਸ਼ਿਵ ਕੁਮਾਰ ਬਟਾਲਵੀ ਲਿਖਦਾ ਹੈ : ਘੁੰਮ ਚਾਰੇ ਚੱਕ ਜਹਾਨ ਦੇ ਜਦ ਘਰ ਆਇਆ ਕਰਤਾਰ, ਕਰਤਾਰਪੁਰੇ ਦੀ ਨਗਰੀ ਜਿਦ੍ਹੇ ਗਲ ਰਾਵੀ ਦਾ ਹਾਰ।