VARINDER WALIA

ਹਰਮਨਪਿਆਰਾ ਕਾਲਮ –– ਹਰਫ਼ ਹਮੇਸ਼ / POPULAR COLUMN -- HARPH HAMESH

ਡੀਪਫੇਕ ਨੌਸਰਬਾਜ਼ (ਪੰਜਾਬੀ ਜਾਗਰਣ –– 3rd December, 2023)

ਵਰਿੰਦਰ ਵਾਲੀਆ

ਡਿਜੀਟਲ ਵਿਧੀ ਰਾਹੀਂ ਖੁੱਭ ਕੇ ਕੀਤੀ ਜਾ ਰਹੀ ਜਾਅਲਸਾਜ਼ੀ (ਡੀਪਫੇਕ) ਆਲਮੀ ਪੱਧਰ ’ਤੇ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਇਸ ਤਕਨੀਕ ਦੀ ਦੁਰਵਰਤੋਂ ਕਰ ਕੇ ਸਨਸਨੀਖੇਜ਼ ਵੀਡੀਓ ਵਾਇਰਲ ਹੋ ਰਹੀਆਂ ਹਨ। ਡੀਪਫੇਕ ਜ਼ਰੀਏ ਕਿਸੇ ਭੱਦਰਪੁਰਸ਼ ਦਾ ਸੀਸ ਕਿਸੇ ਸ਼ੈਤਾਨ ਦੇ ਧੜ ’ਤੇ ਟਿਕਾ ਕੇ ਉਸ ਨੂੰ ਪਲਾਂ-ਛਿਣਾਂ ’ਚ ਕੱਖੋਂ ਹੌਲਾ ਕੀਤਾ ਜਾ ਸਕਦਾ ਹੈ। ਆਵਾਜ਼ ਦੀ ਨਕਲ ਵੀ ਕਮਾਲ ਦੀ ਹੋ ਸਕਦੀ ਹੈ ਕਿ ਪੀੜਤ ਦੇ ਪਰਿਵਾਰ ਵਾਲੇ ਵੀ ਉਸ ਦੇ ਅਸਲ ਹੋਣ ਦਾ ਭੁਲੇਖਾ ਖਾ ਸਕਦੇ ਹਨ। ਇਸ ਤਕਨੀਕ ਦੇ ਸ਼ਿਕਾਰ ਵੱਡੇ ਪੱਧਰ ’ਤੇ ਬਾਲੀਵੁੱਡ ਦੇ ਸਿਤਾਰੇ ਤੇ ਸਿਆਸਤਦਾਨ ਹੋ ਰਹੇ ਹਨ।

ਉਹ ਦਿਨ ਦੂਰ ਨਹੀਂ ਜਦੋਂ ਡੀਪਫੇਕ ਹਰ ਆਮ ਤੇ ਖ਼ਾਸ ਵਿਅਕਤੀ ਨੂੰ ਆਪਣਾ ਸ਼ਿਕਾਰ ਬਣਾ ਲਵੇਗੀ। ਘਰ-ਘਰ ’ਚੋਂ ਲਾਂਬੂ ਉੱਠਦੇ ਨਜ਼ਰ ਆ ਸਕਦੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਔਰਤਾਂ ਨਾਲ ਗਰਬਾ ਖੇਡਦੇ ਦੀ ਵੀਡੀਓ ਨੇ ਡੀਪਫੇਕ ਤਕਨੀਕ ਦੇ ਵਧ ਰਹੇ ਖ਼ਤਰੇ ਨੂੰ ਵੱਡਾ ਮੁੱਦਾ ਬਣਾ ਕੇ ਉਭਾਰਿਆ ਹੈ। ਪ੍ਰਧਾਨ ਮੰਤਰੀ ਨੇ ਖ਼ੁਦ ਚਿੰਤਾ ਜ਼ਾਹਰ ਕਰਦਿਆਂ ਡੀਪਫੇਕ ’ਤੇ ਬਾਜ਼ ਅੱਖ ਰੱਖਣ ਦੀ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਵਾਇਰਲ ਹੋਈ ਵੀਡੀਓ ’ਚ ਭਾਵੇਂ ਕੁਝ ਵੀ ਇਤਰਾਜ਼ਯੋਗ ਨਹੀਂ, ਫਿਰ ਵੀ ਉਹ ਇਸ ਨੂੰ ਦੇਖ ਕੇ ਹੈਰਾਨ ਤੇ ਪਰੇਸ਼ਾਨ ਜ਼ਰੂਰ ਹੋਏ ਸਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹੈਰਾਨੀ ਇਸ ਗੱਲ ਦੀ ਹੈ ਕਿ ਉਨ੍ਹਾਂ ਨੇ ਗਰਬਾ ਕਦੇ ਖੇਡਿਆ ਹੀ ਨਹੀਂ ਹੈ ਅਤੇ ਪਰੇਸ਼ਾਨੀ ਇਸ ਗੱਲ ਦੀ ਕਿ ਕਿਸੇ ਨੂੰ ਕੁਝ ਵੀ ਬਣਾਇਆ ਜਾ ਸਕਦਾ ਹੈ। ਆਰਟੀਫੀਸ਼ੀਅਲ ਇੰਟੈਲੀਜੈਂਸ ਰਾਹੀਂ ਜਿੰਨੀ ਧੁੰਦ ਫੈਲਾਈ ਜਾ ਰਹੀ ਹੈ, ਉਸ ਨਾਲ ਸਮਾਜ ਖੇਰੂੰ-ਖੇਰੂੰ ਹੋ ਸਕਦਾ ਹੈ।

ਮਸਨੂਈ ਬੌਧਿਕਤਾ ਰਾਹੀਂ ਕਿਸੇ ਦੀ ਵੀ ਹੱਸਦੀ-ਵਸਦੀ ਦੁਨੀਆ ਫ਼ਨਾਹ ਹੋ ਸਕਦੀ ਹੈ। ਰੂਸ ਨਾਲ ਹੋ ਰਹੀ ਗਹਿਗੱਚ ਜੰਗ ਦੌਰਾਨ ਜਦੋਂ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਦੀ ਆਪਣੇ ਸੈਨਿਕਾਂ ਨੂੰ ਹਥਿਆਰ ਸੁੱਟਣ ਵਾਲੀ ਅਪੀਲ ਦੀ ਜਾਅਲੀ ਵੀਡੀਓ ਵਾਇਰਲ ਹੋਈ ਤਾਂ ਇਸ ਨੇ ਖਲਬਲੀ ਮਚਾ ਦਿੱਤੀ। ਜਾਅਲਸਾਜ਼ੀ ਦਾ ਪਰਦਾਫਾਸ਼ ਹੋਣ ’ਚ ਦੇਰ ਹੋ ਜਾਂਦੀ ਤਾਂ ਮੈਦਾਨ-ਏ-ਜੰਗ ਵਿਚ ਸਿਰ-ਧੜ ਦੀ ਬਾਜ਼ੀ ਲਾ ਰਹੀ ਯੂਕਰੇਨੀ ਫ਼ੌਜ ਦੇ ਹੌਸਲੇ ਪਸਤ ਹੋ ਜਾਣੇ ਸਨ। ਇਸ ਤੋਂ ਵੀ ਪਹਿਲਾਂ ਅਮਰੀਕਾ ਦੇ ਤਤਕਾਲੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਜਾਅਲੀ ਵੀਡੀਓ ਨੇ ਵੀ ਵਿਸ਼ਵ ਪੱਧਰ ’ਤੇ ਤਹਿਲਕਾ ਮਚਾ ਦਿੱਤਾ ਸੀ। ਇਸ ਵੀਡੀਓ ਭਾਸ਼ਣ ’ਚ ਉਹ ਰੂਸ ਨੂੰ ਅਮਰੀਕਾ ਦਾ ਚੰਗਾ ਦੋਸਤ ਦੱਸ ਕੇ ਆਪਣੇ ਰੂਸੀ ਹਮਰੁਤਬਾ ਪੁਤਿਨ ਨਾਲ ਦੋਸਤੀ ਦਾ ਹੱਥ ਵਧਾਉਣ ਦੀ ਗੱਲ ਕਹਿ ਰਹੇ ਸਨ। ਪਹਿਲਾਂ ਇਹ ਜਾਅਲਸਾਜ਼ੀ ਫੋਟੋਸ਼ਾਪ ਵਿਚ ਘੰਟਿਆਂਬੱਧੀ ਮਗਜ਼-ਖਪਾਈ ਕਰ ਕੇ ਹੁੰਦੀ ਸੀ। ਹੁਣ ਅਜਿਹੀ ਖ਼ਤਰਨਾਕ ਖੇਡ ਮਿੰਟਾਂ-ਸਕਿੰਟਾਂ ਵਿਚ ਕੀਤੀ ਜਾ ਰਹੀ ਹੈ।

ਮਕਬੂਲ ਫੁੱਟਬਾਲ ਖਿਡਾਰੀ ਦਸ ਭਾਸ਼ਾਵਾਂ ਬੋਲਦੇ ਦੀ ਵਾਇਰਲ ਵੀਡੀਓ ਨੇ ਵੀ ਦੁਨੀਆ ਨੂੰ ਹੈਰਾਨ ਕੀਤਾ ਸੀ ਜਦਕਿ ਉਹ ਆਪਣੀ ਮਾਂ-ਬੋਲੀ ਤੋਂ ਇਲਾਵਾ ਹੋਰ ਕਿਸੇ ਵੀ ਭਾਸ਼ਾ ਦੇ ਗਿਆਨ ਤੋਂ ਕੋਰਾ ਸੀ। ਆਰਟੀਫੀਸ਼ੀਅਲ ਇੰਟੈਲੀਜੈਂਸ ਤੁਹਾਡੀ ਤਕਰੀਰ ਨੂੰ ਮਹਿਜ਼ ਇਕ ਕਲਿੱਕ ਰਾਹੀਂ ਬਦਲ ਸਕਦੀ ਹੈ, ਤੁਹਾਡਾ ਹੇਅਰ ਸਟਾਈਲ ਬਦਲ ਸਕਦੀ ਹੈ ਤੇ ਤੁਹਾਨੂੰ ਕਿਸੇ ਵੀ ਬੋਲੀ ਵਿਚ ਬੋਲਦਾ ਦਿਖਾਇਆ ਜਾ ਸਕਦਾ ਹੈ। ਡੀਪਫੇਕ ਦਾ ਇਸਤੇਮਾਲ ਕਰ ਕੇ ਜਦੋਂ ਬਾਲੀਵੁੱਡ ਅਦਾਕਾਰਾ ਰਸ਼ਮਿਕਾ ਨੂੰ ਬਦਨਾਮ ਕੀਤਾ ਗਿਆ ਤਾਂ ਅਮਿਤਾਬ ਬੱਚਨ ਨੇ ਇਸ ਨੂੰ ਬੇਹੱਦ ਸ਼ਰਮਨਾਕ ਕਾਰਾ ਗਰਦਾਨਿਆ ਸੀ। ਡੀਪਫੇਕ ਰਾਹੀਂ ਕਈ ਹੋਰ ਫਿਲਮੀ ਸਿਤਾਰਿਆਂ ਦੀਆਂ ਅਸ਼ਲੀਲ ਵੀਡੀਓਜ਼ ਨੇ ਵੀ ਤਰਥੱਲੀ ਮਚਾਈ ਹੋਈ ਹੈ। ਫੋਟੋਸ਼ਾਪ ਰਾਹੀਂ ਅਜਿਹੀਆਂ ਸ਼ਰਾਰਤਾਂ ਮਨੋਰੰਜਨ ਦਾ ਸਬੱਬ ਹੁੰਦੀਆਂ ਸਨ। ਸਿਆਸਤਦਾਨਾਂ ਦੇ ਚਿਹਰੇ ਅਦਾਕਾਰਾਂ ਦੇ ਧੜਾਂ ’ਤੇ ਜੜ ਕੇ ਉਨ੍ਹਾਂ ਦਾ ਮੌਜੂ ਉਡਾਇਆ ਜਾਂਦਾ ਸੀ। ਅਜਿਹੀ ਸ਼ਰਾਰਤ ਸਹਿਜੇ ਹੀ ਪਤਾ ਲੱਗ ਜਾਂਦੀ ਸੀ।

ਹਾਸੇ-ਠੱਠੇ ਜਾਂ ਮਨੋਰੰਜਨ ਲਈ ਬਣਾਈਆਂ ਅਜਿਹੀਆਂ ਵੀਡੀਓ ਕਲਿੱਪਸ ਦਾ ਮਕਸਦ ਕਿਸੇ ਦੀ ਕਿਰਦਾਰਕੁਸ਼ੀ ਜਾਂ ਨਿੱਜਤਾ ’ਤੇ ਹਮਲਾ ਕਰਨਾ ਕਦਾਚਿਤ ਨਹੀਂ ਸੀ ਹੁੰਦਾ। ਅੱਜ-ਕੱਲ੍ਹ ਮਸਨੂਈ ਬੌਧਿਕਤਾ ਸਾਈਬਰ ਅਪਰਾਧੀਆਂ ਦੇ ਹੱਥ ਆ ਗਈ ਹੈ ਜਿਸ ਦੀ ਉਹ ਰੱਜ ਕੇ ਦੁਰਵਰਤੋਂ ਕਰ ਰਹੇ ਹਨ। ਪ੍ਰਾਚੀਨ ਸਮੇਂ ਵਿਚ ਵੀ ਮਖੌਟੇ ਪ੍ਰਚਲਿਤ ਸਨ। ਇਸ ਦੀਆਂ ਸੈਂਕੜੇ ਉਦਾਹਰਨਾਂ ਦਿੱਤੀਆਂ ਜਾ ਸਕਦੀਆਂ ਹਨ। ਸਾਡੇ ਨਾਟਕਕਾਰ ਮਖੌਟੇ ਪਹਿਨ ਕੇ ਲੋਕਾਂ ਦਾ ਮਨੋਰੰਜਨ ਕਰਦੇ ਸਨ। ਲੋਕ-ਕਲਾਵਾਂ ਪ੍ਰਦਰਸ਼ਿਤ ਕਰਨ ਵਾਲੇ ਕਲਾਕਾਰ ਵੀ ਮਖੌਟੇ ਪਾਉਂਦੇ ਸਨ। ਪਰ ਅੱਜ-ਕੱਲ੍ਹ ਸਾਈਬਰ ਨੌਸਰਬਾਜ਼ ਚਿਹਰਿਆਂ ਨੂੰ ਅਦਲ-ਬਦਲ ਕੇ ਸਮਾਜ ਨਾਲ ਧਰੋਹ ਕਮਾ ਰਹੇ ਹਨ। ਧੀਆਂ-ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਹਨ। ਇਹ ਸੰਸਕਾਰ ਸਾਨੂੰ ਪੁਰਖਿਆਂ ਵੱਲੋਂ ਮਿਲੇ ਹਨ। ਅੱਜ ਉਨ੍ਹਾਂ ਧੀਆਂ-ਧਿਆਣੀਆਂ ਦੀਆਂ ਚੁੰਨੀਆਂ ਪੈਰਾਂ ਵਿਚ ਰੋਲੀਆਂ ਜਾ ਰਹੀਆਂ ਹਨ।

ਪਾਪ ਕਮਾਉਣ ਵਾਲੇ ਇਹ ਨਹੀਂ ਸੋਚਦੇ ਕਿ ਜੇ ਅਜਿਹਾ ਕੁਕਰਮ ਉਨ੍ਹਾਂ ਦੇ ਕਿਸੇ ਪਰਿਵਾਰਕ ਜੀਅ ਨਾਲ ਕੀਤਾ ਜਾਵੇ ਤਾਂ ਉਨ੍ਹਾਂ ਦੇ ਦਿਲਾਂ ’ਤੇ ਕੀ ਬੀਤੇਗੀ? ਇੱਜ਼ਤ-ਆਬਰੂ ਅਮੁੱਲਾ ਗਹਿਣਾ ਹੈ। ਇਸ ਨੂੰ ਕਮਾਉਣ ਲਈ ਤਾਉਮਰ ਮਿਹਨਤ-ਮੁਸ਼ੱਕਤ ਕਰਨੀ ਪੈਂਦੀ ਹੈ। ਕਿਸੇ ਬੁਲੰਦੀਆਂ ਛੋਹ ਰਹੇ ਵਿਅਕਤੀ ਨਾਲ ਅਜਿਹੀ ਕੋਝੀ ਹਰਕਤ ਕੀਤੀ ਜਾਵੇ ਤਾਂ ਉਹ ਅਰਸ਼ ਤੋਂ ਫਰਸ਼ ’ਤੇ ਹੀ ਨਹੀਂ ਡਿੱਗਦਾ ਸਗੋਂ ਲੋਕਾਂ ਦੀਆਂ ਨਜ਼ਰਾਂ ’ਚੋਂ ਵੀ ਡਿੱਗ ਜਾਂਦਾ ਹੈ। ਸਫ਼ਾਈ ਦਿੰਦੇ-ਦਿੰਦੇ ਪੀੜਤ ਰੱਬ ਨੂੰ ਪਿਆਰੇ ਹੋ ਸਕਦੇ ਹਨ। ਜਾਪਾਨ, ਚੀਨ ਅਤੇ ਕਈ ਹੋਰ ਵਿਕਸਤ ਦੇਸ਼ਾਂ ਨੇ ਮਸਨੂਈ ਬੌਧਿਕਤਾ ਦੀ ਦੁਰਵਰਤੋਂ ਬਾਰੇ ਪਹਿਲਾਂ ਹੀ ਕਈ ਕਾਨੂੰਨ ਬਣਾਏ ਹੋਏ ਹਨ। ਸਾਈਬਰ ਅਪਰਾਧੀਆਂ ’ਤੇ ਸ਼ਿਕੰਜਾ ਕੱਸਣ ਲਈ ਚਾਰਾਜੋਈ ਹੋ ਰਹੀ ਹੈ। ਸੂਚਨਾ ਤੇ ਤਕਨਾਲੋਜੀ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਕਿਹਾ ਹੈ ਕਿ ਡੀਪਫੇਕ ਦੀ ਵਰਤੋਂ ਨੂੰ ਰੋਕਣ ਲਈ ਹਰ ਹਰਬਾ ਵਰਤਿਆ ਜਾਵੇਗਾ। ਇਸ ਬਾਰੇ ਆਈਟੀ ਰੂਲਜ਼ ਪਹਿਲਾਂ ਹੀ ਨੋਟੀਫਾਈ ਹੋ ਚੁੱਕੇ ਹਨ।

ਇਸ ਤਹਿਤ ਸਨਸਨੀਖੇਜ਼, ਜਾਅਲੀ ਅਤੇ ਗੁਮਰਾਹਕੁੰਨ ਵੀਡੀਓ ਕਲਿੱਪ ਨੂੰ 36 ਘੰਟਿਆਂ ਦੇ ਅੰਦਰ-ਅੰਦਰ ਹਟਾਉਣਾ ਪਵੇਗਾ। ਅਜਿਹਾ ਨਹੀਂ ਕੀਤਾ ਜਾਂਦਾ ਤਾਂ ਗੰਭੀਰ ਸਿੱਟੇ ਭੁਗਤਣ ਲਈ ਤਿਆਰ ਰਹਿਣਾ ਚਾਹੀਦਾ ਹੈ। ਸਰਕਾਰ ਕੋਲ ਪਹਿਲਾਂ ਹੀ ਅਜਿਹੀਆਂ ਢੇਰਾਂ ਦੇ ਢੇਰ ਸ਼ਿਕਾਇਤਾਂ ਪੁੱਜ ਰਹੀਆਂ ਹਨ। ਲੋਕਾਂ ਦੇ ਚਿਹਰੇ ਬਦਲ ਕੇ ਬਣਾਈਆਂ ਇਤਰਾਜ਼ਯੋਗ ਵੀਡੀਓਜ਼ ਨਾਲ ਕਈ ਭੋਲੇ-ਭਾਲੇ ਲੋਕਾਂ ਨੂੰ ਠੱਗਿਆ ਜਾ ਚੁੱਕਿਆ ਹੈ। ਫੇਕ ਕਰੰਸੀ ਦੇ ਪਸਾਰ ਨਾਲ ਜੇ ਕਿਸੇ ਵੀ ਦੇਸ਼ ਦੀ ਅਰਥ-ਵਿਵਸਥਾ ਨੂੰ ਤਬਾਹ ਕੀਤਾ ਜਾ ਸਕਦਾ ਹੈ ਤਾਂ ਡੀਪਫੇਕ ਰਾਹੀਂ ਦੁਨੀਆ ਦੇ ਕਿਸੇ ਵੀ ਕੋਨੇ ’ਚ ਅਨਾਰਕੀ ਪੈਦਾ ਕੀਤੀ ਜਾ ਸਕਦੀ ਹੈ। ਇਹ ਰਵਾਇਤੀ ਹਥਿਆਰਾਂ ਨਾਲੋਂ ਕਿਤੇ ਵੱਧ ਘਾਤਕ ਸਾਬਿਤ ਹੋ ਸਕਦੀ ਹੈ। ਪੱਤਰਕਾਰੀ ਦੀ ਪਰਿਭਾਸ਼ਾ ’ਚ ਇਕ ਫੋਟੋ ਹਜ਼ਾਰ ਸ਼ਬਦਾਂ ਬਰਾਬਰ ਹੁੰਦੀ ਹੈ। ਪਰ ਬੋਲਦੀਆਂ ਫੋਟੋਆਂ ਤਾਂ ਲੱਖਾਂ-ਕਰੋੜਾਂ ਸ਼ਬਦਾਂ ਨੂੰ ਵੀ ਮਾਤ ਪਾ ਸਕਦੀਆਂ ਹਨ।

ਇਸ ’ਤੇ ਬਾਜ਼ ਅੱਖ ਨਾ ਰੱਖੀ ਗਈ ਤਾਂ ਡੀਪਫੇਕ ਰਾਹੀਂ ਬਣੀਆਂ ਪੋਸਟਾਂ ਜੰਗਲ ਦੀ ਅੱਗ ਤੋਂ ਵੀ ਵੱਧ ਖ਼ਤਰਨਾਕ ਸਾਬਿਤ ਹੋ ਸਕਦੀਆਂ ਹਨ। ਅਸਲੀ ਅਤੇ ਨਕਲੀ ਦਾ ਨਿਖੇੜਾ ਕਰਨਾ ਮੁਸ਼ਕਲ ਹੋ ਗਿਆ ਤਾਂ ਸੋਚਿਆ ਜਾ ਸਕਦਾ ਹੈ ਕਿ ਲੋਕਾਈ ਦਾ ਭਵਿੱਖ ਕਿਸ ਤਰ੍ਹਾਂ ਦਾ ਹੋਵੇਗਾ। ਪ੍ਰਾਪੇਗੰਡਾ ਤਕਨੀਕ ਨੂੰ ਜਰਬਾਂ ਆ ਗਈਆਂ ਤਾਂ ਆਮ ਕੀ, ਖ਼ਾਸ ਆਦਮੀ ਦਾ ਵੀ ਜੀਣਾ ਮੁਹਾਲ ਹੋ ਜਾਵੇਗਾ। ਡੀਪਫੇਕ ਪਿੱਛੇ ਦਰਅਸਲ ਕੋਡਰ ਤੇ ਡੀਕੋਡਰ ਤਕਨੀਕ ਕੰਮ ਕਰਦੀ ਹੈ। ਇਸ ਵਿਧੀ ਜ਼ਰੀਏ ਵੀਡੀਓ ਵਿਚ ਦਿਸ ਰਹੇ ਸ਼ਖ਼ਸ ਦੇ ਹਾਵ-ਭਾਵ ਨੂੰ ਨੀਝ ਨਾਲ ਪੜ੍ਹ ਕੇ ਉਸ ਨੂੰ ਕਿਸੇ ਹੋਰ ਦੇ ਧੜ ’ਤੇ ਜੋੜਿਆ ਜਾਂਦਾ ਹੈ। ਡੀਪਫੇਕ ਦੀ ਸਹੀ ਵਰਤੋਂ ਕੀਤੀ ਜਾਵੇ ਤਾਂ ਫਿਲਮਾਂ ਦੀਆਂ ਤਕਨੀਕੀ ਤਰੁੱਟੀਆਂ ਨੂੰ ਸਹਿਜੇ ਹੀ ਦੂਰ ਕੀਤਾ ਜਾ ਸਕਦਾ ਹੈ। ਡਬਿੰਗ ਕਰਨਾ ਵੀ ਖਾਲਾ ਜੀ ਦਾ ਵਾੜਾ ਹੋ ਸਕਦੀ ਹੈ। ਕਮਜ਼ੋਰ ਆਵਾਜ਼ ਨੂੰ ਗੜਕਵੀਂ/ਕੜਕਵੀਂ ਬਣਾਇਆ ਜਾ ਸਕਦਾ ਹੈ। ਖਰਵੀਂ ਆਵਾਜ਼ ਨੂੰ ਮਖਮਲੀ ਵਿਚ ਤਬਦੀਲ ਕੀਤਾ ਜਾ ਸਕਦਾ ਹੈ।

ਡੀਪਫੇਕ ਦਾ ਸਦਉਪਯੋਗ ਅਣਗਿਣਤ ਖੇਤਰਾਂ ਵਿਚ ਸਿਫਤੀ ਤਬਦੀਲੀਆਂ ਲਿਆ ਸਕਦਾ ਹੈ। ਇਸ ਤਰ੍ਹਾਂ ਇਹ ਸਮਾਜ ਦੇ ਅਣਗਿਣਤ ਸ਼ੋਭਿਆਂ ਵਿਚ ਕ੍ਰਾਂਤੀ ਲਿਆਉਣ ਦੇ ਸਮਰੱਥ ਹੈ। ਕ੍ਰਾਂਤੀ ਦੀ ਬਜਾਏ ਜੇ ਭ੍ਰਾਂਤੀ ਸਿਰਜੀ ਜਾਵੇ ਤਾਂ ਡੀਪਫੇਕ ਮਨੁੱਖ ਦਾ ਸਭ ਤੋਂ ਵੱਡਾ ਦੁਸ਼ਮਣ ਬਣ ਸਕਦੀ ਹੈ। ਪਹਿਲਾਂ ਲੋਕ ‘ਦਿਲ ਵਿਚ ਹੋਰ ਅਤੇ ਜ਼ੁਬਾਨ ’ਤੇ ਹੋਰ’ ਵਾਲਿਆਂ ਨੂੰ ਮਖੌਟਾਧਾਰੀ ਕਹਿੰਦੇ ਸਨ। ਖੋਟਾ ਅਤੇ ਮਖੌਟਾ ਸਮਾਨ ਅਰਥਾਂ ਵਾਲੇ ਸ਼ਬਦਾਂ ਦੀ ਧੁਨੀ ਪੈਦਾ ਕਰਦਾ ਸੀ। ਲਤਾ ਮੰਗੇਸ਼ਕਰ ਦਾ ਗੀਤ ਇਸੇ ਵੱਲ ਇਸ਼ਾਰਾ ਕਰਦਾ ਹੈ, ‘‘ਜਬ ਭੀ ਜੀ ਚਾਹੇ ਨਈ ਦੁਨੀਆ ਬਸਾ ਲੇਤੇ ਹੈਂ ਲੋਗ/ਏਕ ਚੇਹਰੇ ਪੇ ਕਈ ਚੇਹਰੇ ਲਗਾ ਲੇਤੇ ਹੈਂ ਲੋਗ।’’ ਡੀਪਫੇਕ ਨੇ ਇਸ ਗੀਤ ਦੇ ਮੁੱਖੜੇ ਨੂੰ ਨਵੇਂ ਅਰਥ ਦਿੱਤੇ ਹਨ।