ਸਫ਼ਰ-ਏ-ਸ਼ਹਾਦਤ (ਪੰਜਾਬੀ ਜਾਗਰਣ –– 24th December, 2023)
ਵਰਿੰਦਰ ਵਾਲੀਆ
ਪੋਹ ਦੇ ਮਹੀਨੇ ਸਾਹਿਬੇ ਕਮਾਲ ਦਸਮੇਸ਼ ਪਿਤਾ ਦੇ ਪਰਿਵਾਰ ਸਣੇ ਸਿੰਘਾਂ ਨੇ ਤੱਤੇ ਲਹੂ ਨਾਲ ਸ਼ਹਾਦਤ ਦੀ ਅਜਿਹੀ ਇਬਾਰਤ ਲਿਖੀ ਜਿਸ ਨੂੰ ਯਾਦ ਕਰਦਿਆਂ ਅੱਜ ਵੀ ਹਰ ਕਿਸੇ ਦੇ ਦੀਦੇ ਸਿੱਲ੍ਹੇ ਹੋ ਜਾਂਦੇ ਹਨ। ਸਫ਼ਰ-ਏ-ਸ਼ਹਾਦਤ ਦੇ ਬਿਖੜੇ ਪੈਂਡੇ ਦੀਆਂ ਪੈੜਾਂ ਦੀ ਕਦਮਬੋਸੀ ਕਰਦੀ ਸੰਗਤ ਅੰਤਾਂ ਦੇ ਵੈਰਾਗ ਵਿਚ ਵਹਿ ਜਾਂਦੀ ਹੈ। ਅਨੰਦਪੁਰ ਨਗਰੀ ’ਚ ਵੱਜਦਾ ਰਣਜੀਤ ਨਗਾਰਾ ਪੂਰੇ ਬ੍ਰਹਿਮੰਡ ਵਿਚ ਗਰਜਦਾ ਮਹਿਸੂਸ ਹੁੰਦਾ ਹੈ। ਕ੍ਰਾਂਤੀ ਦੇ ਬੀਜਾਂ ਵਾਲੀ ਇਸ ਪਾਵਨ ਨਗਰੀ ਨੂੰ ਅਲਵਿਦਾ ਕਹਿਣ ਪਿੱਛੋਂ ਸਰਸਾ ਨਦੀ ਵਿਚ ਆਏ ਹੜ੍ਹ ਕਾਰਨ ਗੁਰ-ਪਰਿਵਾਰ ਦਾ ਅਜਿਹਾ ਵਿਛੋੜਾ ਪਿਆ ਕਿ ਉਸ ਦਾ ਮੇਲ-ਮਿਲਾਪ ਸੱਚਖੰਡ ’ਚ ਹੀ ਹੋ ਸਕਿਆ। ਹੱਡ-ਚੀਰਵੀਂ ਸੀਤ ਲਹਿਰ ਵੇਲੇ ਹੋਈ ਮੋਹਲੇਧਾਰ ਬਰਸਾਤ ਜਿਵੇਂ ਮਰਦ ਅਗੰਮੜੇ ਤੇ ਉਸ ਦੇ ਜਾਂਬਾਜ਼ ਸਿੰਘਾਂ ਦੇ ਸਿਰੜ ਨੂੰ ਪਰਖ ਰਹੀ ਸੀ। ਮਾਤਾ ਗੁਜਰੀ ਜੀ ਆਪਣੇ ਦੋ ਛੋਟੇ ਪੋਤਰਿਆਂ ਦੇ ਨਾਲ ਇਕ ਤਰਫ਼ ਤੇ ਬਾਕੀ ਪਰਿਵਾਰ ਚਮਕੌਰ ਸਾਹਿਬ ਦਾ ਰਾਹ ਨਾਪ ਕੇ ਨਵੇਕਲਾ ਇਤਿਹਾਸ ਰਚਣ ਵਾਲਾ ਸੀ। ਜ਼ਾਲਮ ਮੁਗ਼ਲ ਫ਼ੌਜ ਦੀ ਧਿਰ ਬਣੀ ਸਰਸਾ ਨੂੰ ਅੱਜ ਵੀ ਅਨਾਦਰ ਨਾਲ ‘ਗੁਰਮਾਰਿਆ’ ਕਰਕੇ ਜਾਣਿਆ ਜਾਂਦਾ ਹੈ।
ਨਦੀ ਵਿਚ ਆਏ ਹੜ੍ਹ ਕਾਰਨ ਸਿੱਖ ਪੰਥ ਦੇ ਬੇਸ਼ਕੀਮਤੀ ਸਾਹਿਤ ਤੋਂ ਇਲਾਵਾ ਕਈ ਸਿੰਘ ਵੀ ਰੁੜ੍ਹ ਗਏ ਸਨ। ਵਹੀਰ ਨਾਲੋਂ ਵਿਛੜੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ, ਬਾਬਾ ਫ਼ਤਿਹ ਸਿੰਘ ਤੇ ਬਾਬਾ ਜ਼ੋਰਾਵਰ ਸਿੰਘ ਨੇ ਨਦੀ ਕਿਨਾਰੇ ਕੁੰਮੇ ਮਾਸ਼ਕੀ ਦੀ ਝੁੱਗੀ ’ਚ ਕਹਿਰ ਦੀ ਰਾਤ ਗੁਜ਼ਾਰੀ ਸੀ। ਉਨ੍ਹਾਂ ਪਲਾਂ ਨੂੰ ਜੀਣ-ਥੀਣ ਲਈ ਹਜ਼ਾਰਾਂ ਦੀ ਗਿਣਤੀ ’ਚ ਸਿੱਖ ਸੰਗਤ ਕੱਕਰ-ਪਾਲ਼ੇ ਦੇ ਬਾਵਜੂਦ ਸਰਸਾ ਨਦੀ ਦੇ ਸੀਤ ਪਾਣੀ ’ਚੋਂ ਲੰਘ ਕੇ ਕੁੰਮਾ ਮਾਸ਼ਕੀ ਦੀ ਝੁੱਗੀ ਵਾਲੇ ਸ਼ਰਧਾ ਦੇ ਧਾਮ ਦੇ ਦਰਸ਼ਨ-ਦੀਦਾਰੇ ਕਰਨ ਲਈ ਵਹੀਰਾਂ ਘੱਤਦੀ ਹੈ। ਤਿੰਨ ਸਦੀਆਂ ਪਹਿਲਾਂ ਸਰਸਾ ਵਿਚ ਆਏ ਹੜ੍ਹ ਦਾ ਪਾਣੀ ਜਿਵੇਂ ਉਨ੍ਹਾਂ ਦੀਆਂ ਅੱਖਾਂ ’ਚੋਂ ਨੀਰ ਬਣ ਕੇ ਟਪਕਦਾ ਹੈ। ਵੈਰਾਗਮਈ ਪੋਹ ਮਹੀਨੇ ਸ਼ਰਧਾ ’ਚ ਗੜੁੱਚ ਬਹੁਤੀ ਸੰਗਤ ਭੁੰਜੇ ਸੌਂਦੀ ਤੇ ਸਾਦਾ ਭੋਜਨ ਦਾ ਸੇਵਨ ਕਰਦੀ ਹੈ। ਸਬਜ਼ੀਆਂ ਤੇ ਦਾਲਾਂ ਨੂੰ ਤੜਕਾ ਤੱਕ ਨਹੀਂ ਲਾਇਆ ਜਾਂਦਾ। ਛੇ ਪੋਹ ਨੂੰ ਕਿਲ੍ਹਾ ਅਨੰਦਗੜ੍ਹ ਸਾਹਿਬ ਛੱਡਣ ਦੇ ਦੋ ਦਿਨ ਬਾਅਦ ਚਮਕੌਰ ਸਾਹਿਬ ਦੇ ਮੈਦਾਨ-ਏ-ਜੰਗ ਵਿਚ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਮੁਗ਼ਲ ਫ਼ੌਜਾਂ ਦੇ ਟਿੱਡੀ ਦਲ ਨਾਲ ਲੋਹਾ ਲੈਂਦੇ ਸ਼ਹਾਦਤ ਦਾ ਜਾਮ ਪੀ ਜਾਂਦੇ ਹਨ। ਇਸ ਅਸਾਵੀਂ ਜੰਗ ਦੀ ਤਸਵੀਰਕਸ਼ੀ ਅੱਲ੍ਹਾ-ਤਾਅਲਾ ਦੀ ਰਮਜ਼ ਨੂੰ ਪਛਾਣਨ ਵਾਲੇ ਮੁਸਲਮਾਨ ਕਵੀ ਅੱਲਾ ਯਾਰ ਖਾਂ ਜੋਗੀ ਨੇ ਬਾਖ਼ੂਬੀ ਕੀਤੀ ਹੈ। ਅਟਾਰੀ ’ਤੇ ਬੈਠੇ ਕਲਗੀਆਂ ਵਾਲੇ ਪਾਤਸ਼ਾਹ ਆਪਣੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਨੂੰ ਹਸਰਤ ਭਰੀਆਂ ਨਿਗਾਹਾਂ ਨਾਲ ਵੈਰੀ ਦਲ ਦੀਆਂ ਸਫ਼ਾਂ ਨੂੰ ਚੀਰਦੇ ਹੋਏ ਤੇ ਸ਼ਹੀਦ ਹੁੰਦੇ ਦੇਖਦੇ ਹਨ। ਫਿਰ ਜਦੋਂ ਉਹ ਦੂਜੇ (ਵੱਡੇ) ਸਾਹਿਬਜ਼ਾਦੇ ਬਾਬਾ ਜੁਝਾਰ ਸਿੰਘ ਨੂੰ ਮੈਦਾਨ-ਏ-ਜੰਗ ਵਿਚ ਭੇਜਣ ਲਈ ਉਨ੍ਹਾਂ ਦੇ ਸਿਰ ’ਤੇ ਕਲਗੀ ਸਜਾਉਂਦੇ ਤੇ ਸ਼ਾਸਤਰ ਭੇਟ ਕਰਦੇ ਹਨ ਤਾਂ ਗੁਰੂ ਦੇ ਸਿੰਘ ਅਜਿਹਾ ਨਾ ਕਰਨ ਦੀ ਅਰਜ਼ੋਈ ਕਰਦੇ ਹਨ। ਗੁਰੂ ਸਾਹਿਬ ਫੁਰਮਾਉਂਦੇ ਹਨ ਕਿ ਉਹ ਕਦੇ ਨਹੀਂ ਚਾਹੁਣਗੇ ਕਿ ਉਨ੍ਹਾਂ ਦੇ ਫ਼ਰਜ਼ੰਦ ਅਖ਼ੀਰ ’ਚ ਸ਼ਹੀਦ ਹੋਣ। ਇਸ ਮੰਜ਼ਰ ਦਾ ਵਰਣਨ ਗੰਜ-ਏ-ਸ਼ਹੀਦਾਂ ’ਚ ਜੋਗੀ ਜੀ ਕਰੁਣਾਮਈ ਅੰਦਾਜ਼ ’ਚ ਕਰਦੇ ਹਨ : ਬੇਟਾ, ਹੋ ਤੁਮ ਹੀ ਪੰਥ ਕੇ ਬੇੜੇ ਕੇ ਖ਼ਿਵੱਯਾ/ਸਰ ਭੇਂਟ ਕਰੋ ਤਾ ਕਿ ਧਰਮ ਕੀ ਚਲੇ ਨੱਯਾ। ਲੇ ਦੇ ਕੇ ਤੁਮ੍ਹੀ ਥੇ ਮਿਰੇ ਗੁਲਸ਼ਨ ਕੇ ਬਕੱਯਾ/ਲੋ ਜਾਓ, ਰਾਹ ਤਕਤੇ ਹੈਂ ਸਬ ਖ਼ੁਲਦ ਮੇਂ ਭੱਯਾ। ਖ਼ਵਾਹਿਸ਼ ਹੈ ਤੁਮ੍ਹੇਂ ਤੇਗ਼ ਚਲਾਤੇ ਹੂਏ ਦੇਖੇਂ/ਹਮ ਆਂਖ ਸੇ ਬਰਛੀ ਤੁਮ੍ਹੇ ਖਾਤੇ ਹੂਏ ਦੇਖੇਂ!! ਆਪਣੀਆਂ ਅੱਖਾਂ ਸਾਹਵੇਂ ਆਪਣੇ ਖ਼ੂਨ ਦਾ ਖ਼ੂਨ ਵਹਿੰਦੇ ਦੇਖਣ ਵਾਲਾ ਦੁਨੀਆ ਦੇ ਇਤਿਹਾਸ ਵਿਚ ਹੋਰ ਕੋਈ ਪੈਦਾ ਨਹੀਂ ਹੋਇਆ। ਕਬੀਰ ਸਾਹਿਬ ਦਾ ਮਹਾਵਾਕ ਆਪ ਦੇ ਲਬਾਂ ’ਤੇ ਸੀ, ‘‘ਤੇਰਾ ਤੁਝ ਕਉ ਸਉਪਤੇ ਕਿਆ ਲਾਗੈ ਮੇਰਾ॥’’ ਅਜਿਹਾ ਮੰਜ਼ਰ ਦੇਖ ਕੇ ਪਰਬਤ ਵੀ ਡੋਲ ਜਾਣ। ਨੀਲੇ ਦਾ ਅਸਵਾਰ ਇਸ ਅਵਸਥਾ ’ਚ ਵੀ ਅਡੋਲ ਹੈ। ਉਸ ਦੀਆਂ ਅੱਖਾਂ ’ਚ ਇਕ ਵੀ ਅੱਥਰੂ ਹੁੰਦਾ ਤਾਂ ਜੋਗੀ ਵਰਗਾ ਇਸ ਅਨੋਖੀ ਦਾਸਤਾਨ ਦਾ ਵਰਣਨ ਕਰਦਿਆਂ ਸੁੱਚੇ ਅੱਥਰੂਆਂ ਨਾਲ ਸ਼ਰਧਾਂਜਲੀ ਨਾ ਦਿੰਦਾ। ਚਮਕੌਰ ਦੀ ਲਹੂ-ਭਿੱਜੀ ਭੂਮੀ ਨੂੰ ਸਿਜਦਾ ਕਰਦਾ ਉਹ ਕਹਿੰਦਾ ਹੈ, ‘‘ਬੱਸ ਏਕ ਹਿੰਦ ਮੇਂ ਤੀਰਥ ਹੈ ਯਾਤਰਾ ਕੇ ਲੀਯੇ/ਕਟਾਏ ਬਾਪ ਨੇ ਬੱਚੇ ਜਹਾਂ ਖ਼ੁਦਾ ਕੇ ਲੀਏ। ਚਮਕ ਹੈ ਮਿਹਰ ਕੀ ਚਮਕੌਰ ਤੇਰੇ ਜ਼ੱਰੋਂ ਮੇਂ/ਯਹੀਂ ਸੇ ਬਨ ਕੇ ਸਤਾਰੇ ਗਏ ’ਸਮਾਂ ਕੇ ਲੀਯੇ।’’ ਜੋਗੀ ਜੀ ਨੂੰ ਛੋਟੇ ਸਾਹਿਬਜ਼ਾਦਿਆਂ ਤੇ ਵੱਡੇ ਸਾਹਿਬਜ਼ਾਦਿਆਂ ਬਾਰੇ ਦੋ ਮਰਸੀਏ ਲਿਖਣ ਕਰਕੇ ਕੱਟੜਪੰਥੀ ਮੁੱਲਾਂ-ਮੁਲਾਣਿਆਂ ਨੇ ਤਿੰਨ ਦਹਾਕੇ ਕਿਸੇ ਮਸਜਿਦ ਦੀਆਂ ਪੌੜੀਆਂ ਨਾ ਚੜ੍ਹਨ ਦਿੱਤਾ। ਇਸ ਦੇ ਬਾਵਜੂਦ ਉਨ੍ਹਾਂ ਨੇ ਆਪਣੀ ਲੇਖਣੀ ’ਤੇ ਆਖ਼ਰੀ ਦਮ ਤੱਕ ਪਛਤਾਵਾ ਨਾ ਕੀਤਾ। ਦੋਨਾਂ ਲੰਬੀਆਂ ਨਜ਼ਮਾਂ ਦੀ ਹਰ ਸਤਰ ਪਾਠਕਾਂ ਦੇ ਲਹੂ ’ਚ ਝਰਨਾਹਟ ਪੈਦਾ ਕਰਦੀ ਹੈ। ਦੂਜੇ ਗੁਰੂ ਘਰ ਦੇ ਅਨਿਨ ਭਗਤ ਤੇ ਗ਼ੈਰ ਸਿੱਖ ਭਾਈ ਨੰਦ ਲਾਲ ਜੀ ਗੋਯਾ ਹਨ ਜਿਨ੍ਹਾਂ ਦਾ ‘ਅਮੁੱਕ ਸ਼ਬਦ-ਭੰਡਾਰ’ ਬਾਜਾਂ ਵਾਲੇ ਦੇ ਕਸੀਦੇ ਕੱਢਦਿਆਂ ਮੁੱਕਦਾ ਪ੍ਰਤੀਤ ਹੁੰਦਾ ਹੈ। ਦਸਮੇਸ਼ ਪਿਤਾ ਦਾ ਸ਼ਬਦ ਚਿੱਤਰ ਬਣਾਉਂਦਿਆਂ ਭਾਈ ਨੰਦ ਲਾਲ ਜੀ ਨੇ ਇੰਨੇ ਵਿਸ਼ੇਸ਼ਣ ਲਗਾਏ ਹਨ ਜਿਹੜੇ ਦੁਨੀਆ ਦੀ ਕਿਸੇ ਵੀ ਭਾਸ਼ਾ ’ਚ ਨਹੀਂ ਲੱਭਦੇ। ਇੰਨੇ ਬਿੰਬ ਵਰਤ ਕੇ ਵੀ ਭਾਈ ਸਾਹਿਬ ਨੂੰ ਤਸੱਲੀ ਨਹੀਂ ਹੁੰਦੀ। ਭਾਈ ਸਾਹਿਬ ਗੁਰੂ ਗੋਬਿੰਦ ਸਿੰਘ ਨੂੰ ‘ਬਾਦਸ਼ਾਹ ਦਰਵੇਸ਼’ ਦੀ ਉਪਾਧੀ ਦਿੰਦੇ ਹਨ ਜੋ ਹੁਣ ਤੱਕ ਦੇ ਕਿਸੇ ਵੀ ਸ਼ਹਿਨਸ਼ਾਹ ਨੂੰ ਨਸੀਬ ਨਹੀਂ ਹੋਈ। ਸ਼ਹੀਦੀ ਪੰਦਰਵਾੜੇ ਵਕਤ ਉਨ੍ਹਾਂ ਵੱਲੋਂ ਰਚਿਤ ਲੰਬੇ ਸ਼ਬਦ-ਚਿੱਤਰ ਦਾ ਜ਼ਿਕਰ ਵਾਰ-ਵਾਰ ਆਉਂਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ’ਚ ਦਰਜ ਨਾ ਹੋਣ ਦੇ ਬਾਵਜੂਦ ਭਾਈ ਨੰਦ ਲਾਲ ਜੀ ਦੀ ਇਸ ਮਹਾਨ ਰਚਨਾ ਨੂੰ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਾਂਗ ਸ੍ਰੀ ਹਰਿਮੰਦਰ ਸਾਹਿਬ ਦੀ ਹਦੂਦ ’ਚੋਂ ਗਾਏ ਜਾਣ ਦੀ ਵਿਸ਼ੇਸ਼ ਪ੍ਰਵਾਨਗੀ ਮਿਲੀ ਹੋਈ ਹੈ। ਦੁਨੀਆ ਦੇ ਹੁਣ ਤੱਕ ਹੋਏ ਰਾਜੇ-ਮਹਾਰਾਜੇ ਆਪੋ-ਆਪਣੀ ਰਿਆਸਤ ਦੀਆਂ ਹੱਦਾਂ-ਸਰਹੱਦਾਂ ਦੇ ਵਿਸਥਾਰ ਲਈ ਮਜ਼ਲੂਮਾਂ ਦਾ ਖ਼ੂਨ ਡੋਲ੍ਹਦੇ ਆਏ ਹਨ। ਆਪਣੇ ਪਰਿਵਾਰਾਂ ਖ਼ਾਤਰ ਦੂਜਿਆਂ ਦੇ ਸਿਰ ਕਲਮ ਕਰਦੇ ਰਹੇ ਹਨ। ਗੁਰੂ ਗੋਬਿੰਦ ਸਿੰਘ ਅਜਿਹੇ ‘ਬਾਦਸ਼ਾਹ ਦਰਵੇਸ਼’ ਹਨ ਜਿਨ੍ਹਾਂ ਨੇ ਮਜ਼ਲੂਮਾਂ ਖ਼ਾਤਰ ਜ਼ਾਲਮਾਂ ਵਿਰੁੱਧ ਤੇਗਾਂ ਚਲਾਈਆਂ। ਸਰਬੰਸ ਦਾਨ ਕੀਤਾ। ਭਾਈ ਨੰਦ ਲਾਲ ਫੁਰਮਾਉਂਦੇ ਹਨ, ‘‘ਨਾਸਿਰੋ ਮਨਸੂਰ ਗੁਰੂ ਗੋਬਿੰਦ ਸਿੰਘ/ ਈਜ਼ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ।’’ ਭਾਵ, ਗੁਰੂ ਗੋਬਿੰਦ ਸਿੰਘ ਗ਼ਰੀਬ-ਗੁਰਬਿਆਂ, ਹਾਸ਼ੀਆਗਤ ਲੋਕਾਂ ਦਾ ਰਖਵਾਲਾ ਹੈ। ਉਹ ਦੋਨਾਂ ਆਲਮਾਂ ਦਾ ਸ਼ਾਹ-ਬਾਦਸ਼ਾਹ ਹੈ। ਉਹ ਅਕਾਲ ਪੁਰਖ ਵਾਹਿਗੁਰੂ ਦਾ ਮਹਿਬੂਬ (ਹੱਕ ਰਾ ਮਹਿਬੂਬ) ਹੈ। ਉਹ ਨਿਆਸਰਿਆਂ ਦਾ ਆਸਰਾ ਹੈ (ਬੇਕਸਾਂ-ਰਾ ਯਾਰ ਗੁਰੂ ਗੋਬਿੰਦ ਸਿੰਘ)। ਸਫ਼ਰ-ਏ-ਸ਼ਹਾਦਤ ਨੂੰ ਸੰਭਾਲੀ ਬੈਠੇ ਹਰ ਧਾਮ ਦੀ ਜ਼ਿਆਰਤ ਕਰਦਿਆਂ ਮਹਿਸੂਸ ਕੀਤਾ ਜਾ ਸਕਦਾ ਹੈ ਕਿ ਭਾਈ ਨੰਦ ਲਾਲ ਜੀ ਨੇ ਸਮਕਾਲੀ ਹੋਣ ਨਾਤੇ ਗੁਰੂ ਸਾਹਿਬ ਦੀ ਕ੍ਰਿਸ਼ਮਈ ਸ਼ਖ਼ਸੀਅਤ ਨੂੰ ਕਿੰਨਾ ਬਾਰੀਕੀ ਨਾਲ ਭਾਂਪਿਆ ਸੀ। ਦਸਵੇਂ ਨਾਨਕ ਨੇ ਪਹਿਲੀ ਪਾਤਸ਼ਾਹੀ ਦੀ ਜੋਤ ਨੂੰ ਅਖੰਡ ਰੱਖਣ ਲਈ ਅਜਿਹੀ ਕੌਮ ਸਾਜੀ ਜਿਸ ਨੇ ਜ਼ੁਲਮ ਦੀ ਜੜ੍ਹ ਪੁੱਟ ਕੇ ਧਰਮ ਦੀ ਜੜ੍ਹ ਲਾਈ। ਸਾਹਿਬਜ਼ਾਦਿਆਂ ਨੂੰ ਨੀਹਾਂ ’ਚ ਚਿਣਵਾ ਕੇ ਦੇਸ਼ ਤੇ ਕੌਮ ਦੀਆਂ ਨੀਹਾਂ ਪੱਕੀਆਂ ਕੀਤੀਆਂ। ਸੱਤ ਸਦੀਆਂ ਤੋਂ ਗ਼ੁਲਾਮ ਚੱਲੇ ਆ ਰਹੇ ਦੇਸ਼ ਵਾਸੀਆਂ ’ਚ ਨਵੀਂ ਰੂਹ ਫੂਕੀ। ਸਰਬੰਸ ਦਾਨ ਕਰ ਕੇ ਵੀ ਮਾਛੀਵਾੜੇ ਦੇ ਜੰਗਲ ’ਚ ਟਿੰਡ ਦਾ ਸਰਾਹਣਾ ਲੈ ਕੇ ਕੰਡਿਆਂ ਦੀ ਸੇਜ ’ਤੇ ਸੁੱਤੇ ‘ਬਾਦਸ਼ਾਹ ਦਰਵੇਸ਼’ ਦੇ ਚਿਹਰੇ ’ਤੇ ਨੂਰ ਮੱਧਮ ਨਹੀਂ ਪੈਂਦਾ। ਉਹ ਉਸ ਗੁਰੂ-ਪਿਤਾ ਦਾ ਸਾਹਿਬਜ਼ਾਦਾ ਹੈ ਜਿਹੜਾ ਮਕਤਲ ’ਚ ਖ਼ੁਦ ਜਾ ਕੇ ਸੀਸ ਭੇਟ ਕਰ ਕੇ ਸ਼ਹਾਦਤ ਦੀ ਅਸਲੋਂ ਨਵੀਂ ਇਬਾਰਤ ਲਿਖਦਾ ਹੈ। ਚੌਪਾਈ ਸਾਹਿਬ ’ਚ ਇਸ ਮਹਾਨ ਸਾਕੇ ਦਾ ਜ਼ਿਕਰ ਦਸਮ ਪਿਤਾ ਕਰਦੇ ਹਨ, ‘‘ਤਿਲਕ ਜੰਞ ਰਾਖਾ ਪ੍ਰਭ ਤਾ ਕਾ॥ ਕੀਨੋ ਬਡੋ ਕਲੂ ਮਹਿ ਸਾਕਾ॥ ਸਾਧਨ ਹੇਤ ਇਤੀ ਜਿਨ ਕਰੀ॥ ਸੀਸ ਦੀਆ ਪਰ ਸਿਰਰੁ ਨਾ ਦੀਆ॥ ਧਰਮ ਹੇਤਿ ਸਾਕਾ ਜਿਨਿ ਕੀਆ, ਸੀਸ ਦੀਆ ਪਰ ਸਿਰਰੁ ਨ ਦੀਆ॥’’ ਆਪ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਫ਼ਤਿਹ ਸਿੰਘ ਤੇ ਬਾਬਾ ਜ਼ੋਰਾਵਰ ਸਿੰਘ ਨੇ ਜਦੋਂ ਨਵਾਬ ਸਰਹਿੰਦ ਦੀਆਂ ਅੱਖਾਂ ’ਚ ਅੱਖਾਂ ਪਾ ਕੇ ਧਰਮ ਪਰਿਵਰਤਨ ਤੋਂ ਨਾਂਹ ਕੀਤੀ ਹੋਵੇਗੀ ਤਾਂ ਉਨ੍ਹਾਂ ਨੂੰ ਆਪਣੇ ਦਾਦਾ ਗੁਰੂ ਤੇਗ ਬਹਾਦਰ ਜੀ ਦਾ ਮਹਾਵਾਕ ਜ਼ਰੂਰ ਯਾਦ ਆਇਆ ਹੋਵੇਗਾ, ‘‘ਭੈ ਕਾਹੁ ਕਉ ਦੇਤ ਨਹਿ ਨਹਿ ਭੈ ਮਾਨਤ ਆਨ॥’’ ਇਸ ਸਾਕੇ ਨੂੰ ਵੀ ਅੱਲਾ ਯਾਰ ਖਾਂ ਜੋਗੀ ਨੇ ‘ਸ਼ਹੀਦਾਨਿ-ਏ-ਵਫ਼ਾ’ ਵਿਚ ਬੜੇ ਹੀ ਭਾਵਪੂਰਤ ਸ਼ਬਦਾਂ ’ਚ ਅੰਕਿਤ ਕੀਤਾ ਹੈ।