VARINDER WALIA

ਹਰਮਨਪਿਆਰਾ ਕਾਲਮ –– ਹਰਫ਼ ਹਮੇਸ਼ / POPULAR COLUMN -- HARPH HAMESH

ਜਸ਼ਨਾਂ ਦੀ ਰਾਤ ਤੇ ਪ੍ਰਭਾਤ (ਪੰਜਾਬੀ ਜਾਗਰਣ –– 31st December, 2023)

ਵਰਿੰਦਰ ਵਾਲੀਆ

ਸਾਲ ਦਾ ਆਖ਼ਰੀ ਸੂਰਜ ਅੱਜ ਮਗ਼ਰਬ ਵਿਚ ਗ਼ਰੂਬ ਹੋ ਕੇ ਕੱਲ੍ਹ ਨਵੀਆਂ ਉਮੀਦਾਂ ਲੈ ਕੇ ਮਸ਼ਰਕ ’ਚੋਂ ਉਦੈ ਹੋਵੇਗਾ। ਰਾਤ ਅਤੇ ਪ੍ਰਭਾਤ ਦਰਮਿਆਨ ਪੂਰਾ ਆਲਮ ਜਸ਼ਨਾਂ ਵਿਚ ਡੁੱਬਿਆ ਨਜ਼ਰ ਆਵੇਗਾ। ਵਿਦਾ ਹੋ ਰਹੇ ਵਰ੍ਹੇ ਦੇ ਛਿਣ-ਭੰਗਰੇ ਆਖ਼ਰੀ ਪਲ ਨੂੰ ਅਲਵਿਦਾ ਤੇ ਨਵੇਂ ਵਰ੍ਹੇ ਨੂੰ ਖ਼ੁਸ਼ਆਮਦੀਦ ਕਹਿਣ ਲਈ ਸ਼ੈਂਪੇਨ ਦੇ ਲੱਖਾਂ ਡਾਟ ਹਵਾ ਵਿਚ ਉੱਡਣਗੇ। ਇੰਨੀ ਮਾਇਆ ਲੋੜਵੰਦਾਂ ’ਤੇ ਖ਼ਰਚ ਹੋ ਜਾਵੇ ਤਾਂ ਦੁਨੀਆ ਦੇ ਕਰੋੜਾਂ ਹਾਸ਼ੀਆਗਤ ਲੋਕਾਂ ਦਾ ਜੀਵਨ ਸਤਰ ਚੁੱਕ ਸਕਦੀ ਹੈ। ਅੱਠ ਅਰਬ ਤੋਂ ਵੱਧ ਆਬਾਦੀ ਵਾਲੀ ਦੁਨੀਆ ਵਿਚ ਅਣਗਿਣਤ ਲੋਕ ਅਜਿਹੇ ਹਨ ਜਿਨ੍ਹਾਂ ਲਈ ਬਸ ਜੰਤਰੀ ਬਦਲੇਗੀ, ਹੋਰ ਕੁਝ ਨਹੀਂ। ਇਹ ਸਮਾਂ ਅਤੀਤ ਦਾ ਲੇਖਾ-ਜੋਖਾ ਕਰਨ ਦਾ ਹੋਣਾ ਚਾਹੀਦਾ ਹੈ। ਬੀਤ ਰਹੇ ਵਰ੍ਹੇ ਵਿਚ ‘ਕੀ ਖੱਟਿਆ ਤੇ ਕੀ ਗੁਆਇਆ’ ਬਾਰੇ ਚਰਚਾ ਹੋਣੀ ਚਾਹੀਦੀ ਹੈ। ਅਜਿਹੀ ਵਿਚਾਰ-ਵਿਮਰਸ਼ ਤੋਂ ਬਿਨਾਂ ਨਵੇਂ ਵਰ੍ਹੇ ਵਿਚ ਨਵੀਂ ਊਰਜਾ ਕਿਵੇਂ ਪੈਦਾ ਹੋ ਸਕਦੀ ਹੈ?

ਮੇਰਾ ਦਾਗਿਸਤਾਨ’ ਵਿਚ ਦਰਜ ਅਬੂਤਾਲਿਬ ਦਾ ਕਥਨ ਹੈ ਕਿ ਜੇ ਬੀਤੇ ’ਤੇ ਪਿਸਤੌਲ ਨਾਲ ਗੋਲ਼ੀ ਚਲਾਓਗੇ ਤਾਂ ਭਵਿੱਖ ਤੁਹਾਨੂੰ ਤੋਪ ਨਾਲ ਫੁੰਡੇਗਾ। ਬੀਤੇ ਵਰ੍ਹੇ ਦੀਆਂ ਪ੍ਰਾਪਤੀਆਂ, ਅਪ੍ਰਾਪਤੀਆਂ ਨੂੰ ਖ਼ੁਦ ਦੇ ਤਰਾਜ਼ੂ ਵਿਚ ਜੋਖ ਕੇ ਨਵੇਂ ਮਤੇ ਪਕਾਉਣ ਨਾਲ ਹੀ ਭਵਿੱਖ ਰੋਸ਼ਨ ਹੋ ਸਕਦਾ ਹੈ। ਇਹ ਸਮਾਂ ਪੜਚੋਲ ਦਾ ਹੋਣਾ ਚਾਹੀਦਾ ਹੈ ਕਿ ਆਖ਼ਰ ਦੁਨੀਆ ਬਾਰੂਦ ਦੇ ਕਗਾਰ ’ਤੇ ਕਿਉਂ ਖੜ੍ਹੀ ਹੈ? ਦੋ ਵਿਸ਼ਵ ਜੰਗਾਂ ਵਿਚ ਹੋਏ ਮਨੁੱਖਤਾ ਦੇ ਘਾਣ ਤੋਂ ਬਾਅਦ ਵੀ ਮਨੁੱਖ ਨੇ ਅਮਨ-ਸ਼ਾਂਤੀ ਦਾ ਸਬਕ ਕਿਉਂ ਨਹੀਂ ਸਿੱਖਿਆ? ਅੱਗ ਦੀ ਲੱਭਤ ਤੋਂ ਬਾਅਦ ਅੰਤਾਂ ਦਾ ਵਿਕਾਸ ਸੰਭਵ ਹੋਇਆ ਸੀ। ਅਗਨਿ ਨੂੰ ਦੇਵਤਾ ਮੰਨਿਆ ਗਿਆ।

ਮਿਥਿਹਾਸ ਅਨੁਸਾਰ ਅਗਨਿ-ਕੁੰਡ ਜਾਂ ਹਵਨ ਦੁਆਲੇ ਵੱਖ-ਵੱਖ ਦੇਵਤੇ ਬਿਰਾਜਮਾਨ ਹੁੰਦੇ ਹਨ। ਅਗਨੀ ਦੀ ਪਰਿਕਰਮਾ ਇਸੇ ਲਈ ਕੀਤੀ ਜਾਂਦੀ ਹੈ। ਅੱਗ ਦਾ ਦੁਰਉਪਯੋਗ ਕੀਤਾ ਜਾਵੇ ਤਾਂ ਇਹ ਵਿਕਾਸ ਦੀ ਬਜਾਏ ਵਿਨਾਸ਼ ਦਾ ਸਬੱਬ ਬਣਦੀ ਹੈ। ਸਾਲ ਦੇ ਆਖ਼ਰੀ ਦਿਨ ਅੱਗ ਦੇ ਮਹਾਤਮ ਬਾਰੇ ਜ਼ਰੂਰ ਚਰਚਾ ਕਰ ਲੈਣੀ ਚਾਹੀਦੀ ਹੈ। ਚੁੱਲ੍ਹਿਆਂ ਦੀ ਅੱਗ ਸ਼ਮਸ਼ਾਨਘਾਟ ’ਚ ਨਹੀਂ ਬਲਣੀ ਚਾਹੀਦੀ। ਇਸ ਰਮਜ਼ ਦੀ ਸਮਝ ਆ ਗਈ ਤਾਂ ਹੈਵਾਨ ਨਿਥਾਵੇਂ ਹੋ ਜਾਣਗੇ ਤੇ ‘ਜ਼ਿੰਦਗੀ ਜ਼ਿੰਦਾਬਾਦ’ ਦੇ ਨਾਅਰੇ ਆਕਾਸ਼ ਵਿਚ ਗੂੰਜਣਗੇ। ਕਈ ਵਰਿ੍ਹਆਂ ਬਾਅਦ ਵੀਹਵੀਂ ਸਦੀ ਦੇ ਸਿਰਮੌਰ ਲੋਕ-ਕਵੀ ਰਸੂਲ ਹਮਜ਼ਾਤੋਵ ਦੀ ਪੁਸਤਕ ‘ਮੇਰਾ ਦਾਗਿਸਤਾਨ’ ਦਾ ਮੁੜ ਪਾਠ ਕਰਨ ਨੂੰ ਚਿੱਤ ਕੀਤਾ। ‘ਅੱਗ ਪਿਤਾ, ਪਾਣੀ ਮਾਂ’ ਚੈਪਟਰ ਵਿਚ ਰਸੂਲ ਨੇ ਮਨੁੱਖ ਤੇ ਅੱਗ ਦੇ ਰਿਸ਼ਤੇ ਬਾਰੇ ਬਾਖ਼ੂਬੀ ਚਰਚਾ ਕੀਤੀ ਹੈ। ਉਸ ਦੇ ਪਿਤਾ ਹਮਜਾਤ ਤਸਾਦਾਸਾ ਜੋ ਖ਼ੁਦ ਅਵਾਰ ਭਾਸ਼ਾ ਦੇ ਲੋਕ ਕਵੀ ਸਨ, ਅਕਸਰ ਤਾਕੀਦ ਕਰਿਆ ਕਰਦੇ ਸਨ ਕਿ ਇਨਸਾਨ ਨੂੰ ਅੱਗ ਨਾਲ ਕਦੇ ਨਹੀਂ ਖੇਡਣਾ ਚਾਹੀਦਾ।

ਰਸੂਲ ਦੀ ਮਾਂ ਚੁੱਲ੍ਹੇ ਦੀ ਅੱਗ ਨੂੰ ਸ਼ਰਧਾ ਨਾਲ ਬਾਲ ਕੇ ਹਸਰਤ ਭਰੀਆਂ ਨਿਗਾਹਾਂ ਨਾਲ ਵੇਖਦੀ ਸੀ। ਅੱਗ ਦੀ ਚਿੰਤਾ ਕਰਦਿਆਂ ਉਹ ਨਸੀਹਤ ਦਿੰਦੀ, ‘‘ਇਸ ਨੂੰ ਬੁਝਣ ਨਾ ਦੇਵੀਂ, ਪਾਣੀ ਨਾ ਪਾਵੀਂ।’’ ਲੋਰੀਆਂ ਦਿੰਦਿਆਂ ਉਹ ਕਹਿੰਦੀ, ‘‘ਦਾਗਿਸਤਾਨ ਲਈ ਅੱਗ ਪਿਤਾ ਤੇ ਪਾਣੀ ਮਾਂ ਹੈ।’’ ਪਹਾੜੀ ਕਹਾਵਤ ਹੈ ਕਿ ਪਹਾੜੀ ਔਰਤ ਦੇ ਅੱਥਰੂ ਵਿਚ ਵੀ ਅੱਗ ਹੁੰਦੀ ਹੈ। ਬੰਦੂਕ ਦੀ ਨਲ਼ੀ ਦੇ ਸਿਰੇ ਅਤੇ ਮਿਆਨੋਂ ਕੱਢੇ ਖੰਜਰ ਦੀ ਧਾਰ ਵਿਚ ਵੀ ਅੱਗ ਹੁੰਦੀ ਹੈ। ਪਰ ਸਭ ਤੋਂ ਵੱਧ ਦਿਆਲੂ ਤੇ ਅਪਣੱਤ ਭਰੀ ਅੱਗ ਮਾਂ ਦੇ ਦਿਲ ਅਤੇ ਹਰ ਚੁੱਲ੍ਹੇ ਵਿਚ ਹੁੰਦੀ ਹੈ। ਹਰ ਘਰ ਦੀ ਚਿਮਨੀ ’ਚੋਂ ਨਿਕਲਦਾ ਧੂੰਆਂ ਖ਼ੁਸ਼ਹਾਲੀ ਦਾ ਪ੍ਰਤੀਕ ਮੰਨਿਆ ਜਾਂਦਾ ਸੀ। ਪਹਾੜੀ ਲੋਕ ਜਦੋਂ ਕਿਸੇ ਨੂੰ ਠਿੱਠ ਕਰਨ ਲਈ ਕਹਿੰਦੇ, ‘‘ਉਹਦੀ ਚਿਮਨੀ ’ਚੋਂ ਨਿਕਲਣ ਵਾਲਾ ਧੂੰਆਂ ਚੂਹੇ ਦੀ ਪੂਛ ਨਾਲੋਂ ਵੱਡਾ ਨਹੀਂ।’’ ਮਿਹਣੋ-ਮਿਹਣੀ ਹੁੰਦੀਆਂ ਔਰਤਾਂ ਬਦਅਸੀਸ ਦਿੰਦੀਆਂ, ‘‘ਜਾ ਤੇਰੇ ਚੁੱਲ੍ਹੇ ਵਿਚ ਬਲ਼ਦੀ ਅੱਗ ਬੁਝ ਜਾਵੇ।’’ ਕਿਸੇ ਯੋਧੇ ਬਾਰੇ ਕਿਹਾ ਜਾਂਦਾ, ‘‘ਇਹ ਆਦਮੀ ਨਹੀਂ, ਨਿਰੀ ਅੱਗ ਏ।’’ ਅੱਗ ਨਹੀਂ, ਜ਼ਿੰਦਗੀ ਨਹੀਂ!

ਰਣ-ਤੱਤੇ ਦੀਆਂ ਪ੍ਰਾਪਤੀਆਂ ਬਾਰੇ ਕੋਈ ਕਹਿੰਦਾ ਜੇ ਦਾਗਿਸਤਾਨ ਦੀ ਛਾਤੀ ’ਚ ਪਿਆਰ ਤੇ ਨਫ਼ਰਤ ਦੀ ਅੱਗ ਨਾ ਹੁੰਦੀ ਤਾਂ ਉਹ ਵੱਡੀਆਂ ਸ਼ਕਤੀਆਂ ਖ਼ਿਲਾਫ਼ ਜੂਝਣ ਦਾ ਹੀਆ ਨਾ ਕਰ ਸਕਦਾ। ਅੱਗ ਦੇ ਮਹਾਤਮ ਨੂੰ ਉਜਾਗਰ ਕਰਦਾ ਉਹ ਕਹਿੰਦਾ ਹੈ, ‘‘ਕੀ ਯੋਧਿਆਂ, ਕਵੀਆਂ, ਗੀਤਕਾਰਾਂ ਤੇ ਜੋਸ਼ੀਲਾ ਸਾਹਿਤ ਰਚਣ ਵਾਲਿਆਂ ਨੂੰ ‘ਅੱਗ ਦੇ ਰਖਵਾਲੇ’ ਕਹਿਣਾ ਮੁਨਾਸਿਬ ਨਹੀਂ ਹੋਵੇਗਾ? ਦੀਵਾਲੀ ਦੇ ਅਵਸਰ ’ਤੇ ਭਾਰਤੀ ਮੇਜ਼ਬਾਨਾਂ ਨੇ ਜਦੋਂ ਰਸੂਲ ਨੂੰ ਬਲਦਾ ਦੀਵਾ ਭੇਟ ਕੀਤਾ ਤਾਂ ਉਹ ਅਸ਼-ਅਸ਼ ਕਰ ਉੱਠਿਆ ਸੀ। ਇਸ ਤੋਹਫ਼ੇ ਨੂੰ ਉਸ ਨੇ ਪਹਾੜੀ ਖੇਤਰ ਲਈ ਦੂਰ-ਦੁਰਾਡੇ ਦੇਸ਼ ਦੇ ਸਲਾਮ ਵਜੋਂ ਕਬੂਲਿਆ। ਰੂਸੀ ਤੇ ਅਵਾਰ ਭਾਸ਼ਾ ਵਿਚ ਅਕਸਰ ਕਿਹਾ ਜਾਂਦਾ ਹੈ ‘ਭਖਦਾ ਹੋਇਆ ਸਲਾਮ’। ਉਹ ਸੋਚਦਾ ਸ਼ਾਇਦ ਕਦੇ ਅਜਿਹਾ ਸਮਾਂ ਵੀ ਰਿਹਾ ਹੋਵੇਗਾ ਜਦੋਂ ਸਲਾਮ ਨੂੰ ਅਲਫ਼ਾਜ਼ ਦੀ ਬਜਾਏ ਅੱਗ, ਜਵਾਲਾ ਜਾਂ ਮਸ਼ਾਲ ਭੇਜ ਕੇ ਪ੍ਰਗਟ ਕਰਨ ਦੀ ਪਿਰਤ ਹੋਵੇਗੀ। ਰਸੂਲ ਦੀ ਮਾਂ ਅਕਸਰ ਕਿਹਾ ਕਰਦੀ, ‘ਸਮੁੰਦਰ/ਜੰਗਲ ਦੀ ਅੱਗ ਬੁਝ ਸਕਦੀ ਹੈ ਪਰ ਦਾਗਿਸਤਾਨ ਦੇ ਦਿਲ ਵਿਚ ਭਬਕਦੀ ਅੱਗ ਕਦੇ ਸ਼ਾਂਤ ਨਹੀਂ ਹੋ ਸਕਦੀ। ਅੱਗ ਦੇ ਭਬਕਣ ਤੇ ਭੜਕਣ ਵਿਚ ਬੁਨਿਆਦੀ ਅੰਤਰ ਹੈ। ਭਬਕਦੀ ਅੱਗ ਜ਼ਿੰਦਾ ਰਹਿਣ ਦੀ ਨਿਸ਼ਾਨੀ ਹੈ ਤੇ ਭੜਕਣ ਵਾਲੀ ਅੱਗ ਬੇਮੁਹਾਰੀ ਹੋ ਕੇ ਸਿਵਿਆਂ ਦੇ ਰਾਹ ਤੋਰਦੀ ਹੈ। ਰਸੂਲ ਦੀ ਮਾਂ ਕਹਿੰਦੀ, ‘‘ਚੁੱਲ੍ਹਾ ਘਰ ਦਾ ਦਿਲ ਹੈ ਤੇ ਚਸ਼ਮਾ ਪਿੰਡ ਦਾ।’’ ਪਹਾੜਾਂ ਨੂੰ ਅੱਗ ਚਾਹੀਦੀ ਹੈ ਤੇ ਵਾਦੀਆਂ ਨੂੰ ਪਾਣੀ। ਪਹਾੜੀ ਲੋਕ ਬਦਦੁਆ ਦਿੰਦੇ, ‘‘ਜੋ ਇਨਸਾਨ ਚਸ਼ਮੇ ਨੂੰ ਪਲੀਤ ਕਰੇ, ਉਹਦਾ ਘੋੜਾ ਮਰ ਜਾਵੇ।’’

ਸ਼ਹੀਦਾਂ ਦੇ ਨਾਂ ’ਤੇ ਖੂਹ ਪੁੱਟਣ ਦੀ ਪਿਰਤ ਵੀ ਪਾਣੀ ਦੇ ਮਹਾਤਮ ਨੂੰ ਦਰਸਾਉਂਦੀ ਹੈ। ਭਾਰਤ ਤੇ ਖ਼ਾਸ ਤੌਰ ’ਤੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਆਬੋ-ਹਵਾ ਨੂੰ ਪ੍ਰਦੂਸ਼ਿਤ ਕਰਨ ਵਾਲਿਆਂ ਦਾ ਵਾਲ ਵੀ ਵਿੰਙਾ ਨਹੀਂ ਹੁੰਦਾ। ਵਿਸ਼ਵ ਭਰ ਵਿਚ ਅੱਗ ਨਾਲ ਖੇਡਣਾ ਜਿਵੇਂ ਰਿਵਾਜ ਬਣ ਗਿਆ ਹੋਵੇ। ਦਾਗਿਸਤਾਨ ਦੀਆਂ ਅੱਧੀਆਂ ਲੋਕ-ਕਹਾਣੀਆਂ ਉਸ ਦਲੇਰ ਗੱਭਰੂ ਬਾਰੇ ਹਨ ਜੋ ਅਜਗਰ ਦੀ ਹੱਤਿਆ ਕਰ ਕੇ ਅੱਗ ਲਿਆਉਂਦਾ ਹੈ ਤਾਂ ਜੋ ਪਿੰਡ ਵਾਲੇ ਨਿੱਘ ਤੇ ਰੋਸ਼ਨੀ ਦਾ ਆਨੰਦ ਮਾਣ ਸਕਣ। ਕਈ ਲੋਕ-ਕਥਾਵਾਂ ਉਸ ਮੁਟਿਆਰ ਬਾਰੇ ਹਨ ਜੋ ਚਲਾਕੀ ਨਾਲ ਅਜਗਰ ਨੂੰ ਸੁਆ ਕੇ ਪਾਣੀ ਲਿਆਉਂਦੀ ਹੈ ਤਾਂ ਕਿ ਪਿੰਡ ਦੇ ਲੋਕ ਰੱਜ ਕੇ ਪਾਣੀ ਪੀ ਸਕਣ ਤੇ ਪੈਲੀਆਂ ਸਿੰਜ ਸਕਣ।

ਦਾਗਿਸਤਾਨ ਵਿਚ ਉਸ ਅੱਗ ਦੀ ਮਹਿਮਾ ਗਾਈ ਜਾਂਦੀ ਹੈ ਜੋ ‘ਸ਼ਾਂਤੀ ਦੀ ਜਵਾਲਾ’ ਬਣ ਕੇ ਲੋਕਾਂ ਦੇ ਜੀਵਨ ਵਿਚ ਰੋਸ਼ਨੀ ਤੇ ਨਿੱਘ ਪੈਦਾ ਕਰੇ। ਜੰਗ ਦੀ ਜਵਾਲਾ ਦੇ ਕਸੀਦੇ ਨਹੀਂ ਪੜ੍ਹੇ ਜਾਂਦੇ ਜੋ ਨਿਰਦੋਸ਼ਾਂ ਦੇ ਘਰਾਂ ਨੂੰ ਭਾਂਬੜ ਬਣ ਕੇ ਫੂਕੇ। ਦਾਗਿਸਤਾਨ ਦੇ ਲੋਕ ਜੋਤ ਤੋਂ ਜੋਤ ਜਗਣ ਤੇ ਹਨੇਰਾ ਹੂੰਝਣ ਵਾਲੀਆਂ ਮਸ਼ਾਲਾਂ ਬਾਲਣ ਦਾ ਸੁਨੇਹਾ ਦਿੰਦੇ ਹਨ। ਯੁੱਧ ਨਹੀਂ, ਧਰਮ ਯੁੱਧ ਦੀ ਵਕਾਲਤ ਕਰਦੇ ਹਨ। ਭਾਈ ਗੁਰਦਾਸ ਫੁਰਮਾਉਂਦੇ ਹਨ, ‘‘ਅਗੀ ਫਲ ਹੋਵਨਿ ਅੰਗਿਆਰ।’’(ਅੱਗ ਦੇ ਫਲ ਹਮੇਸ਼ਾ ਚੰਗਿਆੜੇ ਹੁੰਦੇ ਹਨ)। ਵਿਨਾਸ਼ ਨਾਲੋਂ ਵਿਪਰੀਤ ਬੁੱਧੀ ਵਾਲੇ ਧਰਤ ਦੇ ਬਹਿਸ਼ਤ ਨੂੰ ਜੁਹੱਨਮ ਵਿਚ ਤਬਦੀਲ ਕਰਨਾ ਲੋਚਦੇ ਹਨ। ਆਦਮੀ ਭੁੱਲ ਜਾਂਦਾ ਹੈ ਕਿ ਉਹ ‘ਇਕ ਦਮੀ’ ਹੈ। ਇਕ ਸਾਹ ਉਸ ਦੀ ਜ਼ਿੰਦਗੀ ਤੇ ਮੌਤ ਦਾ ਫ਼ੈਸਲਾ ਕਰਨ ਲਈ ਕਾਫ਼ੀ ਹੈ। ਧਨਾਸਰੀ ਮਹਲਾ ਪਹਿਲਾ ਵਿਚ ਗੁਰੂ ਨਾਨਕ ਫੁਰਮਾਉਂਦੇ ਹਨ, ‘‘ਹਮ ਆਦਮੀ ਹਾਂ ਇਕ ਦਮੀ, ਮੁਹਲਤਿ ਮੁਹਤੁ (ਮੌਤ) ਨਾ ਜਾਣਾ॥’’ ਕਿਸੇ ਨਿਰਦੋਸ਼ ਦੀ ਹੱਤਿਆ ਕਰਨ ਵਾਲਾ ਸੂਰਾ ਨਹੀਂ ਹੁੰਦਾ। ਪੂਰਾ ਹੀ ਸੂਰਾ ਅਖਵਾ ਸਕਦਾ ਹੈ।

ਪਰਮ ਮਨੁੱਖ ਸੋਨੇ ਦਾ ਮਿਰਗ ਫੜਨ ਦੀ ਚੇਸ਼ਟਾ ਵਿਚ ਜੰਗ ਦੇ ਬਿਗਲ ਨਹੀਂ ਵਜਾਉਂਦੇ। ਘੱਟੋ-ਘੱਟ ਇਕੱਤੀ ਦਸੰਬਰ ਨੂੰ ਅੰਤਰਝਾਤ ਜ਼ਰੂਰ ਮਾਰ ਲੈਣੀ ਚਾਹੀਦੀ ਹੈ। ਇਤਿਹਾਸਕ ਗ਼ਲਤੀਆਂ ਤੋਂ ਸਿੱਖਣਾ ਚਾਹੀਦਾ ਹੈ। ਬੀਤ ਰਹੇ ਵਰ੍ਹੇ ਦੇ ਪਹਿਲੇ ਦਿਨ ਹੀ ਦੁਨੀਆ ਕਾਬੁਲ ਦੇ ਹਵਾਈ ਅੱਡੇ ’ਤੇ ਹੋਏ ਜ਼ਬਰਦਸਤ ਬੰਬ ਧਮਾਕੇ ਨਾਲ ਦਹਿਲ ਗਈ ਸੀ। ਪਹਿਲੀ ਜਨਵਰੀ ਵਾਲੇ ਦਿਨ ਕਰਾਚੀ ਤੇ ਪਾਕਿਸਤਾਨ ਦੇ ਕਈ ਹੋਰ ਸ਼ਹਿਰਾਂ ਵਿਚ ਨਵੇਂ ਸਾਲ ਦੇ ਜਸ਼ਨਾਂ ਮੌਕੇ ਘੱਟੋ-ਘੱਟ 25 ਵਿਅਕਤੀ ਜ਼ਖ਼ਮੀ ਹੋਏ ਸਨ। ਤੀਹ ਜਨਵਰੀ ਨੂੰ ਪਿਸ਼ਾਵਰ ਦੀ ਮਸਜਿਦ ’ਚ ਫਿਦਾਈਨ ਹਮਲੇ ਦੌਰਾਨ ਸੱਤਰ ਵਿਅਕਤੀ ਹਲਾਕ ਤੇ ਅਣਗਿਣਤ ਲੋਕ ਜ਼ਖ਼ਮੀ ਹੋ ਗਏ ਸਨ। ਇਸੇ ਸਾਲ ਯੂਕਰੇਨ-ਰੂਸ ਜੰਗ ਤੇ ਇਜ਼ਰਾਈਲ-ਹਮਾਸ ਹਮਲਿਆਂ ’ਚ ਜੋ ਹੋਇਆ ਉਨ੍ਹਾਂ ਦੇ ਪੀੜਤਾਂ ਨੂੰ ਪੁੱਛੋ ਇਕੱਤੀ ਦਸੰਬਰ ਕਿਵੇਂ ਮਨਾਉਣੀ ਹੈ। ਮਨੀਪੁਰ ਵਿਚ ਜੋ ਹੋਇਆ, ਉਸ ਨੇ ਇਨਸਾਨੀਅਤ ਨੂੰ ਸ਼ਰਮਸਾਰ ਕੀਤਾ ਹੈ। ਜੰਮੂ-ਕਸ਼ਮੀਰ ਤੇ ਦੁਨੀਆ ਦੀਆਂ ਅਣਗਿਣਤ ਸਰਹੱਦਾਂ ’ਤੇ ਸ਼ਹੀਦ ਹੋਏ ਜਵਾਨਾਂ ਦੇ ਵਾਰਿਸਾਂ ਨੂੰ ਪੁੱਛੋ ਇਹ ਸਾਲ ਕਿਵੇਂ ਬੀਤਿਆ। ਜਿਨ੍ਹਾਂ ਘਰਾਂ ਦੇ ਚਿਰਾਗ਼ ਸਦਾ ਲਈ ਬੁਝ ਗਏ, ਉਨ੍ਹਾਂ ਦੇ ਨਾ ’ਤੇ ਇਕ-ਇਕ ਚਿਰਾਗ਼ ਜਗਾ ਕੇ ਹੀ ਨਵੇਂ ਸਾਲ ਨੂੰ ਖ਼ੁਸ਼ਆਮਦੀਦ ਕਹਿਣੀ ਮੁਨਾਸਿਬ ਹੋਵੇਗੀ।