ਇਲਾਹੀ ਗੰਢ (ਪੰਜਾਬੀ ਜਾਗਰਣ –– 14th January, 2024)
ਵਰਿੰਦਰ ਵਾਲੀਆ
ਮਾਘ ਦੇ ਮਹੀਨੇ ਦੀ ਪੁੰਨਿਆ ਵਾਲੇ ਦਿਵਸ ਤਵਾਰੀਖ਼ ਦਾ ਸੁਨਹਿਰੀ ਪੰਨਾ ਲਿਖਿਆ ਗਿਆ ਸੀ। ਚਾਲ਼ੀ ਜਾਂਬਾਜ਼ ਸਿੰਘਾਂ ਨੇ ਜਾਨ ਦੀ ਬਾਜ਼ੀ ਲਾ ਕੇ ਬੇਦਾਵਾ ਪੜਵਾਇਆ ਸੀ। ਪੁਰਾਣੀ ਤਹਿਰੀਰ ਵਾਲਾ ਰੁੱਕਾ ਨਾ ਫਟਦਾ ਤਾਂ ਨਵੀਂ ਇਬਾਰਤ ਕਿਵੇਂ ਲਿਖੀ ਜਾਂਦੀ! ਅਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ ਮੁਗ਼ਲ ਸੈਨਾ ਨੇ ਮਈ 1704 ਤੋਂ ਲੈ ਕੇ ਸੀਤ ਲਹਿਰ ਤੱਕ ਲਗਪਗ ਅੱਠ ਮਹੀਨੇ ਤੱਕ ਘੇਰੀ ਰੱਖਿਆ ਜਿਸ ਕਾਰਨ ਸਿੰਘਾਂ ਨੂੰ ਭੁੱਖ ਤੇ ਪਿਆਸ ਸਤਾਉਣ ਲੱਗੀ। ਭਾਈ ਮਹਾਂ ਸਿੰਘ ਤੇ ਉਨ੍ਹਾਂ ਦੇ ਕਈ ਮਝੈਲ ਸਾਥੀਆਂ ਦਾ ਸਿਰੜ ਡੋਲ ਗਿਆ। ‘ਅਸੀਂ ਤੁਹਾਡੇ ਸਿੱਖ ਨਹੀਂ ਤੇ ਤੁਸੀਂ ਸਾਡੇ ਗੁਰੂ ਨਹੀਂ’ ਦਾ ਬੇਦਾਵਾ ਲਿਖ ਕੇ ਉਨ੍ਹਾਂ ਨੇ ਆਪਣੇ ਘਰਾਂ ਨੂੰ ਚਾਲੇ ਪਾ ਦਿੱਤੇ। ਬੇਦਾਵਾ ਅਰਬੀ ਤੇ ਫ਼ਾਰਸੀ ਭਾਸ਼ਾਵਾਂ ਦਾ ਸਮਾਸੀ ਸ਼ਬਦ ਹੈ। ਫ਼ਾਰਸੀ ਭਾਸ਼ਾ ਦੇ ‘ਬੇ’ ਦਾ ਅਰਥ ‘ਨਾ’ ਅਤੇ ਅਰਬੀ ਮੂਲ ਦੇ ਸ਼ਬਦ ‘ਦਅਬਾ’ ਦਾ ਅਰਥ ‘ਦਾਅਵਾ’ ਹੈ। ਬੇਦਾਵੇ ਤੋਂ ਭਾਵ, ‘ਦਾਅਵੇ ਦਾ ਤਿਆਗ’ ਜਾਂ ‘ਜਿਹੜਾ ਆਪਣਾ ਅਧਿਕਾਰ/ਪਦਵੀ ਨਾ ਮੰਗੇ’, ਹੈ। ਅਜਿਹਾ ਫ਼ੈਸਲਾ ਸਿੱਖੀ ਸੋਚ ’ਤੇ ਪਹਿਰੇਦਾਰੀ ਤੋਂ ਕੋਰੀ ਨਾਂਹ ਸੀ। ‘ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥ ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ’ ਦੀ ਬੁਨਿਆਦੀ ਸ਼ਰਤ ਵਾਲੇ ਖੰਡੇ-ਬਾਟੇ ਦੀ ਪਹੁਲ ਨੂੰ ਵਿਸਾਰ ਚੁੱਕੇ ਸਨ। ਇਨ੍ਹਾਂ ਨੇ ਤਾਂ ਦੀਨ-ਦੁਖੀਆਂ ਖ਼ਾਤਰ ਲੜਨ ਲਈ ਘਰਾਂ ਨੂੰ ਅਲਵਿਦਾ ਕਹਿ ਕੇ ਅਨੰਦਪੁਰ ਸਾਹਿਬ ਨੂੰ ਆਪਣਾ ਪੱਕਾ ਨਿਵਾਸ ਬਣਾਇਆ ਸੀ। ਜਿਨ੍ਹਾਂ ਘਰਾਂ ਦੇ ਮੋਹ ਨੇ ਉਨ੍ਹਾਂ ਨੂੰ ਮਾਝੇ ਵੱਲ ਵਹੀਰਾਂ ਘੱਤਣ ਲਈ ਮਜਬੂਰ ਕੀਤਾ, ਉਨ੍ਹਾਂ ਦੇ ਦਰਵਾਜ਼ੇ ਬੰਦ ਹੋ ਚੁੱਕੇ ਸਨ। ਗੁਰਸਿੱਖੀ ਦੇ ਮਜੀਠ ਰੰਗ ’ਚ ਰੰਗੀਆਂ ਮਾਈ ਭਾਗੋ ਵਰਗੀਆਂ ਕਈ ਸ਼ੀਹਣੀਆਂ ਨੇ ਮੈਦਾਨ-ਏ-ਜੰਗ ਵਿਚ ਪਿੱਠ ਦਿਖਾ ਕੇ ਭੱਜੇ ਸਿੰਘਾਂ ਨੂੰ ਲਾਹਨਤਾਂ ਪਾਈਆਂ। ਚੂੜੀਆਂ ਲਾਹ ਕੇ ਉਨ੍ਹਾਂ ਵੱਲ ਵਗਾਹ ਮਾਰੀਆਂ। ਕੱਚ ਦੀਆਂ ਵੰਗਾਂ ਦੀ ਥਾਂ ਵੀਣੀਆਂ ਸਰਬਲੋਹ ਦੇ ਕੜਿਆਂ ਨਾਲ ਸ਼ਿੰਗਾਰੀਆਂ ਗਈਆਂ। ਹੱਥਾਂ ਵਿਚ ਸ਼ਮਸ਼ੀਰਾਂ ਲੈ ਕੇ ਉਹ ਦਹਾੜੀਆਂ।
ਅਬਲਾ ਜਾਣੀਆਂ ਜਾਂਦੀਆਂ ਬੀਬੀਆਂ ਨੇ ਨਾਰੀ ਸ਼ਕਤੀ ਦਾ ਅਦਭੁਤ ਪ੍ਰਦਰਸ਼ਨ ਕੀਤਾ। ਬੇਦਾਵੀਏ ਸਿੰਘਾਂ ਅੰਦਰ ਸੁੱਤਾ ਲਾਵਾ ਜਾਗ ਉੱਠਿਆ। ਉਨ੍ਹਾਂ ਨੇ ਪੁਰਜਾ-ਪੁਰਜਾ ਕਟਵਾਉਣ ਲਈ ਖਿਦਰਾਣੇ ਦੀ ਢਾਬ ਵੱਲ ਕੂਚ ਕਰਨਾ ਸ਼ੁਰੂ ਕੀਤਾ। ਕਲਗੀਆਂ ਵਾਲੇ ਦੀਆਂ ਪੈੜਾਂ ਨੂੰ ਲੱਭਦੇ-ਲਭਾਉਂਦੇ ਉਹ ਆਖ਼ਰ ਖਿਦਰਾਣੇ ਦੀ ਉਸ ਉੱਚੀ ਟਿੱਬੀ ਕੋਲ ਪਹੁੰਚ ਗਏ ਜਿੱਥੇ ਨੀਲੇ ਦਾ ਸ਼ਾਹ ਅਸਵਾਰ ਤੇ ਉਸ ਦੇ ਸੂਰਮੇ ਮੁਗ਼ਲ ਫ਼ੌਜਾਂ ਦੇ ਟਿੱਡੀ ਦਲ ਨਾਲ ਲੋਹਾ ਲੈ ਰਹੇ ਸਨ। ਇਸ ਅਸਾਵੀਂ ਜੰਗ ਵਿਚ ਅੰਤਾਂ ਦਾ ਦੁਵੱਲਾ ਜਾਨੀ ਤੇ ਮਾਲੀ ਨੁਕਸਾਨ ਹੋਇਆ। ਸਿੰਘਾਂ ਲਈ ਢਾਬ ਅੰਮ੍ਰਿਤ ਕੁੰਡ ਸਾਬਿਤ ਹੋਈ। ਕਲਗੀਆਂ ਵਾਲੇ ਸੱਚੇ ਪਾਤਸ਼ਾਹ ਨੇ ਅਸਾਵੀਂ ਹੋਣ ਦੇ ਬਾਵਜੂਦ ਮੁਗ਼ਲਾਂ ਖ਼ਿਲਾਫ਼ ਆਖ਼ਰੀ ਜੰਗ ਜਿੱਤ ਲਈ। ਕੋਟਕਪੂਰੇ ਦਾ ਚੌਧਰੀ, ਕਪੂਰਾ ਜੇ ਆਪਣੀ ਗੜ੍ਹੀ ਦਸਮੇਸ਼ ਪਿਤਾ ਨੂੰ ਸੌਂਪ ਦਿੰਦਾ ਤਾਂ ਇਤਿਹਾਸ ਹੋਰ ਹੋਣਾ ਸੀ। ਸ੍ਰੀ ਮੁਕਤਸਰ ਸਾਹਿਬ ਵਾਂਗ ਕੋਟਕਪੂਰੇ ਦਾ ਨਾਂ ਵੀ ਸਤਿਕਾਰ ਨਾਲ ਲਿਆ ਜਾਣਾ ਸੀ। ਕਪੂਰਾ ਤਾਂ ਗੁਰੂ ਸਾਹਿਬ ਦੀਆਂ ਪੈੜਾਂ ਨੱਪਦਾ ਮੁਗ਼ਲਾਂ ਵੱਲੋਂ ਲੜ ਕੇ ਖਲਨਾਇਕ ਬਣ ਗਿਆ। ਖਿਦਰਾਣੇ ਦੀ ਢਾਬ ਮੁਕਤੀ ਦਾ ਦਰ ਬਣ ਗਈ। ਇਸ ਸਰ ਕਿਨਾਰੇ ਟੁੱਟੀ ਗੰਢੀ ਗਈ। ਆਮ ਕਿਹਾ ਜਾਂਦਾ ਹੈ ਕਿ ਟੁੱਟੀ ਰੱਸੀ ਜੋੜੀ ਜਾਵੇ ਤਾਂ ਗੰਢ ਪੈਂਦੀ ਹੈ। ਸਿਆਣਿਆਂ ਦਾ ਮਤ ਹੈ ਕਿ ਜਿੱਥੇ ਗੰਢ ਪਵੇ ਰੱਸੀ ਉੱਥੋਂ ਕਦੀ ਨਹੀਂ ਟੁੱਟਦੀ। ਕੰਚਨ-ਟਾਂਕੇ ਵਰਗੀ ਇਹ ਗੰਢ ਗੁਰੂ ਦੀ ਉਹ ਪੋਟਲੀ ਹੈ ਜਿਸ ਅੰਦਰ ਗੌਰਵਮਈ ਇਤਿਹਾਸ ਛੁਪਿਆ ਹੋਇਆ ਹੈ। ਤੱਤਾ ਲਹੂ ਭਾਵੇਂ ਤਰਲ ਪਦਾਰਥ ਹੈ ਪਰ ਇਸ ਰਾਹੀਂ ਸੰਸਾਰ ਨਾਲ ਸਦੀਵੀ ਗੰਢ ਪੈਂਦੀ ਹੈ। ਭਾਈ ਮਹਾਂ ਸਿੰਘ ਦੇ ਰਣ-ਤੱਤੇ ਵਿਚ ਡੁੱਲ੍ਹੇ ਖ਼ੂਨ ਨਾਲ ਪਈ ਪੀਚਵੀਂ ਗੰਢ ਰਹਿੰਦੀ ਦੁਨੀਆ ਤੱਕ ਖੁੱਲ੍ਹਣ ਵਾਲੀ ਨਹੀਂ ਹੈ। ਬੇਦਾਵੇ ਤੋਂ ਬਾਅਦ ਭਾਈ ਮਹਾਂ ਸਿੰਘ ਤੇ ਉਨ੍ਹਾਂ ਦਾ ਜਥਾ ਪਛਤਾਵੇ ਦੀ ਅੱਗ ਵਿਚ ਸੜ ਰਿਹਾ ਸੀ। ਅਨੰਦਪੁਰ ਸਾਹਿਬ ਵਿਚ ਵੱਜਦਾ ਰਣਜੀਤ ਨਗਾਰਾ ਉਨ੍ਹਾਂ ਦੀ ਸੁਰਤ ਨੂੰ ਝੰਜੋੜ ਰਿਹਾ ਸੀ। ਅਨੰਦਪੁਰ ਰਹਿੰਦਿਆਂ ਉਨ੍ਹਾਂ ਦੇ ਦਿਲਾਂ ਅੰਦਰੋਂ ਲਾਵਾ ਉੱਠਦਾ ਸੀ। ਇਹ ਕਿਵੇਂ ਠੰਢਾ ਪੈ ਗਿਆ, ਉਹ ਖ਼ੁਦ ਨੂੰ ਸਵਾਲ ਕਰਦੇ। ਇਸ ਨਗਰੀ ਦੀ ਟਕਸਾਲ ਵਿਚ ਘੜੇ ਜਾਂਦੇ ਸ਼ਬਦ ਭਾਂਬੜ ਮਚਾਉਂਦੇ ਰਹੇ। ਗੁਰੂ ਨਗਰੀ ਦੇ ਧੌਂਸੇ (ਨਗਾਰੇ) ਕਿਸੇ ’ਤੇ ਧੌਂਸ ਜਮਾਉਣ ਲਈ ਨਹੀਂ ਸਨ ਵੱਜਦੇ। ਇਹ ਤਾਂ ਜ਼ਾਲਮਾਂ ਨੂੰ ਵੰਗਾਰਨ ਲਈ ਵੱਜਦੇ ਸਨ। ਦੀਨ ਹੇਤ ਲੜਨ ਵਾਲੇ ਕਦੇ ਆਪਣੇ ਬਾਰੇ ਨਾ ਸੋਚਦੇ। ਫੌਲਾਦੀ ਹੌਸਲੇ ਵਾਲੇ ਬੱਬਰ ਸ਼ੇਰ ਹਰ ਤਰ੍ਹਾਂ ਦੀ ਆਫ਼ਤ ਨਾਲ ਦਸਤਪੰਜਾ ਲੈਂਦੇ। ਅਤੀਤ ਉਨ੍ਹਾਂ ਦੇ ਖ਼ੂਨ ਨੂੰ ਉਬਾਲਾ ਦਿੰਦਾ। ਗੁਰ-ਪਿਤਾ ਦੇ ਸਾਏ ਤੋਂ ਮਹਿਰੂਮ ਸਿੰਘਾਂ ਦੀ ਜ਼ਮੀਰ ਝੰਜੋੜੀ ਗਈ। ਭਾਈ ਮਹਾਂ ਸਿੰਘ ਨੇ ਪ੍ਰਣ ਲਿਆ ਕਿ ਪਰਲੋਕ ਗਮਨ ਤੋਂ ਪਹਿਲਾਂ ਉਹ ਬੇਦਾਵਾ ਪੜਵਾ ਕੇ ਰਹੇਗਾ। ਪੋਹ ਦੇ ਕੱਕਰ ਵਿਚ ਉਹ ਜੰਗਲ-ਬੇਲਿਆਂ ਦੀ ਮਿੱਟੀ ਛਾਣਦੇ ਹੋਏ ਖਿਦਰਾਣੇ ਦੀ ਢਾਬ ਪਹੁੰਚੇ ਸਨ। ਪਹਿਲੀ ਮਾਘ ਵਾਲੇ ਦਿਨ ਗੁਰੂ ਦੀ ਨਿੱਘੀ ਗੋਦ ਭਾਈ ਮਹਾਂ ਸਿੰਘ ਦਾ ਇੰਤਜ਼ਾਰ ਕਰ ਰਹੀ ਸੀ। ਸਹਿਕ ਰਹੇ ਭਾਈ ਮਹਾਂ ਸਿੰਘ ਦੇ ਚਿਹਰੇ ਨੂੰ ਕੋਸੀਆਂ ਕਿਰਨਾਂ ਚੁੰਮ ਰਹੀਆਂ ਸਨ। ਗੁਰੂ ਨੇ ਆਪਣੇ ਸਿੰਘ ਨੂੰ ਆਖ਼ਰੀ ਇੱਛਾ ਪੁੱਛੀ। ਭਾਈ ਮਹਾਂ ਸਿੰਘ ਦੇ ਬੁੱਲ੍ਹ ਫਰਫਰਾਏ-ਗੁਰੂ ਜੀ ਬੇਦਾਵਾ ਪਾੜ ਦਿਉ। ਗੁਰੂ ਜੀ ਦਾ ਦਿਲ ਪਸੀਜ ਗਿਆ। ਉਨ੍ਹਾਂ ਨੇ ਬੇਦਾਵਾ ਖੀਸੇ ’ਚੋਂ ਕੱਢਿਆ। ਪੁਰਜਾ-ਪੁਰਜਾ ਕੱਟ ਮਰਨ ਵਾਲਿਆਂ ਦਾ ਲਿਖਿਆ ਬੇਦਾਵਾ ਪੁਰਜਾ-ਪੁਰਜਾ ਕਰ ਦਿੱਤਾ। ਦੁਨੀਆ ਦੇ ਇਤਿਹਾਸ ਵਿਚ ਟੁੱਟੀ ਗੰਢਣ ਦੀ ਇਹ ਵਿਲੱਖਣ ਦਾਸਤਾਨ ਹੈ। ‘ਟੂਟੀ ਗਾਢਨਹਾਰ ਗੋਪਾਲ’ ਨੇ ਚਾਲੀ ਜਾਂਬਾਜ਼ਾਂ ਨੂੰ ਜੋਤ ਵਿਚ ਜੋਤ ਮਿਲਾ ਕੇ ਜਨਮ-ਮਰਨ ਦੇ ਚੱਕਰ ਤੋਂ ਮੁਕਤ ਕਰ ਦਿੱਤਾ। ‘‘ਟੂਟੀ ਤੰਤ, ਨਾ ਬਜੈ ਰਬਾਬ।’’ ਰਬਾਬ ਦੀਆਂ ਟੁੱਟੀਆਂ ਤੰਦਾਂ ਜੋੜਨ ਨਾਲ ਇਲਾਹੀ ਤਰਬਾਂ ਛਿੜ ਪਈਆਂ। ਇਸ ਗੰਢ ਨੇ ‘ਟੂਟੀ ਜਮ ਕੀ ਫਾਸੀ’’ ਵਾਂਗ ਉਨ੍ਹਾਂ ਨੂੰ ਜਮਰਾਜ ਕੋਲੋਂ ਮੁਕਤ ਕਰ ਲਿਆ। ਭਗੌੜੇ ਹੋ ਗਏ ਸਿੰਘਾਂ ਨੂੰ ਅਰਦਾਸ ਵਿਚ ਥਾਂ ਮਿਲੀ। ਲਾਸਾਨੀ ਸ਼ਹਾਦਤਾਂ ਤੋਂ ਬਾਅਦ ਦੀਨਾ-ਕਾਂਗੜ ਵਿਖੇ ਚੱਲੀ ਕਲਮ ਨੇ ਸੁੱਤੀ ਅਣਖ ਨੂੰ ਜਗਾਉਣ ਦਾ ਕੰਮ ਕੀਤਾ। ਜ਼ਾਲਮ ਮੁਗ਼ਲ ਸ਼ਹਿਨਸ਼ਾਹ ਔਰੰਗਜ਼ੇਬ ਨੇ ਜ਼ਫ਼ਰਨਾਮਾ ਪੜ੍ਹ ਕੇ ਖ਼ੁਦ ਨੂੰ ਲਾਹਨਤਾਂ ਪਾਈਆਂ। ਸਿੱਖਾਂ ਦੀ ਅਲਖ ਮੁਕਾਉਣ ਦੇ ਮਨੋਰਥ ਨਾਲ ਜ਼ੁਲਮ-ਸਿਤਮ ਕਰਨ ਵਾਲਾ ਪਛਤਾਵੇ ਦੀ ਅੱਗ ਵਿਚ ਝੁਲਸ ਕੇ ਔਰੰਗਾਬਾਦ ਵਿਖੇ ਅੱਲ੍ਹਾ ਨੂੰ ਪਿਆਰਾ ਹੋ ਗਿਆ। ਬਾਜ਼ਾਂ ਵਾਲੇ ਨੇ ਬਰਾਸਤਾ ਦੀਨਾ-ਕਾਂਗੜ ਸਾਬੋ ਕੀ ਤਲਵੰਡੀ ਦਮ ਲਿਆ। ਸਰਬੰਸ ਦਾਨ ਕਰ ਕੇ ਵੀ ਰੱਬ ਨਾਲ ਲਿਵ ਜੁੜੀ ਰਹੀ। ਤਲਵੰਡੀ ਸਾਬੋ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਭਾਈ ਮਨੀ ਸਿੰਘ ਜੀ ਕੋਲੋਂ ਲਿਖਵਾਈ। ਇਸ ਵਿਚ ਪਿਤਾ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਅੰਕਿਤ ਕਰਵਾ ਕੇ ਬੀੜ ਨੂੰ ਸੰਪੂਰਨ ਕਰਵਾਇਆ। ਇਸੇ ਬੀੜ ਨੂੰ ਨਾਂਦੇੜ, ਅਬਚਲ ਨਗਰੀ ਵਿਖੇ ਗੁਰਿਆਈ ਮਿਲੀ। ਜੋਤੀ ਜੋਤ ਸਮਾਉਣ ਤੱਕ ਕਲਮ ਤੇ ਕਿਰਪਾਨ ਗੁਰੂ ਗੋਬਿੰਦ ਸਿੰਘ ਦੇ ਅੰਗ-ਸੰਗ ਰਹੀ। ਪੰਜ ਕਕਾਰਾਂ ਤੋਂ ਇਲਾਵਾ ਛੇਵਾਂ ਕਕਾਰ ਕਲਮ ਅਕਸਰ ਯਾਦ ਨਹੀਂ ਆਉਂਦਾ। ਮਾਛੀਵਾੜੇ ਦੇ ਜੰਗਲਾਂ ਵਿਚ ਵੀ ਇਸ ਕਕਾਰ ਦੀ ਬਦੌਲਤ ਕਲਗੀਆਂ ਵਾਲੇ ਦਾ ਸੱਚੇ ਰੱਬ ਨਾਲ ਸੰਵਾਦ ਹੋਇਆ ਸੀ। ਨੌਵੇਂ ਪਾਤਸ਼ਾਹ ਦੀ ਇਕਲੌਤੀ ਸੰਤਾਨ ਸਵਾ ਲੱਖ ਵਾਂਗ ਜ਼ਾਲਮਾਂ ਦੇ ਆਹੂ ਲਾਹੁੰਦੀ ਰਹੀ। ਵੱਡੇ ਸਾਹਿਬਜ਼ਾਦੇ ਵੀ ਸਵਾ-ਸਵਾ ਲੱਖ ਫ਼ੌਜਾਂ ਨਾਲ ਟੱਕਰਦੇ ਰਹੇ। ਛੋਟੇ ਸਾਹਿਬਜ਼ਾਦੇ ਨੀਹਾਂ ਵਿਚ ਚਿਣੇ ਜਾਣ ਤੋਂ ਬਾਅਦ ਸਿੱਖੀ ਦੀਆਂ ਨੀਹਾਂ ਪੱਕੀਆਂ ਕਰ ਗਏ। ਅਬਚਲ ਨਗਰ ਜਾ ਕੇ ਵੀ ਦਸਮੇਸ਼ ਪਿਤਾ ਨੇ ਜ਼ੁਲਮ ਖ਼ਿਲਾਫ਼ ਜੰਗ ਜਾਰੀ ਰੱਖੀ। ਲਛਮਣ ਦਾਸ/ ਮਾਧੋ ਦਾਸ ਨੂੰ ਖੰਡੇ-ਬਾਟੇ ਦੀ ਪਹੁਲ ਛਕਾ ਕੇ ਬੈਰਾਗੀ ਤੋਂ ਗੁਰਬਖ਼ਸ਼ ਸਿੰਘ (ਬਾਬਾ ਬੰਦਾ ਬਹਾਦਰ) ਬਣਾ ਦਿੱਤਾ ਜਿਸ ਨੇ ਉਸ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ ਜਿੱਥੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿਚ ਚਿਣਿਆ ਗਿਆ ਸੀ। ‘ਗ਼ਰੀਬ ਦੀ ਰੱਖਿਆ, ਜਰਵਾਣੇ ਦੀ ਭਖਿਆ’ ਦੇ ਨਾਅਰੇ ਨੇ ਮੁਗ਼ਲ ਸਲਤਨਤ ਦੀਆਂ ਜੜ੍ਹਾਂ ਪੁੱਟਣ ਦਾ ਕਾਰਜ ਨਿਭਾਇਆ। ਅਧਰਮੀ ਪ੍ਰਵਿਰਤੀਆਂ ਦੇ ਸੰਘਾਰ ਦਾ ਆਗਾਜ਼ ਹੋਇਆ। ਸਰਬਲੋਹ ਨਾਲ ਘੋਲਿਆ ਅੰਮ੍ਰਿਤ ਛਕ ਕੇ ਨਿਮਾਣਿਆਂ ਨੂੰ ਮਾਣ ਤੇ ਨਿਤਾਣਿਆਂ ਨੂੰ ਤਾਣ ਮਿਲਣ ਲੱਗਾ। ‘ਚਰਣ ਪਹੁਲ’ ਤੋਂ ‘ਖੰਡੇ ਦੀ ਪਹੁਲ’ ਤੱਕ ਦੇ ਸਫ਼ਰ ਨੇ ਕ੍ਰਾਂਤੀ ਦੇ ਬੀਜ ਬੋਏ। ਇਸੇ ਲਈ ਭਾਈ ਮਹਾਂ ਸਿੰਘ ਤੇ ਉਨ੍ਹਾਂ ਦਾ ਜਥਾ ਵਿਛੜ ਕੇ ਵੀ ਗੁਰੂ ਨਾਲ ਮਨੋਂ ਜੁੜਿਆ ਰਿਹਾ ਸੀ। ਅਜਿਹਾ ਨਾ ਹੁੰਦਾ ਤਾਂ ਟੁੱਟੀ ਨੂੰ ਜੋੜਨ ਵੇਲੇ ਪਈ ਗੰਢ ਰੜਕਣੀ ਸੀ। ਇਸ ਗੰਢ ਨੇ ਸੁੱਤੇ ਨਸੀਬਾਂ ਨੂੰ ਜਗਾਉਣ ਦਾ ਕਾਰਜ ਕੀਤਾ। ਘਰ-ਘਰ ਮਸ਼ਾਲਾਂ ਜਗਾਈਆਂ ਜਿਹੜੀਆਂ ਜ਼ੁਲਮ ਦੀ ਹਨੇਰੀ ’ਚ ਵੀ ਲਟਲਟ ਬਲਦੀਆਂ ਹਨ।