ਉਰਦੂ ਸ਼ਾਇਰੀ ਦਾ ਆਫ਼ਤਾਬ (ਪੰਜਾਬੀ ਜਾਗਰਣ –– 21st January, 2024)
ਵਰਿੰਦਰ ਵਾਲੀਆ
ਉਰਦੂ ਦੇ ਅਜ਼ੀਮ ਸ਼ਾਇਰ ਮੁਨੱਵਰ ਰਾਣਾ ਦੇ ਨਾਂ ਪਿੱਛੇ ‘ਸੀ’ ਨਹੀਂ ਲਿਖਿਆ ਜਾ ਸਕਦਾ। ਉਸ ਵਰਗੇ ਅਵਾਮੀ ਸ਼ਾਇਰ ਕਦੇ-ਕਦੇ ਜੰਮਦੇ ਹਨ ਤੇ ਮਰਦੇ ਕਦੇ ਵੀ ਨਹੀਂ। ਉਹ ਤਾਂ ਆਪਣੀ ਅਮਿੱਟ ਸ਼ਾਇਰੀ ਸਦਕਾ ਉਹ ਲੋਕਾਂ ਦੇ ਦਿਲਾਂ ਦੀ ਧੜਕਣ ਬਣੇ ਰਹਿੰਦੇ ਹਨ। ਉਸ ਦਾ ਕਲਾਮ ਇਨਸਾਨੀ ਕਦਰਾਂ-ਕੀਮਤਾਂ ਦੀ ਤਰਜਮਾਨੀ ਕਰਦਾ ਹੈ। ਵਿਰੋਧਾਭਾਸਾਂ ਤੇ ਵਿਸੰਗਤੀਆਂ ਦੀ ਉਸ ਨੇ ਬਾਕਮਾਲ ਤਸਵੀਰਕਸ਼ੀ ਕੀਤੀ ਹੈ। ਸਮਾਜ ਦਾ ਰੋਜ਼ਨਾਮਚਾ ਉਸ ਦੀ ਸ਼ਾਇਰੀ ’ਚੋਂ ਤਲਾਸ਼ਿਆ ਜਾ ਸਕਦਾ ਹੈ। ਦੇਸ਼ ਦੀ ਵੰਡ ਦੇ ਨਾਲ ਉਸ ਦਾ ਪਰਿਵਾਰ ਵੀ ਵੰਡਿਆ ਗਿਆ ਸੀ। ਉਸ ਦੇ ਪਿਤਾ ਨੂੰ ਜੜ੍ਹਾਂ ਨਾਲੋਂ ਟੁੱਟ ਕੇ ਮੁਹਾਜਿਰ ਅਖਵਾਉਣਾ ਗਵਾਰਾ ਨਹੀਂ ਸੀ ਤੇ ਉਸ ਨੇ ਭਾਰਤ ਵਿਚ ਰਹਿਣ ਦਾ ਫ਼ੈਸਲਾ ਕੀਤਾ। ਦੇਸ਼ ਦੀ ਤਕਸੀਮ ਤੋਂ ਪੰਜ ਸਾਲ ਬਾਅਦ 26 ਨਵੰਬਰ 1952 ਨੂੰ ਉੱਤਰ ਪ੍ਰਦੇਸ਼ ਦੇ ਨਗਰ ਰਾਏਬਰੇਲੀ ’ਚ ਮੁਨੱਵਰ ਰਾਣਾ ਨੇ ਅੱਖਾਂ ਖੋਲ੍ਹੀਆਂ। ਦੇਸ਼ ਵਾਂਗ ਖ਼ਾਨਦਾਨ ਦਾ ਤਕਸੀਮ ਹੋਣਾ ਉਸ ਨੂੰ ਤਾਉਮਰ ਸਤਾਉਂਦਾ ਰਿਹਾ। ਉਸ ਦੀ ਕਲਮ ਕੀਰਨੇ ਪਾਉਣ ਲੱਗੀ। ਬਕੌਲ ਮੁਨੱਵਰ ਰਾਣਾ, ਸਿਆਸਤ ਦੀ ਬਿਸਾਤ ’ਤੇ ਦੁਨੀਆ ਦੀ ਜ਼ਹੀਨ ਕੌਮ ਮੋਹਰਾ ਬਣ ਕੇ ਰਹਿ ਗਈ।
ਤਕਸੀਮ ਦੇ ਖੇਲ ’ਚ ਪਾਕਿਸਤਾਨ ਜਿੱਤ ਗਿਆ ਪਰ ਮੁਸਲਮਾਨ ਹਾਰ ਗਏ। ਇਹ ਕੈਸਾ ਜ਼ਖ਼ਮ ਸੀ ਜਿਸ ਦੀ ਕਸਕ ਹਰ ਮਰਨ ਵਾਲੇ ਦੇ ਚਿਹਰੇ ਤੋਂ ਉਤਰ ਕੇ ਪੈਦਾ ਹੋਣ ਵਾਲੇ ਦੇ ਚਿਹਰੇ ’ਤੇ ਚਿਪਕ ਜਾਂਦੀ ਹੈ। ਇਹ ਦਰਦ ਪੀੜ੍ਹੀ-ਦਰ-ਪੀੜ੍ਹੀ ਮਹਿਸੂਸ ਹੁੰਦਾ ਰਹੇਗਾ। ਇਹ ਕੇਹੀ ਸ਼ਰਮਿੰਦਗੀ ਸੀ ਜਿਸ ਨੂੰ ਤਿੰਨ ਪੀੜ੍ਹੀਆਂ ਦੇ ਹੰਝੂ ਵੀ ਧੋ ਨਾ ਸਕੇ। ਗ਼ਜ਼ਲ ਨੇ ਮਰਸੀਏ ਦਾ ਰੂਪ ਧਾਰ ਲਿਆ। ਇਸ ਕਸਕ ਦੀ ਹੂਕ ਮੁਨੱਵਰ ਰਾਣਾ ਦੇ ਕਲਾਮ ’ਚੋਂ ਸੁਣੀ ਜਾ ਸਕਦੀ ਹੈ। ਉਹ ਪਹਿਲਾ ਸ਼ਾਇਰ ਹੈ ਜਿਸ ਨੇ ਮੁਸ਼ਾਇਰਿਆਂ ਵਿਚ ਮਾਂ ਦੀ ਸਭ ਤੋਂ ਵੱਧ ਹਾਜ਼ਰੀ ਲਗਵਾਈ। ਉਹ ਮਾਣ ਨਾਲ ਕਹਿੰਦੇ : ‘‘ਮਾਮੂਲੀ ਏਕ ਕਲਮ ਸੇ ਕਹਾਂ ਤਕ ਘਸੀਟ ਲਾਏ ਹਮ ਇਸ ਗ਼ਜ਼ਲ ਕੋ ਕੋਠੇ ਸੇ ਮਾਂ ਤਕ ਘਸੀਟ ਲਾਏ।’’ ‘‘ਮੈਨੇ ਜ਼ੰਨਤ ਤੋ ਨਹੀਂ ਦੇਖੀ ਹੈ ਮਾਂ ਦੇਖੀ ਹੈ’’ ਵਰਗਾ ਮਕਬੂਲ ਸ਼ਿਅਰ ਕਹਿਣ ਵਾਲੇ ਦੀ ਮਾਂ ਦਾ ਜਦੋਂ ਦੇਹਾਂਤ ਹੋਇਆ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਸ ਨੂੰ ਸ਼ਰਧਾਂਜਲੀ ਵਜੋਂ ਭਾਵੁਕ ਚਿੱਠੀ ਲਿਖੀ ਸੀ। ਵਿਵਾਦਾਂ ਨਾਲ ਘਿਰੇ ਰਹਿਣ ਵਾਲੇ ਮੁਨੱਵਰ ਰਾਣਾ ਨੇ ਜਦੋਂ ਪੱਤਰ ਪੜਿ੍ਹਆ ਤਾਂ ਉਨ੍ਹਾਂ ਦੇ ਦੀਦੇ ਛਲਕ ਪਏ ਸਨ। ਸੱਤਾ ਅਤੇ ਸੱਤਾਧਾਰੀਆਂ ਖ਼ਿਲਾਫ਼ ਅੱਗ ਉਗਲਣ ਵਾਲਾ ਜਜ਼ਬਾਤੀ ਹੋ ਕੇ ਪ੍ਰਧਾਨ ਮੰਤਰੀ ਨੂੰ ਮਿਲਣ ਚਲਾ ਗਿਆ। ਮੋਦੀ ਨੇ 20 ਕੁ ਮਿੰਟ ਦੀ ਮੁਲਾਕਾਤ ਦੌਰਾਨ ਮੁਨੱਵਰ ਨਾਲ ਜਜ਼ਬਾਤੀ ਸਾਂਝ ਹੋਰ ਪੀਢੀ ਕਰ ਲਈ। ਜਦੋਂ ਪ੍ਰਧਾਨ ਮੰਤਰੀ ਦੇ ਮਾਤਾ ਅਕਾਲ ਚਲਾਣਾ ਕਰ ਗਏ ਤਾਂ ਮੁਨੱਵਰ ਹੋਰ ਭਾਵੁਕ ਹੋ ਗਏ। ਦੁੱਖ ਦਾ ਇਜ਼ਹਾਰ ਕਰਦਿਆਂ ਮੁਨੱਵਰ ਨੇ ਕਿਹਾ, ‘‘ਮਾਂ ਤਾਂ ਮਾਂ ਹੁੰਦੀ ਹੈ। ਅੱਜ ਫਿਰ ਮੇਰੀ ਮਾਂ ਦਾ ਦੇਹਾਂਤ ਹੋ ਗਿਆ ਹੈ।’’ ਰਾਣਾ ਨੇ ਕਿਹਾ ਕਿ ਹੁਣ ਮੋਦੀ ਨੂੰ ਫੂਕ-ਫੂਕ ਕੇ ਕਦਮ ਰੱਖਣਾ ਹੋਵੇਗਾ ਕਿਉਂਕਿ ਹੁਣ ਹਮੇਸ਼ਾ ਉਨ੍ਹਾਂ ਲਈ ਸੱਚੇ ਮਨੋਂ ਅਰਦਾਸ ਕਰਨ ਵਾਲੀ ਮਾਂ ਇਸ ਦੁਨੀਆ ਵਿਚ ਨਹੀਂ ਰਹੀ।’’ ਮੁਨੱਵਰ ਦੇ ਦੇਹਾਂਤ ’ਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਰਦੂ ਸ਼ਾਇਰੀ ਵਿਚ ਮਾਂ ਨੂੰ ਉੱਚਾ ਰੁਤਬਾ ਦੇਣ ਵਾਲਾ ਮਹਾਨ ਸ਼ਾਇਰ ਸਦਾ ਲਈ ਅਲਵਿਦਾ ਕਹਿ ਗਿਆ ਹੈ। ਮੁਨੱਵਰ ਰਾਣਾ ਦੀ ਸ਼ੈਲੀ ਵਿਚ ਸਹਿਜਤਾ ਹੈ। ਆਮ ਬੋਲਚਾਲ ਦੀ ਭਾਸ਼ਾ ਵਿਚ ਉਹ ਵੱਡੀ ਤੋਂ ਵੱਡੀ ਗੱਲ ਕਹਿ ਜਾਂਦੇ। ਸਿਆਸਤਦਾਨਾਂ ਦੀਆਂ ਕੋਝੀਆਂ ਚਾਲਾਂ ਨੂੰ ਕੋਸਦਿਆਂ ਉਹ ਬੇਬਾਕ ਟਿੱਪਣੀਆਂ ਕਰਦੇ। ਗੰਗਾ-ਯਮੁਨੀ ਤਹਿਜ਼ੀਬ ਦੇ ਉਹ ਕਾਇਲ ਸਨ। ਦੰਗੇ-ਫਸਾਦ ਤੇ ਖ਼ੂਨ-ਖ਼ਰਾਬਾ ਮੁਨੱਵਰ ਨੂੰ ਬੇਚੈਨ ਕਰਦਾ। ਉਨ੍ਹਾਂ ਦੇ ਸ਼ਿਅਰਾਂ ਦੀ ਨਸ਼ਤਰੀ ਚੋਭ ਨਾਲ ਸੱਤਾਧਾਰੀ ਬੇਚੈਨ ਹੁੰਦੇ। ਉਨ੍ਹਾਂ ਦਾ ਇਕ ਸ਼ਿਅਰ ਆਤਮਸਾਤ ਕਰੋ, ‘‘ਬੜਾ ਗਹਰਾ ਤਾਅਲੁਕ ਹੈ ਸਿਯਾਸਤ ਸੇ ਤਬਾਹੀ ਕਾ/ਕੋਈ ਭੀ ਸ਼ਹਰ ਜਲਦਾ ਹੈ ਤੋ ਦਿੱਲੀ ਮੁਸਕਰਾਤੀ ਹੈ।’’ ਮੁਨੱਵਰ ਦੀ ਤਿੱਖੀ ਸੁਰ ਕਾਰਨ ਕਈ ਉਸ ਨੂੰ ਫ਼ਿਰਕਾਪ੍ਰਸਤ ਕਹਿ ਕੇ ਵੀ ਭੰਡਦੇ ਰਹੇ। ਮੁਨੱਵਰ ਦਾ ਸ਼ਾਇਰੀ ’ਚ ਦਿੱਤਾ ਜਵਾਬ ਅਜਿਹੀ ਆਲੋਚਨਾ ਨੂੰ ਖੁੰਢਿਆਂ ਕਰ ਦਿੰਦਾ, ‘‘ਮਦੀਨੇ ਤਕ ਸੇ ਹਮਨੇ ਮੁਲਕ ਕੀ ਖ਼ਾਤਿਰ ਦੁਆ ਮਾਂਗੀ/ਕਿਸੀ ਸੇ ਪੂਛ ਲੇ ਇਸ ਕੋ ਵਤਨ ਕਾ ਦਰਦ ਕਹਿਤੇ ਹੈਂ।’’ ਫ਼ਿਰਕਾਪ੍ਰਸਤੀ ਦੀਆਂ ਡੂੰਘੀਆਂ ਜੜ੍ਹਾਂ ਬਾਰੇ ਮੁਨੱਵਰ ਦਾ ਸ਼ਿਅਰ ਹੈ, ‘‘ਸ਼ੱਕਰ ਫ਼ਿਰਕਾਪ੍ਰਸਤੀ ਕੀ ਤਰਹ ਰਹਿਤੀ ਹੈ ਨਸਲੋਂ ਤਕ/ਯੇ ਬੀਮਾਰੀ ਕਰੇਲੇ ਔਰ ਜਾਮੁਨ ਸੇ ਨਹੀਂ ਜਾਤੀ।’’ ਮੁਨੱਵਰ ਦੀ ਤਿੱਖੀ ਸੁਰ ਨੇ ਦੋਸਤਾਂ ਨਾਲੋਂ ਵੱਧ ਦੁਸ਼ਮਣ ਬਣਾਏ ਸਨ। ਸਿਆਸਤਦਾਨਾਂ ਵੱਲੋਂ ਚਲਾਏ ਜਾਂਦੇ ਸ਼ਬਦੀ-ਬਾਣ ਕਈ ਵਾਰ ਉਸ ਨੂੰ ਪਰੇਸ਼ਾਨ ਕਰਦੇ। ਇਹ ਦਰਦ ਮੁਨੱਵਰ ਦੀ ਸ਼ਾਇਰੀ ’ਚੋਂ ਵੀ ਝਲਕਦਾ, ‘‘ਹਮ ਪਰਿੰਦੋਂ ਕੀ ਤਰਹ ਉੜ ਕੇ ਤੋ ਜਾਨੇ ਸੇ ਰਹੇ/ਇਸ ਜਨਮ ਮੇਂ ਤੋ ਨਹੀਂ ਬਦਲੇਂਗੇ ਠਿਕਾਨਾ ਅਪਨਾ।’’ ਮੁਨੱਵਰ ਨੂੰ ਰਾਏਬਰੇਲੀ ਵਿਚ ਬਿਤਾਇਆ ਬਚਪਨ ਤੇ ਕਲਕੱਤਾ ਵਿਚ ਬਿਤਾਏ ਜਵਾਨੀ ਦੇ ਦਿਨ ਰਹਿ-ਰਹਿ ਕੇ ਯਾਦ ਆਉਂਦੇ ਸਨ। ਉਸ ਦਾ ਛੋਟਾ ਭਰਾ ਯੱਹਿਯਾ ਰਾਣਾ ਜਵਾਨੀ ਵਿਚ ਇਕ ਜੀਪ ਹਾਦਸੇ ਵਿਚ ਮਾਲਿਕੇ ਹਕੀਕੀ ਨੂੰ ਜਾ ਮਿਲਿਆ ਤਾਂ ਪੂਰੇ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਸੀ। ਮਾਂ-ਬਾਪ ਦੀਆਂ ਅੱਖਾਂ ਵਿਚ ਦਹਿਸ਼ਤ ਦਾ ਸਦੀਵੀ ਵਾਸਾ ਹੋ ਗਿਆ। ਰਾਣਾ ਨੇ ਪਿਤਾ-ਪੁਰਖੀ ਟਰਾਂਸਪੋਰਟ ਦਾ ਕਿੱਤਾ ਸੰਭਾਲ ਲਿਆ। ਉਹ ਜਦ ਤੱਕ ਘਰ ਨਾ ਪੁੱਜਦਾ ਮਾਂ-ਬਾਪ ਨੂੰ ਸਹਿਮ ਘੇਰੀ ਰੱਖਦਾ। ਉਸ ਦਾ ਪਿਤਾ ਰਾਤ ਦੇ ਸਫ਼ਰ ਤੋਂ ਮਨ੍ਹਾਂ ਕਰਦਾ। ਮੁਨੱਵਰ ਲਿਖਦਾ ਹੈ, ‘‘ਟਰਾਂਸਪੋਰਟ ਦੇ ਕੰਮ ਵਿਚ ਕੈਲੰਡਰ ’ਤੇ ਲਾਲ ਸਿਆਹੀ ਦਾ ਇਸਤੇਮਾਲ ਨਹੀਂ ਕੀਤਾ ਜਾਂਦਾ ਅਤੇ ਜਦੋਂ ਤੱਕ ਹੈੱਡਲਾਈਟ ਸਾਥ ਦੇਵੇ ਰਾਤ ਨੂੰ ਰਾਤ ਨਹੀਂ ਕਿਹਾ ਜਾਂਦਾ।’’ ਰਾਤਾਂ ਦਾ ਇਹ ਸਫ਼ਰ ਮੁਨੱਵਰ ਦੇ ਅੱਬੂ ਨੂੰ ਸੌਣ ਨਾ ਦਿੰਦਾ।’’ ਟਰੱਕ ਦੇ ਸਟੀਅਰਿੰਗ ’ਤੇ ਰਹਿਣ ਵਾਲਾ ਅਤੇ ਸਮੁੰਦਰ ਦੀਆਂ ਲਹਿਰਾਂ ’ਤੇ ਚੱਲਣ ਵਾਲਾ ਮੁਸਾਫ਼ਰ ਹੁਣ ਨਦੀ ਦੇ ਕਿਨਾਰੇ ਬੈਠ ਕੇ ਵੁਜ਼ੂ ਕਰਨ ਤੋਂ ਵੀ ਤ੍ਰਹਿੰਦਾ। ਫਿਰ ਸਦੀ ਦੇ ਬਦਲਣ ਨਾਲ ਮਾਂ ਦੀ ਵੀਣੀ ’ਤੇ ਪਾਈਆਂ ਚੂੜੀਆਂ ਵੀ ਟੁੱਟ ਗਈਆਂ। ਕੁਝ ਸਾਲਾਂ ਬਾਅਦ ਗ਼ਜ਼ਲਾਂ ’ਚ ਧੜਕਦੀ ਮਾਂ ਵੀ ਸਪੁਰਦ-ਏ-ਖ਼ਾਕ ਹੋ ਗਈ। ਯਤੀਮ ਹੋਣ ਤੋਂ ਬਾਅਦ ਮੁਨੱਵਰ ਬੇਹੱਦ ਉਦਾਸ ਰਹਿਣ ਲੱਗਾ। ਮਾਂ ਨੂੰ ਯਾਦ ਕਰਦਿਆਂ ਉਸ ਦੀਆਂ ਅੱਖਾਂ ਡਲ੍ਹਕ ਪੈਂਦੀਆਂ। ਇਸ ਦੇ ਬਾਵਜੂਦ ਮੁਨੱਵਰ ਦੀ ਸ਼ਾਇਰੀ ਦਾ ਤਿੱਖਾਪਣ ਕਦੇ ਨਾ ਘਟਿਆ। ਉਹ ਸਿਆਸਤਦਾਨਾਂ ਨੂੰ ਆੜੇ ਹੱਥੀਂ ਲੈਂਦਾ ਰਿਹਾ। ਬੇਦੋਸ਼ਿਆਂ ਦਾ ਖ਼ੂਨ ਡੁੱਲ੍ਹਦਾ ਤਾਂ ਉਹ ਉਸ ਨੂੰ ਕਦੇ ਨਾ ਭੁੱਲਦਾ। ਸੰਗਠਿਤ ਦੰਗਿਆਂ ਪਿੱਛੇ ਰਚੀਆਂ ਸਾਜ਼ਿਸ਼ਾਂ ਨੂੰ ਜੱਗ ਜ਼ਾਹਰ ਕਰਦਾ। ਕੋਈ ਵੀ ਮੁਸ਼ਾਇਰਾ ਰਾਣਾ ਦੀ ਸ਼ਮੂਲੀਅਤ ਬਿਨਾਂ ਅਧੂਰਾ ਲੱਗਦਾ। ਉਸ ਦਾ ਅੰਦਾਜ਼-ਏ-ਬਿਆਨ ਮੁਸ਼ਾਇਰਾ ਲੁੱਟ ਲੈਂਦਾ। ਦੰਗਿਆਂ ਬਾਰੇ ਉਸ ਦਾ ਸ਼ਿਅਰ ਵੇਖੋ,‘‘ਲਹੂ ਕੈਸੇ ਬਹਾਯਾ ਜਾਏ ਯੇ ਲੀਡਰ ਬਤਾਤੇ ਹੈਂ/ਲਹੂ ਕਾ ਜ਼ਾਇਕਾ ਕੈਸਾ ਹੈ ਯੇ ਖਾਦੀ ਬਤਾਤੀ ਹੈ।’’ ਇਸ ਤਰ੍ਹਾਂ ਦਾ ਇਕ ਹੋਰ ਸ਼ਿਅਰ ਸੰਵੇਦਨਾ ਨੂੰ ਟੁੰਬਦਾ ਹੈ, ‘‘ਕਿਸੀ ਭੀ ਚਿਹਰੇ ਕੋ ਦੇਖੋ ਗੁਲਾਲ ਹੋਤਾ ਹੈ/ਤੁਮ੍ਹਾਰੇ ਸ਼ਹਰ ਮੇਂ ਪੱਥਰ ਭੀ ਲਾਲ ਹੋਤਾ ਹੈ।’’ ਮੌਤ ਅਟੱਲ ਹੈ, ਇਸ ਦਾ ਮੁਨੱਵਰ ਵਾਰ-ਵਾਰ ਇਜ਼ਹਾਰ ਕਰਦਾ ਰਿਹਾ। ਇਸ ਵਰਤਾਰੇ ਬਾਰੇ ਉਹ ਲਿਖਦਾ ਹੈ, ‘‘ਸਬ ਓੜ ਲੇਂਗੇ ਮਿੱਟੀ ਕੀ ਚਾਦਰ ਕੋ ਏਕ ਦਿਨ/ਦੁਨੀਆ ਕਾ ਹਰ ਚਿਰਾਗ਼ ਹਵਾ ਕੀ ਨਜ਼ਰ ਮੇਂ ਹੈ।’’ ਇਸ ਸਭ ਦੇ ਬਾਵਜੂਦ ਮੁਨੱਵਰ ਲੰਬੀ ਅਓਧ ਹੰਢਾਉਣਾ ਚਾਹੁੰਦਾ ਸੀ। ਉਸ ਦਾ ਸ਼ਿਅਰ ਹੈ, ‘‘ਮੇਰੀ ਖ੍ਵਾਹਿਸ਼ ਕਿ ਮੈਂ ਰੋਸ਼ਨੀ ਬਾਂਟੂੰ ਸਬ ਕੋ/ਜ਼ਿੰਦਗੀ ਤੂਨੇ ਬਹੁਤ ਜਲਦ ਬੁਝਾਯਾ ਮੁਝਕੋ।’’ ਉਹ ਆਖ਼ਰੀ ਦਮ ਤੱਕ ਆਮ ਆਦਮੀ ਨਾਲ ਜੁੜੇ ਸਰੋਕਾਰਾਂ ਨਾਲ ਜੁੜਿਆ ਰਿਹਾ। ਆਪਣੇ ਗ਼ਜ਼ਲੀਯਾ ਅੰਦਾਜ਼ ਵਿਚ ਉਹ ਫੁੱਟਪਾਥਾਂ ’ਤੇ ਸੌਣ ਵਾਲਿਆਂ ਤੇ ਅਮੀਰਾਂ ਦੀ ਵਿਸੰਗਤੀ ਨੂੰ ਬਿਆਨ ਕਰਦਾ ਹੈ, ‘‘ਸੌਂ ਜਾਤੇ ਹੈਂ ਫੁਟਪਾਥ ਪੇ ਅਖ਼ਬਾਰ ਵਿਛਾ ਕਰ/ਮਜ਼ਦੂਰ ਕਭੀ ਨੀਂਦ ਕੀ ਗੋਲੀ ਨਹੀਂ ਖਾਤੇ।’’ ਇਨਸਾਨੀਅਤ ਦੀ ਆਨ, ਬਾਨ ਤੇ ਸ਼ਾਨ ਨੂੰ ਸਿਜਦਾ ਕਰਨ ਵਾਲਾ ਅਜਿਹਾ ਸ਼ਾਇਰ ਯੁੱਗ-ਪੁਰਸ਼ ਵਰਗਾ ਹੁੰਦਾ ਹੈ। ਅਜਿਹਾ ਇੰਦਰਧਨੁਸ਼ੀ ਕਲਾਮ ਉਹ ਹੀ ਲਿਖ ਸਕਦਾ ਹੈ ਜਿਸ ਦੀ ਕਲਪਨਾ ਉਡਾਰੀ ਅੰਬਰਾਂ ਨੂੰ ਚੀਰਦੀ ਹੋਵੇ ਪਰ ਪੈਰ ਧਰਤੀ ’ਤੇ ਹੀ ਹੋਣ। ਜ਼ਮੀਨ ਨਾਲ ਜੁੜਿਆ ਸ਼ਾਇਰ ਹੀ ਅਜਿਹਾ ਕਲਾਮ ਪੇਸ਼ ਕਰ ਸਕਦਾ ਹੈ, ‘‘ਮੰਜ਼ਿਲ ਕਰੀਬ ਆਤੇ ਹੀ ਏਕ ਪਾਂਵ ਕਟ ਗਯਾ/ਚੌੜੀ ਹੂਈ ਸੜਕ ਤੋ ਮੇਰਾ ਗਾਂਵ ਕਟ ਗਯਾ।’’ ਮੁਨੱਵਰ ਦੀ ਰੁਖ਼ਸਤਗੀ ਤੋਂ ਬਾਅਦ ਜਾਵੇਦ ਅਖ਼ਤਰ ਵਰਗੇ ਸਮਰੱਥ ਸ਼ਾਇਰਾਂ ਨੂੰ ਵੀ ਸ਼ਬਦਾਂ ਦੀ ਘਾਟ ਮਹਿਸੂਸ ਹੋ ਰਹੀ ਸੀ। ਸ਼ਰਧਾਂਜਲੀ ਦੇਣ ਲੱਗਿਆਂ ਉਨ੍ਹਾਂ ਦੇ ਬੁੱਲ੍ਹ ਫਰਕਦੇ ਰਹੇ। ਕੋਈ ਸ਼ਬਦ ਵੀ ਤਾਂ ਮੁਨੱਵਰ ਦੀ ਸ਼ਖ਼ਸੀਅਤ ਦੇ ਮੇਚ ਨਹੀਂ ਲੱਗਦਾ ਉਸ ਨੂੰ। ਅਖ਼ਤਰ ਬਸ ਇੰਨਾ ਹੀ ਬੋਲ ਸਕੇ, ‘‘ਮੈਂ ਬੇਹੱਦ ਗ਼ਮਗੀਨ ਹਾਂ ਕਿ ਅੱਜ ਉਰਦੂ ਸ਼ਾਇਰੀ ਦਾ ਆਫ਼ਤਾਬ ਗਰੂ ਹੋ ਗਿਆ ਹੈ।’’