VARINDER WALIA

ਹਰਮਨਪਿਆਰਾ ਕਾਲਮ –– ਹਰਫ਼ ਹਮੇਸ਼ / POPULAR COLUMN -- HARPH HAMESH

ਸਦੀਆਂ ਪੁਰਾਣੀ ਪੱਥਰਾਂ ਦੀ ਹੂਕ (ਪੰਜਾਬੀ ਜਾਗਰਣ –– 28th January, 2024)

ਵਰਿੰਦਰ ਵਾਲੀਆ

ਅਮੂਰਤ ਦੀ ਮੂਰਤ ਵੇਖਣ ਦੇ ਤਰੱਦਦ ਦਾ ਜ਼ਰੀਆ ਬਣਦੀਆਂ ਰਹੀਆਂ ਹਨ ਮੂਰਤੀਆਂ। ਅਜਿਹਾ ਯਤਨ ਆਦਿਕਾਲ ਤੋਂ ਚੱਲਦਾ ਆ ਰਿਹਾ ਹੈ। ਸ੍ਰਿਸ਼ਟੀ ਦੇ ਸਿਰਜਣਹਾਰੇ ਦੀ ਵੱਖ-ਵੱਖ ਧਰਮਾਂ ਦੇ ਪੈਰੋਕਾਰਾਂ ਨੇ ਆਪੋ-ਆਪਣੇ ਤਰੀਕੇ ਨਾਲ ਤਸਵੀਰਕਸ਼ੀ ਕੀਤੀ ਹੈ। ਇਹੀ ਕਾਰਨ ਹੈ ਕਿ ਅੱਜ ਤੱਕ ਰੱਬ ਦੀ ਅਜਿਹੀ ਮੂਰਤੀ ਨਹੀਂ ਬਣੀ ਜੋ ਸਰਵ-ਪ੍ਰਮਾਣਿਤ ਹੋਵੇ। ਮਨੁੱਖ ਪੱਥਰ ਜਾਂ ਮਿੱਟੀ ’ਚੋਂ ਆਪਣੇ ਇਸ਼ਟ ਦੀ ਮੂਰਤੀ ਬਣਾਉਣ ਤੋਂ ਬਾਅਦ ਉਸ ਅੱਗੇ ਖ਼ੁਦ ਨਤਮਸਤਕ ਹੁੰਦਾ ਰਿਹਾ ਹੈ। ਹਰ ਧਰਮ ਦਾ ਅਨੁਯਾਈ ਮੰਨਦਾ ਹੈ ਕਿ ਸਿ੍ਰਸ਼ਟੀ ਨੂੰ ਸਾਜਣ ਤੇ ਚਲਾਉਣ ਵਾਲਾ ਇਕ ਹੀ ਸਰਬ-ਸ਼ਕਤੀਮਾਨ ਹੈ, ਜੋ ਕਿਸੇ ਵਿਰਲੇ ਬ੍ਰਹਮ ਗਿਆਨੀ ਨੂੰ ਹੀ ਦਰਸ਼ਨ ਦਿੰਦਾ ਹੈ। ਨਾਸਤਕ ਅਜਿਹੀ ਸ਼ਰਧਾ ਨੂੰ ਆਸਤਕਾਂ ਦਾ ਕੂੜ-ਪਸਾਰਾ ਤੱਕ ਕਹਿ ਦਿੰਦੇ ਹਨ। ਇਹ ਦੋਨੋਂ ਵਿਚਾਰਧਾਰਾਵਾਂ ਸਮਾਨਾਂਤਰ ਚੱਲਦੀਆਂ ਰਹਿੰਦੀਆਂ ਹਨ। ਰੱਬ ਦੀ ਹੋਂਦ ਨੂੰ ਮੰਨਣਾ ਜਾਂ ਇਸ ਨੂੰ ਨਕਾਰਨਾ ਨਿੱਜੀ ਫ਼ੈਸਲਾ ਹੁੰਦਾ ਹੈ। ਕਿਸੇ ਨੂੰ ਕੋਈ ਹੱਕ ਨਹੀਂ ਕਿ ਕਿਸੇ ਦੀ ਆਸਥਾ ’ਤੇ ਸਵਾਲ ਚੁੱਕੇ ਜਾਂ ਕਿਸੇ ਦੀ ਸ਼ਰਧਾ ਨੂੰ ਠੇਸ ਪਹੁੰਚਾਏ। ਅਜਿਹਾ ਵਰਤਾਰਾ ਖ਼ੂਨ-ਖ਼ਰਾਬੇ ਦਾ ਸਬੱਬ ਬਣਦਾ ਰਿਹਾ ਹੈ।

ਨਿਰਗੁਣ ਅਤੇ ਸਰਗੁਣ ਬਾਰੇ ਵੀ ਪ੍ਰਾਚੀਨ ਕਾਲ ਤੋਂ ਚਰਚਾ ਹੁੰਦੀ ਆਈ ਹੈ। ਇਸ ਨੇ ਵੀ ਲੋਕਾਈ ਨੂੰ ਦੋ ਹਿੱਸਿਆਂ ’ਚ ਵੰਡਿਆ ਹੋਇਆ ਹੈ। ਪਹਿਲਾ ਵਰਗ ਮੰਨਦਾ ਹੈ ਕਿ ਪਰਮਾਤਮਾ ਦਾ ਕੋਈ ਰੰਗ-ਰੂਪ ਜਾਂ ਆਕਾਰ ਨਹੀਂ। ਦੂਜੀ ਸ਼੍ਰੇਣੀ ਕਹਿੰਦੀ ਹੈ ਕਿ ਪ੍ਰਭੂ ਨੂੰ ਹਿਰਦੇ ’ਚ ਵਸਾਉਣ ਤੇ ਉਸ ਦਾ ਸਿਮਰਨ ਕਰਨ ਲਈ ਅੱਖਾਂ ਸਾਹਮਣੇ ਕੁਝ ਤਾਂ ਹੋਣਾ ਚਾਹੀਦਾ ਹੈ। ਅਦ੍ਰਿਸ਼ ਨੂੰ ਵੇਖਣ ਲਈ ਕਲਪਨਾ ਸ਼ਕਤੀ ਰਾਹੀਂ ਰੱਬ ਨੂੰ ਚਿਤਰਣ ਦੀਆਂ ਕੋਸ਼ਿਸ਼ਾਂ ਹੋਈਆਂ। ਅਜਿਹੀਆਂ ਕੋਸ਼ਿਸ਼ਾਂ ਕਰਨ ਵਾਲਿਆਂ ਨੂੰ ਹੀ ਸਰਗੁਣ ਦੇ ਉਪਾਸ਼ਕ ਕਿਹਾ ਜਾਣ ਲੱਗਾ। ਗਿਆਨ-ਵਿਗਿਆਨ ਦੀ ਬਦੌਲਤ ਸਿ੍ਰਸ਼ਟੀ ਦੇ ਰਹੱਸਾਂ ਦੀਆਂ ਅਣਗਿਣਤ ਗੰਢਾਂ ਖੁੱਲ੍ਹੀਆਂ ਜਿਸ ਨਾਲ ਕਈ ਸ਼ਰਧਾਵਾਨਾਂ ਦੀਆਂ ਅੱਖਾਂ ਖੁੱਲ੍ਹੀਆਂ ਰਹਿ ਗਈਆਂ। ਮਿੱਥਾਂ ਟੁੱਟਣ ਨਾਲ ਦਿਲ ਵੀ ਟੁੱਟਦੇ ਰਹੇ।

ਫਿਰ ਵੀ ਮਿਥਿਹਾਸ ਦੀਆਂ ਕਈ ਕਥਾ-ਕਹਾਣੀਆਂ ਮਨੁੱਖ ਦੇ ਅੰਗ-ਸੰਗ ਤੁਰੀਆਂ ਆਉਂਦੀਆਂ ਹਨ। ਸਾਹਿਤ ਨੂੰ ਇਤਿਹਾਸ ਨਾਲੋਂ ਕਿਤੇ ਵੱਧ ਮਿਥਿਹਾਸ ਨੇ ਅਮੀਰ ਬਣਾਇਆ ਹੈ। ਰੱਬ ਦੀ ਭਾਲ ਕਰਦਿਆਂ ਕਈ ਲੋਕ ਜੰਗਲ-ਬੇਲਿਆਂ ਦੇ ਪਾਂਧੀ ਬਣੇ। ਪੰਜਾਬੀ ਸਾਹਿਤ ਤੇ ਗੁਰਮਤਿ ਸਾਹਿਤ ’ਚ ਨਾਥ ਜੋਗੀਆਂ, ਸਿੱਧਾਂ ਤੇ ਸੂਫ਼ੀਆਂ-ਸੰਤਾਂ ਦੀ ਬਾਣੀ ’ਚ ਨਿਰਗੁਣ ਤੇ ਸਰਗੁਣ ਦੀ ਤਲਾਸ਼ ਦੇ ਹਵਾਲੇ ਮਿਲਦੇ ਹਨ। ਗੁਰਬਾਣੀ ਨੇ ‘ਨਿਰਗੁਨੁ ਆਪਿਸਰਗੁਨੁ ਭੀ ਓਹੀ’ ਸ਼ਲੋਕ ਰਾਹੀਂ ਇਸ ਬਖੇੜੇ ਦਾ ਨਿਪਟਾਰਾ ਕੀਤਾ ਹੈ। ਫਿਰ ਵੀ ਮੂਲ ਮੰਤਰ ਰਾਹੀਂ ਪਰਮਾਤਮਾ ਦੀ ਪਰਿਭਾਸ਼ਾ ਦਿੰਦਿਆਂ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਨੇ ਫੁਰਮਾਇਆ ਹੈ ਕਿ ਸਿ੍ਰਸ਼ਟੀ ਨੂੰ ਸਾਜਣ ਤੇ ਪਾਲਣ ਵਾਲੀ ਸ਼ਕਤੀ ਇਕ ਹੈ। ਸਿੱਖ ਧਰਮ ਵਾਂਗ ਇਸਲਾਮ ਤੇ ਕਈ ਹੋਰ ਫ਼ਿਰਕਿਆਂ ਦੇ ਗ੍ਰੰਥ ‘ਇਕ ਰੱਬ’ ਦੀ ਬਾਤ ਪਾਉਂਦੇ ਹਨ।

ਆਦਿਕਾਲ ਤੋਂ ਪੁੱਛੇ ਜਾਂਦੇ ਸਵਾਲ ਕਿ ਆਖ਼ਰ ਰੱਬ ਨੂੰ ਕਿਸ ਨੇ ਸਾਜਿਆ ਹੈ, ਦਾ ਜਵਾਬ ਵੀ ਮੂਲ-ਮੰਤਰ ’ਚ ਦਰਜ ਹੈ। ਗੁਰੂ ਨਾਨਕ ਕਹਿੰਦੇ ਹਨ ਕਿ ਰੱਬ ਨੂੰ ਕਿਸੇ ਨੇ ਨਹੀਂ ਸਿਰਜਿਆ ਬਲਕਿ ਉਹ ਖ਼ੁਦ ਹੀ ਪ੍ਰਗਟ ਹੋਇਆ ਹੈ। ਵਿਗਿਆਨੀਆਂ ਨੇ ਸਦੀਆਂ ਦੀ ਖੋਜ ਮਗਰੋਂ ‘ਰੱਬੀ ਕਣ’ ਲੱਭਣ ’ਚ ਸਫਲਤਾ ਹਾਸਲ ਕੀਤੀ ਹੈ। ਪਰ ਆਸਤਕ ਪੁੱਛਦੇ ਹਨ ਕਿ ਸਭ ਤਰਕ-ਦਲੀਲਾਂ ਸਿਰ-ਮੱਥੇ ਪਰ ਇਸ ‘ਰੱਬੀ ਕਣ’ ਨੂੰ ਕਿਸ ਨੇ ਬਣਾਇਆ ਜਿਸ ਤੋਂ ਸਾਰੀ ਦੁਨੀਆ ਦਾ ਪਸਾਰਾ ਹੋਇਆ ਹੈ।

ਪ੍ਰੋ. ਮੋਹਨ ਸਿੰਘ ਇਸੇ ਲਈ ਰੱਬ ਨੂੰ ਗੋਰਖਧੰਦਾ ਕਹਿੰਦਾ ਹੈ, ‘‘ਰੱਬ ਇਕ ਗੁੰਝਲਦਾਰ ਬੁਝਾਰਤ/ਰੱਬ ਇਕ ਗੋਰਖ-ਧੰਦਾ/ਖੋਲ੍ਹਣ ਲੱਗਿਆਂ ਪੇਚ ਇਸ ਦੇ/ਕਾਫ਼ਰ ਹੋ ਜਾਏ ਬੰਦਾ।’’ ਫਿਰ ਵੀ ਉਹ ਕਹਿੰਦੇ ਹਨ ਕਿ ਲਾਈਲੱਗ ਮੋਮਨ ਨਾਲੋਂ ‘ਖੋਜੀ ਕਾਫ਼ਰ’ ਚੰਗਾ ਹੈ। ਇਸਲਾਮ ਦੇ ਪੈਰੋਕਾਰ ਸਮੇਂ ਦੇ ਨਾਲ-ਨਾਲ ਕੱਟੜਤਾ ਦੇ ਰਾਹ ਤੁਰੇ ਤਾਂ ਉਨ੍ਹਾਂ ਨੇ ਹਰ ਗ਼ੈਰ-ਮੁਸਲਮਾਨ ਨੂੰ ਕਾਫ਼ਰ ਕਹਿ ਕੇ ਤਸ਼ੱਦਦ ਢਾਹੁਣਾ ਸ਼ੁਰੂ ਕਰ ਦਿੱਤਾ। ਸਪਤ-ਸਿੰਧੂ ਦੀ ਧਰਤੀ ’ਤੇ ਧਾਵਾ ਬੋਲ ਕੇ ਧਾੜਵੀ ਮੁਸਲਮਾਨਾਂ ਨੇ ਮੂਲ ਵਾਸੀਆਂ ’ਤੇ ਅੰਨ੍ਹਾ ਕਹਿਰ ਢਾਹਿਆ। ਉਨ੍ਹਾਂ ਦੇ ਧਾਰਮਿਕ ਚਿੰਨ੍ਹਾਂ ਦੀ ਹੁਰਮਤੀ ਕੀਤੀ। ਬਾਬਰ ਦੀ ਮੁਗ਼ਲ ਸੈਨਾ ਨੇ ਹਿੰਦੀਆਂ ਦਾ ਬੇਤਹਾਸ਼ਾ ਖ਼ੂਨ ਵਹਾਇਆ। ਔਰਤਾਂ ਤੱਕ ਨੂੰ ਵੀ ਨਾ ਬਖ਼ਸ਼ਿਆ। ਗੁਰੂ ਨਾਨਕ ਸਾਹਿਬ ਦੀ ਕਲਮ ਕੂਕ ਪਈ, ‘‘ਬਾਬਰ ਵਾਣੀ ਫਿਰਿ ਗਈ ਕੁਇਰੁ ਨ ਰੋਟੀ ਖਾਇ’’ (ਬਾਬਰ ਦੇ ਹੱਲੇ ਤੋਂ ਬਾਅਦ ਰਾਜਿਆਂ ਤੱਕ ਨੂੰ ਰੋਟੀ ਨਸੀਬ ਨਾ ਹੋਈ)। ਔਰੰਗਜ਼ੇਬ ਆਇਆ ਤਾਂ ਕਹਿਰ ਦੀ ਕੋਈ ਸੀਮਾ ਹੀ ਨਾ ਰਹੀ। ਇਕ ਮਿੱਥ ਅਨੁਸਾਰ ਔਰੰਗਜ਼ੇਬ ਸਵਾ ਸੇਰ ਜਨੇਊ ਤੋਲਣ ਤੋਂ ਬਾਅਦ ਰੋਟੀ ਖਾਂਦਾ ਸੀ। ਮੁਗ਼ਲਾਂ ਨੇ ਮੰਦਰਾਂ ਨੂੰ ਤੋੜ ਕੇ ਉਨ੍ਹਾਂ ਦੀ ਥਾਂ ’ਤੇ ਮਸਜਿਦਾਂ ਬਣਵਾ ਦਿੱਤੀਆਂ। ਬਾਬਰੀ ਮਸਜਿਦ ਕਿਵੇਂ ਹੋਂਦ ਵਿਚ ਆਈ, ਇਸ ਵਿਸ਼ੇ ’ਤੇ ਬਹੁਤ ਕੁਝ ਕਿਹਾ ਤੇ ਲਿਖਿਆ ਜਾ ਚੁੱਕਾ ਹੈ। ਇਸਲਾਮ ਇਕ ਅੱਲ੍ਹਾ ਤੋਂ ਬਿਨਾਂ ਕਿਸੇ ਹੋਰ ਇਸ਼ਟ ਨੂੰ ਨਹੀਂ ਮੰਨਦਾ, ‘‘ਫਿਰ ਬਾਬਰ ਵਰਗੇ ਹਮਲਾਵਰ ਦੇ ਨਾਮ ’ਤੇ ਇਬਾਦਤਗਾਹ ਦਾ ਨਾਂ ਕਿਵੇਂ ਪੈ ਗਿਆ?’’ ਮੁਗ਼ਲ ਰਾਜ ’ਚ ਅਣਗਿਣਤ ਹੋਰ ਮੰਦਰਾਂ ਨੂੰ ਢਹਿ-ਢੇਰੀ ਕਰ ਕੇ ਉਨ੍ਹਾਂ ਥਾਵਾਂ ’ਤੇ ਮਸਜਿਦਾਂ ਉਸਾਰੀਆਂ ਗਈਆਂ ਸਨ। ਧਰੋਹਰ ਮਲੀਆਮੇਟ ਹੋਣ ਨਾਲ ਦਿਲ ਵੀ ਛਲਣੀ ਹੁੰਦੇ ਹਨ। ਇਤਿਹਾਸ ਦੇ ਅਜਿਹੇ ਪੰਨਿਆਂ ’ਚੋਂ ਲਹੂ ਚੌਂਦਾ ਰਹਿੰਦਾ ਹੈ।

ਰਾਮ ਮੰਦਰ ਮਗਰੋਂ ਗਿਆਨਵਾਪੀ ਦੀ ਚਰਚਾ ਹੋ ਰਹੀ ਹੈ। ਗਿਆਨਵਾਪੀ ਕੰਪਲੈਕਸ ’ਚ ਹੋਏ ਭਾਰਤੀ ਪੁਰਾਤੱਤਵ ਸਰਵੇਖਣ (ਏਐੱਸਆਈ) ਦੇ ਸਰਵੇ ’ਚ ਮੰਦਰ ਹੋਣ ਦੇ ਸਬੂਤ ਮਿਲੇ ਹਨ। ਏਐੱਸਆਈ ਅਨੁਸਾਰ ਢਾਹੇ ਗਏ ਮੰਦਰ ਦੇ ਮਲਬੇ ਦਾ ਇਸਤੇਮਾਲ ਮਸਜਿਦ ਬਣਾਉਣ ਲਈ ਕੀਤਾ ਗਿਆ ਸੀ। ਸਰਵੇ ’ਚ ਦਾਅਵਾ ਕੀਤਾ ਗਿਆ ਹੈ ਕਿ ਟੁੱਟੇ ਪੱਥਰ ’ਤੇ ਫ਼ਾਰਸੀ ਦੇ ਅੱਖਰਾਂ ’ਚ ਮੰਦਰ ਤੋੜੇ ਜਾਣ ਦੇ ਹੁਕਮ ਦੀ ਤਰੀਕ ਵੀ ਅੰਕਿਤ ਹੈ। ਅਦਾਲਤ ਦੇ ਹੁਕਮ ’ਤੇ ਸਾਰੀਆਂ ਸਬੰਧਤ ਧਿਰਾਂ ਨੂੰ 839 ਸਫਿਆਂ ਦੀ ਰਿਪੋਰਟ ਦੀ ਕਾਪੀ ਸੌਂਪ ਦਿੱਤੀ ਗਈ ਹੈ। ਸਰਵੇ ਅਨੁਸਾਰ ਸਤਾਰਵੀਂ ਸਦੀ ਵਿਚ ਔਰੰਗਜ਼ੇਬ ਦੇ ਰਾਜਕਾਲ ਦੌਰਾਨ ਮੰਦਰ ਤੋੜ ਕੇ ਮਸਜਿਦ ਬਣਾਈ ਗਈ ਸੀ। ਸਤੰਭਾਂ ਨੂੰ ਮੀਨਾਰ ਉਸਾਰਨ ਲਈ ਵਰਤਿਆ ਗਿਆ। ਗਿਆਨਵਾਪੀ ਵਿਚ 32 ਅਜਿਹੀਆਂ ਥਾਵਾਂ ਮਿਲੀਆਂ ਹਨ ਜਿੱਥੇ ਪ੍ਰਾਚੀਨ ਮੰਦਰ ਹੋਣ ਦੇ ਸਬੂਤ ਮਿਲੇ ਹਨ। ਵਾਰਾਣਸੀ ਦਾ ਇਹ ਮੰਦਰ ਇਕ ਹਜ਼ਾਰ ਸਾਲ ਪੁਰਾਣਾ ਦੱਸਿਆ ਜਾਂਦਾ ਹੈ। ਕਈ ਸ਼ਿਲਾਲੇਖ ਮਿਲੇ ਹਨ ਜਿਨ੍ਹਾਂ ’ਤੇ ਦੇਵਨਾਗਰੀ, ਤੇਲਗੂ ਅਤੇ ਕੰਨੜ ਲਿਪੀਆਂ ਵਿਚ ਸ਼ਲੋਕ ਮਿਲੇ ਹਨ।

ਦਰਵਾਜ਼ਿਆਂ ’ਤੇ ਪਸ਼ੂ-ਪੰਛੀਆਂ ਦੇ ਚਿੱਤਰ ਵੀ ਮਿਲੇ ਹਨ। ਮਸਜਿਦ ਹੇਠਾਂ ਮੂਰਤੀਆਂ ਨੂੰ ਦੱਬਿਆ ਗਿਆ ਸੀ। ਇਸ ਦਾ ਅੰਦਾਜ਼ਾ ਤਹਿਖ਼ਾਨਿਆਂ ’ਚੋਂ ਮਿਲੀਆਂ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਹਨ। ਸਵਾਸਤਿਕ ਤੇ ਨਾਗ ਦੇਵਤਾ ਦੇ ਵੀ ਨਿਸ਼ਾਨ ਮਿਲੇ ਹਨ। ਚਹੁਕੋਣਾ ਅਰਘਾ ਮਿਲਿਆ ਹੈ ਜਿਸ ਨੂੰ ਸ਼ਿਵਲਿੰਗ ਦਾ ਦੱਸਿਆ ਜਾ ਰਿਹਾ ਹੈ। ਚਤੁਰਭੁਜ ਮੂਰਤੀ, ਤਾਂਬੇ ਦਾ ਕਲਸ਼, ਸਿੱਕੇ ਆਦਿ ਵੀ ਮਿਲੇ ਹਨ। ਲੋਕ ਸਭਾ ਚੋਣਾਂ ਤੋਂ ਪਹਿਲਾਂ ਇਹ ਵੱਡਾ ਮੁੱਦਾ ਬਣਾ ਕੇ ਉਭਾਰਨ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਮੁੱਦੇ ਦਾ ਸੱਤਾਧਾਰੀ ਪਾਰਟੀ ਨੂੰ ਕਿੰਨਾ ਫ਼ਾਇਦਾ ਹੋਵੇਗਾ ਜਾਂ ਨਹੀਂ, ਇਹ ਤਾਂ ਸਮਾਂ ਹੀ ਦੱਸੇਗਾ। ਅਜਿਹੇ ਮੁੱਦਿਆਂ ’ਤੇ ਸਿਆਸਤ ਕਰਨਾ ਅੱਗ ਨਾਲ ਖੇਡਣ ਵਾਂਗ ਹੁੰਦਾ ਹੈ। ਇਤਿਹਾਸ ਦੇ ਪੰਨੇ ਫਰੋਲੀਏ ਤਾਂ ਇਹ ਸਪਸ਼ਟ ਹੈ ਕਿ ਵਿਦੇਸ਼ੀ ਧਾੜਵੀਆਂ, ਖ਼ਾਸ ਤੌਰ ’ਤੇ ਮੁਗ਼ਲਾਂ ਨੇ ‘ਕਾਫ਼ਰ’ ਕਹੇ ਜਾਣ ਵਾਲੇ ਮੂਲ ਵਾਸੀਆਂ ਦੇ ਸ਼ਰਧਾ ਦੇ ਧਾਮ ਮਲੀਆਮੇਟ ਕਰ ਕੇ ਉਨ੍ਹਾਂ ’ਤੇ ਮਸਜਿਦਾਂ ਉਸਾਰੀਆਂ ਸਨ।

ਮੁਗ਼ਲ ਰਾਜ ਸਥਾਪਤ ਹੋਣ ਤੋਂ ਪਹਿਲਾਂ ਵੀ ਵਿਦੇਸ਼ੀ ਧਾੜਵੀ ਮੰਦਰਾਂ ਦੇ ਹੀਰੇ-ਜਵਾਹਰਾਤ ਲੁੱਟਣ ਤੋਂ ਇਲਾਵਾ ਉਨ੍ਹਾਂ ਦੀਆਂ ਚੁਗਾਠਾਂ ਤੱਕ ਵੀ ਪੁੱਟ ਕੇ ਲੈ ਜਾਂਦੇ ਸਨ। ਅਜਿਹਾ ਰੁਝਾਨ ਅੱਜ ਵੀ ਜਾਰੀ ਹੈ। ਪਾਕਿਸਤਾਨ ਅਤੇ ਅਫ਼ਗਾਨਿਸਤਾਨ ਵਿਚ ਹਿੰਦੂ-ਸਿੱਖਾਂ ਦੇ ਮੰਦਰਾਂ ਤੇ ਗੁਰਦੁਆਰਿਆਂ ਨੂੰ ਅਕਸਰ ਨਿਸ਼ਾਨਾ ਬਣਾਇਆ ਜਾਂਦਾ ਹੈ। ਬਮਿਆਨ (ਅਫ਼ਗਾਨਿਸਤਾਨ) ਵਿਚ ਮਹਾਤਮਾ ਬੁੱਧ ਦੀ ਸਭ ਤੋਂ ਉੱਚੀ ਮੂਰਤੀ (70 ਫੁੱਟ ਉੱਚੀ) ਨੂੰ ਤਾਲਿਬਾਨ ਨੇ ਬਾਰੂਦ ਦੀ ਵਰਤੋਂ ਕਰ ਕੇ ਨੇਸਤੋ-ਨਾਬੂਦ ਕਰ ਦਿੱਤਾ ਸੀ। ਰਮਣੀਕ ਪਹਾੜੀ ਵਿਚ ਪੁਰਾਣੇ ਰੇਤ ਦੇ ਪੱਥਰ ਨਾਲ ਬਣੀ ‘ਸ਼ਾਂਤੀ ਦੇ ਮਸੀਹਾ’ ਦੀ ਮੂਰਤੀ ਨੂੰ ਨਾ ਤੋੜਨ ਲਈ ਦੁਨੀਆ ਭਰ ’ਚੋਂ ਅਪੀਲਾਂ ਆਈਆਂ ਸਨ ਜਿਨ੍ਹਾਂ ਨੂੰ ਤਾਲਿਬਾਨ ਨੇ ਦਰਕਿਨਾਰ ਕਰ ਦਿੱਤਾ ਸੀ। ਦੁਨੀਆ ਨੂੰ ਅਹਿੰਸਾ ਦਾ ਪਾਠ ਪੜ੍ਹਾਉਣ ਵਾਲੇ ਦੀ ਮੂਰਤੀ ਨਾਲ ਹੋਈ ਹਿੰਸਾ ਤਵਾਰੀਖ਼ ਦਾ ਕਾਲਾ ਅਧਿਆਏ ਹੈ। ਪੱਥਰ ਬੋਲਦੇ ਨਹੀਂ ਪਰ ਟੁੱਟੇ ਪ ੱਥਰ ਇਤਿਹਾਸ ਵਿਚ ਕੂਕਦੇ ਹਨ। ਭਾਈ ਵੀਰ ਸਿੰਘ ਲਿਖਦੇ ਹਨ, ‘‘ਮਾਰ ਪਈ ਜਦ ਮਾਰਤੰਡ ਨੂੰ ਪੱਥਰ ਰੋ ਕੁਰਲਾਣੇ/ਪੱਥਰ ਤੋੜੇਂ?/ਦਿਲ ਪਏ ਟੁੱਟਦੇ...।’’