VARINDER WALIA

ਹਰਮਨਪਿਆਰਾ ਕਾਲਮ –– ਹਰਫ਼ ਹਮੇਸ਼ / POPULAR COLUMN -- HARPH HAMESH

ਮੁਨਸਫ਼ ਤੇ ਇਨਸਾਫ਼ (ਪੰਜਾਬੀ ਜਾਗਰਣ –– 4th February, 2024)

ਵਰਿੰਦਰ ਵਾਲੀਆ

ਦੁਨੀਆ ਦੇ ਸਭ ਤੋਂ ਵੱਡੇ ਮੰਨੇ ਜਾਂਦੇ ਇਸਲਾਮਿਕ ਮੁਲਕ ਪਾਕਿਸਤਾਨ ਦਾ ਆਦਮ ਹੀ ਨਿਰਾਲਾ ਹੈ। ਮਜ਼ਹਬ ਦੇ ਨਾਂ ’ਤੇ ਹੋਂਦ ’ਚ ਆਏ ਪਾਕਿਸਤਾਨ ਦੀ ਜਮਹੂਰੀਅਤ ਦੇ ਚਾਰੇ ਸਤੰਭ ਸ਼ੁਰੂ ਤੋਂ ਹੀ ਡਗਮਗਾਉਂਦੇ ਆ ਰਹੇ ਹਨ। ਦੇਸ਼ ਦਾ ਅਜਿਹਾ ਕੋਈ ਵਜ਼ੀਰ-ਏ-ਆਜ਼ਮ ਨਹੀਂ ਜਿਸ ਨੇ ਪੂਰੇ ਪੰਜ ਸਾਲ ਹਕੂਮਤ ਕੀਤੀ ਹੋਵੇ।

ਚੌਦਾਂ ਅਗਸਤ 1947 ਨੂੰ ਦੁਨੀਆ ਦੇ ਨਕਸ਼ੇ ’ਤੇ ਆਏ ਪਾਕਿਸਤਾਨ ਦਾ ਪਹਿਲਾ ਪ੍ਰਧਾਨ ਮੰਤਰੀ ਲਿਆਕਤ ਅਲੀ ਖਾਂ ਸੀ ਜਿਸ ਨੂੰ ਰਾਵਲਪਿੰਡੀ ਵਿਖੇ 16 ਅਕਤੂਬਰ 1951 ਨੂੰ ਪਸ਼ਤੂਨ ਕਬਾਇਲੀ ਵੱਲੋਂ ਕਤਲ ਕਰ ਦਿੱਤਾ ਗਿਆ ਸੀ। ਇਸ ਵਾਰਦਾਤ ਪਿੱਛੇ ਕਿਸ ਦਾ ਹੱਥ ਸੀ, ਅੱਜ ਤੱਕ ਰਹੱਸ ਬਣਿਆ ਹੋਇਆ ਹੈ। ਫਿਰ ਵੀ ਲਿਆਕਤ ਅਲੀ ਨੂੰ ਹੁਣ ਤੱਕ ਸਭ ਤੋਂ ਵੱਧ ਸਮਾਂ ਰਹੇ ਪ੍ਰਧਾਨ ਮੰਤਰੀ ਹੋਣ ਦਾ ਮਾਣ ਜ਼ਰੂਰ ਹਾਸਲ ਹੈ। ਮਜ਼ੇਦਾਰ ਗੱਲ ਇਹ ਹੈ ਕਿ ਪਾਕਿਸਤਾਨ ਦਾ ਇਕ ਅਜਿਹਾ ਵੀ ਪ੍ਰਾਈਮ ਮਨਿਸਟਰ ਰਿਹਾ ਜਿਸ ਦਾ ਰਾਜ ਕਾਲ ਮਹਿਜ਼ ਦੋ ਹਫ਼ਤਿਆਂ ਦਾ ਸੀ।

ਸੰਨ 1993 ’ਚ ਤਾਂ ਪਾਕਿਸਤਾਨ ’ਚ ਇਕ ਤੋਂ ਬਾਅਦ ਇਕ ਕਈ ਪ੍ਰਧਾਨ ਮੰਤਰੀ ਰਹੇ। ਦੁਨੀਆ ਦੇ ਲੋਕਤੰਤਰ ਵਿਚ ਪਾਕਿਸਤਾਨ ਦਾ ਚੰਦ ਮੁਲਕਾਂ ’ਚ ਸ਼ੁਮਾਰ ਹੈ ਜਿਸ ਨੇ ਘੱਟ ਅਰਸੇ ’ਚ ਸਭ ਤੋਂ ਵੱਧ ਨਿਗਰਾਨ ਪ੍ਰਧਾਨ ਮੰਤਰੀ ਬਣਾਏ ਹਨ। ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਨੇ ਇਕ ਵਾਰ ਤਨਜ਼ ਨਾਲ ਕਿਹਾ ਸੀ ਕਿ ਉਹ ਇੰਨੀ ਜਲਦੀ ਆਪਣੀ ਧੋਤੀ ਨਹੀਂ ਬਦਲਦੇ ਜਿੰਨੀ ਛੇਤੀ ਪਾਕਿਸਤਾਨ ਆਪਣਾ ਵਜ਼ੀਰ-ਏ-ਆਜ਼ਮ ਬਦਲ ਲੈਂਦਾ ਹੈ। ਇੱਕੋ ਸਮੇਂ ਆਜ਼ਾਦ ਹੋਏ ਦੋਨਾਂ ਮੁਲਕਾਂ ’ਚੋਂ ਭਾਰਤ ਦੇ ਪ੍ਰਧਾਨ ਮੰਤਰੀਆਂ ਦੇ ਨਾਂ ਉਂਗਲਾਂ ’ਤੇ ਗਿਣੇ ਜਾ ਸਕਦੇ ਹਨ। ਪਾਕਿਸਤਾਨ ਦੀ ਗੱਲ ਕਰੀਏ ਤਾਂ ਉੱਥੋਂ ਦੇ ਬਾਸ਼ਿੰਦਿਆਂ ਨੂੰ ਹੁਣ ਤੱਕ ਦੇ ਰਹਿ ਚੁੱਕੇ ਸਾਰੇ ਪ੍ਰਧਾਨ ਮੰਤਰੀਆਂ ਦੇ ਨਾਂ ਗਿਣਾਉਣੇ ਮੁਸ਼ਕਲ ਹਨ।

ਪਾਕਿਸਤਾਨ ਦਰਅਸਲ ਸ਼ੁਰੂ ਤੋਂ ਹੀ ਬਾਰੂਦ ਦੇ ਕਗਾਰ ’ਤੇ ਖੜ੍ਹਾ ਮੁਲਕ ਗਿਣਿਆ ਜਾਂਦਾ ਹੈ। ਸਮੇਂ ਦੇ ਹਾਕਮ ਜਿੰਨ ਨੂੰ ਬੋਤਲ ’ਚੋਂ ਬਾਹਰ ਕੱਢਦੇ ਰਹੇ ਜੋ ਮੁੜ ਵਾਪਸ ਬੋਤਲ ’ਚ ਨਹੀਂ ਪੈਂਦਾ। ਪਾਕਿਸਤਾਨ ਨੇ ਜਲਾਵਤਨ ਹੁੰਦੇ ਤੇ ਤਖ਼ਤ ਤੋਂ ਤਖ਼ਤੇ ਤੱਕ ਜਾਂਦੇ ਹਾਕਮ ਦੇਖੇ ਹਨ। ਚੋਣ ਮੰਚ ਮਕਤਲ ਬਣਦੇ ਵੀ ਤੱਕੇ ਹਨ। ਮੁਨਸਫ਼ਾਂ ਦੀ ਅਵਾਜ਼ਾਰ ਹੁੰਦੀ ਵੀ ਦੇਖੀ ਹੈ। ਪਾਕਿਸਤਾਨੀ ਕ੍ਰਿਕਟ ਟੀਮ ਦੇ ਕਪਤਾਨ ਤੋਂ ਮੁਲਕ ਦੇ ਕਪਤਾਨ ਬਣਨ ਵਾਲੇ ਇਮਰਾਨ ਖ਼ਾਨ ਨਿਆਜ਼ੀ ਦਾ ਹਸ਼ਰ ਦੁਨੀਆ ਅੱਜ ਵੀ ਦੇਖ ਰਹੀ ਹੈ। ਮੁਲਕ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੇ ਹੋਏ ਦਿਨ-ਦਿਹਾੜੇ ਕਤਲ ਨੇ ਦੁਨੀਆ ਨੂੰ ਦਹਿਲਾ ਦਿੱਤਾ ਸੀ। ਇਸ ਤੋਂ ਪਹਿਲਾਂ ਬੇਨਜ਼ੀਰ ਦੇ ਪਿਤਾ ਜ਼ੁਲਿਫ਼ਕਾਰ ਅਲੀ ਭੁੱਟੋ ਨੂੰ ਫਾਹੇ ਲਾਇਆ ਗਿਆ ਸੀ।

ਜ਼ੁਲਿਫ਼ਕਾਰ ਨੂੰ ਫਾਂਸੀ ਮਿਲਟਰੀ ਦੇ ਤਾਨਾਸ਼ਾਹ ਜ਼ਿਆ-ਉਲ-ਹੱਕ ਦੇ ਰਾਜ ’ਚ ਦਿੱਤੀ ਗਈ ਸੀ। ਵਿਡੰਬਣਾ ਇਹ ਹੈ ਕਿ ਭੁੱਟੋ ਨੇ ਜ਼ਿਆ ਨੂੰ ਕਈ ਸੀਨੀਅਰ ਜਰਨੈਲਾਂ ਦੀ ਸੀਨੀਅਰਤਾ ਨੂੰ ਦਰਕਿਨਾਰ ਕਰ ਕੇ ਫ਼ੌਜ ਦਾ ਮੁਖੀ ਬਣਾਇਆ ਸੀ। ਫ਼ੌਜ ਮੁਖੀ ਪਦਉੱਨਤ ਹੋਣ ਤੋਂ ਪਹਿਲਾਂ ਜ਼ਿਆ-ਉਲ-ਹੱਕ ਭੁੱਟੋ ਨੂੰ ਗੋਡਿਆਂ ਭਾਰ ਹੋ ਕੇ ਸਿਜਦਾ ਕਰਿਆ ਕਰਦਾ ਸੀ। ਬਾਵਰਦੀ ਜ਼ਿਆ ਦਾ ਦਰਬਾਰੀ ਲਹਿਜ਼ਾ ਕੈਮਰਿਆਂ ਵਿਚ ਵੀ ਕੈਦ ਹੋਇਆ ਸੀ। ਮਜ਼ਾਹੀਆ ਲਹਿਜ਼ੇ ’ਚ ਭੁੱਟੋ ਜ਼ਿਆ-ਉਲ-ਹੱਕ ਨੂੰ ‘ਮੇਰਾ ਬੰਦਰ’ ਤੱਕ ਕਹਿ ਦਿੰਦਾ ਸੀ। ਗੁੱਸਾ ਕਰਨ ਦੀ ਬਜਾਏ ਜ਼ਿਆ ਮੁਸਕਰਾ ਦਿੰਦਾ। ਵੈਸੇ ਵੀ ਭੁੱਟੋ ਨੂੰ ਲੱਗਦਾ ਸੀ ਕਿ ਮੁਹਾਜਿਰ ਹੋਣ ਨਾਤੇ ਜ਼ਿਆ ਉਸ ਲਈ ਕੋਈ ਖ਼ਤਰਾ ਨਹੀਂ ਬਣੇਗਾ। ਇਹ ਭੁੱਟੋ ਦੀ ਗ਼ਲਤਫਹਿਮੀ ਨਿਕਲੀ।

ਇਸੇ ਕਰਕੇ ਕਹਿੰਦੇ ਹਨ ਕਿ ਪਾਕਿਸਤਾਨ ਅਜਿਹਾ ਮੁਲਕ ਹੈ ਜਿੱਥੇ ਪਤਾ ਨਹੀਂ ਸਾਇਆ ਵੀ ਕਦੋਂ ਸਾਥ ਛੱਡ ਜਾਵੇ। ਲੋਕਤੰਤਰ ਰਾਹੀਂ ਚੁਣੀ ਸਰਕਾਰ ਦਾ ਫ਼ੌਜ ਕਦੋਂ ਭੋਗ ਪਾ ਦੇਵੇ, ਇਸ ਦਾ ਇਲਮ ਅੱਲ੍ਹਾ ਤਾਅਲਾ ਨੂੰ ਵੀ ਨਹੀਂ ਹੁੰਦਾ। ਪੰਜ ਜੁਲਾਈ 1977 ਨੂੰ ਜਦੋਂ ਜ਼ਿਆ-ਉਲ-ਹੱਕ ਨੇ ਪਾਕਿਸਤਾਨ ਟੀਵੀ (ਪੀਟੀਵੀ) ਰਾਹੀਂ ਭੁੱਟੋ ਸਰਕਾਰ ਦਾ ਤਖ਼ਤਾ ਪਲਟਣ ਦੀ ਸੂਚਨਾ ਟੈਲੀਕਾਸਟ ਕੀਤੀ ਤਾਂ ਦੁਨੀਆ ਹੈਰਾਨ-ਪਰੇਸ਼ਾਨ ਹੋ ਗਈ ਸੀ। ਪਹਿਲਾ ਰਾਜ ਪਲਟਾ ਆਜ਼ਾਦੀ ਦੇ ਗਿਆਰਵੇਂ ਸਾਲ 1958 ’ਚ ਤਤਕਾਲੀ ਫ਼ੌਜ ਮੁਖੀ ਮੁਹੰਮਦ ਅਯੂਬ ਖਾਂ ਨੇ ਇਸਕੰਦਰ ਅਲੀ ਮਿਰਜ਼ਾ ਦੀ ਸਰਕਾਰ ਵੇਲੇ ਕੀਤਾ ਸੀ। ਇਸ ਤੋਂ ਇਲਾਵਾ ਪਾਕਿਸਤਾਨ ਵਿਚ 1971 ਦੀ ਭਾਰਤ-ਪਾਕਿ ਜੰਗ ਪਿੱਛੋਂ ਦੁਨੀਆ ਦੇ ਨਕਸ਼ੇ ’ਤੇ ਆਏ ਨਵੇਂ ਮੁਲਕ ਬੰਗਲਾਦੇਸ਼ ਬਣਨ ਤੋਂ ਬਾਅਦ 21 ਦਸੰਬਰ 1971 ਨੂੰ ਤੀਜਾ ਮਾਰਸ਼ਲ ਲਾਅ ਆਇਦ ਹੋਇਆ ਸੀ।

ਇਸ ਤੋਂ ਇਲਾਵਾ ਪਾਕਿਸਤਾਨ ਵਿਚ ਹੋਰ ਰਾਜ ਪਲਟਿਆਂ ਤੋਂ ਬਾਅਦ ਮਾਰਸ਼ਲ ਲਾਅ ਰਿਹਾ। ਇਸ ਦੇ ਉਲਟ ਭਾਰਤ ਦੇ ਲੋਕਤੰਤਰ ਨੂੰ ਮਜ਼ਬੂਤ ਨੀਹਾਂ ’ਤੇ ਉਸਾਰਿਆ ਗਿਆ। ਇਸੇ ਲਈ ਕਿਸੇ ਫ਼ੌਜ ਮੁਖੀ ਦੇ ਖ਼ਾਬ ਵਿਚ ਵੀ ਨਹੀਂ ਆਇਆ ਕਿ ਉਹ ਲੋਕਤੰਤਰ ਦਾ ਘਾਣ ਕਰਨ ਲਈ ਮਾਰਸ਼ਲ ਲਾਅ ਲਾਉਣ ਦੀ ਘੋਸ਼ਣਾ ਕਰੇ। ਹਾਂ, ਇਕ ਵਾਰ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਕਿਸੇ ਨੇ ਵਹਿਮ ਪਾ ਦਿੱਤਾ ਸੀ ਕਿ ਫ਼ੌਜ ਦੇ ਮੁਖੀ ਮਾਨਕ ਸ਼ਾਅ (ਬਾਅਦ ਵਿਚ ਫੀਲਡ ਮਾਰਸ਼ਲ) ਉਨ੍ਹਾਂ ਦੀ ਸਰਕਾਰ ਤੋੜਨਾ ਚਾਹੁੰਦੇ ਹਨ।

ਇਹ ਗ਼ਲਤਫ਼ਹਿਮੀ ਹੰਗਾਮੀ ਮੀਟਿੰਗ ਕਰਨ ਤੋਂ ਬਾਅਦ ਦੂਰ ਹੋ ਗਈ ਸੀ। ਭਾਰਤ ਵਿਚ ਰਾਜ ਪਲਟਾ ਨਾ ਹੋਣ ਦਾ ਇਕ ਕਾਰਨ ਇਹ ਵੀ ਹੈ ਕਿ ਦੇਸ਼ ਆਜ਼ਾਦ ਹੋਣ ਤੋਂ ਬਾਅਦ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰਲਾਲ ਨਹਿਰੂ ਨੇ ਕਾਨੂੰਨੀ ਸੋਧਾਂ ਕਰ ਕੇ ਫ਼ੌਜ ਨੂੰ ਸਿਵਲ ਦੇ ਅਧੀਨ ਕਰ ਦਿੱਤਾ ਸੀ। ਡਿਫੈਂਸ ਮਨਿਸਟਰੀ ਕੋਲ ਇੰਨੀ ਕੁ ਤਾਕਤ ਆ ਗਈ ਜਿਸ ਨਾਲ ਕੋਈ ਵੀ ਫ਼ੌਜੀ ਜਰਨੈਲ ਰਾਜ ਪਲਟੇ ਦਾ ਹੀਆ ਵੀ ਨਹੀਂ ਕਰ ਸਕਦਾ। ਪਾਕਿਸਤਾਨ ਵਿਚ ਮਾਰਸ਼ਲ ਲਾਅ ਤੋਂ ਇਲਾਵਾ ਪ੍ਰਧਾਨ ਮੰਤਰੀਆਂ ਨੂੰ ਛੋਟੇ-ਮੋਟੇ ਇਖ਼ਤਲਾਫ਼ ਤੋਂ ਬਾਅਦ ਬਰਖ਼ਾਸਤ ਕਰਨ ਦਾ ਵੀ ਲੰਬਾ ਇਤਿਹਾਸ ਰਿਹਾ ਹੈ। ਅਦਾਲਤਾਂ ਦੀ ਸੂਰਤੇ-ਹਾਲ ਵੀ ਖ਼ਸਤਾ ਹੈ। ਲੰਬਾ ਸਮਾਂ ਜੱਜ ਸਿਵਲ ਅਫ਼ਸਰਾਂ ਦੇ ਮਾਤਹਿਤ ਵਾਂਗ ਹੀ ਕੰਮ ਕਰਦੇ ਰਹੇ।

ਬਦਨਾਮ ਖ਼ੁਫ਼ੀਆਤੰਤਰ ਆਈਐੱਸਆਈ ਜਾਂ ਫ਼ੌਜ ਦੇ ਆਲ੍ਹਾ ਅਧਿਕਾਰੀਆਂ ਦੀ ਸਿੱਧੀ ਦਖ਼ਲਅੰਦਾਜ਼ੀ ਵੀ ਜੱਜਾਂ ਦੇ ਫ਼ੈਸਲਿਆਂ ਨੂੰ ਪ੍ਰਭਾਵਿਤ ਕਰਦੀ ਆਈ ਹੈ। ਪਾਕਿਸਤਾਨ ਵਿਚ ਸੱਚਮੁੱਚ ਹੀ ਕਾਨੂੰਨ ਅੰਨ੍ਹਾ ਹੈ। ਜਾਂ ਇੰਜ ਕਹਿ ਲਓ ਕਿ ਕਾਨੂੰਨ ਮੋਮ ਦਾ ਨੱਕ ਹੈ ਜਿਸ ਨੂੰ ਕਿਸੇ ਵੀ ਤਰਫ਼ ਮੋੜਿਆ ਜਾ ਸਕਦਾ ਹੈ। ਅਦਾਲਤਾਂ ਵਿਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ। ਅਦਾਲਤਾਂ ਵਿਚ ਜੱਜਾਂ ਦੀ ਭਾਰੀ ਘਾਟ ਹੋਣ ਕਾਰਨ ਜ਼ਿਲ੍ਹਾ ਸੈਸ਼ਨ ਕੋਰਟਾਂ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਕੇਸਾਂ ਦੇ ਅੰਬਾਰ ਲੱਗੇ ਹੋਏ ਹਨ। ਇਸ ਦਾ ਅੰਦਾਜ਼ਾ ਸੰਨ 2015 ਵਿਚ ਹੋਏ ਇਕ ਬੇਹੱਦ ਦਿਲਚਸਪ ਫ਼ੈਸਲੇ ਤੋਂ ਲਗਾਇਆ ਜਾ ਸਕਦਾ ਹੈ ਜਿਸ ਦੀ ਉਦਾਹਰਨ ਦੁਨੀਆ ਵਿਚ ਕਿਧਰੇ ਨਹੀਂ ਮਿਲਦੀ।

ਸੁਪਰੀਮ ਕੋਰਟ ਦੇ ਜਸਟਿਸ ਦੋਸਤ ਮੁਹੰਮਦ ਖਾਂ ਨੇ ਆਪਣੇ ਫ਼ੈਸਲੇ ਵਿਚ ਪਿਓ-ਪੁੱਤਰ ਨੂੰ ਰਿਹਾਅ ਕਰਨ ਦੇ ਹੁਕਮ ਦੇ ਦਿੱਤੇ ਜਿਨ੍ਹਾਂ ਨੂੰ 14 ਸਾਲ ਪਹਿਲਾਂ ਫਾਹੇ ਚਾੜਿ੍ਹਆ ਗਿਆ ਸੀ। ਜੱਜਾਂ ਦੀਆਂ ਨਿਯੁਕਤੀਆਂ ਕਰਨ ਵੇਲੇ ਵੀ ਮੁਸਲਮਾਨਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ। ਹੁਣ ਤੱਕ ਪਾਕਿਸਤਾਨ ਦੇ ਸੁਪਰੀਮ ਕੋਰਟ ’ਚ ਦੋ ਹੀ ਗ਼ੈਰ-ਮੁਸਲਮਾਨ ਮੁੱਖ ਜੱਜ ਦੇ ਅਹੁਦੇ ਤੱਕ ਪੁੱਜ ਸਕੇ ਹਨ। ਲੜਕਾਣਾ (ਸਿੰਧ ਵਾਸੀ) ਰਾਣਾ ਭਗਵਾਨਦਾਸ ਪਹਿਲੇ ਹਿੰਦੂ ਸਨ ਜਿਨ੍ਹਾਂ ਨੂੰ ਮਜਬੂਰੀ ਵੱਸ ਐਕਟਿੰਗ ਚੀਫ ਜਸਟਿਸ ਬਣਾਉਣਾ ਪਿਆ ਸੀ। ਜੇ ਉਹ ਮੁਸਲਮਾਨ ਹੁੰਦੇ ਤਾਂ ਲਿਆਕਤ, ਨਿਰਪੱਖਤਾ ਤੇ ਨਿਡਰਤਾ ਨੂੰ ਧਿਆਨ ਵਿਚ ਰੱਖਦਿਆਂ ਉਨ੍ਹਾਂ ਨੂੰ ਰੈਗੂਲਰ ਚੀਫ ਜਸਟਿਸ ਬਣਾਇਆ ਜਾ ਸਕਦਾ ਸੀ।

ਪਾਕਿਸਤਾਨ ਮੀਡੀਆ ਦੀਆਂ ਰਿਪੋਰਟਾਂ ਵਿਚ ਰਾਣਾ ਭਗਵਾਨਦਾਸ ਹੁਣ ਤੱਕ ਦੇ ਸਭ ਤੋਂ ਵੱਧ ਧੱਕੜ ਮੁੱਖ ਜੱਜ ਸਨ ਜਿਨ੍ਹਾਂ ਨੇ ਸਰਕਾਰਾਂ ਤੇ ਫ਼ੌਜ ਦੀ ਧੌਂਸ ਕਦੇ ਵੀ ਨਹੀਂ ਸੀ ਮੰਨੀ। ਤਿੰਨ ਦਹਾਕਿਆਂ ਤੋਂ ਵੱਧ ਮਾਰਸ਼ਲ ਲਾਅ ਵਾਲੇ ਮੁਲਕ ’ਚ ਅਜਿਹੀ ਦਿਆਨਤਦਾਰੀ ਅਤੇ ਨਿਡਰਤਾ ਦੀ ਆਸ ਸਿਰਫ਼ ਭਗਵਾਨਦਾਸ ਕੋਲੋਂ ਹੀ ਰੱਖੀ ਜਾ ਸਕਦੀ ਸੀ। ਬੁੱਧੀਜੀਵੀ ਭਗਵਾਨਦਾਸ ਨੂੰ ਪਾਕਿਸਤਾਨ ਦੀ ਜੁਡੀਸ਼ੀਅਰੀ ਦਾ ਭਗਵਾਨ ਕਹਿ ਕੇ ਵਡਿਆਉਂਦੇ ਸਨ।

ਨਵਾਜ਼ ਸ਼ਰੀਫ਼ ਆਪਣੇ ਰਾਜ-ਕਾਲ ਦੌਰਾਨ ਉਨ੍ਹਾਂ ਨੂੰ ਮੁਲਕ ਦਾ ਸਦਰ ਬਣਾਉਣਾ ਚਾਹੁੰਦੇ ਸਨ ਜਿਸ ਤੋਂ ਉਨ੍ਹਾਂ ਨੇ ਕੋਰੀ ਨਾਂਹ ਕਰ ਦਿੱਤੀ ਸੀ। ਉਨ੍ਹਾਂ ਨੂੰ ਇਲਮ ਸੀ ਕਿ ਮੁਲਕ ਦੇ ਹਾਕਮਾਂ ਦਾ ਹਸ਼ਰ ਮਾੜਾ ਹੁੰਦਾ ਹੈ। ਇਮਰਾਨ ਖ਼ਾਨ ਨੂੰ ਪਾਕਿਸਤਾਨ ਦੀਆਂ ਆਮ ਚੋਣਾਂ ਤੋਂ ਪਹਿਲਾਂ 10 ਸਾਲ ਬਾਮੁਸ਼ੱਕਤ ਕੈਦ ਸੁਣਾਈ ਗਈ ਹੈ। ਇਹ ਸਜ਼ਾ ਸਰਕਾਰੀ ਭੇਤ ਨਸ਼ਰ ਕਰਨ ਕਰਕੇ ਮਿਲੀ ਹੈ। ਸਰਕਾਰੀ ਤੋਸ਼ੇਖ਼ਾਨੇ ਨੂੰ ਚੂਨਾ ਲਾਉਣ ਦੇ ਇਕ ਹੋਰ ਦੋਸ਼ ਵਿਚ ਇਮਰਾਨ ਤੇ ਉਨ੍ਹਾਂ ਦੀ ਤੀਜੀ ਬੀਵੀ ਬੁਸ਼ਰਾ ਨੂੰ 14 ਸਾਲ ਦੀ ਕੈਦ ਸੁਣਾਈ ਗਈ ਹੈ। ਤਹਿਰੀਕ-ਏ-ਇਨਸਾਫ਼ ਦੇ ਬਾਨੀ ਨੂੰ ਫ਼ਿਲਹਾਲ ਇਨਸਾਫ਼ ਮਿਲਣ ਦੀ ਸੰਭਾਵਨਾ ਮੱਧਮ ਹੈ ਕਿਉਂਕਿ ਸੁਪਰੀਮ ਕੋਰਟ ਵਿਚ ਹੁਣ ਭਗਵਾਨਦਾਸ ਵਰਗੇ ਮੁਨਸਫ਼ ਕਦੋਂ ਦੇ ਫ਼ੌਤ ਹੋ ਚੁੱਕੇ ਹਨ।