ਪਾਕਿਸਤਾਨ ਵਿਚ ਖਾਨਾਜੰਗੀ ਦੇ ਆਸਾਰ (ਪੰਜਾਬੀ ਜਾਗਰਣ –– 11th February, 2024)
ਵਰਿੰਦਰ ਵਾਲੀਆ
ਪਾਕਿਸਤਾਨ ਵਿਚ ਕੌਮੀ ਅਸੈਂਬਲੀ ਲਈ ਹੋਈਆਂ ਆਮ ਚੋਣਾਂ ਵਿਚ ਕਿਸੇ ਵੀ ਪਾਰਟੀ ਨੂੰ ਪੂਰਨ ਬਹੁਮਤ ਨਾ ਮਿਲਣ ਕਾਰਨ ਮੁਲਕ ਬੇਹੱਦ ਨਾਜ਼ੁਕ ਦੌਰ ’ਚੋਂ ਗੁਜ਼ਰ ਰਿਹਾ ਹੈ। ਜੇਲ੍ਹ ਦੀਆਂ ਸਲਾਖਾਂ ਪਿੱਛੇ ਬੈਠੇ ਸਾਬਕਾ ਵਜ਼ੀਰ-ਏ-ਆਜ਼ਮ ਇਮਰਾਨ ਖ਼ਾਨ ਨਿਆਜ਼ੀ ਦੇ ਸਮਰਥਕ ਆਜ਼ਾਦ ਉਮੀਦਵਾਰਾਂ ਨੇ ਭਾਵੇਂ ਸਭ ਤੋਂ ਵੱਧ ਸੀਟਾਂ ’ਤੇ ਜਿੱਤ ਹਾਸਲ ਕੀਤੀ ਹੈ ਪਰ ‘ਜਿੱਤ ਦਾ ਜਸ਼ਨ’ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਮਨਾ ਰਹੀ ਹੈ। ਦੁਨੀਆ ਦੀ ਜਮਹੂਰੀਅਤ ਵਿਚ ਇਹ ਪਹਿਲੀ ਮਿਸਾਲ ਹੈ ਕਿ ਕਿਸੇ ਮੁਲਕ ਵਿਚ ਸਭ ਤੋਂ ਵੱਧ ਆਜ਼ਾਦ ਉਮੀਦਵਾਰ ਜਿੱਤੇ ਹਨ। ਇਮਰਾਨ ਖ਼ਾਨ ਦੀ ਪਾਰਟੀ ਕੋਲੋਂ ਚੋਣ ਨਿਸ਼ਾਨ ‘ਬੈਟ’ ਖੋਹਣ ਕਾਰਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਉਮੀਦਵਾਰਾਂ ਨੂੰ ਆਜ਼ਾਦ ਲੜਨਾ ਪਿਆ ਸੀ।
ਪਾਕਿਸਤਾਨ ਲਈ ਇਕਲੌਤਾ ਕ੍ਰਿਕਟ ਵਰਲਡ ਕੱਪ ਜਿੱਤਣ ਵਾਲੇ ਇਮਰਾਨ ਖ਼ਾਨ ਕੋਲੋਂ ‘ਬੈਟ’ ਖੋਹ ਕੇ ਆਰਮੀ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਸੱਤਾ ਸੌਂਪਣਾ ਚਾਹੁੰਦੀ ਸੀ। ਸੈਨਾ ਨੂੰ ਭਰਮ ਸੀ ਕਿ ‘ਬੈਟ’ ਚੋਣ ਨਿਸ਼ਾਨ ਨਾ ਹੋਣ ਕਰਕੇ ਮੁਲਕ ਦੀ ਅੱਧੀ ਅਨਪੜ੍ਹ ਜਨਤਾ ਇਮਰਾਨ ਖ਼ਾਨ ਦੇ ਉਮੀਦਵਾਰਾਂ ਦੀ ਸ਼ਨਾਖ਼ਤ ਨਹੀਂ ਕਰ ਸਕੇਗੀ। ਪਾਕਿ ਸੈਨਾ ਦੇ ਇਸ਼ਾਰਿਆਂ ’ਤੇ ਇਲੈਕਸ਼ਨ ਕਮਿਸ਼ਨ ਨੇ ਉਹ ਹਰ ਹਰਬਾ ਵਰਤਿਆ ਜਿਸ ਨਾਲ ਇਮਰਾਨ ਨੂੰ ਸੱਤਾ ਤੋਂ ਦੂਰ ਰੱਖਿਆ ਜਾ ਸਕੇ। ਸੈਨਾ ਨੇ ਅਜਿਹਾ ਮਜ਼ਬੂਤ ਜਾਲ ਬੁਣਿਆ ਜਿਸ ਅੰਦਰ 2018 ਤੋਂ 2022 ਤੱਕ ਮੁਲਕ ਦੇ ਸਰਬਰਾਹ ਰਹੇ ਇਮਰਾਨ ਨੂੰ ਬੁਰੀ ਤਰ੍ਹਾਂ ਫਸਾਇਆ ਗਿਆ। ਸੱਤਾ ਤੋਂ ਲਾਂਭੇ ਕਰ ਕੇ ਉਨ੍ਹਾਂ ਨੂੰ ਜੇਲ੍ਹ ਅੰਦਰ ਸੁੱਟਿਆ ਗਿਆ। ਸੈਨਾ ਨੂੰ ਆਸ ਸੀ ਕਿ ਇਮਰਾਨ ਦੇ ਖੰਭ ਕੁਤਰਨ ਤੋਂ ਬਾਅਦ ਉਹ ਤਾਉਮਰ ਜੇਲ੍ਹ ਵਿਚ ਕੈਦ ਰਹੇਗਾ। ਇਸੇ ਆਸ ਨਾਲ ਚੋਣਾਂ ਦਾ ਐਲਾਨ ਹੋਇਆ। ਇਮਰਾਨ ਖ਼ਾਨ ਦੇ ਸਮਰਥਕਾਂ ਦਾ ਸੈਲਾਬ ਇੰਨਾ ਜ਼ਬਰਦਸਤ ਸੀ ਕਿ ਉਸ ਨੇ ਸੈਨਾ ਦੇ ਤਮਾਮ ਮਨਸੂਬਿਆਂ ਨੂੰ ਤਹਿਸ-ਨਹਿਸ ਕਰ ਦਿੱਤਾ। ਸੁਨਾਮੀ ਵੇਲੇ ਪਾਣੀ ਦੀਆਂ ਗੁਸੈਲੀਆਂ ਕੰਧਾਂ ਮਜ਼ਬੂਤ ਕਿਲ੍ਹਿਆਂ ਨੂੰ ਵੀ ਰੋੜ੍ਹ ਕੇ ਲੈ ਜਾਂਦੀਆਂ ਹਨ। ਜੇ ਸਮੇਂ ਸਿਰ ਛੋਟੇ-ਛੋਟੇ ਬੰਨ੍ਹ ਮਾਰ ਲਏ ਜਾਂਦੇ ਤਾਂ ਸੈਲਾਬ ਦੀ ਗਤੀ ਨੂੰ ਮੱਠਾ ਕੀਤਾ ਜਾ ਸਕਦਾ ਸੀ। ਆਰਮੀ ਦੀ ਕਠਪੁਤਲੀ ਸ਼ਾਹਬਾਜ਼ ਸ਼ਰੀਫ਼ ਨੂੰ 30ਵਾਂ ਪ੍ਰਧਾਨ ਮੰਤਰੀ ਥਾਪਣ ਨਾਲ ਅਵਾਮ ਦੇ ਦਿਲਾਂ ਅੰਦਰ ਰਿੱਝ ਰਿਹਾ ਲਾਵਾ ਭੜਕ ਪਿਆ ਸੀ। ਸੈਨਾ ਤੋਂ ਬੇਖ਼ੌਫ਼ ਇਮਰਾਨ ਸਮਰਥਕ ਹਰ ਹੀਲੇ ਆਪਣੇ ਮਹਿਬੂਬ ਨੇਤਾ ਦਾ ਇਹਤਰਾਮ ਬਹਾਲ ਕਰਵਾਉਣ ਲਈ ਸੜਕਾਂ ’ਤੇ ਉਤਰ ਆਏ ਸਨ। ਉਹ ਸੁਰੱਖਿਆ ਬਲਾਂ ਦੇ ਗਲ ਪੈਂਦੇ। ਹਿੰਸਕ ਵਾਰਦਾਤਾਂ ਨੇ ਮੁਲਕ ਵਿਚ ਜਮਹੂਰੀਅਤ ਬਹਾਲ ਕਰਨ ਲਈ ਸਰਕਾਰ ਅਤੇ ਸੈਨਾ ਨੂੰ ਮਜਬੂਰ ਕੀਤਾ। ਪਾਕਿਸਤਾਨ ਦੀ ਆਰਮੀ ਬਾਰੇ ਇਕ ਗੱਲ ਮਸ਼ਹੂਰ ਹੈ ਕਿ ਇਸ ਨੇ ਹਾਲੇ ਤੱਕ ਕੋਈ ਜੰਗ ਜਿੱਤੀ ਨਹੀਂ ਤੇ ਕੋਈ ਚੋਣ ਹਾਰੀ ਨਹੀਂ। ਮੁਲਕ ਆਜ਼ਾਦ ਹੋਣ ਤੋਂ ਬਾਅਦ ਸੈਨਾ ਦੀ ਮਨਮਰਜ਼ੀ ਨਾਲ ਚੋਣਾਂ ਜਿੱਤੀਆਂ ਜਾਂਦੀਆਂ ਰਹੀਆਂ ਹਨ। ਇਹ ਪਹਿਲੀ ਵਾਰ ਹੈ ਕਿ ਸੈਨਾ ਆਪਣੇ ਅਵਾਮ ਅੱਗੇ ਬੁਰੀ ਤਰ੍ਹਾਂ ਹਾਰ ਗਈ। ਇਹ ਵੀ ਪਹਿਲੀ ਵਾਰ ਹੈ ਕਿ ਚੋਣ ਨਤੀਜਿਆਂ ਵਿਚ ਦੂਜੇ ਨੰਬਰ ’ਤੇ ਆਉਣ ਦੇ ਬਾਵਜੂਦ ਨਵਾਜ਼ ਸ਼ਰੀਫ਼ ਆਪਣੇ ਵਜ਼ੀਰ-ਏ-ਆਜ਼ਮ ਭਰਾ ਸ਼ਾਹਬਾਜ਼ ਸ਼ਰੀਫ਼ ਅਤੇ ਹੋਰ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ਵਿਚ ‘ਜਿੱਤ’ ਦਾ ਐਲਾਨ ਕਰ ਕੇ ਮਜ਼ਾਕ ਦਾ ਪਾਤਰ ਬਣੇ ਹਨ। ਹਾਰੇ ਹੋਏ ਨੇਤਾਵਾਂ ਦੇ ਗਲਾਂ ਵਿਚ ਹਾਰ ਪੈਣੇ ਪਾਕਿਸਤਾਨ ਵਰਗੇ ਮੁਲਕ ਵਿਚ ਹੀ ਸੰਭਵ ਸੀ। ਨਵਾਜ਼ ਸ਼ਰੀਫ਼ ਦੀ ਭਾਸ਼ਾ ਤੇ ਸਰੀਰਕ ਭਾਸ਼ਾ ਵਿਚ ਸੁਮੇਲ ਨਹੀਂ ਸੀ। ਨਾਲ ਖੜ੍ਹੇ ਭਰਾ ਸ਼ਾਹਬਾਜ਼ ਦਾ ਵੀ ਰੰਗ ਉੱਡਿਆ ਹੋਇਆ ਸੀ। ਨਵਾਜ਼ ਸ਼ਰੀਫ਼ ਲਾਹੌਰ ਸਣੇ ਦੋ ਸੀਟਾਂ ਤੋਂ ਚੋਣ ਲੜੇ ਸਨ। ਦੋਨਾਂ ਸੀਟਾਂ ਤੋਂ ਉਹ ਬੁਰੀ ਤਰ੍ਹਾਂ ਹਾਰ ਰਹੇ ਸਨ। ਸੈਨਾ ਦੇ ਇਸ਼ਾਰੇ ’ਤੇ ਇਲੈਕਸ਼ਨ ਕਮਿਸ਼ਨ ਹਰਕਤ ਵਿਚ ਆਇਆ। ਲਾਹੌਰ ਦੀ ਸੀਟ ਤੋਂ ਨਵਾਜ਼ ਸ਼ਰੀਫ਼ ਨੂੰ ਜੇਤੂ ਐਲਾਨਣ ਲਈ ਬਾਹਰੋਂ ਜਾਅਲੀ ਬੈਲਟ ਪੇਪਰ ਮੰਗਵਾਏ ਗਏ। ਇਲੈਕਸ਼ਨ ਕਮਿਸ਼ਨ ਵੱਲੋਂ ਨਤੀਜਿਆਂ ਦਾ ਐਲਾਨ ਕਰਨ ਵੇਲੇ ਪਤਾ ਲੱਗਾ ਕਿ ਜਾਅਲੀ ਬੈਲਟ ਪੇਪਰਾਂ ਦੀ ਬਦੌਲਤ ‘ਜਾਇਜ਼ ਵੋਟਾਂ’ ਦੀ ਗਿਣਤੀ ‘ਅਸਲ ਗਿਣਤੀ’ ਤੋਂ ਵੀ ਵਧ ਗਈ। ਤਿੰਨ ਵਾਰ ਪ੍ਰਧਾਨ ਮੰਤਰੀ ਰਹੇ ਨਵਾਜ਼ ਸ਼ਰੀਫ਼ ਅਤੇ ਸੈਨਾ ਲਈ ਲਾਹੌਰ ਦੀ ਸੀਟ ਮੁੱਛ ਦਾ ਸਵਾਲ ਸੀ। ਪਾਕਿਸਤਾਨੀ ਫ਼ੌਜ ਵਿਚ ਵੈਸੇ ਵੀ ਪੰਜਾਬੀਆਂ ਦਾ ਦਬਦਬਾ ਹੈ। ਇਸੇ ਤਰ੍ਹਾਂ ਦੀ ਧਾਂਦਲੀ ਹੋਰ ਸੀਟਾਂ ’ਤੇ ਵੀ ਵੇਖਣ ਨੂੰ ਮਿਲੀ। ਇਮਰਾਨ ਖ਼ਾਨ ਦੇ ਕਈ ਸਮਰਥਕ ਫ਼ੌਜ ਤੇ ਚੋਣ ਕਮਿਸ਼ਨ ਦੀ ‘ਮਿਹਰਬਾਨੀ’ ਸਦਕਾ ਜਿੱਤੀ ਬਾਜ਼ੀ ਹਾਰ ਗਏ। ਪਾਕਿਸਤਾਨ ਵਿਚ ਭਾਵੇਂ ਭਾਰਤ ਵਾਂਗ ਵੋਟਾਂ ਦੀ ਗਿਣਤੀ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਰਾਹੀਂ ਨਹੀਂ ਹੁੰਦੀ ਫਿਰ ਵੀ ਨਤੀਜਿਆਂ ਦੇ ਐਲਾਨ ਗਿਣਤੀ ਸ਼ੁਰੂ ਹੋਣ ਤੋਂ ਅਗਲੇ ਦਿਨ ਹੋ ਜਾਇਆ ਕਰਦੇ ਸਨ। ਵੋਟਾਂ ਦੀ ਗਿਣਤੀ ਵੇਲੇ ਕੀਤੀ ਨਾਜਾਇਜ਼ ਦੇਰੀ ਨੇ ਵੀ ਅਵਾਮ ਦੇ ਗੁੱਸੇ ਨੂੰ ਭੜਕਾਇਆ ਹੈ। ਗਿਣਤੀ ਕੇਂਦਰਾਂ ਵਿਚ ਹੇਰਾਫੇਰੀ ਦੀਆਂ ਖ਼ਬਰਾਂ ਸੁਣ ਕੇ ਇਮਰਾਨ ਸਮਰਥਕ ਚੋਣ ਅਧਿਕਾਰੀਆਂ ਦੇ ਗਲ ਪੈਂਦੇ ਨਜ਼ਰੀਂ ਆਏ। ਅਜਿਹੀਆਂ ਧਾਂਦਲੀਆਂ ਨਾ ਹੁੰਦੀਆਂ ਤਾਂ ਇਮਰਾਨ ਖ਼ਾਨ ਨਿਸ਼ਚੇ ਹੀ ਬਹੁਮਤ ਹਾਸਲ ਕਰ ਕੇ ਸੱਤਾ ਸੰਭਾਲ ਲੈਂਦੇ। ਨਤੀਜਿਆਂ ਤੋਂ ਬਾਅਦ ਸ਼ਰੀਫ਼ ਖ਼ਾਨਦਾਨ ਨੇ ਸ਼ਰਾਫ਼ਤ ਛੱਡ ਕੇ ਜੇਤੂਆਂ ਦੀ ਖ਼ਰੀਦੋ-ਫ਼ਰੋਖ਼ਤ ਸ਼ੁਰੂ ਕਰ ਦਿੱਤੀ। ਇਮਰਾਨ ਸਮਰਥਕ ਆਜ਼ਾਦ ਉਮੀਦਵਾਰਾਂ ਨੂੰ ਟੁਕੜੇ ਸੁੱਟੇ ਜਾਣ ਦੀਆਂ ਖ਼ਬਰਾਂ ਮਿਲੀਆਂ। ਅਜਿਹੀ ਜੋੜ-ਤੋੜ ਨੇ ਸੱਚਮੁੱਚ ਜਮਹੂਰੀਅਤ ਦਾ ਜਨਾਜ਼ਾ ਕੱਢ ਦਿੱਤਾ ਹੈ। ਪਾਕਿਸਤਾਨ ਪੀਪਲਜ਼ ਪਾਰਟੀ ਦੇ ਨੇਤਾਵਾਂ ਨਾਲ ਮੀਟਿੰਗਾਂ ਵੀ ਇਸੇ ਗੱਲ ਵੱਲ ਸੰਕੇਤ ਕਰ ਰਹੀਆਂ ਹਨ। ਜ਼ਮੀਰਾਂ ਦੇ ਸੌਦੇ ਕਰ ਕੇ ਸੱਤਾ ਸੰਭਾਲਣ ਨਾਲ ਮੁਲਕ ਦਾ ਇਖ਼ਲਾਕ ਨੀਵਾਣਾਂ ਛੋਹ ਲਵੇਗਾ। ਅਜਿਹੀ ਕਵਾਇਦ ਗ੍ਰਹਿ-ਯੁੱਧ ਵੀ ਛੇੜ ਸਕਦੀ ਹੈ। ਸੱਤਰਵਿਆਂ ਦੇ ਸ਼ੁਰੂ ਵਿਚ ਕੌਮੀ ਅਸੈਂਬਲੀ ਦੀਆਂ ਚੋਣਾਂ ਵਿਚ ਪੂਰਬੀ ਪਾਕਿਸਤਾਨ ਦੇ ਨੇਤਾ ਮੁਜੀਬ-ਉਰ-ਰਹਿਮਾਨ ਨੂੰ ਬਹੁਮਤ ਮਿਲਣ ਦੇ ਬਾਵਜੂਦ ਜਦੋਂ ਸੱਤਾ ਨਾ ਸੰਭਾਲੀ ਤਾਂ ਢਾਕਾ ਵਿਚ ਅੰਦੋਲਨ ਦੀ ਚੰਗਿਆੜੀ ਭੜਕ ਉੱਠੀ ਸੀ। ਇਸ ਚੰਗਿਆੜੀ ਨੇ ਪੂਰਬੀ ਪਾਕਿਸਤਾਨ ਵਿਚ ਥਾਂ-ਥਾਂ ਭਾਂਬੜ ਮਚਾ ਦਿੱਤੇ ਸਨ। ਸੱਤਾ ਦੇ ਲੋਭੀ ਜ਼ੁਲਿਫ਼ਕਾਰ ਅਲੀ ਭੁੱਟੋ ਨੇ ਉਸ ਵੇਲੇ ਪੂਰਬੀ ਤੇ ਪੱਛਮੀ ਪਾਕਿਸਤਾਨ ਲਈ ਵੱਖ-ਵੱਖ ਪ੍ਰਧਾਨ ਮੰਤਰੀ ਬਣਾਉਣ ਦੀ ਤਜਵੀਜ਼ ਰੱਖੀ ਸੀ। ਖ਼ੈਰ! ਜੇਲ੍ਹ ’ਚ ਬੈਠੇ ਮੁਜੀਬ-ਉਰ-ਰਹਿਮਾਨ ਦੀ ਅਵਾਮੀ ਲੀਗ ਵੱਲੋਂ ਵਿੱਢੇ ਗਏ ਅੰਦੋਲਨ ਕਾਰਨ ‘ਮੁਕਤੀ ਬਾਹਨੀ’ ਦਾ ਜਨਮ ਹੋਇਆ। ਫ਼ਿਰਕਿਆਂ ਤੋਂ ਉੱਪਰ ਉੱਠ ਕੇ ਬੰਗਾਲੀ ਮੂਲ ਦੇ ਪਾਕਿਸਤਾਨੀ ਨੌਜਵਾਨਾਂ ਨੇ ਮੁਕਤੀ ਬਾਹਨੀ ਵਿਚ ਸ਼ਾਮਲ ਹੋ ਕੇ ਭਾਰਤੀ ਸੈਨਾ ਕੋਲੋਂ ਹਥਿਆਰਬੰਦ ਟਰੇਨਿੰਗ ਲਈ। ਇਨ੍ਹਾਂ ਨੌਜਵਾਨਾਂ ਨੇ ਪਾਕਿਸਤਾਨੀ ਸੈਨਾ ਦੇ ਨੱਕ ਵਿਚ ਦਮ ਕਰ ਦਿੱਤਾ ਤੇ ਆਖ਼ਰ ਸੰਨ 1971 ਵਿਚ ਦੁਨੀਆ ਦੇ ਨਕਸ਼ੇ ’ਤੇ ਨਵਾਂ ਮੁਲਕ ‘ਬੰਗਲਾਦੇਸ਼’ ਦਿਖਾਈ ਦੇਣ ਲੱਗਾ। ਪੰਜ ਦਹਾਕਿਆਂ ਬਾਅਦ ਮੁਲਕ ਵਿਚ ਫਿਰ ਖ਼ਾਨਾਜੰਗੀ ਦੇ ਆਸਾਰ ਨਜ਼ਰ ਆਉਣ ਲੱਗੇ ਹਨ। ਜਿੱਤਿਆਂ ਨੂੰ ਜੇ ਸਿੰਘਾਸਣ ਨਸੀਬ ਨਾ ਹੋਇਆ ਤਾਂ ਪਾਕਿਸਤਾਨ ਵਿਚ ਮੁੜ ਲਾਵਾ ਫੁੱਟ ਸਕਦਾ ਹੈ। ਕਹਿੰਦੇ ਹਨ ਕਿ ਇਤਿਹਾਸ ਖ਼ੁਦ ਨੂੰ ਦੁਹਰਾਉਂਦਾ ਹੈ। ‘ਮੇਰਾ ਦਾਗਿਸਤਾਨ’ ਦਾ ਲੇਖਕ ਰਸੂਲ ਹਮਜ਼ਾਤੋਵ ਕਹਿੰਦਾ ਹੈ ਕਿ ਜੇ ਤੁਸੀਂ ਬੀਤੇ ’ਤੇ ਗੋਲ਼ੀ ਚਲਾਓਗੇ ਤਾਂ ਭਵਿੱਖ ਤੁਹਾਨੂੰ ਤੋਪ ਨਾਲ ਫੁੰਡੇਗਾ। ਬੰਗਲਾਦੇਸ਼ ਬਣਨ ਪਿੱਛੇ ਜ਼ੁਲਿਫ਼ਕਾਰ ਅਲੀ ਭੁੱਟੋ ਅਤੇ ਸੈਨਾ ਦੀਆਂ ਲਾਲਸਾਵਾਂ ਜ਼ਿੰਮੇਵਾਰ ਸਨ। ਇਨ੍ਹਾਂ ਚੋਣ ਨਤੀਜਿਆਂ ਤੋਂ ਬਾਅਦ ਜ਼ੁਲਿਫ਼ਕਾਰ ਦੇ ਦੋਹਤੇ ਬਿਲਾਵਲ ਭੁੱਟੋ ਅਤੇ ਜਵਾਈ ਜ਼ਰਦਾਰੀ ਨੇ ਜੇ ਪੁਰਾਣੀਆਂ ਗ਼ਲਤੀਆਂ ਨੂੰ ਦੁਹਰਾਇਆ ਤਾਂ ਫਿਰ ਪਾਕਿਸਤਾਨ ਨੂੰ ਅੱਲ੍ਹਾ ਵੀ ਨਹੀਂ ਬਚਾ ਸਕੇਗਾ। ਪਾਕਿਸਤਾਨ ਦੀ ਆਰਥਿਕਤਾ ਇਸ ਵੇਲੇ ਬੁਰੀ ਤਰ੍ਹਾਂ ਲੜਖੜਾਈ ਹੋਈ ਹੈ। ਭਾਰਤੀ ਇਕ ਰੁਪਏ ਦੇ ਵਟਾਂਦਰੇ ਵਿਚ ਪਾਕਿਸਤਾਨੀ ਤਿੰਨ ਰੁਪਏ ਤੀਹ ਪੈਸੇ ਮਿਲਦੇ ਹਨ। ਅੱਤਵਾਦ ਨੇ ਵੀ ਪਾਕਿਸਤਾਨ ਨੂੰ ਬੁਰੀ ਤਰ੍ਹਾਂ ਝੰਬਿਆ ਹੋਇਆ ਹੈ। ਨਵਾਜ਼ ਸ਼ਰੀਫ਼ ਤੇ ਬਿਲਾਵਲ ਭੁੱਟੋ ਦੀਆਂ ਪਾਰਟੀਆਂ ਹੱਥ ਮਿਲਾ ਕੇ ਸੱਤਾ ਸੰਭਾਲਦੀਆਂ ਹਨ ਤਾਂ ਪਾਕਿਸਤਾਨ ਦੇ ਹਾਲਾਤ ਹੋਰ ਵੀ ਮਾੜੇ ਹੋ ਜਾਣਗੇ। ਇਹ ਵੱਖਰੀ ਗੱਲ ਹੈ ਕਿ ਕਮਜ਼ੋਰ ਹਕੂਮਤ ਫ਼ੌਜ ਨੂੰ ਮਾਫ਼ਕ ਆਉਂਦੀ ਹੈ। ਪਾਕਿਸਤਾਨ ਦੇ ਨਤੀਜਿਆਂ ਦਾ ਇਕਮਾਤਰ ਹਾਂ-ਪੱਖੀ ਰੁਝਾਨ ਇਹੀ ਹੈ ਕਿ ਹਾਫ਼ਿਜ਼ ਸਈਦ ਦਾ ਬੇਟਾ ਅਤੇ ਉਸ ਦੇ ਸਮਰਥਕ ਬੁਰੀ ਤਰ੍ਹਾਂ ਚੋਣ ਹਾਰ ਗਏ ਹਨ। ਅੱਤਵਾਦੀ ਤਨਜ਼ੀਮਾਂ ਨੂੰ ਅਵਾਮ ਨੇ ਨਕਾਰਿਆ ਹੈ। ਚੋਣ ਨਤੀਜਿਆਂ ਦੀ ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਇਮਰਾਨ ਖ਼ਾਨ ਨੂੰ ਭਾਵੇਂ ਮੁੱਖਧਾਰਾ ਮੀਡੀਆ ਨੇ ਪੂਰੀ ਤਰ੍ਹਾਂ ‘ਬਲੈਕ ਆਊਟ’ ਕੀਤਾ ਸੀ ਪਰ ਉਹ ਆਰਟੀਫੀਸ਼ੀਅਲ ਇੰਟੈਲੀਜੈਂਸ ਜ਼ਰੀਏ ਜੇਲ੍ਹ ’ਚ ਬੈਠੇ ਵੀ ਅਵਾਮ ਨਾਲ ਲਗਾਤਾਰ ਸੰਵਾਦ ਰਚਾਉਂਦੇ ਰਹੇ।