ਹੱਦਾਂ ਤੇ ਸਰਹੱਦਾਂ (ਪੰਜਾਬੀ ਜਾਗਰਣ –– 25th February, 2024)
ਵਰਿੰਦਰ ਵਾਲੀਆ
ਸਦੀਆਂ ਤੋਂ ਪੰਜਾਬ ਦੀਆਂ ਭੂਗੋਲਿਕ ਹੱਦਾਂ ਸੁੰਗੜਦੀਆਂ-ਫੈਲਦੀਆਂ ਰਹੀਆਂ ਹਨ। ਵੈਦਿਕ ਕਾਲ ’ਚ ਕਲ਼ਕਲ਼ ਕਰਦੇ ਸੱਤ ਦਰਿਆਵਾਂ ਦੀ ਧਰਤੀ ‘ਸਪਤ-ਸਿੰਧੂ’ ਦੇ ਨਾਂ ਨਾਲ ਜਾਣੀ ਜਾਂਦੀ ਸੀ। ਦੋ ਦਰਿਆ ਮਨਫ਼ੀ ਕਰ ਕੇ ਇਸ ਨੂੰ ‘ਪੰਜ-ਨਦ’ ਕਿਹਾ ਜਾਣ ਲੱਗ ਪਿਆ। ਇਸਲਾਮ ਦੀ ਆਮਦ ਪਿੱਛੋਂ ਇਸ ਦਾ ਨਾਮਕਰਨ ‘ਪੰਜ-ਆਬ’ (ਪੰਜ ਪਾਣੀ) ਹੋਇਆ। ਦੇਵ-ਭੂਮੀ ਹਿਮਾਚਲ ਦੇ ਦਿਓ-ਕੱਦ ਪਹਾੜਾਂ ’ਚੋਂ ਖੁੱਲ੍ਹੇ ਹੱਥ ਦੀਆਂ ਉਂਗਲਾਂ ਵਾਂਗ ਨਿਕਲਦੇ ਪੰਜ ਦਰਿਆਵਾਂ ਨਾਲ ਸਿੰਜੀ ਪੰਜਾਬ ਦੀ ਜਰਖ਼ੇਜ਼ ਭੂਮੀ ਨੂੰ ਜਿੱਥੇ ਸੂਫ਼ੀਆਂ-ਸੰਤਾਂ, ਗੁਰੂਆਂ ਤੇ ਮਹਾਤਮਾਵਾਂ ਦੀ ਚਰਨ-ਛੋਹ ਨਾਲ ਭਾਗ ਲੱਗੇ, ਓਥੇ ਇਸ ਦੀ ਖ਼ੁਸ਼ਹਾਲੀ ਨੇ ਧਾੜਵੀਆਂ ਨੂੰ ਵੀ ਸੈਨਤਾਂ ਮਾਰੀਆਂ। ਸਿਕੰਦਰ ਮਹਾਨ ਤੋਂ ਲੈ ਕੇ ਅਹਿਮਦ ਸ਼ਾਹ ਅਬਦਾਲੀ ਤੱਕ ਲਗਪਗ 2000 ਸਾਲ ਪੰਜਾਬ ਵਿਦੇਸ਼ੀ ਹਮਲਿਆਂ ਦਾ ਮੁੱਖ ਦੁਆਰ ਰਿਹਾ ਹੈ।
ਆਜ਼ਾਦੀ ਤੋਂ ਪਹਿਲਾਂ ਪੰਜਾਬ ਵਿਸ਼ਾਲ ਖੰਡ ਸੀ ਜੋ ਸਮੇਂ ਨਾਲ ਖੰਡ-ਖੰਡ ਹੁੰਦਾ ਰਿਹਾ। ਵੰਡ ਨੇ ਇਸ ਨੂੰ ਮਗਰਬੀ ਤੇ ਮਸ਼ਰਕੀ ਪੰਜਾਬਾਂ ’ਚ ਵੰਡ ਦਿੱਤਾ। ਸਮਾਂ ਪੰਜਾਬ ਨਾਲ ਕੋਝੇ ਮਜ਼ਾਕ ਕਰਦਾ ਆ ਰਿਹਾ ਹੈ। ਆਜ਼ਾਦੀ ਉਪਰੰਤ ਪੰਜਾਬ ਇਕ ਵਾਰ ਫਿਰ ਵੰਡਿਆ ਗਿਆ। ਚੰਡੀਗੜ੍ਹ ਤੇ ਪੰਜਾਬੀ ਬੋਲਦੇ ਇਲਾਕਿਆਂ ਨੂੰ ਪੰਜਾਬ ’ਚ ਸ਼ਾਮਲ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਨੇ ਅਨੰਦਪੁਰ ਸਾਹਿਬ ਮਤਾ ਪਾਸ ਕਰ ਕੇ ਲੰਬਾ ਸੰਘਰਸ਼ ਵਿੱਢਿਆ। ਸੰਨ 1982 ’ਚ ਦਿੱਲੀ ’ਚ ਹੋਈਆਂ ਏਸ਼ੀਅਨ ਖੇਡਾਂ (ਏਸ਼ੀਆਡ) ਵੇਲੇ ਪੰਜਾਬ ’ਚੋਂ ਨਿਕਲੇ ਹਰਿਆਣਾ ’ਚ ਭਜਨ ਲਾਲ ਦੀ ਤਤਕਾਲੀ ਕਾਂਗਰਸ ਸਰਕਾਰ ਨੇ ਜਦੋਂ ਦਿੱਲੀ ਜਾ ਰਹੇ ਪੰਜਾਬੀਆਂ ਨੂੰ ਰੋਕ-ਰੋਕ ਕੇ ਜ਼ਲੀਲ ਕੀਤਾ ਤਾਂ ਦੋਨਾਂ ਸੂਬਿਆਂ ਵਿਚਲੀ ਸੀਮਾ, ਸਰਹੱਦ ਦਾ ਭੁਲੇਖਾ ਪਾ ਰਹੀ ਪ੍ਰਤੀਤ ਹੋਈ। ਸਮੇਂ ਦੀ ਸਿਤਮਜ਼ਰੀਫ਼ੀ ਹੀ ਸਮਝੋ ਕਿ ਕਿਸਾਨ ਅੰਦੋਲਨ ਵੇਲੇ ਪੰਜਾਬ ਤੇ ਹਰਿਆਣਾ ਦੀਆਂ ਹੱਦਾਂ ਨੂੰ ਸਰਹੱਦਾਂ ਕਿਹਾ ਜਾ ਰਿਹਾ ਹੈ। ਦੋ ਕਿਸਾਨ ਜਥੇਬੰਦੀਆਂ ਵੱਲੋਂ ‘ਦਿੱਲੀ ਕੂਚ’ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰਨ ਲਈ ਹਰਿਆਣਾ ਵੱਲੋਂ ਦਿੱਲੀ ਜਾਂਦੇ ਰਾਹਾਂ ’ਤੇ ਨੁਕੀਲੀਆਂ ਕਿੱਲਾਂ ਗੱਡਣ ਤੋਂ ਇਲਾਵਾ ਕੰਕਰੀਟ ਦੀਆਂ ਕੰਧਾਂ ਉਸਾਰੀਆਂ ਗਈਆਂ। ਵਿਛੀਆਂ ਹੋਈਆਂ ਕੰਡਿਆਲੀਆਂ ਤਾਰਾਂ ’ਤੇ ਉੱਡਦੇ ਡ੍ਰੋਨ ਇਹ ਭੁਲੇਖਾ ਪਾਉਂਦੇ ਹਨ ਜਿਵੇਂ ਇਹ ਦੋ ਸੂਬਿਆਂ ਦੀ ਹੱਦ ਨਾ ਹੋ ਕੇ ਵਾਹਗਾ-ਅਟਾਰੀ ਦੀ ਸਰਹੱਦ ਹੋਵੇ। ਅਜਿਹੀ ਮੋਰਚਾਬੰਦੀ ਮਗਰੋਂ ਹਰਿਆਣਾ ਦੀ ਸੀਮਾ ਨੂੰ ਪਾਰ ਕਰਨਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੈ। ‘ਜੈ ਜਵਾਨ’ ਤੇ ‘ਜੈ ਕਿਸਾਨ’ ਆਹਮੋ-ਸਾਹਮਣੇ ਹਨ। ਪੰਜਾਬ ਨੂੰ ਭਾਰਤ ਦੀ ਖੜਗ ਭੁਜਾ ਹੋਣ ਦਾ ਮਾਣ ਹੈ। ਕਿਸਾਨ ਦਾ ਬੇਟਾ ਜਦੋਂ ਸਰਹੱਦਾਂ ’ਤੇ ਦੁਸ਼ਮਣ ਨਾਲ ਲੋਹਾ ਲੈਂਦਾ ਸ਼ਹੀਦ ਹੁੰਦਾ ਹੈ ਤਾਂ ਉਹ ਤਿਰੰਗੇ ’ਚ ਲਿਪਟ ਕੇ ਘਰ ਆਉਂਦਾ ਹੈ। ਮਹਾ-ਪੰਜਾਬ ਦੀਆਂ ਹੱਦਾਂ ਜਦੋਂ ਸਰਹੱਦਾਂ ’ਚ ਤਬਦੀਲ ਹੋਈਆਂ ਤਾਂ ਆਪਣਿਆਂ ਦਾ ਟਾਕਰਾ ਆਪਣਿਆਂ ਨਾਲ ਹੋ ਗਿਆ। ਇਹ ਕਿਸ ਤਰ੍ਹਾਂ ਦੀ ਤਵਾਰੀਖ ਲਿਖੀ ਜਾ ਰਹੀ ਹੈ? ਮਹਾ-ਪੰਜਾਬ ਦੀ ਅਜਿਹੀ ਦੁਰਦਸ਼ਾ ਸਮੁੱਚੇ ਪੰਜਾਬੀਆਂ ਨੂੰ ਮਿਹਣਾ ਹੈ। ਇਕ ਸਮੇਂ ਬਲਦ ਕਿਸਾਨ ਦਾ ਦੂਜਾ ਬੇਟਾ ਮੰਨਿਆ ਜਾਂਦਾ ਸੀ ਜਿਸ ਨੂੰ ‘ਖੇਤ-ਨਿਕਾਲਾ’ ਮਿਲ ਚੁੱਕਾ ਹੈ। ਹੱਥੀਂ-ਕਾਰ ਪਿਛਲੇ ਜ਼ਮਾਨੇ ਦੀ ਜੀਵਨ-ਸ਼ੈਲੀ ਬਣ ਕੇ ਰਹਿ ਗਈ ਜਾਪਦੀ ਹੈ। ਊਠਾਂ ਤੇ ਬਲਦਾਂ ਦੀ ਜਗ੍ਹਾ ਟਰੈਕਟਰਾਂ ਨੇ ਲੈ ਲਈ ਹੈ। ਛੋਟਾ ਕਿਸਾਨ ਕਰਜ਼ਾ ਚੁੱਕ ਕੇ ਵੀ ਟਰੈਕਟਰ ਖ਼ਰੀਦਦਾ ਹੈ ਜੋ ਉਨ੍ਹਾਂ ਲਈ ਨਵਾਂ ‘ਸਟੇਟਸ ਸਿੰਬਲ’ ਬਣ ਚੁੱਕਾ ਹੈ। ਹੁਣ ਟਰੈਕਟਰ ਨੂੰ ਬਖ਼ਤਰਬੰਦ ਟੈਂਕਾਂ ’ਚ ਤਬਦੀਲ ਕਰ ਕੇ ਖ਼ੁਦ ਨੂੰ ਧੋਖਾ ਦੇਣ ਦੀ ਕੋਸ਼ਿਸ਼ ਹੋ ਰਹੀ ਹੈ। ਖੇਤੀ ਮਸ਼ੀਨਰੀ ਖੇਤਾਂ ’ਚ ਹੀ ਸੋਂਹਦੀ ਹੈ। ਨੌਜਵਾਨਾਂ ’ਚ ਅੰਤਾਂ ਦਾ ਜੋਸ਼ ਹੁੰਦਾ ਹੈ, ਉਨ੍ਹਾਂ ਦਾ ਮਾਰਗ-ਦਰਸ਼ਨ ਕਰ ਕੇ ਦੇਸ਼ ਦੀ ਵੱਡੀ ਸੇਵਾ ਕੀਤੀ ਜਾ ਸਕਦੀ ਹੈ। ਐਟਮ ਦੇ ਯੁੱਗ ’ਚ ਨੇਜ਼ਿਆਂ-ਭਾਲਿਆਂ ਨਾਲ ਜੰਗਾਂ ਨਹੀਂ ਜਿੱਤੀਆਂ ਜਾ ਸਕਦੀਆਂ। ਜੋਸ਼ ਦੇ ਨਾਲ ਹੋਸ਼ ਜ਼ਰੂਰੀ ਹੁੰਦਾ ਹੈ। ਨਸਲਾਂ ਤੇ ਫ਼ਸਲਾਂ ਨੂੰ ਬਚਾਉਣਾ ਸਮੇਂ ਦੀ ਲੋੜ ਹੈ। ਅਜਿਹੀ ਜੰਗ ਜੋਸ਼ ਨਾਲੋਂ ਵੱਧ ਹੋਸ਼ ਨਾਲ ਜਿੱਤੀ ਜਾ ਸਕਦੀ ਹੈ। ਖੇਤੀ ਨੂੰ ਦੁਨੀਆ ਭਰ ’ਚ ਲਾਹੇਵੰਦ ਧੰਦਾ ਨਹੀਂ ਗਿਣਿਆ ਜਾ ਰਿਹਾ। ‘ਹਰੀ ਕ੍ਰਾਂਤੀ’ ਦੀ ਭੂਮੀ ਪੰਜਾਬ ਨੇ ਦੇਸ਼ ਵਾਸੀਆਂ ਦਾ ਉਸ ਵੇਲੇ ਵੀ ਪੇਟ ਭਰਿਆ ਸੀ ਜਦੋਂ ਲਾਲ ਕਣਕ ਅਮਰੀਕਾ ਤੋਂ ਮੰਗਵਾਈ ਜਾਂਦੀ ਸੀ। ਤਤਕਾਲੀ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੇ ਆਪਣੀ ਸਰਕਾਰੀ ਰਿਹਾਇਸ਼ ’ਤੇ ਬੈਲਾਂ ਦੀ ਜੋੜੀ ਨਾਲ ਖ਼ੁਦ ਹਲ਼ ਵਾਹਿਆ ਸੀ। ਦੇਸ਼ ਦੇ ਅੰਨ-ਭੰਡਾਰ ਲਈ ਪੰਜਾਬ ਦੇ ਕਿਸਾਨ ਨੇ ਖੇਤਾਂ ’ਚੋਂ ਸੋਨਾ ਉਗਾਇਆ। ‘ਹਰੀ ਕ੍ਰਾਂਤੀ’ ਪੰਜਾਬੀਆਂ ਲਈ ਵਰਦਾਨ ਦੀ ਬਜਾਏ ਸਰਾਪ ਬਣ ਗਈ। ਨਦੀਨਨਾਸ਼ਕ ਤੇ ਕੀਟਨਾਸ਼ਕ ਦਵਾਈਆਂ ਦੇ ਬੇਤਹਾਸ਼ਾ ਛਿੜਕਾਅ ਕਾਰਨ ਪੰਜਾਬੀਆਂ ਨੇ ਆਪਣੀ ਧਰਤੀ-ਮਾਂ ਨੂੰ ਜ਼ਹਿਰੀਲੀ ਬਣਾ ਲਿਆ। ਜ਼ਹਿਰਾਂ ਦੇ ਛਿੜਕਾਅ ਕਾਰਨ ਉਨ੍ਹਾਂ ਨੇ ਕੈਂਸਰ ਵਰਗੀਆਂ ਨਾਮੁਰਾਦ ਬਿਮਾਰੀਆਂ ਨੂੰ ਸਹੇੜ ਲਿਆ। ਫ਼ਸਲਾਂ ਤੋਂ ਬਾਅਦ ਨਸਲਾਂ ਦੀ ਬਰਬਾਦੀ ਸ਼ੁਰੂ ਹੋਈ। ਡੂੰਘੀ ਸਾਜ਼ਿਸ਼ ਤਹਿਤ ਪੰਜਾਬ ’ਚ ਸਿੰਥੈਟਿਕ ਡਰੱਗਜ਼ ਦਾ ਬੋਲਬਾਲਾ ਹੋਇਆ। ਨਸ਼ਿਆਂ ਨੇ ਸੱਤ ਸਮੁੰਦਰ ਪਾਰ ਗਏ ਪੰਜਾਬੀਆਂ ਦਾ ਵੀ ਖਹਿੜਾ ਨਾ ਛੱਡਿਆ। ਫ਼ਸਲਾਂ ਤੇ ਨਸਲਾਂ ਦੀ ਬਰਬਾਦੀ ਲਈ ਸਰਕਾਰਾਂ ਦੇ ਨਾਲ-ਨਾਲ ਪੰਜਾਬੀ ਖ਼ੁਦ ਵੀ ਜ਼ਿੰਮੇਵਾਰ ਹਨ। ਇਹ ਚਿੰਤਾ ਤੇ ਦੀਰਘ ਚਿੰਤਨ ਦਾ ਵਿਸ਼ਾ ਹੈ। ਬਹੁਤੀ ਅੜੀ ਸਿਆਣਪ ਨਹੀਂ ਹੁੰਦੀ। ਤੱਤੇ ਨਾਅਰੇ ਕਈ ਘਰਾਂ ਦੇ ਚੁੱਲ੍ਹੇ ਠੰਢੇ ਕਰ ਦਿੰਦੇ ਹਨ। ‘ਬਾਰਡਰ’ ਬਣੇ ਖਨੌਰੀ ’ਤੇ ਅਣ-ਵਿਆਹੇ ਸ਼ੁਭਕਰਨ (22) ਦੀ ਹਰਿਆਣਾ ਪੁਲਿਸ ਦੀ ਗੋਲ਼ੀ ਲੱਗਣ ਨਾਲ ਹੋਈ ਮੌਤ ਪਿੱਛੋਂ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਦੇ ਨੇਤਾਵਾਂ ਨੂੰ ਸਿਰ ਜੋੜ ਕੇ ਵਿਚਾਰ-ਵਿਮਰਸ਼ ਦੀ ਲੋੜ ਹੈ। ਵੱਡੇ ਤੋਂ ਵੱਡੇ ਮਸਲੇ ਸੰਵਾਦ ਰਾਹੀਂ ਨਜਿੱਠੇ ਜਾ ਸਕਦੇ ਹਨ। ਜੇ ਬੂਹੇ ਬੰਦ ਹੀ ਕਰਨੇ ਹਨ ਤਾਂ ਖਿੜਕੀਆਂ ਜ਼ਰੂਰ ਖੁੱਲ੍ਹੀਆਂ ਰਹਿਣੀਆਂ ਚਾਹੀਦੀਆਂ ਹਨ। ਕਿਸਾਨ ਆਗੂਆਂ ਨੇ ਭਰੋਸਾ ਦਿੱਤਾ ਸੀ ਕਿ ਉਨ੍ਹਾਂ ਦਾ ਸੰਘਰਸ਼ ਸ਼ਾਂਤਮਈ ਰਹੇਗਾ। ਨੌਜਵਾਨਾਂ ਦਾ ਮਾਰਗ-ਦਰਸ਼ਨ ਕਰਨ ਲਈ ਨੇਤਾ ਅੱਗੇ ਹੁੰਦੇ ਤਾਂ ਅਜਿਹਾ ਭਾਣਾ ਨਾ ਵਾਪਰਦਾ। ਸ਼ੁਭਕਰਨ ਦੀ ਬਿਰਧ ਦਾਦੀ ਦੇ ਕੀਰਨੇ ਅੰਬਰ ਦਾ ਸੀਨਾ ਚੀਰ ਰਹੇ ਹਨ। ਕਿਸਾਨ ਜਥੇਬੰਦੀਆਂ ਲਈ ਮਿ੍ਰਤਕ ਖੇਤੀ ਸੰਘਰਸ਼ ਦਾ ‘ਸ਼ਹੀਦ’ ਹੈ। ਪੰਜਾਬ ਸਰਕਾਰ ਨੇ ਪੀੜਤ ਪਰਿਵਾਰ ਨੂੰ ਮੁਆਵਜ਼ੇ ਵਜੋਂ ਇਕ ਕਰੋੜ ਦੀ ਰਕਮ ਤੋਂ ਇਲਾਵਾ ਸ਼ੁਭਕਰਨ ਦੀ ਛੋਟੀ ਭੈਣ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਬਾਵਜੂਦ ਜਿਸ ਘਰ ਦਾ ਚਿਰਾਗ਼ ਬੁਝਿਆ ਹੈ, ਉਸ ਵਿਚ ਲੌਢੇ ਵੇਲੇ ਵੀ ਹਨੇਰਾ ਪਸਰਿਆ ਮਹਿਸੂਸ ਹੋਵੇਗਾ। ਸ਼ੁਭਕਰਨ ਦੀ ਮੌਤ ਮਗਰੋਂ ਕਿਸਾਨ ਜਥੇਬੰਦੀਆਂ ਨੂੰ ‘ਦਿੱਲੀ ਕੂਚ’ ਦਾ ਫ਼ੈਸਲਾ ਮੁਲਤਵੀ ਕਰਨਾ ਪਿਆ। ਹਰਿਆਣਾ ਸਰਕਾਰ ਵੱਲੋਂ ਕੀਤੀ ਗਈ ਜ਼ਬਰਦਸਤ ਕਿਲ੍ਹੇਬੰਦੀ ਦੇ ਮੱਦੇਨਜ਼ਰ ਜੇ ਅਜਿਹਾ ਫ਼ੈਸਲਾ ਪਹਿਲਾਂ ਹੀ ਲਿਆ ਜਾਂਦਾ ਤਾਂ ਕੀਮਤੀ ਜਾਨ ਬਚਾਈ ਜਾ ਸਕਦੀ ਸੀ। ਸ਼ੁਭਕਰਨ ਦੀ ਅਣਿਆਈ ਮੌਤ ਤੋਂ ਪਿੱਛੋਂ ਵੀ ਸਿਆਸਤ ਖਹਿੜਾ ਨਹੀਂ ਛੱਡ ਰਹੀ। ਕਿਸਾਨ ਜਥੇਬੰਦੀਆਂ ਨੇ ਐਲਾਨ ਕੀਤਾ ਹੈ ਕਿ ਦੋਸ਼ੀਆਂ ਖ਼ਿਲਾਫ਼ ਕਤਲ ਦੇ ਪਰਚੇ ਦਰਜ ਕਰਨ ਤੋਂ ਪਹਿਲਾਂ ਸ਼ੁਭਕਰਨ ਦਾ ਸਸਕਾਰ ਨਹੀਂ ਹੋਵੇਗਾ। ਸਤਾਰਾਂ ਸਾਲ ਪਹਿਲਾਂ ਸ਼ੁਭਕਰਨ ਤੇ ਉਸ ਦੀਆਂ ਭੈਣਾਂ ਨੂੰ ਛੱਡ ਕੇ ਦੂਜਾ ਵਿਆਹ ਕਰਵਾਉਣ ਵਾਲੀ ਉਨ੍ਹਾਂ ਦੀ ਮਾਂ ਨਾਟਕੀ ਢੰਗ ਨਾਲ ਸਾਹਮਣੇ ਆਈ ਹੈ। ਉਹ ਵਾਸਤਾ ਪਾ ਰਹੀ ਹੈ ਕਿ ਉਸ ਦੇ ਪੁੱਤ ਦੀ ਮਿੱਟੀ ਨਾ ਰੋਲੀ ਜਾਵੇ। ਸ਼ੁਭਕਰਨ ਦੀ ਭੈਣ ਨੇ ਕਿਹਾ ਕਿ ਉਸ ਦੀ ਮਾਂ ਮਗਰਮੱਛ ਦੇ ਹੰਝੂ ਵਹਾ ਰਹੀ ਹੈ ਜੋ ਉਨ੍ਹਾਂ ਨੂੰ ਛੋਟੇ-ਛੋਟੇ ਹੁੰਦਿਆਂ ਲਾਵਾਰਸ ਕਰ ਕੇ ਚਲੀ ਗਈ ਸੀ। ਇਹ ਛੋਟੀ ਕਿਰਸਾਨੀ ਦਾ ਵੱਡਾ ਦੁਖਾਂਤ ਹੈ। ਛੋਟੀਆਂ ਜੋਤਾਂ ਨਾਲ ਜ਼ਿੰਦਗੀ ਬਸਰ ਕਰਨੀ ਮੁਸ਼ਕਲ ਹੈ। ਇਸੇ ਲਈ ਪਰਿਵਾਰ ਟੁੱਟ ਰਹੇ ਹਨ। ਸਾਂਝੇ ਚੁੱਲ੍ਹੇ ਕਿਧਰੇ ਦਿਖਾਈ ਨਹੀਂ ਦਿੰਦੇ। ਜੀਵਨ ਦੀ ਫੁਲਕਾਰੀ ਵਿਚ ਸਭ ਤੋਂ ਪੀਡੀ ਤੇ ਮਨਮੋਹਣੀ ਬੁਣਤੀ ਲਹੂ ਦੇ ਰਿਸ਼ਤਿਆਂ ਦੀ ਹੁੰਦੀ ਹੈ। ਲਹੂ ਚਿੱਟਾ ਹੋ ਰਿਹਾ ਹੈ। ਘਰਾਂ ਦੀਆਂ ਤਕਸੀਮਾਂ ਦਾ ਪਸਾਰਾ ਪਸਰਦਾ ਜਾ ਰਿਹਾ ਹੈ। ਸਾਂਝੇ ਵਿਹੜਿਆਂ ’ਚ ਕੰਧਾਂ ਉਸਰ ਜਾਂਦੀਆਂ ਹਨ। ਇਹੀ ਰੁਝਾਨ ਆਪਣੇ ਹੀ ਦੇਸ਼ ਅੰਦਰਲੀਆਂ ਹੱਦਾਂ ਨੂੰ ਸਰਹੱਦਾਂ ਬਣਾ ਦਿੰਦਾ ਹੈ। ਦੇਸ਼ ਦੀ ਵੰਡ ਵੇਲੇ ਜਦੋਂ ਜੁੜਵੇਂ ਪਿੰਡ ਵਾਹਗਾ ਤੇ ਅਟਾਰੀ ਵਿਚਲੀ ਹੱਦ, ਸਰਹੱਦ ਬਣੀ ਤਾਂ ਲੱਖਾਂ ਨਿਰਦੋਸ਼ ਪੰਜਾਬੀਆਂ ਦਾ ਖ਼ੂਨ ਅਜਾਈਂ ਡੁੱਲ੍ਹਿਆ ਸੀ। ਪੰਜਾਬ ਦੀ ਸਾਂਝੀ ਲੋਕ-ਧਾਰਾ ’ਚ ਧੜਕਦੀ ਰਾਵੀ ਲਹਿੰਦੇ ਤੇ ਚੜ੍ਹਦੇ ਪੰਜਾਬ ਦਰਮਿਆਨ ਕਈ ਥਾਈਂ ਸਰਹੱਦ ਬਣ ਗਈ। ਦੋਨਾਂ ਪੰਜਾਬਾਂ ਦੇ ਹਿੱਸੇ ਢਾਈ-ਢਾਈ ਦਰਿਆ ਆਏ ਤਾਂ ਇਨ੍ਹਾਂ ਦੇ ਜਲ-ਤਰੰਗ ’ਚੋਂ ਮਾਤਮੀ ਧੁਨਾਂ ਉੱਠਦੀਆਂ ਮਹਿਸੂਸ ਹੋ ਰਹੀਆਂ ਸਨ। ਵਿਛੜੇ ਦਰਿਆਵਾਂ ਦੇ ਹੰਝੂਆਂ ਨੂੰ ਭਲਾ ਕਿਸ ਵੇਖਿਆ! ਜੇ ਤਕਸੀਮ ਤੋਂ ਕੋਈ ਸਬਕ ਸਿੱਖਿਆ ਹੁੰਦਾ ਤਾਂ ਹੱਦਾਂ ਕਦੇ ਵੀ ਸਰਹੱਦਾਂ ਨਾ ਬਣਦੀਆਂ।