ਬੰਗਾਲ ਦੀ ਤ੍ਰਾਸਦੀ (ਪੰਜਾਬੀ ਜਾਗਰਣ –– 3rd March, 2024)
ਵਰਿੰਦਰ ਵਾਲੀਆ
ਮਜ਼ਦੂਰ ਤੋਂ ਸਿਆਸਤਦਾਨ ਬਣੇ ਤ੍ਰਿਣਮੂਲ ਕਾਂਗਰਸ (ਟੀਐੱਮਸੀ) ਦੇ ਬਾਹੂਬਲੀ ਨੇਤਾ ਸ਼ਾਹਜਹਾਂ ਸ਼ੇਖ਼ ਦੀ ਸੰਦੇਸ਼ਖਾਲੀ ਵਿਚ ਜ਼ਮੀਨਾਂ ਹੜੱਪਣ ਤੇ ਮਹਿਲਾਵਾਂ ਨਾਲ ਜਬਰ-ਜਨਾਹ ਦੇ ਦੋਸ਼ਾਂ ਹੇਠ ਕੀਤੀ ਗਿ੍ਰਫ਼ਤਾਰੀ ਨੇ ਪੱਛਮੀ ਬੰਗਾਲ ਦੀ ਮਮਤਾ ਬੈਨਰਜੀ ਸਰਕਾਰ ਨੂੰ ਇਕ ਵਾਰ ਫਿਰ ਕਟਹਿਰੇ ਵਿਚ ਖੜ੍ਹਾ ਕੀਤਾ ਹੈ। ਉਸ ਦੀ ਗਿ੍ਰਫ਼ਤਾਰੀ ਤੋਂ ਤੁਰੰਤ ਪਿੱਛੋਂ ਭਾਵੇਂ ਟੀਐੱਮਸੀ ਨੇ ਸ਼ੇਖ਼ ਨੂੰ ਛੇ ਸਾਲਾਂ ਲਈ ਪਾਰਟੀ ’ਚੋਂ ਕੱਢ ਦਿੱਤਾ ਹੈ ਫਿਰ ਵੀ ਇਸ ਕਾਰਵਾਈ ਨੂੰ ਦੇਰ- ਆਇਦ-ਦਰੁਸਤ-ਆਇਦ ਨਹੀਂ ਕਿਹਾ ਜਾ ਸਕਦਾ। ਦਰੁਸਤ ਤਾਂ ਹੁੰਦਾ ਜੇ ਉਸ ਨੂੰ ਦੋਸ਼ ਲੱਗਣ ਦੇ ਤੁਰੰਤ ਬਾਅਦ ਹੀ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਂਦਾ। ਸੱਤਾਧਾਰੀ ਧਿਰ ਕੋਲ ਇਸ ਦਾ ਕੋਈ ਜਵਾਬ ਨਹੀਂ ਹੈ ਕਿ ਸ਼ਾਹਜਹਾਂ ਸ਼ੇਖ਼ ਨੂੰ 55 ਦਿਨਾਂ ਤੱਕ ਪੁਲਿਸ ਨਾਲ ਲੁਕਣ-ਮੀਟੀ ਖੇਡਣ ਦੀ ਇਜਾਜ਼ਤ ਕਿਉਂ ਦਿੱਤੀ ਗਈ ਸੀ। ਗਿ੍ਰਫ਼ਤਾਰੀ ਵੇਲੇ ਵੀ ਸ਼ੇਖ਼ ਦੀ ਸਰੀਰਕ ਭਾਸ਼ਾ ਦੱਸਦੀ ਸੀ ਜਿਵੇਂ ਪੁਲਿਸ ਵਾਲੇ ਉਸ ਦੇ ਅੰਗ-ਰੱਖਿਅਕ ਹੋਣ।
ਸ਼ੇਖ਼ ਸੰਦੇਸ਼ਖਾਲੀ ਵਿਚ ਵਿਧਾਨ ਸਭਾ ਹਲਕੇ ਵਿਚ ਸੱਤਾਧਾਰੀ ਪਾਰਟੀ ਦਾ ਕਨਵੀਨਰ ਤੇ ਉੱਤਰੀ ਪਰਗਨਾ ਜ਼ਿਲ੍ਹਾ ਪ੍ਰੀਸ਼ਦ ਦਾ ਮੈਂਬਰ ਹੋਣ ਕਾਰਨ ਉਸ ਦੀ ਸੂਬੇ ਵਿਚ ਤੂਤੀ ਬੋਲਦੀ ਸੀ। ਦਹਿਸ਼ਤ ਤੇ ਵਹਿਸ਼ਤ ਦਾ ਸਿਰਨਾਵਾਂ ਹੋਣ ਕਾਰਨ ਉਸ ਕੋਲੋਂ ਪੁਲਿਸ ਪ੍ਰਸ਼ਾਸਨ ਵੀ ਭੈਅ ਖਾਂਦਾ ਸੀ। ਉਸ ਦੀ ਧਰ-ਪਕੜ ਤੋਂ ਬਾਅਦ ਪੀੜਤਾਂ ਤੇ ਇਲਾਕਾ ਵਾਸੀਆਂ ਨੇ ਮਠਿਆਈ ਜ਼ਰੂਰ ਵੰਡੀ। ਸੂਬੇ ਦੀ 2011 ਤੋਂ ਚਲੀ ਆ ਰਹੀ ਮਹਿਲਾ ਤੇ ਧਾਕੜ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਜੇ ਪੀੜਤ ਔਰਤਾਂ ਨਾਲ ਜ਼ਰਾ ਜਿੰਨੀ ਵੀ ਮਮਤਾ ਦਿਖਾਈ ਹੁੰਦੀ ਤਾਂ ਸੰਦੇਸ਼ਖਾਲੀ ਕਾਂਡ ਦਾ ਬਹੁਤਾ ਖਿਲਾਰਾ ਨਾ ਪੈਂਦਾ। ਬਿ੍ਰਟਿਸ਼ ਸਾਮਰਾਜ ਵੇਲੇ ਦੇਸ਼ ਦੀ ਰਾਜਧਾਨੀ ਰਹੇ ਕੋਲਕਾਤਾ ਨੇ ਸੁਨਹਿਰੀ ਕਾਲ ਦੇਖਿਆ ਹੈ। ਆਜ਼ਾਦੀ ਸੰਗਰਾਮ ਵਿਚ ਮੋਹਰੀ ਭੂਮਿਕਾ ਨਿਭਾਉਣ ਵਾਲਾ ਪੱਛਮੀ ਬੰਗਾਲ ਲੰਬੇ ਸਮੇਂ ਤੋਂ ਸਿਆਸੀ ਵਾਵਰੋਲਿਆਂ ਦੀ ਧਰਤੀ ਵਜੋਂ ਬਦਨਾਮ ਹੈ। ਹਿੰਸਕ ਵਾਰਦਾਤਾਂ ਨੇ ਸੂਬੇ ਦੇ ਅਰਥਚਾਰੇ ਨੂੰ ਤਹਿਸ-ਨਹਿਸ ਕੀਤਾ ਹੋਇਆ ਹੈ। ਸ਼ਾਹਜਹਾਂ ਸ਼ੇਖ਼ ਵਰਗੇ ਗੁੰਡਾ ਅਨਸਰ ਦਨਦਨਾਉਂਦੇ ਫਿਰਦੇ ਹਨ ਜਿਨ੍ਹਾਂ ਨੂੰ ਨੱਥ ਪਾਉਣ ਤੋਂ ਹਰ ਕੋਈ ਤ੍ਰਹਿੰਦਾ ਹੈ। ਅਜਿਹੇ ਅਨਸਰਾਂ ਨੇ ਬੰਗਾਲ ਦੀ ਅਮੀਰ ਵਿਰਾਸਤ ਨੂੰ ਦਾਗ਼ਦਾਰ ਕੀਤਾ ਹੈ। ਬੰਗਾਲ ਉਹੀ ਸੂਬਾ ਹੈ ਜਿਸ ਨੇ ਦੇਸ਼ ਦੇ ਸਭ ਤੋਂ ਵੱਧ ਨੋਬਲ ਪੁਰਸਕਾਰ ਜੇਤੂ ਪੈਦਾ ਕੀਤੇ ਹਨ। ਇਨ੍ਹਾਂ ਵਿਚ ਰਾਬਿੰਦਰ ਨਾਥ ਟੈਗੋਰ, ਅੰਮਿ੍ਰਤਿਆ ਸੇਨ ਤੇ ਅਭਿਜੀਤ ਚੈਟਰਜੀ ਦੇ ਨਾਮ ਜ਼ਿਕਰਯੋਗ ਹਨ। ਸ਼ਿਕਾਗੋ ਵਿਖੇ ਸਤੰਬਰ 1893 ਵਿਚ ਹੋਈ ‘ਪਾਰਲੀਆਮੈਂਟ ਆਫ ਰਿਲੀਜਨ’ ਵਿਚ ਸ਼ੇਰ ਵਾਂਗ ਗਰਜਣ ਵਾਲਾ ਸਵਾਮੀ ਵਿਵੇਕਾਨੰਦ ਵੀ ਬੰਗਾਲੀ ਸੀ। ਬੰਗਾਲ ਨੇ ਮਹਾਨ ਲੇਖਕਾਂ ਤੇ ਸੰਗੀਤਕਾਰਾਂ ਨੂੰ ਜਨਮ ਦਿੱਤਾ ਹੈ। ਦੇਸ਼ ਦੀ ਸਭ ਤੋਂ ਵੱਡੀ ਪਬਲਿਕ ਲਾਇਬ੍ਰੇਰੀ ਵੀ ਕੋਲਕਾਤਾ ਵਿਚ ਹੈ। ਆਮ ਕਿਹਾ ਜਾਂਦਾ ਹੈ ਕਿ ਕੋਲਕਾਤਾ ਵਿਚ ਸਬਜ਼ੀਆਂ ਤੋਂ ਵੱਧ ਕਿਤਾਬਾਂ ਦੀਆਂ ਰੇਹੜੀਆਂ ਦਿਖਾਈ ਦਿੰਦੀਆਂ ਹਨ। ਗੋਪਾਲ ਕ੍ਰਿਸ਼ਨ ਗੋਖਲੇ ਨੇ ਕਿਹਾ ਸੀ ਕਿ ਜੋ ਬੰਗਾਲ ਅੱਜ ਸੋਚਦੈ, ਉਹ ਭਾਰਤ ਕੱਲ੍ਹ ਸੋਚੇਗਾ। ਏਸ਼ੀਆ ਦੀ ਸਭ ਤੋਂ ਵੱਡੀ ਫੁੱਲਾਂ ਦੀ ਮੰਡੀ ਵੀ ਪੱਛਮੀ ਬੰਗਾਲ ਨੂੰ ਮੰਨਿਆ ਗਿਆ ਹੈ। ਦੇਸ਼ ਆਜ਼ਾਦ ਹੋਣ ਤੋਂ ਬਾਅਦ ਦਿੱਲੀ ਭਾਵੇਂ ਰਾਜਧਾਨੀ ਬਣਿਆ, ਫਿਰ ਵੀ ਕੋਲਕਾਤਾ ਨੂੰ ਦੇਸ਼ ਦੀ ਸੱਭਿਆਚਾਰਕ ਕੈਪੀਟਲ ਵਜੋਂ ਮੰਨਿਆ ਗਿਆ ਹੈ। ਤਵਾਰੀਖ਼ ਨੇ ਪੰਜਾਬ ਵਾਂਗ ਬੰਗਾਲ ਨਾਲ ਵੀ ਬੇਇਨਸਾਫ਼ੀ ਕੀਤੀ ਹੈ। ਦੇਸ਼ ਦੀ ਵੰਡ ਦਰਅਸਲ ਇਨ੍ਹਾਂ ਦੋਵਾਂ ਸੂਬਿਆਂ ਦੀ ਤਕਸੀਮ ਹੀ ਸੀ। ਵਿਸ਼ਾਲ ਪੰਜਾਬ ਨੂੰ ਰੈਡਕਲਿੱਫ ਲਾਈਨ ਨੇ ਮਗਰਬੀ ਤੇ ਮਸ਼ਰਕੀ ਪੰਜਾਬਾਂ ਵਿਚ ਵੰਡ ਦਿੱਤਾ। ਬੰਗਾਲ ਦੇ ਜਰਖ਼ੇਜ਼ ਖੇਤਰ ਨੂੰ ਕੱਟ ਕੇ ਪੂਰਬੀ ਪਾਕਿਸਤਾਨ ਬਣਾ ਦਿੱਤਾ। ਵਿਡੰਬਣਾ ਇਹ ਸੀ ਕਿ ਪੂਰਬੀ ਤੇ ਪੱਛਮੀ ਪਾਕਿਸਤਾਨ ਭੂਗੋਲਿਕ ਤੌਰ ’ਤੇ ਆਪਸ ਵਿਚ ਜੁੜੇ ਨਹੀਂ ਸਨ ਹੋਏ ਤੇ ਇਨ੍ਹਾਂ ਦੋ ਅਲੱਗ-ਅਲੱਗ ਖੇਤਰਾਂ ਦੀ ਦੂਰੀ ਲਗਪਗ 1600 ਕਿੱਲੋਮੀਟਰ ਸੀ। ਪੂਰਬੀ ਤੋਂ ਪੱਛਮੀ ਪਾਕਿਸਤਾਨ ਜਾਣ ਲਈ ਜਹਾਜ਼ ਜਾਂ ਸਮੁੰਦਰੀ ਜਹਾਜ਼ ਰਾਹੀਂ ਜਾਇਆ ਜਾ ਸਕਦਾ ਸੀ। ਬੰਗਾਲੀ ਮੂਲ ਦੇ ਹੋਣ ਕਾਰਨ ਪੂਰਬੀ ਪਾਕਿਸਤਾਨ ਦੇ ਲੋਕਾਂ ਨੇ ਉਰਦੂ ਨੂੰ ਕੌਮੀ ਜ਼ੁਬਾਨ ਬਣਾਏ ਜਾਣ ਦੇ ਵਿਰੋਧ ਵਿਚ ਬਗ਼ਾਵਤ ਕਰ ਦਿੱਤੀ ਜਿਸ ਦੀ ਵਜ੍ਹਾ ਕਾਰਨ 1971 ਵਿਚ ਦੁਨੀਆ ਦੇ ਨਕਸ਼ੇ ’ਤੇ ਬੰਗਲਾਦੇਸ਼ ਨਾਂ ਦਾ ਨਵਾਂ ਮੁਲਕ ਹੋਂਦ ਵਿਚ ਆਇਆ। ਪੱਛਮੀ ਬੰਗਾਲ ਦੇ ਅਰਥਚਾਰੇ ਨੂੰ ਦੂਜੀ ਭਾਰੀ ਸੱਟ ਉਦੋਂ ਲੱਗੀ ਜਦੋਂ ਸੱਤਰਵਿਆਂ ਵਿਚ ਲੱਖਾਂ ਬੰਗਾਲੀ ਪੂਰਬੀ ਪਾਕਿਸਤਾਨ ਛੱਡ ਕੇ ਪੱਛਮੀ ਬੰਗਾਲ ਵਿਚ ਸ਼ਰਨਾਰਥੀ ਬਣ ਕੇ ਆਏ। ਚੀਨ ਦੇ ਮਾਓਵਾਦ ਨੇ ਵੀ ਪੱਛਮੀ ਬੰਗਾਲ ਦੀ ਅਰਥ-ਵਿਵਸਥਾ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ। ਦਾਰਜੀਲਿੰਗ ਦੇ ਨਕਸਲਬਾੜੀ ਬਲਾਕ ਦੇ ਪ੍ਰਸਾਦੂਜੋਤ ਪਿੰਡ ’ਚ ਚਾਰੂ ਮਜੂਮਦਾਰ, ਕਾਨੂ ਸਾਨਿਆਲ ਤੇ ਜੰਗਾਲ ਸੰਥਾਲ ਵਰਗੇ ਜੁਝਾਰੂ ਨੇਤਾਵਾਂ ਵੱਲੋਂ ਵੱਡੇ ਜ਼ਿਮੀਂਦਾਰਾਂ ਖ਼ਿਲਾਫ਼ ਚਲਾਏ ਅੰਦੋਲਨ ਦੀ ਚੰਗਿਆੜੀ ਨੇ ਦੇਸ਼ ਦੀ ਸੱਤਾਧਾਰੀ ਪਾਰਟੀ ਨੂੰ ਵੱਡਾ ਝਟਕਾ ਦਿੱਤਾ। ਨਕਸਲਬਾੜੀ ਲਹਿਰ ਨੇ ਪੱਛਮੀ ਬੰਗਾਲ ਨੂੰ ਹੀ ਨਹੀਂ, ਦੇਸ਼ ਦੇ ਕਈ ਸੂਬਿਆਂ ਵਿਚ ਮੁਜ਼ਾਰਿਆਂ ਤੇ ਬੇਜ਼ਮੀਨੇ ਕਿਸਾਨਾਂ ਨੂੰ ਲਾਮਬੰਦ ਕੀਤਾ। ਜਾਗੀਰਦਾਰਾਂ ਕੀ, ਸਨਅਤਕਾਰਾਂ ਦੀ ਨੀਂਦ ਵੀ ਹਰਾਮ ਹੋ ਗਈ। ਹਥਿਆਰਬੰਦ ਜੰਗ ਦੀ ਵਜ੍ਹਾ ਕਰਕੇ ਪੱਛਮੀ ਬੰਗਾਲ ਵਿਚ ਦੇਸ਼ ਦੇ ਵੱਡੇ ਉਦਯੋਗਿਕ ਘਰਾਣੇ ਨਿਵੇਸ਼ ਕਰਨ ਤੋਂ ਡਰਨ ਲੱਗੇ। ਸੱਠਵਿਆਂ ’ਚ ਲਾਲ ਝੰਡਾ ਲਈ ਮੁਜ਼ਾਹਰਾਕਾਰੀਆਂ ਨੇ ਆਦਿੱਤਿਆ ਬਿਰਲਾ ਦੀ ਕਾਰ ਰੋਕ ਕੇ ਉਸ ਦੇ ਕੱਪੜੇ ਪਾੜ ਦਿੱਤੇ ਤੇ ਉਸ ਨੂੰ ਕੱਛੇ-ਬਨੈਣ ਵਿਚ ਪੈਦਲ ਆਪਣੇ ਦਫ਼ਤਰ ਤੱਕ ਜਾਣ ਲਈ ਕਿਹਾ ਸੀ। ਤਮਾਸ਼ਬੀਨ ਉਸ ਦਾ ਖ਼ੂਬ ਮਜ਼ਾਕ ਉਡਾ ਰਹੇ ਸਨ। ਬਿਰਲਾ ਨੇ ਕੱਪੜੇ ਬਦਲ ਕੇ ਮੁੰਬਈ ਦੀ ਫਲਾਈਟ ਫੜੀ ਤੇ ਮੁੜ ਬੰਗਾਲ ਵੱਲ ਮੂੰਹ ਨਾ ਕੀਤਾ। ਇਸ ਤੋਂ ਬਾਅਦ ਬਿਰਲਾ ਦੇ ਸਾਰੇ ਉਦਯੋਗ ਮਹਾਰਾਸ਼ਟਰ ਚਲੇ ਗਏ ਤੇ ਹੋਰ ਵੱਡੇ ਉਦਯੋਗਪਤੀਆਂ ਨੇ ਵੀ ਬੰਗਾਲ ਤੋਂ ਕਿਨਾਰਾ ਕਰ ਲਿਆ। ਦੂਜੇ ਪਾਸੇ ਮਹਾਰਾਸ਼ਟਰ ਤੇ ਗੁਜਰਾਤ ਨੇ ਵੇਖਦਿਆਂ ਹੀ ਵੇਖਦਿਆਂ ਅਣਕਿਆਸੀ ਤਰੱਕੀ ਕਰ ਲਈ। ਮਹਾਰਾਸ਼ਟਰ ਦੇਸ਼ ਦੀ ‘ਬਿਜ਼ਨਸ ਕੈਪੀਟਲ’ ਵਜੋਂ ਉੱਭਰਿਆ। ਲੰਬਾ ਸਮਾਂ ਸੂਬੇ ਦੀਆਂ ਸਰਕਾਰਾਂ ਨੇ ਉਦਯੋਗਪਤੀਆਂ ਦੀ ਅਣਦੇਖੀ ਕੀਤੀ ਜਿਸ ਨਾਲ ਬੰਗਾਲ ਦੀ ਵਿਕਾਸ ਦਰ ਬੁਰੀ ਤਰ੍ਹਾਂ ਹੇਠਾਂ ਡਿੱਗਣ ਲੱਗੀ। ਗੁਜਰਾਤ ਨੇ ਉਦਯੋਗਪਤੀਆਂ ਲਈ ਲਾਲ ਗਲੀਚੇ ਵਿਛਾ ਦਿੱਤੇ। ਲੰਬਾ ਸਮਾਂ ਸੱਤਾ ਵਿਚ ਰਹੀ ਸੀਪੀਐੱਮ ਨੂੰ ਇਸ ਦਾ ਅਹਿਸਾਸ ਦੇਰ ਨਾਲ ਹੋਇਆ। ਸਭ ਤੋਂ ਵੱਧ ਅਰਸਾ ਮੁੱਖ ਮੰਤਰੀ ਰਹਿਣ ਵਾਲੇ ਜਿਓਤੀ ਬਾਸੂ ਨੂੰ ਜਦੋਂ ਇਸ ਦਾ ਅਹਿਸਾਸ ਹੋਇਆ ਤਾਂ ਬਹੁਤ ਦੇਰ ਹੋ ਚੁੱਕੀ ਸੀ। ਜਿਓਤੀ ਬਾਸੂ ਨੇ ਸ਼ੁਰੂ ਵਿਚ ਕੋਲਕਾਤਾ ਨੂੰ ਆਈਟੀ ਹੱਬ ਬਣਾਉਣ ਦਾ ਇਸ ਲਈ ਵਿਰੋਧ ਕੀਤਾ ਸੀ ਕਿ ਕੰਪਿਊਟਰ ਆਉਣ ਨਾਲ ਲੋਕ ਬੇਰੁਜ਼ਗਾਰ ਹੋ ਜਾਣਗੇ। ਬੈਂਗਲੁਰੂ ਨੇ ਆਈਟੀ ਹੱਬ ਦੇ ਅਵਸਰ ਨੂੰ ਖੁੱਲ੍ਹੀਆਂ ਬਾਹਾਂ ਨਾਲ ਸਵੀਕਾਰ ਕਰ ਲਿਆ। ਅੱਜ ਬਹੁਤੇ ਬੰਗਾਲੀ ਬੈਂਗਲੁਰੂ ਵਿਚ ਨੌਕਰੀਆਂ ਕਰਨ ਜਾਂਦੇ ਹਨ। ਜਿਓਤੀ ਬਾਸੂ ਨੇ ਜਦੋਂ ਵੱਡੇ ਉਦਯੋਗਿਕ ਘਰਾਣਿਆਂ ਨੂੰ ਸਨਅਤਾਂ ਲਾਉਣ ਦਾ ਸੱਦਾ ਦਿੱਤਾ ਤਾਂ ਬਹੁਤਿਆਂ ਨੇ ਇਸ ਪੇਸ਼ਕਸ਼ ਨੂੰ ਇਸ ਲਈ ਠੁਕਰਾ ਦਿੱਤਾ ਕਿ ਸੂਬੇ ਦੇ ਹਾਲਾਤ ਸਾਜ਼ਗਾਰ ਨਹੀਂ ਹਨ। ਆਖ਼ਰ ਜਦੋਂ ਟਾਟਾ ਮੋਟਰਜ਼ ਨੇ ਸਿੰਗੂਰ ਵਿਚ ਨੈਨੋ ਕਾਰ ਬਣਾਉਣ ਲਈ ਫੈਕਟਰੀ ਲਗਾਉਣੀ ਸ਼ੁਰੂ ਕੀਤੀ ਤਾਂ ਧੁਰ ਖੱਬੇ-ਪੱਖੀ ਧਿਰਾਂ ਨੇ ਇਸ ਖ਼ਿਲਾਫ਼ ਝੰਡਾ ਚੁੱਕ ਲਿਆ। ਮਮਤਾ ਬੈਨਰਜੀ ਨੇ ਵੀ ਬਗ਼ਾਵਤ ਦਾ ਬਿਗਲ ਵਜਾ ਦਿੱਤਾ। ਟਾਟਾ ਮੋਟਰਜ਼ ਨੂੰ ਹਜ਼ਾਰਾਂ ਕਰੋੜ ਦਾ ਪਲਾਂਟ ਗੁਜਰਾਤ ਤਬਦੀਲ ਕਰਨਾ ਪਿਆ ਸੀ। ਇਸ ‘ਜਿੱਤ’ ਨੇ ਮਮਤਾ ਬੈਨਰਜੀ ਨੂੰ ਬੰਗਾਲੀਆਂ ਦਾ ‘ਮਸੀਹਾ’ ਬਣਾ ਕੇ 34 ਸਾਲ ਪੁਰਾਣੀ ਸੀਪੀਐੱਮ ਸਰਕਾਰ ਦਾ ਤਖ਼ਤਾ ਉਲਟਾ ਦਿੱਤਾ। ਸੀਪੀਐੱਮ ਦੁਨੀਆ ਦੀ ਪਹਿਲੀ ਪਾਰਟੀ ਸੀ ਜਿਸ ਨੇ ਜਮਹੂਰੀ ਤਰੀਕੇ ਨਾਲ ਸਭ ਤੋਂ ਵੱਧ ਰਾਜ ਕੀਤਾ ਸੀ। ਸੱਤਾ ਵਿਚ ਆਉਣ ਤੋਂ ਬਾਅਦ ਮਮਤਾ ਬੈਨਰਜੀ ਨੇ ਭਾਜਪਾ ਦਾ ਜੇਤੂ ਰੱਥ ਪੱਛਮੀ ਬੰਗਾਲ ਵਿਚ ਰੋਕੀ ਰੱਖਿਆ ਹੈ। ਕਾਂਗਰਸ ਸਰਕਾਰ ਵਿਚ ਦੋ ਵਾਰ ਰੇਲਵੇ ਮੰਤਰੀ ਰਹੀ ਮਮਤਾ ਆਪਣੀ ਪੇਰੈਂਟ ਪਾਰਟੀ ਤੋਂ ਵੀ ਵੱਧ ਮਜ਼ਬੂਤ ਦਿਖਾਈ ਦਿੰਦੀ ਹੈ। ਇਸ ਦੇ ਬਾਵਜੂਦ ਉਹ ਹਿੰਸਕ ਵਾਰਦਾਤਾਂ ਨੂੰ ਰੋਕਣ ਵਿਚ ਅਸਫਲ ਰਹੀ ਹੈ। ਸ਼ੇਖ਼ ਵਰਗੇ ਲੋਕਾਂ ਨੂੰ ਸਮੇਂ ਸਿਰ ਨੱਥ ਪਾਈ ਹੁੰਦੀ ਤਾਂ ਮਮਤਾ ਦਾ ਸਿਆਸੀ ਕੱਦ ਹੋਰ ਵਧ ਜਾਣਾ ਸੀ। ਅੱਜ ਮਨੁੱਖੀ ਤਸਕਰੀ, ਬਲਾਤਕਾਰ ਤੇ ਹੋਰ ਗੰਭੀਰ ਅਪਰਾਧਾਂ ਕਰਕੇ ਪੱਛਮੀ ਬੰਗਾਲ ਬੇਹੱਦ ਬਦਨਾਮੀ ਖੱਟ ਰਿਹਾ ਹੈ। ਇਸੇ ਕਰਕੇ ਮਮਤਾ ਸਰਕਾਰ ਨੂੰ ‘ਤਿੰਨ ਕੰਨਿਆ’ ਵਰਗੀਆਂ ਫਿਲਮਾਂ ’ਤੇ ਪਾਬੰਦੀ ਲਾਉਣੀ ਪੈਂਦੀ ਹੈ ਜਿਸ ਦੀ ਪਟਕਥਾ ਸੂਬੇ ਵਿਚ ਮਹਿਲਾਵਾਂ ਨਾਲ ਹੁੰਦੇ ਸੰਗੀਨ ਅਪਰਾਧਾਂ ਨਾਲ ਮੇਲ ਖਾਂਦੀ ਹੈ।