ਅਫ਼ੀਮ : ਸਰਾਪ ਜਾਂ ਵਰਦਾਨ (ਪੰਜਾਬੀ ਜਾਗਰਣ –– 10th March, 2024)
ਵਰਿੰਦਰ ਵਾਲੀਆ
‘ਉੜਦਾ ਪੰਜਾਬ ਬਨਾਮ ਪੜ੍ਹਦਾ ਪੰਜਾਬ’ ਦੇ ਨਾਅਰਿਆਂ ਦੌਰਾਨ ਪੰਜਾਬ ਵਿਧਾਨ ਸਭਾ ਵਿਚ ‘ਪੋਸਤ ਦੀ ਖੇਤੀ’ ਦੀ ਗੂੰਜ ਨੇ ਸੂਬੇ ਭਰ ’ਚ ਨਵੀਂ ਬਹਿਸ ਛੇੜ ਦਿੱਤੀ ਹੈ। ਅਕਸਰ ਵਿਵਾਦਾਂ ਵਿਚ ਘਿਰੇ ਰਹਿਣ ਵਾਲੇ ‘ਆਪ’ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਨੇ ਤਰਕ ਦਿੱਤਾ ਹੈ ਕਿ ਸਿੰਥੈਟਿਕ ਨਸ਼ਿਆਂ ਕਾਰਨ ਹੋ ਰਹੀਆਂ ਮੌਤਾਂ ਨੂੰ ਠੱਲ੍ਹਣ ਲਈ ਪੋਸਤ ਦੀ ਖੇਤੀ ਲਾਹੇਵੰਦ ਹੋ ਸਕਦੀ ਹੈ। ਉਨ੍ਹਾਂ ਦੀ ਇਹ ਵੀ ਦਲੀਲ ਸੀ ਕਿ ਪੋਸਤ/ਭੁੱਕੀ ਜਾਂ ਅਫ਼ੀਮ ਦੇ ਸੇਵਨ ਨਾਲ ਅਜੇ ਤੱਕ ਕੋਈ ਮੌਤ ਨਹੀਂ ਹੋਈ। ਅਲਬੱਤਾ ਅਫ਼ੀਮ ਦੀ ਦੇਸੀ ਦਵਾਈਆਂ ਵਿਚ ਵਰਤੋਂ ਹੁੰਦੀ ਹੈ ਤੇ ਕਈ ਮਰਜ਼ਾਂ ਵਿਚ ਉਹ ਸੰਜੀਵਨੀ ਤੋਂ ਘੱਟ ਨਹੀਂ।
ਮੰਦ-ਮੰਦ ਮੁਸਕਰਾਉਂਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਇਸ ਮੰਗ ਨਾਲ ਭਾਵੇਂ ਸਾਰਿਆਂ ਦੇ ਚਿਹਰੇ ਖਿੜ ਗਏ ਹਨ ਪਰ ਅਜੇ ਸਰਕਾਰ ਨੇ ਇਸ ’ਤੇ ਕੋਈ ਵਿਚਾਰ ਨਹੀਂ ਕੀਤਾ। ਪਠਾਨਮਾਜਰਾ ਦੀ ਮੰਗ ਨੂੰ ਅੱਗੇ ਵਧਾਉਂਦਿਆਂ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਨੇ ਦਾਅਵਾ ਕੀਤਾ ਕਿ ਪੋਸਤ ਦੀ ਖੇਤੀ ਨਾਲ ਜਵਾਨੀ ਤੇ ਕਿਰਸਾਨੀ ਬਚੇਗੀ। ਸੱਤਾਧਾਰੀ ਧਿਰ ਦੇ ਕੁਝ ਹੋਰ ਵਿਧਾਇਕਾਂ ਨੇ ਵੀ ਕਿਹਾ ਕਿ ਇਸ ਮੁੱਦੇ ’ਤੇ ਸੈਮੀਨਾਰਾਂ ਤੇ ਗੋਸ਼ਟੀਆਂ ਰਾਹੀਂ ਚਰਚਾ ਕਰਵਾਈ ਜਾ ਸਕਦੀ ਹੈ। ਕੁਝ ਨੇ ਕਿਹਾ ਕਿ ਅਫ਼ੀਮ ਦਾ ਸੇਵਨ ਕਈ ਪੀੜ੍ਹੀਆਂ ਤੋਂ ਹੁੰਦਾ ਆਇਆ ਹੈ ਜੋ ਜਾਨਲੇਵਾ ਕਦਾਚਿਤ ਨਹੀਂ। ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿਚ ਵਿਧਾਇਕ ਫੌਜਾ ਸਿੰਘ ਸਰਾਰੀ ਨੇ ਕਿਹਾ ਕਿ ਅਫ਼ੀਮ ਦੇ ਠੇਕੇ ਬੰਦ ਕਰਵਾਉਣ ਲਈ ਤਤਕਾਲੀ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਨੇ ਸੱਤਰਵਿਆਂ ਵਿਚ ਰਾਸ਼ਟਰਪਤੀ ਨੂੰ ਲਿਖਿਆ ਸੀ। ਸਪਸ਼ਟ ਹੈ ਕਿ ਉਨ੍ਹਾਂ ਦਿਨਾਂ ਵਿਚ ਅਫ਼ੀਮ ਦੀ ਖਪਤ ਵਧੇਰੇ ਹੋਣ ਕਾਰਨ ਸਮੇਂ ਦੀ ਸਰਕਾਰ ਚਿੰਤਤ ਸੀ। ਪੰਜਾਬ ਵਿਚ ਠੇਕੇ ਬੰਦ ਹੋਣ ਕਾਰਨ ਅਮਲੀਆਂ ਨੇ ਰਾਜਸਥਾਨ ਤੋਂ ਅਫ਼ੀਮ ਮੰਗਵਾਉਣੀ ਸ਼ੁਰੂ ਕਰ ਦਿੱਤੀ। ਫਿਰ ਪੱਕੇ ਅਫ਼ੀਮਚੀਆਂ ਨੇ ਰਾਜਸਥਾਨ ਨੂੰ ਹੀ ਰੈਣ-ਬਸੇਰਾ ਬਣਾ ਲਿਆ। ਆਖ਼ਰ ਅਫ਼ੀਮ ਨੇ ਅਮਲੀਆਂ ਦੀਆਂ ਜ਼ਮੀਨਾਂ ਨੂੰ ਖਾਣਾ ਸ਼ੁਰੂ ਕਰ ਦਿੱਤਾ। ਉਹ ਆਪਣੀਆਂ ਜ਼ਮੀਨਾਂ ਵੇਚ ਕੇ ਅਮਲ ਪੂਰਾ ਕਰਨ ਲੱਗੇ। ਗੰਗਾਨਗਰ ਵਿਚ ਅੱਜ ਵੀ ਪੰਜਾਬ ਦੇ ਕੱਖੋਂ ਹੌਲੇ ਹੋ ਚੁੱਕੇ ਅਮਲੀਆਂ ਨੂੰ ਵੇਖਿਆ ਜਾ ਸਕਦਾ ਹੈ। ਅਫ਼ੀਮ ਤੇ ਭੁੱਕੀ ਦੀ ਲਤ ਉਨ੍ਹਾਂ ਨੂੰ ਝੁੱਗੀ-ਝੌਂਪੜੀਆਂ ਤੱਕ ਲੈ ਗਈ। ਅਫ਼ੀਮ ਦੀ ਤਸਕਰੀ ਵਾਲੇ ਅਕਸਰ ਕਿਹਾ ਕਰਦੇ ਸਨ ਕਿ ਜਵਾਨੀ ਦੀ ਦਹਿਲੀਜ਼ ’ਤੇ ਪੈਰ ਰੱਖਣ ਵਾਲਿਆਂ ਨੂੰ ਸ਼ੁਰੂ ਵਿਚ ‘ਮੁਫ਼ਤ ਰਿਓੜੀਆਂ’ ਵੰਡੋ ਤੇ ਸਮਾਂ ਪਾ ਕੇ ਉਹ ਉਨ੍ਹਾਂ ਦੇ ਆਦੀ ਬਣ ਜਾਣਗੇ। ਸਰਹੱਦ ’ਤੇ ਕੰਡਿਆਲੀ ਤਾਰ ਲੱਗਣ ਤੋਂ ਪਹਿਲਾਂ ਅਫ਼ਗਾਨਿਸਤਾਨ ਤੋਂ ਬਰਾਸਤਾ ਪਾਕਿਸਤਾਨ ਅਫ਼ੀਮ ਪੰਜਾਬ ਵਿਚ ਪੁੱਜਦੀ ਸੀ। ਸੰਯੁਕਤ ਰਾਸ਼ਟਰ ਦੇ ਅੰਕੜਿਆਂ ਅਨੁਸਾਰ ਦੁਨੀਆ ਦੀ ਕੁੱਲ ਅਫ਼ੀਮ ਦਾ 80 -85 ਫ਼ੀਸਦ ਪੋਸਤ ਅਫ਼ਗਾਨਿਸਤਾਨ ਦੀ ਧਰਤੀ ’ਤੇ ਉੱਗਦਾ ਹੈ। ਜਦੋਂ ਤਾਲਿਬਾਨ ਮੁੜ ਸੱਤਾ ’ਤੇ ਕਾਬਜ਼ ਹੋਏ ਤਾਂ ਉਨ੍ਹਾਂ ਨੇ ਪੋਸਤ ਦੀ ਖੇਤੀ ’ਤੇ ਮੁਕੰਮਲ ਰੋਕ ਲਾਉਣ ਲਈ ਬੇਹੱਦ ਸਖ਼ਤੀ ਕੀਤੀ। ਕਿਸਾਨ ਲੁਕ-ਛਿਪ ਕੇ ਦੂਜੀਆਂ ਫ਼ਸਲਾਂ ਅੰਦਰ ਪੋਸਤ ਉਗਾਉਂਦੇ ਤਾਂ ਉਨ੍ਹਾਂ ’ਤੇ ਭਾਰੀ ਜੁਰਮਾਨੇ ਲਗਾਏ ਜਾਂਦੇ। ਤਾਲਿਬਾਨ ਦੇ ਹਥਿਆਰਬੰਦ ਅਧਿਕਾਰੀਆਂ ਵੱਲੋਂ ਪੋਸਤ ਦੀ ਖੜ੍ਹੀ ਫ਼ਸਲ ਨੂੰ ਤਬਾਹ ਕੀਤੇ ਜਾਣ ਦੇ ਵੀਡੀਓ ਦ੍ਰਿਸ਼ ਦੁਨੀਆ ਵਿਚ ਵਾਇਰਲ ਹੋਏ ਸਨ। ਤਾਲਿਬਾਨ ਸਰਕਾਰ ਦਾ ਕਹਿਣਾ ਸੀ ਕਿ ਅਫ਼ੀਮ ਉਨ੍ਹਾਂ ਦੇ ਮਜ਼ਹਬ ਦੇ ਮੂਲ ਸਿਧਾਂਤਾਂ ਦੇ ਖ਼ਿਲਾਫ਼ ਹੈ। ਹੁਣ ਭੁੱਖਮਰੀ ਦਾ ਸਾਹਮਣਾ ਕਰ ਰਹੇ ਕਿਸਾਨਾਂ ਨੇ ਪੋਸਤ ਦੀ ਖੇਤੀ ਕਰਨ ਦੀ ਆਗਿਆ ਮੰਗੀ ਹੈ। ਬਰਮਾ ਵਿਚ ਵੀ ਪੋਸਤ ਦੀ ਖੇਤੀ ਵੱਡੇ ਪੱਧਰ ’ਤੇ ਹੁੰਦੀ ਹੈ। ਉੱਥੋਂ ਪੈਦਾ ਹੁੰਦੀ ਅਫ਼ੀਮ ਵੀ ਕਈ ਦੇਸ਼ਾਂ ਦੀ ਜਵਾਨੀ ਨੂੰ ਸਿਉਂਕ ਵਾਂਗ ਖਾ ਰਹੀ ਹੈ। ਪੋਸਤ ਦੀ ਖੇਤੀ ਦਾ ਇਤਿਹਾਸ ਪ੍ਰਾਚੀਨ ਹੈ। ਅਕਬਰ-ਏ-ਆਇਨੀ ਤੋਂ ਇਲਾਵਾ ਕਈ ਹੋਰ ਪੁਰਾਤਨ ਗ੍ਰੰਥਾਂ ਵਿਚ ਇਸ ਦਾ ਜ਼ਿਕਰ ਮਿਲਦਾ ਹੈ। ਇਹ ਤੱਥ ਵੀ ਤਵਾਰੀਖ਼ ਦਾ ਹਿੱਸਾ ਹੈ ਕਿ ਤੁਰਕ ਮੂਲ ਦੇ ਲੋਕ ਪੋਸਤ ਦੇ ਡੋਡਿਆਂ ਨੂੰ ਕੁਦਰਤ ਦਾ ਅਨਮੋਲ ਤੋਹਫ਼ਾ ਸਮਝਦੇ ਸਨ। ਖੜ੍ਹੀ ਫ਼ਸਲ ਦੇ ਡੋਡਿਆਂ ਨੂੰ ਦੁਪਹਿਰ ਵੇਲੇ ਚੀਰਾ ਲਾ ਕੇ ਉਸ ਦੀ ਗੂੰਦ ਨੂੰ ਇਕੱਠਾ ਕਰ ਕੇ ਅਫ਼ੀਮ ਬਣਾਈ ਜਾਂਦੀ। ਇਸ ਦੇ ਦਾਣਿਆਂ ਨੂੰ ਖਸਖਸ ਕਿਹਾ ਜਾਂਦਾ ਜੋ ਕਿ ਖੁਰਾਕੀ ਪਦਾਰਥਾਂ ਤੋਂ ਇਲਾਵਾ ਦਵਾਈਆਂ ਵਿਚ ਵੀ ਵਰਤੀ ਜਾਂਦੀ। ਡੋਡਿਆਂ ਦੀ ਫੱਕ ’ਚੋਂ ਬਣਦੀ ਭੁੱਕੀ ਦੇ ਫੱਕੇ ਮਾਰਦੇ ਵੀ ਅਮਲੀ ਦਿਖਾਈ ਦਿੰਦੇ। ਕਿਹਾ ਜਾਂਦਾ ਕਿ ਉਹ ਤੁਰਕ ਹੀ ਨਹੀਂ ਜੋ ਆਖ਼ਰੀ ਦਮੜੀ ਤੱਕ ਅਫ਼ੀਮ ਨਹੀਂ ਖ਼ਰੀਦਦਾ। ਜਦੋਂ ਰਾਜੇ-ਮਹਾਰਾਜਿਆਂ ਨੂੰ ਇਸ ਨਸ਼ੇ ਦੀ ਲਤ ਲੱਗ ਗਈ ਤਾਂ ਪੋਸਤ ਦੀ ਖੇਤੀ ’ਤੇ ਰਾਜ-ਦਰਬਾਰਾਂ ਦਾ ਪੂਰਾ ਕਬਜ਼ਾ ਹੋ ਗਿਆ। ਇਸ ’ਤੇ ਨਿਯੰਤਰਣ ਰੱਖਣ ਲਈ ਲਾਇਸੈਂਸ ਜ਼ਰੂਰੀ ਹੋ ਗਿਆ। ਮੁਗ਼ਲ ਸਲਤਨਤ ਦੇ ਬਾਨੀ ਬਾਬਰ, ਹਿਮਾਯੂੰ, ਅਕਬਰ ਤੇ ਜਹਾਂਗੀਰ ਵੀ ਅਫ਼ੀਮ ਖਾਣ ਦੇ ਆਦੀ ਸਨ। ਜਹਾਂਗੀਰ ਬਾਰੇ ਤਾਂ ਕਿਹਾ ਜਾਂਦਾ ਹੈ ਕਿ ਉਹ ਪਰਲੇ ਦਰਜੇ ਦਾ ਸ਼ਰਾਬੀ-ਕਬਾਬੀ ਸੀ। ਸ਼ਰਾਬ ਤੋਂ ਖਹਿੜਾ ਛੁਡਾਉਣ ਲਈ ਉਸ ਦੇ ਦਰਬਾਰੀ ਨੇ ਅਫ਼ੀਮ ਨੂੰ ਬਦਲ ਦੇ ਤੌਰ ’ਤੇ ਤੋਹਫ਼ੇ ਵਜੋਂ ਦਿੰਦਿਆਂ ਕਿਹਾ, ‘‘ਮਹਾਰਾਜ ਜ਼ਹਿਰ ਨੂੰ ਜ਼ਹਿਰ ਮਾਰਦੀ ਹੈ।’’ ਫਲਸਰੂਪ ਅਫ਼ੀਮ ਨੇ ਜਹਾਂਗੀਰ ਦਾ ਕਬਰਾਂ ਤੱਕ ਸਾਥ ਦਿੱਤਾ। ਅਫ਼ੀਮ ਤੋਂ ਹੈਰੋਇਨ ਅਤੇ ਮੌਰਫਿਨ ਈਜਾਦ ਹੋਏ ਤਾਂ ਪੋਸਤ ਦੀ ਖੇਤੀ ਨੂੰ ਹੋਰ ਹੁਲਾਰਾ ਮਿਲਿਆ। ਕਈ ਨਾਮੁਰਾਦ ਮਰਜ਼ਾਂ ਦੀ ਸਟੀਕ ਦਵਾ ਹੋਣ ਦੇ ਨਾਲ-ਨਾਲ ਹੈਰੋਇਨ ਦੁਨੀਆ ਦਾ ਹੁਣ ਤੱਕ ਦਾ ਸਭ ਤੋਂ ਖ਼ਤਰਨਾਕ ਨਸ਼ਾ ਬਣ ਗਿਆ। ਇਨਸਾਨ ਵੱਲੋਂ ਉਗਾਇਆ ਜਾਂਦਾ ਪੋਸਤ ਦਾ ਪੌਦਾ ਉਸ ਲਈ ਬੇਹੱਦ ਖ਼ਤਰਨਾਕ ਸਾਬਿਤ ਹੋਇਆ ਹੈ। ਪੋਸਤ ਨੂੰ ਭਾਰੀ ਫ਼ਸਲ ਵੀ ਕਿਹਾ ਜਾਂਦਾ ਹੈ। ਇਹ ਫ਼ਸਲ ਧਰਤੀ ਨੂੰ ਬੰਜਰ ਬਣਾਉਂਦੀ ਹੈ। ਬਿ੍ਰਟਿਸ਼ ਸਰਕਾਰ ਵੇਲੇ ਪੋਸਤ ਦੀ ਖੇਤੀ ਨੂੰ ਕਾਫ਼ੀ ਉਤਸ਼ਾਹਤ ਕੀਤਾ ਗਿਆ। ਪਹਿਲਾਂ ਈਸਟ ਇੰਡੀਆ ਕੰਪਨੀ ਨੇ ਇਸ ਦੀ ਗੁਣਵੱਤਾ ਨੂੰ ਪਛਾਣਦਿਆਂ ਇਸ ਦੀ ਖੇਤੀ ’ਤੇ ਏਕਾਧਿਕਾਰ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਸੀ। ਸੰਨ 1770 ਵਿਚ ਪੋਸਤ ਦੀ ਖੇਤੀ ਬੰਗਾਲ ਵਿਚ ਭਿਅੰਕਰ ਕਾਲ ਦਾ ਕਾਰਨ ਬਣੀ ਜਿਸ ਨੇ 50 ਲੱਖ ਤੋਂ ਵੱਧ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਲਿਆ ਸੀ। ਗੋਰਿਆਂ ਨੇ ਕਾਲੇ ਸੋਨੇ ਤੋਂ ਚੋਖਾ ਧਨ ਕਮਾਇਆ। ਇਸ ਕਮਾਈ ਨਾਲ ਉਨ੍ਹਾਂ ਨੇ ਚੀਨ ਵਿਚ ਉੱਗਦੀ ਚਾਹ ਨੂੰ ਆਯਾਤ ਕਰਨਾ ਸ਼ੁਰੂ ਕੀਤਾ। ਬਿ੍ਰਟਿਸ਼ ਦਾ ਕੁਲੀਨ ਵਰਗ ਚੀਨ ਵਿਚ ਉੱਗਦੀ ਚਾਹ ਦਾ ਦੀਵਾਨਾ ਸੀ। ਚਾਹ-ਪੱਤੀ ਖ਼ਰੀਦਣ ਲਈ ਗੋਰੇ ਚੀਨ ਨੂੰ ਅਫ਼ੀਮ ਵੇਚਣ ਲੱਗੇ। ਸਾਰਾ ਮੁਲਕ ਅਫ਼ੀਮਚੀ ਬਣ ਗਿਆ। ਅਫ਼ੀਮ ਦਾ ਮਾਮਲਾ ਚੀਨੀਆਂ ਨੂੰ ਨਿਕੰਮੇ ਬਣਾਉਣ ਲੱਗਾ। ਚੀਨ ਦੇ ਰਾਜੇ ਨੂੰ ਇਹ ਅਹਿਸਾਸ ਹੋਇਆ ਤਾਂ ਉਸ ਨੇ ਬਿ੍ਰਟਿਸ਼ ਇੰਡੀਆ ਨਾਲ ਚਾਹ-ਅਫ਼ੀਮ ਦੇ ‘ਬਾਰਟਰ ਸਿਸਟਮ’ ਨੂੰ ਬੰਦ ਕਰ ਦਿੱਤਾ। ਚੀਨ ਦੇ ਰਾਜੇ ਨੇ ਅਫ਼ੀਮ ਦੇ ਵੱਡੇ ਕੰਟੇਨਰ ਸਮੁੰਦਰ ਵਿਚ ਰੋੜ੍ਹਨ ਦਾ ਹੁਕਮ ਦਿੱਤਾ। ਬੁਖਲਾਹਟ ਵਿਚ ਆਈ ਗੋਰਿਆਂ ਦੀ ਸਰਕਾਰ ਨੇ ਚੀਨ ਨਾਲ ਜੰਗ ਛੇੜ ਦਿੱਤੀ। ‘ਓਪੀਐੱਮ ਵਾਰ’ ਨਾਲ ਜਾਣੀਆਂ ਜਾਂਦੀਆਂ ਦੋ ਜੰਗਾਂ ਨਾਲ ਚੀਨ ਦੀ ਆਰਥਿਕਤਾ ਲੜਖੜਾ ਗਈ। ਚੀਨ ਹੱਥੋਂ ਹਾਂਗਕਾਂਗ ਖੁੱਸ ਗਿਆ। ਬਿ੍ਰਟਿਸ਼ ਸਰਕਾਰ ਨੇ ਅਫ਼ੀਮ ਨੂੰ ‘ਰੱਬ ਦੀ ਆਪਣੀ ਦਵਾ’ ਕਹਿ ਕੇ ਪ੍ਰਚਾਰਿਆ। ਸਿੰਥੈਟਿਕ ਨਸ਼ਿਆਂ ਤੋਂ ਪਹਿਲਾਂ ਹਰ ਪਿੰਡ ਵਿਚ ਕੋਈ ਨਾ ਕੋਈ ਅਮਲੀ ਹੋਇਆ ਕਰਦਾ ਸੀ। ਪੰਜਾਬੀ ਫਿਲਮਾਂ ਅਮਲੀ ਦੇ ਪਾਤਰ ਤੋਂ ਬਿਨਾਂ ਅਧੂਰੀਆਂ ਸਮਝੀਆਂ ਜਾਂਦੀਆਂ ਸਨ। ਸ਼ਰਾਬੀਆਂ ਵਾਂਗ ਭਾਵੇਂ ਅਮਲੀ ਬੱਕਰੇ ਨਹੀਂ ਸਨ ਬੁਲਾਉਂਦੇ ਪਰ ਉਹ ਸਾਰਿਆਂ ਦੇ ਮਜ਼ਾਕ ਦਾ ਪਾਤਰ ਜ਼ਰੂਰ ਬਣਦੇ ਸਨ। ਅਫ਼ੀਮ ਦੀ ਦਵਾਈਆਂ ਵਿਚ ਵਰਤੋਂ ਵਰਦਾਨ ਸਿੱਧ ਹੁੰਦੀ ਹੈ ਪਰ ਇਸ ਦੀ ਨਸ਼ਿਆਂ ਲਈ ਦੁਰਵਰਤੋਂ ਸਰਾਪ ਬਣਦੀ ਰਹੀ ਹੈ। ਉੱਨੀਵੀਂ ਸਦੀ ਦੇ ਭਿਅੰਕਰ ਕਾਲ ਤੋਂ ਸਬਕ ਨਾ ਸਿੱਖਦਿਆਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀ ਪੋਸਤ ਦੀ ਖੇਤੀ ਲਈ ਕੇਂਦਰ ਸਰਕਾਰ ਤੋਂ ਇਜਾਜ਼ਤ ਮੰਗੀ ਹੈ। ਉਸ ਦਾ ਤਰਕ ਹੈ ਕਿ ਖਸਖਸ ਕਈ ਮਠਿਆਈਆਂ ਤੇ ਦਵਾਈਆਂ ਵਿਚ ਵਰਤੀ ਜਾਂਦੀ ਹੈ। ਪੰਜਾਬ ਵਿਚ ਵੀ ਸਮੇਂ-ਸਮੇਂ ਪੋਸਤ ਦੀ ਖੇਤੀ ਨੂੰ ਕਾਨੂੰਨੀ ਬਣਾਉਣ ਦੀ ਮੰਗ ਉੱਠਦੀ ਰਹੀ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਸਿੰਥੈਟਿਕ ਡਰੱਗਜ਼ ਹਨ ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਨੂੰ ਤਬਾਹ ਕੀਤਾ ਹੋਇਆ ਹੈ। ‘ਚਿੱਟੇ’ ਨੇ ਲੱਖਾਂ ਘਰਾਂ ਵਿਚ ਸੱਥਰ ਵਿਛਾਏ ਹਨ। ਇਸ ਦੀ ਵਕਾਲਤ ਕਰਨ ਵਾਲੇ ਭੁੱਲ ਜਾਂਦੇ ਹਨ ਕਿ ਪੋਸਤ ਦੀ ਖੇਤੀ ਦੀ ਆਗਿਆ ਮਿਲ ਗਈ ਤਾਂ ਵੀ ਸਿੰਥੈਟਿਕ ਨਸ਼ਿਆਂ ਦੀ ਵਿਕਰੀ ਖ਼ਤਮ ਹੋਣ ਵਾਲੀ ਨਹੀਂ ਹੈ। ਉੜਦਾ ਪੰਜਾਬ ਨੂੰ ਪੜ੍ਹਦਾ ਪੰਜਾਬ ਬਣਾਉਣ ਲਈ ਵੱਡੀ ਇੱਛਾ ਸ਼ਕਤੀ ਦੀ ਲੋੜ ਹੈ ਜਿਸ ਵਿਚ ਸਰਕਾਰਾਂ ਤੋਂ ਇਲਾਵਾ ਸਮਾਜ ਵੱਡੀ ਭੂਮਿਕਾ ਨਿਭਾ ਸਕਦਾ ਹੈ।