ਲੋਕਤੰਤਰ ਦਾ ਉਤਸਵ (ਪੰਜਾਬੀ ਜਾਗਰਣ –– 17th March, 2024)
ਵਰਿੰਦਰ ਵਾਲੀਆ
ਚੋਣ ਕਮਿਸ਼ਨ ਵੱਲੋਂ ਲੋਕ ਸਭਾ ਤੇ ਚਾਰ ਵਿਧਾਨ ਸਭਾਵਾਂ ਲਈ ਚੋਣਾਂ ਦੇ ਬਿਗਲ ਵਜਾਉਣ ਤੋਂ ਤੁਰੰਤ ਬਾਅਦ ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ਵਿਚ ਚੋਣ ਅਮਲ ਦਾ ਆਗਾਜ਼ ਹੋ ਗਿਆ ਹੈ। ਵੋਟ ਦੀ ਸ਼ਕਤੀ ਨਾਲ ਕਿਸੇ ਨੂੰ ਵੀ ਅਰਸ਼ ਤੋਂ ਫਰਸ਼ ’ਤੇ ਪਟਕਾਇਆ ਜਾ ਸਕਦਾ ਹੈ। ਵੋਟਰਾਂ ਦੀ ਰਹਿਮਤ ਹੋ ਜਾਵੇ ਤਾਂ ਧਰਤੀ ’ਤੇ ਰੀਂਗਣ ਵਾਲੇ ਵੀ ਅੰਬਰ ਦੇ ਚਮਕਦੇ ਸਿਤਾਰੇ ਬਣ ਜਾਂਦੇ ਹਨ। ਚੋਣਾਂ ਉਹ ਮੇਲਾ ਹਨ ਜਿਸ ਵਿਚ ਹਰ ਵੋਟਰ ਲਾੜਾ ਹੁੰਦਾ ਹੈ। ਨੇਤਾ ਲੋਕ ਉਸ ਨੂੰ ਸ਼ਿੰਗਾਰੀ ਘੋੜੀ ’ਤੇ ਬਿਠਾ ਕੇ ਸੁਰਮਾ ਪਾਉਣ ਦਾ ਨਾਟਕ ਕਰਦੇ ਦਿਖਾਈ ਦਿੰਦੇ ਹਨ। ਨੇਤਾ ਦਰਅਸਲ ਕਿਸੇ ਅਭਿਨੇਤਾ ਤੋਂ ਘੱਟ ਨਹੀਂ ਹੁੰਦਾ। ਉਸ ਨੂੰ ਮਗਰਮੱਛ ਦੇ ਹੰਝੂ ਵਹਾਉਣ ਦਾ ਵੱਲ ਖ਼ੂਬ ਆਉਂਦਾ ਹੈ। ਪੰਜ ਸਾਲਾਂ ਬਾਅਦ ਕੁੰਭਕਰਨੀ ਨੀਂਦ ’ਚੋਂ ਅੱਭੜਵਾਹੇ ਉੱਠੇ ਨੇਤਾ ਹਰ ਵੋਟਰ ਦੇ ਦਰ-ਦਰਵਾਜ਼ੇ ’ਤੇ ਦਸਤਕ ਦਿੰਦੇ ਹਨ। ਹੱਥਾਂ ਵਿਚ ਠੂਠਾ ਲਈ ਵੋਟਾਂ ਦੀ ਖ਼ੈਰਾਤ ਮੰਗਦੇ ਹਨ।
ਚੋਣਾਂ ਜਿੱਤਣ ਤੋਂ ਬਾਅਦ ਉਹੀ ਠੂਠਾ ਵੋਟਰਾਂ ਨੂੰ ਫੜਾ ਦਿੱਤਾ ਜਾਂਦਾ ਹੈ। ਚੋਣਾਂ ਦੇ ਸ਼ੰਖਨਾਦ ਪਿੱਛੋਂ ਵਾਅਦਿਆਂ ਤੇ ਦਾਅਵਿਆਂ ਦੀ ਝੜੀ ਲੱਗਦੀ ਹੈ। ਚੋਣ ਪ੍ਰਚਾਰ ’ਤੇ ਚੋਣ ਕਮਿਸ਼ਨ ਦੀ ਬਾਜ਼ ਅੱਖ ਹੋਣ ਦੇ ਬਾਵਜੂਦ ਜ਼ਾਬਤੇ ਦੀਆਂ ਧੱਜੀਆਂ ਉੱਡਣਾ ਆਮ ਗੱਲ ਹੈ। ਬਾਹੂਬਲੀ ਦਨਦਨਾਉਂਦੇ ਨਜ਼ਰ ਆਉਂਦੇ ਹਨ। ਧਨ ਤੇ ਬਲ ਦੇ ਜ਼ੋਰ ਨਾਲ ਵੋਟਰਾਂ ਨੂੰ ਡਰਾਇਆ-ਧਮਕਾਇਆ ਤੇ ਭਰਮਾਇਆ ਜਾਂਦਾ ਹੈ। ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਬਸ਼ੀਰ ਬਦਰ ਦਾ ਸ਼ਿਅਰ ‘‘ਦੁਸ਼ਮਨੀ ਜਮ ਕਰ ਕਰੋ ਲੇਕਿਨ ਯੇ ਗੁੰਜਾਇਸ਼ ਰਹੇ/ਜਬ ਕਭੀ ਹਮ ਦੋਸਤ ਹੋ ਜਾਏਂ ਤੋਂ ਸ਼ਰਮਿੰਦਾ ਨਾ ਹੋਂ’’ ਪੜ੍ਹਦਿਆਂ ਬਦਮਿਜ਼ਾਜੀ ਤੋਂ ਦੂਰ ਰਹਿਣ ਦੀ ਅਪੀਲ ਕੀਤੀ। ਮੰਦੜੇ ਬੋਲਾਂ ਤੋਂ ਹੋੜਨ ਲਈ ਉਨ੍ਹਾਂ ਕਿਹਾ ਕਿ ਡਿਜੀਟਲ ਯੁੱਗ ਵਿਚ ਇਸ ਦਾ ਰਿਕਾਰਡ ਹਮੇਸ਼ਾ ਲਈ ਰਹੇਗਾ ਤੇ ਬਦਕਲਾਮੀ ਤੋਂ ਬਾਅਦ ਸੁਲ੍ਹਾ-ਸਫ਼ਾਈ ਵੇਲੇ ਸ਼ਰਮਿੰਦਗੀ ਉਠਾਉਣੀ ਪੈ ਸਕਦੀ ਹੈ। ਭਾਰਤ ਵਿਸ਼ਾਲ ਦੇਸ਼ ਹੈ ਜਿੱਥੇ ਵਿਭਿੰਨ ਭੂਗੋਲਿਕ ਇਕਾਈਆਂ ਵਿਚ ਨਿਰਵਿਘਨ ਚੋਣਾਂ ਕਰਵਾਉਣੀਆਂ ਵੱਡੀ ਚੁਣੌਤੀ ਹੈ। ਭਾਰਤ ਦੇ 97 ਕਰੋੜ ਵੋਟਰ ਅਨੇਕ ਦੇਸ਼ਾਂ ਦੀ ਕੁੱਲ ਜਨਸੰਖਿਆ ਤੋਂ ਕਿਧਰੇ ਵੱਧ ਹਨ। ਮਤਦਾਨ ਕਰਵਾਉਣ ਲਈ ਚੋਣ ਅਧਿਕਾਰੀਆਂ ਨੂੰ ਕਸ਼ਮੀਰ ਤੇ ਹਿਮਾਚਲ ਦੀਆਂ ਟੀਸੀਆਂ ਤੋਂ ਲੈ ਕੇ ਕੰਨਿਆਕੁਮਾਰੀ ਦੇ ਸਮੁੰਦਰ ਤੱਕ ਪਹੁੰਚ ਕਰਨੀ ਪੈਂਦੀ ਹੈ। ਦੇਸ਼ ਵਿਚ ਅਜਿਹੇ ਵੀ ਮਤਦਾਨ ਕੇਂਦਰ ਹਨ ਜਿੱਥੇ ਵੋਟਰਾਂ ਦੀ ਗਿਣਤੀ ਨਿਗੂਣੀ ਹੈ। ਇਸਤੌਨੀਆ ਯੂਰਪ ਦਾ ਨਿੱਕਾ ਜਿਹਾ ਇਕਲੌਤਾ ਦੇਸ਼ ਹੈ ਜਿੱਥੇ ਦੂਰ-ਦੁਰਾਡੇ ਬੈਠੇ ਵੋਟਰ ਇਲੈਕਟ੍ਰਾਨਿਕ ਵੋਟ ਦਾ ਇਸਤੇਮਾਲ ਕਰ ਸਕਦੇ ਹਨ। ਇਕ ਸੌ ਚਾਲੀ ਕਰੋੜ ਆਬਾਦੀ ਵਾਲੇ ਦੇਸ਼ ਵਿਚ ਅਜਿਹੀ ਸਹੂਲਤ ਹੋਵੇ ਤਾਂ ਚੋਣ ਕਮਿਸ਼ਨ ਦੀ ਵੱਡੀ ਸਿਰਦਰਦੀ ਖ਼ਤਮ ਹੋ ਸਕਦੀ ਹੈ। ਜਾਅਲੀ ਵੋਟਾਂ ਨੂੰ ਰੋਕਣਾ ਹੋਰ ਵੀ ਵੱਡੀ ਚੁਣੌਤੀ ਹੁੰਦੀ ਹੈ। ਪੰਜ ਸੌ ਤਰਤਾਲੀ ਲੋਕ ਸਭਾ ਹਲਕਿਆਂ ਵਿਚ ਭਾਵੇਂ ਸੱਤ ਗੇੜਾਂ ਵਿਚ ਚੋਣਾਂ ਹੋ ਰਹੀਆਂ ਹਨ ਫਿਰ ਵੀ ਜਾਅਲੀ ਵੋਟਾਂ ਦੇ ਰੁਝਾਨ ਨੂੰ ਪੂਰੀ ਤਰ੍ਹਾਂ ਰੋਕਣਾ ਬੇਹੱਦ ਮੁਹਾਲ ਹੁੰਦਾ ਹੈ। ਦੇਸ਼ ਭਰ ਵਿਚ ਡੇਢ ਕਰੋੜ ਮਤਦਾਨ ਕੇਂਦਰ ਹੋਣਗੇ ਜਿੱਥੇ ਸੁਰੱਖਿਆ ਬਲ ਪੈਨੀ ਨਜ਼ਰ ਰੱਖਣਗੇ। ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਬਾਵਜੂਦ ਲੋਕਤੰਤਰ ਦੇ ਦੁਸ਼ਮਣ ਦਾਅ ਲਾ ਹੀ ਜਾਂਦੇ ਹਨ। ਨੌਜਵਾਨ ਵੋਟਰਾਂ ਦੀ ਕੁੱਲ ਸੰਖਿਆ ਇੱਕੀ ਕਰੋੜ ਹੈ ਜਿਨ੍ਹਾਂ ’ਚੋਂ ਡੇਢ ਕਰੋੜ ਪਹਿਲੀ ਵਾਰ ਵੋਟ ਪਾਉਣਗੇ। ਇਹ ਵੋਟ ਕਈ ਹਲਕਿਆਂ ਵਿਚ ਨਤੀਜਿਆਂ ਨੂੰ ਪ੍ਰਭਾਵਿਤ ਕਰੇਗੀ। ਨੌਜਵਾਨ ਪੀੜ੍ਹੀ ਕਿਸੇ ਵੀ ਦੇਸ਼ ਦਾ ਭਵਿੱਖ ਹੁੰਦੀ ਹੈ। ਨੌਜਵਾਨਾਂ ਦੇ ਸੋਚਣ ਦਾ ਢੰਗ ਨਿਵੇਕਲਾ ਹੁੰਦਾ ਹੈ। ਉਨ੍ਹਾਂ ਦੇ ਸੁਪਨੇ ਤਾਂ ਹੀ ਸਾਕਾਰ ਹੋ ਸਕਦੇ ਹਨ ਜੇ ਸੱਤਾਧਾਰੀ ਉਨ੍ਹਾਂ ਦੀ ਸੋਚ ਨਾਲ ਬਰ ਮੇਚਣ ਵਾਲੇ ਹੋਣ। ਨਵੀਂ ਪੀੜ੍ਹੀ ਨੂੰ ਵੀ ਚਾਹੀਦਾ ਹੈ ਕਿ ਉਹ ਕਿਸੇ ਲੋਭ-ਲਾਲਚ ਤੋਂ ਬਿਨਾਂ ਵੋਟਾਂ ਪਾਵੇ। ਆਰਟੀਫੀਸ਼ੀਅਲ ਇੰਟੈਲੀਜੈਂਸ (ਮਸਨੂਈ ਬੌਧਿਕਤਾ) ਅਸਲੋਂ ਨਵੇਂ ਜ਼ਮਾਨੇ ਦਾ ਵਰਤਾਰਾ ਹੈ। ਇਸ ਨੇ ਚੋਣ ਪ੍ਰਚਾਰ ਨੂੰ ਨਵੀਂ ਦਿਸ਼ਾ ਦਿੱਤੀ ਹੈ। ਚੋਣ ਕਮਿਸ਼ਨ ਨੇ ‘ਡੀਪਫੇਕ’ ਅਤੇ ‘ਫੇਕ ਨਿਊਜ਼’ ਬਾਰੇ ਆਪਣੀ ਚਿੰਤਾ ਜ਼ਾਹਰ ਕੀਤੀ ਹੈ। ਅੱਠ ਫਰਵਰੀ 2024 ਨੂੰ ਪਾਕਿਸਤਾਨ ਵਿਚ ਹੋਈ ਚੋਣ ਵਿਚ ਏਆਈ ਦੀ ਖ਼ੂਬ ਵਰਤੋਂ ਅਤੇ ਦੁਰਵਰਤੋਂ ਹੋਈ ਹੈ। ਜੇਲ੍ਹ ਵਿਚ ਬੈਠਾ ਸਾਬਕਾ ਵਜ਼ੀਰ-ਏ-ਆਜ਼ਮ ਇਮਰਾਨ ਖ਼ਾਨ ਏਆਈ ਜ਼ਰੀਏ ‘ਵਰਚੂਅਲ ਜਲਸੇ’ ਕਰਦਾ ਦਿਖਾਈ ਦਿੱਤਾ ਸੀ। ਇਮਰਾਨ ਖ਼ਾਨ ਆਪਣੇ ਵਕੀਲ ਰਾਹੀਂ ਤਕਰੀਰ ਦਾ ਮਸੌਦਾ ਭੇਜਦਾ ਰਿਹਾ ਤੇ ਉਸ ਦੀ ਮਜ਼ਬੂਤ ਸੋਸ਼ਲ ਮੀਡੀਆ ਟੀਮ ਉਸ ਦੇ ‘ਵੁਆਇਸ ਕਲੋਨ’ ਦੀ ਵਰਤੋਂ ਕਰਦੀ ਰਹੀ। ਪਾਕਿਸਤਾਨ ਦਾ ਅਵਾਮ ਹੈਰਾਨ ਹੁੰਦਾ, ‘‘ਇਹ ਕਿੰਝ ਹੋ ਸਕਦਾ ਹੈ ਕਿ ਕੋਈ ਜੇਲ੍ਹ ’ਚੋਂ ਜਨਤਾ ਨੂੰ ਸੰਬੋਧਨ ਕਰੇ!’’ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਸਾਫਟਵੇਅਰ ਨਾਲ ਅਜਿਹਾ ਸੰਭਵ ਹੈ। ਇਮਰਾਨ ਖ਼ਾਨ ਪਹਿਲੀ ਤਕਰੀਰ ਵਿਚ ਵੋਟਰਾਂ ਨੂੰ ਦਿਲ ਖੋਲ੍ਹ ਕੇ ਚੰਦਾ ਦੇਣ ਲਈ ਅਪੀਲ ਕਰਦਾ ਦਿਖਾਈ ਦਿੱਤਾ। ਦੂਜੀ ਰਾਹੀਂ ਉਹ ਵੋਟਰਾਂ ਦਾ ਸ਼ੁਕਰੀਆ ਅਦਾ ਕਰਦਾ ਹੈ ਜਿਹੜੇ ਫ਼ੌਜ ਦੀ ਧੌਂਸ ਦੇ ਬਾਵਜੂਦ ਹੁੰਮ-ਹੁਮਾ ਕੇ ਵੋਟਾਂ ਪਾਉਂਦੇ ਹਨ। ਤੀਜੀ ਏਆਈ ਫੁਟੇਜ ਰਾਹੀਂ ਉਹ ਸ਼ਰੀਫ਼ ਭਰਾਵਾਂ ਨੂੰ ਕੋਸਦਾ ਹੈ ਜਿਨ੍ਹਾਂ ਨੇ ਫ਼ੌਜ ਦੀ ਮਦਦ ਨਾਲ ਨਤੀਜਿਆਂ ਤੋਂ ਪਹਿਲਾਂ ਹੀ ਚੋਣ ਜਿੱਤਣ ਦਾ ਐਲਾਨ ਕਰ ਦਿੱਤਾ ਸੀ। ਇੱਥੋਂ ਤੱਕ ਕਿ ਉਹ ਚੋਣਾਂ ‘ਜਿੱਤਣ’ ਉੱਤੇ ਵੋਟਰਾਂ ਦਾ ਧੰਨਵਾਦ ਕਰਦਾ ਵੀ ਦਿਖਾਈ ਦਿੰਦਾ ਹੈ। ਏਆਈ ਦੇ ਸਦਉਪਯੋਗ ਕਰਕੇ ਇਮਰਾਨ ਦੇ ਹੱਕ ’ਚ ਹਨੇਰੀ ਝੁੱਲੀ ਭਾਵੇਂ ਫ਼ੌਜ ਦੀਆਂ ਤਿਗੜਮਬਾਜ਼ੀਆਂ ਕਾਰਨ ਉਸ ਦੀ ਸਰਕਾਰ ਨਾ ਬਣ ਸਕੀ। ਦੂਜੇ ਪਾਸੇ ਏਆਈ ਦੀ ਖੁੱਲ੍ਹ ਕੇ ਦੁਰਵਰਤੋਂ ਹੋਈ। ਇਮਰਾਨ ਖ਼ਾਨ ਦੀ ਪਾਰਟੀ ਤਹਿਰੀਕ-ਏ-ਇਨਸਾਫ਼ ਦਾ ਹਵਾਲਾ ਦਿੰਦਿਆਂ ‘ਫੇਕ ਨਿਊਜ਼’ ਚਲਾਈ ਗਈ ਕਿ ਇਸ ਨੇ ਵੋਟਾਂ ਦਾ ਬਾਈਕਾਟ ਕਰ ਦਿੱਤਾ ਹੈ। ਇਮਰਾਨ ਦੀ ਸੋਸ਼ਲ ਮੀਡੀਆ ਟੀਮ ਨੇ ਤੁਰੰਤ ਇਸ ਦਾ ਸਪਸ਼ਟੀਕਰਨ ਦਿੰਦਿਆਂ ਇਸ ਖ਼ਬਰ ਨੂੰ ਮਨਘੜਤ ਕਿਹਾ। ਅਜਿਹੀਆਂ ਸ਼ਰਾਰਤਾਂ ਦਾ ਖ਼ਦਸ਼ਾ ਭਾਰਤ ਵਿਚ ਹੋ ਰਹੀਆਂ ਚੋਣਾਂ ਵਿਚ ਵੀ ਹੈ। ਚੋਣ ਕਮਿਸ਼ਨ ਨੇ ਇਸ ਦਾ ਤੌਖ਼ਲਾ ਪ੍ਰਗਟਾਇਆ ਹੈ। ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਕਿਹਾ ਕਿ ਅਜਿਹੀਆਂ ਸ਼ਰਾਰਤਾਂ ਨੂੰ ਕਦਾਚਿਤ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ ਚੋਣਾਂ ਦੇ ਐਲਾਨ ਤੋਂ ਚੰਦ ਘੰਟੇ ਪਹਿਲਾਂ ਤੇਲੰਗਾਨਾ ਵਿਚ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਏਆਈ ਦਾ ਜ਼ਿਕਰ ਕਰਦਿਆਂ ਇਸ ਨੂੰ ਭਵਿੱਖ ਦੀ ਤਕਨਾਲੋਜੀ ਕਿਹਾ। ਉਨ੍ਹਾਂ ਕਿਹਾ ਕਿ ਤੇਲੰਗਾਨਾ ਦੇ ਲੋਕ ਹੁਣ ‘ਨਮੋ ਇਨ ਤੇਲਗੂ’ ਐਪ ’ਤੇ ਜਾ ਕੇ ਆਪਣੀ ਮਾਤ ਭਾਸ਼ਾ ਵਿਚ ਉਨ੍ਹਾਂ ਦੀਆਂ ਤਕਰੀਰਾਂ ਸੁਣ ਸਕਦੇ ਹਨ। ਏਆਈ ਸਾਫਟਵੇਅਰ ਨਾਲ ਕਿਸੇ ਵਿਅਕਤੀ ਦੀ ਤਕਰੀਰ ਨੂੰ ਵੱਖ-ਵੱਖ ਬੋਲੀਆਂ ਵਿਚ ਉਲਥਾਇਆ ਜਾ ਸਕਦਾ ਹੈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ‘ਡੀਪਫੇਕ’ ਬਾਰੇ ਚਿੰਤਾ ਦਾ ਪ੍ਰਗਟਾਵਾ ਕੀਤਾ ਸੀ ਜਿਸ ਰਾਹੀਂ ਕਿਸੇ ਇਕ ਦਾ ਸਿਰ ਦੂਜੇ ਦੇ ਧੜ ’ਤੇ ਲਗਾ ਕੇ ਸਨਸਨੀ ਫੈਲਾਈ ਜਾ ਰਹੀ ਹੈ। ਕੁਦਰਤੀ ਹੈ ਕਿ ਏਆਈ ਦੇ ਸ਼ਕਤੀਸ਼ਾਲੀ ਟੂਲ ਮਨੁੱਖਤਾ ਨੂੰ ਭੰਬਲਭੂਸੇ ਵਿਚ ਪਾਉਣ ਦੀ ਸਮਰੱਥਾ ਰੱਖਦੇ ਹਨ। ਚੋਣ ਕਮਿਸ਼ਨ ਲਈ ਇਹ ਨਵੀਂ ਕਿਸਮ ਦੀ ਚੁਣੌਤੀ ਹੈ। ਏਆਈ ਦੀ ਦੁਰਵਰਤੋਂ ਜੇ ਚੋਣਾਂ ਦੇ ਆਖ਼ਰੀ ਦਿਨਾਂ ’ਚ ਹੋਈ ਤਾਂ ਇਸ ਨਾਲ ਹੋਏ ਅਣਕਿਆਸੇ ਨੁਕਸਾਨ ਨੂੰ ਰੋਕਣਾ ਵੀ ਅਸੰਭਵ ਕਾਰਜ ਹੋਵੇਗਾ। ਦੇਸ਼ ਵਾਸੀਆਂ ਨੂੰ ਵੋਟ ਦੇ ਅਧਿਕਾਰ ਦੀ ਅਹਿਮੀਅਤ ਪਤਾ ਹੋਣੀ ਚਾਹੀਦੀ ਹੈ ਤੇ ਇਸ ਨੂੰ ਗ੍ਰਹਿਣ ਲੱਗਣ ਤੋਂ ਬਚਾਉਣ ਲਈ ਸਾਂਝਾ ਹੰਭਲਾ ਮਾਰਨ ਦੀ ਲੋੜ ਹੈ। ਉਨ੍ਹਾਂ ਨੂੰ ਆਜ਼ਾਦੀ ਘੁਲਾਟੀਆਂ ਵੱਲੋਂ ਕੀਤੀਆਂ ਗਈਆਂ ਕੁਰਬਾਨੀਆਂ ਯਾਦ ਰੱਖਣੀਆਂ ਚਾਹੀਦੀਆਂ ਹਨ ਜਿਨ੍ਹਾਂ ਦੀ ਬਦੌਲਤ ਸਾਨੂੰ ਵੋਟ ਪਾਉਣ ਦਾ ਅਧਿਕਾਰ ਮਿਲਿਆ ਹੈ। ਵੋਟ ਦੇ ਅਧਿਕਾਰ ਲਈ ਪ੍ਰਥਮ ਸੰਘਰਸ਼ ਫਰਾਂਸ ਦੇ ਲੋਕਾਂ ਨੇ ਕੀਤਾ ਸੀ। ਉਨ੍ਹਾਂ ਵੱਲੋਂ ਰਜਵਾੜਾਸ਼ਾਹੀ ਖ਼ਿਲਾਫ਼ ਵਿੱਢੀ ਗਈ ਲਹਿਰ ’ਚੋਂ 1789 ਦੀ ਫਰਾਂਸ ਦੀ ਕ੍ਰਾਂਤੀ ਸੰਭਵ ਹੋਈ ਸੀ। ਇਕ ਸਮਾਂ ਸੀ ਜਦੋਂ ਰਜਵਾੜਿਆਂ ਨੂੰ ਰੱਬ ਵੱਲੋਂ ਥਾਪਿਆ ਸਮਝਿਆ ਜਾਂਦਾ ਸੀ। ਰਜਵਾੜੇ, ਨਵਾਬ ਤੇ ਪੁਜਾਰੀ ਆਮ ਜਨਤਾ ’ਤੇ ਜ਼ੁਲਮ ਢਾਹੁੰਦੇ ਸਨ। ਲੋਕ ਇਸ ਨੂੰ ਰੱਬ ਦਾ ਭਾਣਾ ਜਾਂ ਪਿਛਲੇ ਜਨਮਾਂ ’ਚ ਕੀਤੇ ਕਰਮਾਂ ਦਾ ਸਿੱਟਾ ਸਮਝਦੇ ਸਨ। ਸੌਲਾਂ ਸੌ ਸੰਨ ਦੇ ਅਖ਼ੀਰ ਵਿਚ ਲੋਕਾਂ ਨੇ ਰਜਵਾੜਾਸ਼ਾਹੀ ਤੇ ਪੁਜਾਰੀ ਜਮਾਤ ਦੀ ਜਵਾਬਦੇਹੀ ਸ਼ੁਰੂ ਕੀਤੀ। ਅੰਤ ਲੋਕਾਂ ਅੰਦਰ ਰਿੱਝ ਰਿਹਾ ਲਾਵਾ ਫੁੱਟਿਆ। ਝੁੱਗੀਆਂ ’ਚੋਂ ਮਸ਼ਾਲਾਂ ਲੈ ਕੇ ਚੱਲੇ ਲੋਕਾਂ ਨੇ ਮਹਿਲ ਨੂੰ ਅੱਗ ਲਗਾ ਦਿੱਤੀ। ਰਾਜਾ-ਰਾਣੀ ਦਾ ਸਿਰ ਕਲਮ ਕਰ ਦਿੱਤਾ। ਅਮਰੀਕਾ, ਭਾਰਤ ਤੇ ਕਈ ਹੋਰ ਦੇਸ਼ਾਂ ਨੂੰ ਵੀ ਜਮਹੂਰੀਅਤ ਲਈ ਲਾਸਾਨੀ ਕੁਰਬਾਨੀਆਂ ਦੇਣੀਆਂ ਪਈਆਂ। ਕੁਰਬਾਨੀਆਂ ਦੇ ਕੇ ਲਏ ਵੋਟ ਦੇ ਅਧਿਕਾਰ ਦੀ ਸਹੀ ਵਰਤੋਂ ਆਜ਼ਾਦੀ ਦੇ ਪਰਵਾਨਿਆਂ ਨੂੰ ਸੱਚੀ-ਸੁੱਚੀ ਸ਼ਰਧਾਂਜਲੀ ਹੋਵੇਗੀ।