ਆਮ ਆਦਮੀ ਵਾਂਗ ਵਿਚਰਦਾ ਖ਼ਾਸ ਆਦਮੀ (ਮਿਡਲ –– ਪੰਜਾਬੀ ਜਾਗਰਣ –– 29th December, 2023)
ਵਰਿੰਦਰ ਵਾਲੀਆ
ਪੱਤਰਕਾਰੀ ਤੇ ਜਨ-ਸੰਚਾਰ ਅਧਿਆਪਨ ਦੇ ਖੇਤਰ ਦਾ ਵਿਲੱਖਣ ਹਸਤਾਖ਼ਰ ਪ੍ਰੋ. (ਡਾ.) ਕਮਲੇਸ਼ ਸਿੰਘ ਦੁੱਗਲ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ ਹੈ। ਉਨ੍ਹਾਂ ਦੀ ਮਿਕਨਾਤੀਸੀ ਸ਼ਖ਼ਸੀਅਤ ’ਚੋਂ ਵਿਰਾਸਤੀ ਸ਼ਹਿਰ ਅਮਰਗੜ੍ਹ ਅਤੇ ਸੋਢੀ-ਦੁੱਗਲ ਖ਼ਾਨਦਾਨ ਦੇ ਖਮੀਰ ਦੀ ਰਸ-ਭਿੰਨੀ ਮਹਿਕ ਆਉਂਦੀ ਹੈ। ਪਿਛਲੇ ਪੰਜ ਦਹਾਕੇ ਡਾ. ਦੁੱਗਲ ਦਾ ਸਿਰਨਾਵਾਂ ਜ਼ਰੂਰ ਬਦਲਦਾ ਰਿਹਾ ਪਰ ਉਨ੍ਹਾਂ ਦਾ ਕਰਤਾਰੀ ਸੁਭਾਅ ਕਦੇ ਨਹੀਂ ਬਦਲਿਆ। ਮੁਸਲਸਲ ਮਿਹਨਤ-ਮੁਸ਼ੱਕਤ ਤੇ ਦਿਆਨਤਦਾਰੀ ਸਦਕਾ ਡਾ. ਦੁੱਗਲ ਸਫਲਤਾ ਦੀ ਪੌੜੀ-ਦਰ-ਪੌੜੀ ਚੜ੍ਹ ਕੇ ਉੱਚੇ ਮੁਕਾਮ ਹਾਸਲ ਕਰਦਾ ਆਇਆ ਹੈ। ਹਰ ਠੋਕਰ ਨੂੰ ਠੋਕਰ ਮਾਰ ਕੇ ਆਪਣੀ ਮੰਜ਼ਿਲ ਦਾ ਰਾਹ ਨਾਪਦਾ ਰਿਹਾ। ਖ਼ਾਸ ਆਦਮੀ ਬਣ ਕੇ ਵੀ ਆਮ ਆਦਮੀ ਵਾਂਗ ਵਿਚਰਨਾ ਉਨ੍ਹਾਂ ਦੀ ਫ਼ਿਤਰਤ ਵਿਚ ਸ਼ਾਮਲ ਹੈ।

ਅਮਰਗੜ੍ਹ ਤੋਂ ਜਲੰਧਰ ਬਰਾਸਤਾ ਪਟਿਆਲਾ-ਲੁਧਿਆਣਾ ਪੁਸਤਕ ਦਾ ਪਾਠ ਕਰਦਿਆਂ ਮਾਲਵੇ ਦੇ ਇਸ ਮਾਣਕ-ਮੋਤੀ ਦੀ ਬਹੁ-ਪੱਖੀ ਸ਼ਖ਼ਸੀਅਤ ਨੂੰ ਹਰ ਜ਼ਾਵੀਏ ਤੋਂ ਵਾਚਿਆ ਜਾ ਸਕਦਾ ਹੈ। ਡਾ. ਦੁੱਗਲ ਦੀ ਲਿਖਣ ਸ਼ੈਲੀ ਅਤੇ ਜੀਵਨ-ਸ਼ੈਲੀ ਵਿਚ ਅੰਤਰ ਕਰਨਾ ਮੁਹਾਲ ਹੈ। ਉਹ ਮੋਟੇ-ਠੁੱਲ੍ਹੇ ਸ਼ਬਦਾਂ ਦਾ ਜਾਲ਼ ਬੁਣ ਕੇ ਪਾਠ ਨੂੰ ਬੋਝਲ ਨਹੀਂ ਬਣਾਉਂਦਾ। ਸਹਿਜ ਰੂਪ ਵਿਚ ਪਾਠਕ ਨੂੰ ਉਂਗਲੀ ਫੜਾ ਕੇ ਅਤੀਤ ਵਿਚ ਲੈ ਜਾਂਦਾ ਹੈ। ਪਾਠਕ ਉਸ ਦੀ ਜਨਮ ਭੋਇੰ ਅਮਰਗੜ੍ਹ ਦੀ ਜ਼ਿਆਰਤ ਕਰਦਾ ਪਟਿਆਲਾ-ਲੁਧਿਆਣਾ ਦੇ ਚੱਕਰ ਵੀ ਕੱਟ ਆਉਂਦਾ ਹੈ। ਡਾ. ਦੁੱਗਲ ਨੇ ਦੇਸ਼-ਦੇਸ਼ਾਂਤਰ ਦਾ ਖ਼ੂਬ ਭ੍ਰਮਣ ਕੀਤਾ ਹੈ। ਫਿਰ ਵੀ ਜਾਗਦਿਆਂ-ਸੌਂਦਿਆਂ ਉਸ ਨੂੰ ਸੁਪਨੇ ਅਮਰਗੜ੍ਹ ਦੇ ਹੀ ਆਉਂਦੇ ਹਨ।
ਦਰਅਸਲ, ਅਮਰਗੜ੍ਹ ਦੇ ਲਾਲ ਡੋਰੇ ’ਚੋਂ ਉਹ ਕਦੇ ਬਾਹਰ ਨਹੀਂ ਨਿਕਲ ਸਕਿਆ। ਬੰਦਾ ਪਿੰਡ ’ਚੋਂ ਬਾਹਰ ਤਾਂ ਨਿਕਲ ਆਉਂਦਾ ਹੈ ਪਰ ਪਿੰਡ ਉਸ ’ਚੋਂ ਕਦੇ ਬਾਹਰ ਨਹੀਂ ਨਿਕਲਦਾ। ਜਨਮ ਭੋਇੰ ਵਿਚ ਦੱਬਿਆ ਨਾੜੂ ਉਸ ਨੂੰ ਸਦਾ ਸੈਨਤਾਂ ਮਾਰਦਾ ਰਹਿੰਦਾ ਹੈ। ਡਾ. ਦੁੱਗਲ ਦੀ ਮਿੱਤਰਤਾ ਦਾ ਘੇਰਾ ਬਹੁਤ ਵਸੀਹ ਹੈ। ਉਹ ਆਪਣੇ ਮਿੱਤਰ-ਬੇਲੀਆਂ ਅਤੇ ਖ਼ਾਸ ਤੌਰ ’ਤੇ ਵਿਦਿਆਰਥੀਆਂ ਨਾਲ ਸਾਂਝੇ ਸਾਹ ਲੈਂਦਾ ਹੈ। ਕਈ ਦਹਾਕੇ ਪਹਿਲਾਂ ਪੜ੍ਹ ਕੇ ਦੁਨੀਆ ਦੇ ਕੋਨੇ-ਕੋਨੇ ਵਿਚ ਜਾ ਵੱਸੇ ਆਪਣੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਬਾਲ-ਬੱਚਿਆਂ ਤੱਕ ਦੇ ਨਾਂ ਉਸ ਨੂੰ ਯਾਦ ਹਨ। ਹਰ ਕਿਸੇ ਦੇ ਦੁੱਖ-ਸੁੱਖ ਵਿਚ ਸ਼ਰੀਕ ਹੋਣਾ ਉਸ ਨੂੰ ਵਿਰਸੇ ਵਿਚ ਮਿਲਿਆ ਹੈ। ‘ਤੈਨੂੰ ਤਾਪ ਚੜ੍ਹੇ ਮੈਂ ਹੂੰਘਾਂ’ ਦੇ ਸੁਭਾਅ ਨੇ ਉਨ੍ਹਾਂ ਨੂੰ ਹਰ ਦਿਲ ਅਜ਼ੀਜ਼ ਬਣਾ ਦਿੱਤਾ ਹੈ। ਧਨ-ਕੁਬੇਰਾਂ ਵਾਂਗ ਮਾਇਆ ਦੇ ਅੰਬਾਰ ਲਾਉਣਾ ਉਸ ਦਾ ਸੁਭਾਅ ਨਹੀਂ ਹੈ।
ਉਹ ਸ਼ਾਇਦ ਇਕਲੌਤਾ ਅਧਿਆਪਕ ਹੈ ਜੋ ਆਪਣੀ ਤਨਖ਼ਾਹ/ਪੈਨਸ਼ਨ ਵਧਾਉਣ ਦੀ ਬਜਾਏ ਘਟਾਉਣ ਲਈ ਅਧਿਕਾਰੀਆਂ ਨੂੰ ਬੇਨਤੀ ਪੱਤਰ ਲਿਖਦਾ ਆਇਆ ਹੈ। ਗ਼ਰੀਬ-ਗ਼ੁਰਬੇ ਦੀ ਇਮਦਾਦ ਕਰਨ ਵੇਲੇ ਉਹ ਆਪਣੇ ਪਰਛਾਵੇਂ ਤੱਕ ਨੂੰ ਭਿਣਕ ਨਹੀਂ ਪੈਣ ਦਿੰਦਾ। ਡਾ. ਦੁੱਗਲ ਦੇ ਵਿਦਿਆਰਥੀ ਉਸ ਦੇ ਮੁਰੀਦ ਹਨ ਕਿਉਂਕਿ ਉਸ ਨੇ ਉਨ੍ਹਾਂ ਦੀ ਸ਼ਖ਼ਸੀਅਤ ਨੂੰ ਕਿਸੇ ਜੌਹਰੀ ਵਾਂਗ ਤਰਾਸ਼ਿਆ ਹੈ। ਉਹ ਕਿਸੇ ਸਾਹਿਤਕ ਤਾਂਤ੍ਰਿਕ ਵਾਂਗ ‘ਜਿੱਤ ਦਾ ਮੰਤਰ’ ਫੂਕਣ ਦਾ ਵੀ ਦਾਅਵਾ ਨਹੀਂ ਕਰਦਾ ਬਲਕਿ ਉਹ ਆਪਣੇ ਵਿਦਿਆਰਥੀਆਂ ਨੂੰ ਸਫਲਤਾ ਦੀ ਅਜਿਹੀ ਕੁੰਜੀ ਫੜਾਉਂਦਾ ਹੈ ਜਿਸ ਨਾਲ ਜੰਗਾਲੇ ਤਾਲੇ ਵੀ ਖੁੱਲ੍ਹ ਜਾਂਦੇ ਹਨ। ਦਿਮਾਗ ’ਚ ਲਟਕਦੇ ਜਾਲ਼ੇ ਸਾਫ਼ ਹੋ ਜਾਂਦੇ ਹਨ।
ਚਾਨਣ ਦੇ ਇਸ ਵਣਜਾਰੇ ਦੇ ਬਿਰਤਾਂਤ ਵਿਚ ਊਰਜਾ ਹੈ। ਚਾਨਣ ਵੰਡਦਾ ਹੋਇਆ ਲੋੜ ਪੈਣ ’ਤੇ ਉਹ ਚਿਣਗਾਂ ਵੀ ਵੰਡ ਦਿੰਦਾ ਹੈ। ਉਹ ਜੁਗਤੀ ਜ਼ਰੂਰ ਹੈ ਪਰ ਜੁਗਾੜੀ ਹਰਗਿਜ਼ ਨਹੀਂ। ਸਿਮਰਤੀਆਂ ਨੂੰ ਸਿਮਰਦਿਆਂ ਉਸ ਨੇ ਜਾਣੇ-ਅਣਜਾਣੇ ਕੀਤੀਆਂ ਨਿੱਕੀਆਂ-ਮੋਟੀਆਂ ਗ਼ਲਤੀਆਂ ਜਾਂ ਮਿੱਠੀਆਂ-ਮਿੱਠੀਆਂ ਸ਼ਰਾਰਤਾਂ ਨੂੰ ਛੁਪਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਪਗਡੰਡੀਆਂ ਤੋਂ ਹੁੰਦੇ ਹੋਏ ਸ਼ਾਹ-ਮਾਰਗ ਦਾ ਪਾਂਧੀ ਬਣਨ ਲਈ ਉਸ ਨੂੰ ਕਈ ਪਾਪੜ ਵੇਲਣੇ ਪਏ। ਪਿਤਾ ਘਰ ਦੀ ਕੱਢੀ ‘ਲਾਲ ਪਰੀ’ ਦੇ ਸ਼ੌਕੀਨ ਹੋਣ ਦੇ ਬਾਵਜੂਦ ਅਖ਼ਬਾਰ ਪੜ੍ਹਨ ਦੇ ਰਸੀਏ ਸਨ ਜਿਸ ਨੇ ਡਾ. ਦੁੱਗਲ ਨੂੰ ਅਖ਼ਬਾਰ-ਨਵੀਸੀ ਦੀ ਚੇਟਕ ਲਾਈ। ਪਹਿਲੀ ਨੌਕਰੀ ਹਾਸਲ ਕਰਨ ਲਈ ਕਿਵੇਂ ਉਸ ਨੇ ਫੋਟੋਸਟੈਟ ਕੀਤੇ ਲੇਖਾਂ ਨੂੰ ਕਿਤਾਬੀ ਰੂਪ ਦੇ ਕੇ ਇੰਟਰਵਿਊ ਪਾਸ ਕੀਤੀ, ਵਰਗੀ ਸਾਫ਼ਗੋਈ ਵੀ ਪੁਸਤਕ ਦਾ ਹਿੱਸਾ ਹੈ।
ਡਾ. ਦੁੱਗਲ ਦੀ ਲੇਖਣੀ ਬਲੌਰੀ ਕੰਧ ਵਰਗੀ ਹੈ ਜਿਸ ਦੀ ਬਦੌਲਤ ਉਸ ਦੀ ਤਲਿਸਮੀ ਸ਼ਖ਼ਸੀਅਤ ਦੇ ਆਰ-ਪਾਰ ਵੇਖਿਆ ਜਾ ਸਕਦਾ ਹੈ। ਠਿੱਬੀਮਾਰ ਮਿੱਤਰਾਂ/ਸਹਿਪਾਠੀਆਂ ਦਾ ਜ਼ਿਕਰ ਵੀ ਉਹ ਸੰਕੋਚਵੇਂ ਪਰ ਕਟਾਖਸ਼ੀ ਲਹਿਜ਼ੇ ਵਿਚ ਕਰਦਾ ਮਰਿਆਦਾ ਦਾ ਉਲੰਘਣ ਨਹੀਂ ਕਰਦਾ। ‘ਗੱਲਾਂ ਦਾ ਕੜਾਹ ਬਣਾਉਣ ਵਾਲੇ’ ਸੱਜਣਾਂ ਦਾ ਭਾਵੇਂ ਉਹ ਨਾਂ ਨਹੀਂ ਲਿਖਦਾ ਫਿਰ ਵੀ ਆਪਣੇ ਕਾਰਨਾਮਿਆਂ ਕਰਕੇ ਉਹ ਸਹਿਜੇ ਹੀ ਪਛਾਣੇ ਜਾਂਦੇ ਹਨ। ਉਸ ਦਾ ਮੰਨਣਾ ਹੈ ਕਿ ਫ਼ਜ਼ੂਲ ਦੇ ਬੰਦਿਆਂ ਬਾਰੇ ਚਰਚਾ ਕਰ ਕੇ ਸਮਾਂ ਬਰਬਾਦ ਨਹੀਂ ਕਰਨਾ ਚਾਹੀਦਾ। ਨਸ਼ਤਰੀ ਤਿੱਖਾਪਣ ਉਸ ਦੇ ਸੁਭਾਅ ਦਾ ਹਿੱਸਾ ਨਹੀਂ ਹੈ। ਮਿੱਠੀਆਂ ਟਕੋਰਾਂ ਉਹ ਪੋਲੇ ਜੇਹੇ ਜ਼ਰੂਰ ਕਰ ਜਾਂਦਾ ਹੈ। ਵੱਡੇ ਬੰਦੇ ਦੀ ਇਹੀ ਵੱਡੀ ਨਿਸ਼ਾਨੀ ਹੁੰਦੀ ਹੈ। ਇਸੇ ਲਈ ਉਸ ਦਾ ਇਕਬਾਲ ਬੁਲੰਦ ਹੈ। ਉਹ ਵੱਖਰੀ ਤੇ ਸੁਰੀਲੀ ਸੁਰ ਅਲਾਪ ਕੇ ਆਪਣੇ ਪਾਠਕਾਂ ਨੂੰ ਮੰਤਰ-ਮੁਗਧ ਕਰਦਾ ਹੈ। ਉਸ ਦੀ ਨਸ਼ਰ ਵਿਚ ਜੁੰਬਸ਼ ਹੈ। ਸਾਧਾਰਨ ਸ਼ਬਦਾਂ ਵਿਚ ਅਸਾਧਾਰਨ ਬਾਤਾਂ ਪਾਉਣ ਦਾ ਉਸ ਨੂੰ ਵੱਲ ਹੈ। ਸੱਥ ਵਿਚ ਸੁਣਾਏ ਜਾਂਦੇ ਟੋਟਕਿਆਂ ਵਰਗੇ ਕਿੱਸੇ-ਕਹਾਣੀਆਂ ਉਸ ਦੀ ਵਾਰਤਕ ਨੂੰ ਰੌਚਕ ਬਣਾਉਂਦੇ ਹਨ।
ਧੂਰੀ ਤੋਂ ਚੋਣ ਲੜਨਾ ਤੇ ਚੋਣ ਪਿੜ ’ਚੋਂ ਬਾਹਰ ਹੋਣ ਦੇ ਐਲਾਨ ਦੇ ਬਾਵਜੂਦ ਢਾਈ ਹਜ਼ਾਰ ਵੋਟਾਂ ਲੈ ਜਾਣਾ ਡਾ. ਦੁੱਗਲ ਦੀ ਮਕਬੂਲੀਅਤ ਨੂੰ ਦਰਸਾਉਂਦਾ ਹੈ। ‘ਜਦੋਂ ਮੈਂ ਰਾਸ਼ੀਫਲ ਲਿਖਿਆ’ ਦਿਲਚਸਪ ਤੇ ਅਭੁੱਲ ਯਾਦ ਹੈ ਜੋ ਦਿਲਚਸਪ ਹੋਣ ਦੇ ਨਾਲ-ਨਾਲ ਅੰਧ-ਵਿਸ਼ਵਾਸ ਵਿਚ ਫਸੇ ਲੋਕਾਂ ਦੇ ਮਨਾਂ ਦੇ ਜਾਲ਼ੇ ਲਾਹੁਣ ਲਈ ਕਾਰਗਰ ਸਾਬਿਤ ਹੋਵੇਗੀ। ਪੱਤਰਕਾਰੀ ਦੇ ਵਿਦਿਆਰਥੀਆਂ ਲਈ ਵੀ ਇਹ ਪੁਸਤਕ ਲਾਹੇਵੰਦ ਹੋ ਸਕਦੀ ਹੈ ਕਿ ਕਿਵੇਂ ਕੋਈ ਆਮ ਘਰ ਦਾ ਜੁਆਕ ਇਕ ਕਸਬੇ ’ਚੋਂ ਪਰਵਾਜ਼ ਭਰ ਕੇ ਬੁਲੰਦੀਆਂ ਨੂੰ ਛੁਹੰਦਾ ਹੈ।
ਡਾ. ਦੁੱਗਲ ਤੇ ਉਨ੍ਹਾਂ ਦੀਆਂ ਲਿਖਤਾਂ ਨੂੰ ਇਕ-ਦੂਜੇ ਤੋਂ ਵਿਛੁੰਨਣਾ ਮੁਹਾਲ ਹੈ। ਰਹਿਣੀ-ਬਹਿਣੀ ਤੇ ਕਹਿਣੀ ਵਿਚ ਇਕਸਾਰਤਾ ਰੱਖਣ ਵਾਲਾ ਡਾ. ਦੁੱਗਲ ਬਿਨਾਂ ਚੋਲੇ ਵਾਲੇ ਸਾਧ ਦਾ ਭੁਲੇਖਾ ਪਾਉਂਦਾ ਹੈ। ਆਪਣੀਆਂ ਰਚਨਾਵਾਂ ਵਿਚ ਉਹ ਕਿਤੇ ਵੀ ਆਪਣੀ ਪਿੱਠ ਥਪਥਪਾਉਂਦਾ ਮਹਿਸੂਸ ਨਹੀਂ ਹੁੰਦਾ। ਆਪਣੀਆਂ ਰਚਨਾਵਾਂ ਨੂੰ ‘ਚਾਂਦੀ ਦਾ ਵਰਕ’ ਲਗਾ ਕੇ ਪੇਸ਼ ਕਰਨਾ ਉਸ ਨੂੰ ਬਿਲਕੁਲ ਨਹੀਂ ਆਉਂਦਾ। ਡਾ. ਦੁੱਗਲ ਦੀਆਂ ਲਿਖਤਾਂ ਉਸ ਦੇ ਵਿਅਕਤਿਤਵ ਨਾਲ ਅਭੇਦ ਹਨ। ਡਾ. ਦੁੱਗਲ ਦੀ ਅਲਬੇਲੀ ਸ਼ਖ਼ਸੀਅਤ ਅੱਗੇ ਮੇਰਾ ਸਿਰ ਝੁਕਦਾ ਹੈ। ਉਸ ਦਾ ਕੋਈ ਸਾਨੀ ਨਹੀਂ ਹੈ। ‘ਅਮਰਗੜ੍ਹ ਤੋਂ ਜਲੰਧਰ, ਬਰਾਸਤਾ ਪਟਿਆਲਾ-ਲੁਧਿਆਣਾ’ ਇੱਕੋ ਬੈਠਕ ਵਿਚ ਪੜ੍ਹ ਕੇ ਆਨੰਦਿਤ ਹੋਇਆ ਮਹਿਸੂਸ ਕਰਦਾ ਹਾਂ। ਡਾ. ਦੁੱਗਲ ਦੇ ਸਵੈ-ਮੂਲਕ ਜ਼ਿੰਦਗੀਨਾਮਾ ਨੂੰ ਖ਼ੁਸ਼ਆਮਦੀਦ!