ਖ਼ਾਲਸਾ ਕਾਲਜ ਦੀ ਠੋਕਰ ਨੇ ਬਣਾਇਆ ਸੰਪਾਦਕ (ਮਿਡਲ –– ਪੰਜਾਬੀ ਜਾਗਰਣ –– 7th December, 2023)
ਵਰਿੰਦਰ ਵਾਲੀਆ
ਖ਼ਾਲਸਾ ਕਾਲਜ ਅੰਮ੍ਰਿਤਸਰ ਵਿੱਦਿਆ ਦਾ ਮੁਕੱਦਸ ਧਾਮ ਹੈ। ਇਸ ਦੀ ਪਰਿਕਰਮਾ ਕਿਸੇ ਤੀਰਥ ਅਸਥਾਨ ਦੀ ਜ਼ਿਆਰਤ ਦਾ ਅਹਿਸਾਸ ਦਿੰਦੀ ਹੈ। ਇਸ ਦੀ ਆਲੀਸ਼ਾਨ ਇਮਾਰਤ ਸਾਹ ਲੈਂਦੀ ਪ੍ਰਤੀਤ ਹੁੰਦੀ ਹੈ। ਇਸ ਦੇ ਗੁੰਬਦ ਤੇ ਬੁਰਜੀਆਂ ਮੈਨੂੰ ਉਨ੍ਹਾਂ ਉੱਚ-ਦੁਮਾਲੜੇ ਪੁਰਖਿਆਂ ਵਰਗੀਆਂ ਜਾਪਦੀਆਂ ਹਨ ਜੋ ਗੌਰਵਸ਼ਾਲੀ ਅਤੀਤ ਦੀ ਬਾਤ ਪਾ ਰਹੇ ਹੋਣ। ਉੱਡਦੀਆਂ ਬਦਲੋਟੀਆਂ ਜਦੋਂ ਇਨ੍ਹਾਂ ਨੂੰ ਚੁੰਮ ਕੇ ਲੰਘਦੀਆਂ ਹਨ ਤਾਂ ਮਨ ਹੁਲਾਸ ਨਾਲ ਭਰ ਜਾਂਦਾ ਹੈ।
ਮੈਂ ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਜੰਮਪਲ ਹਾਂ। ਸੱਤਰਵਿਆਂ ਦੇ ਅਖ਼ੀਰ ਵਿਚ ਸਕੂਲ ਦੀ ਪੜ੍ਹਾਈ ਖ਼ਤਮ ਹੋਣ ਉਪਰੰਤ ਸਹਿਪਾਠੀਆਂ ਤੇ ਮਿੱਤਰ-ਬੇਲੀਆਂ ਨੇ ਉਚੇਰੀ ਵਿੱਦਿਆ ਹਾਸਲ ਕਰਨ ਲਈ ਕਾਲਜ ਦੀ ਚੋਣ ਬਾਰੇ ਵਿਚਾਰ-ਵਿਮਰਸ਼ ਕੀਤਾ ਤਾਂ ਮੈਂ ਖ਼ਾਲਸਾ ਕਾਲਜ ਦਾ ਨਾਂ ਲਿਆ। ਸ਼ਹਿਰ ਦੇ ਦੂਜੇ ਕਾਲਜ ਤਾਂ ਮੈਨੂੰ ਵੱਡੇ ਸਕੂਲ ਦੀ ਭਾਂਤੀ ਨਜ਼ਰ ਆਉਂਦੇ। ਖ਼ਾਲਸਾ ਕਾਲਜ ਦੀ ਵਿਸ਼ਾਲ ਇਮਾਰਤ ਜਿਉਂ ਮੈਨੂੰ ਹਾਕਾਂ ਮਾਰ ਰਹੀ ਸੀ। ਦਿਨ ਚੰਗੇ ਸਨ, ਲੋਕ ਵੀ ਭਲੇ ਸਨ ਜਦੋਂ ਕਾਲਜ ਦੀ ਬੁਨਿਆਦ ਰੱਖੀ ਗਈ ਸੀ। ਨੀਂਹ ਦੀ ਹਰ ਇੱਟ ਭੱਦਰ-ਪੁਰਸ਼ਾਂ ਤੇ ਨੇਕ ਬਖ਼ਤਾਂ ਦੀ ਦਸਾਂ ਨਹੁੰਆਂ ਦੀ ਕਿਰਤ-ਕਮਾਈ ਦੀ ਸ਼ਾਹਦੀ ਭਰਦੀ ਹੈ। ਵੱਡੇ ਦਿਲ ਵਾਲਿਆਂ ਨੇ ਦਿਲ ਖੋਲ੍ਹ ਕੇ ਦਾਨ ਦਿੱਤਾ ਸੀ ਤਾਂ ਜੋ ਗੋਰੀ ਹਕੂਮਤ ਵੱਲੋਂ ਚਲਾਈ ਗਈ ਧਰਮ ਪਰਿਵਰਤਨ ਦੀ ਲਹਿਰ ਦਾ ਮੁਕਾਬਲਾ ਖ਼ਾਲਸਾਈ ਜਾਹੋ-ਜਲਾਲ ਨਾਲ ਕਰਨ ਵਾਲੀ ਸੰਸਥਾ ਉਸਾਰ ਕੇ ਕੀਤਾ ਜਾ ਸਕੇ।

ਸਮੇਂ ਦੇ ਮਕਬੂਲ ਇਮਾਰਤਸਾਜ਼ ਭਾਈ ਰਾਮ ਸਿੰਘ ਨੇ ਮਾਨੋਂ ਇਸ ਵਿਚ ਪੰਥਿਕ ਰੂਹ ਫੂਕ ਦਿੱਤੀ ਸੀ। ਸਿੱਖ ਆਰਕੀਟੈਕਚਰ ਦੇ ਜ਼ਾਵੀਏ ਤੋਂ ਬਣੀ ਇਸ ਸੰਸਥਾ ਅੰਦਰ ਵੜਦਿਆਂ ਸਾਰ ਵਿਸ਼ਾਲਤਾ ਦਾ ਅਹਿਸਾਸ ਹੁੰਦਾ ਹੈ। ਇਸ ਦੀਆਂ ਉੱਚੀਆਂ ਬੁਰਜੀਆਂ ਅਣਖ ਨਾਲ ਸਿਰ ਉੱਚਾ ਚੁੱਕ ਕੇ ਜਿਊਣ ਦਾ ਸੁਨੇਹਾ ਦਿੰਦੀਆਂ ਹਨ। ਇਸ ਦਾ ਮੋਕਲਾ ਆਲਾ-ਦੁਆਲਾ ਆਪਣੇ-ਆਪ ਵਿਚ ਵੱਡੀ ਪਾਠਸ਼ਾਲਾ ਹੈ। ਕਲਾਸਾਂ ਦੀ ਪੜ੍ਹਾਈ ਤੋਂ ਵੱਧ ਬਾਹਰੀ ਮਾਹੌਲ ਪੜ੍ਹੇ ਨਾਲੋਂ ਵੱਧ ਗੂੜ੍ਹੇ ਬਣਾਉਂਦਾ ਹੈ। ਗ੍ਰੈਜੂਏਸ਼ਨ ਤੋਂ ਬਾਅਦ ਜਦੋਂ ਐੱਮਏ (ਪੰਜਾਬੀ) ਕਰਨ ਦਾ ਸਮਾਂ ਆਇਆ ਤਾਂ ਮੇਰੇ ਕਈ ਸੰਗੀਆਂ-ਸਾਥੀਆਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਦਾਖ਼ਲਾ ਲੈ ਲਿਆ। ਮੈਂ ਫਿਰ ਖ਼ਾਲਸਾ ਕਾਲਜ ਨੂੰ ਤਰਜੀਹ ਦਿੱਤੀ।
ਪੰਜਾਬੀ ਵਿਸ਼ੇ ਵਿਚ ਕਾਲਜ ’ਚੋਂ ਫਸਟ ਆਉਣ ’ਤੇ ਮੈਨੂੰ ‘ਸਿਲਵਰ ਮੈਡਲ’ ਮਿਲਿਆ ਜਿਸ ਨੇ ਮਾਤ-ਭਾਸ਼ਾ ਨੂੰ ਸਮਰਪਿਤ ਹੋਣ ਦਾ ਬਲ ਬਖ਼ਸ਼ਿਆ। ਮੈਨੂੰ ਅੱਜ ਵੀ ਮਹਿਸੂਸ ਹੁੰਦਾ ਹੈ ਕਿ ਤੁਸੀਂ ਖ਼ਾਲਸਾ ਕਾਲਜ ’ਚੋਂ ਨਿਕਲ ਕੇ ਦੁਨੀਆ ਦੇ ਕਿਸੇ ਕੋਨੇ ਵਿਚ ਚਲੇ ਜਾਵੋ ਪਰ ਇਹ ਤੁਹਾਡੇ ਅੰਦਰੋਂ ਕਦੇ ਨਹੀਂ ਨਿਕਲਦਾ। ਮਾਣ-ਮੱਤੀ ਸੰਸਥਾ ਦੇ ਵਿਦਿਆਰਥੀ ਹੋਣ ਦਾ ਜਿੱਥੇ-ਕਿਤੇ ਵੀ ਜ਼ਿਕਰ ਕਰੀਏ, ਇਹ ਤੁਹਾਡਾ ਮਾਣ ਵਧਾਉਂਦੀ ਹੈ। ਉਨ੍ਹਾਂ ਦਿਨਾਂ ਵਿਚ ਐੱਮਏ (ਪੰਜਾਬੀ) ਕਰਨਾ ਮਾਣ ਵਾਲੀ ਗੱਲ ਸਮਝੀ ਜਾਂਦੀ ਸੀ। ਅੰਦੋਲਨਾਂ ਦਾ ਧੁਰਾ ਰਹੀ ਇਸ ਵਿਰਾਸਤੀ ਸੰਸਥਾ ਦੇ ਵਿਦਿਆਰਥੀ ਗੱਲਬਾਤ ਮਾਂ-ਬੋਲੀ ਵਿਚ ਕਰਨਾ ਪਸੰਦ ਕਰਦੇ। ਮੂੰਹ ਵਿੰਙਾ ਕਰ ਕੇ ਅੰਗਰੇਜ਼ੀ ਬੋਲਣ ਵਾਲਿਆਂ ਦਾ ਮੌਜੂ ਉਡਾਇਆ ਜਾਂਦਾ। ਸੂਟਿਡ-ਬੂਟਿਡ ਵਿਦਿਆਰਥੀਆਂ ਦੀਆਂ ਪੈਂਟਾਂ ਵਿਚ ਤੂਸੀਆਂ ਕਮੀਜ਼ਾਂ ‘ਵੱਡਾ ਅੰਗਰੇਜ਼ ਬਣਿਆ ਹੋਇਆ’ ਕਹਿ ਕੇ ਬਾਹਰ ਕੱਢੀਆਂ ਜਾਂਦੀਆਂ। ਕੋਈ ਵੀ ਬੁਰਾ ਨਾ ਮਨਾਉਂਦਾ।
ਪੰਜਾਬੀਅਤ ਦੇ ਰੰਗ ਵਿਚ ਗੜੁੱਚ ਰਾਂਗਲੇ ਕਾਲਜ ਵਿਚ ਸਾਹਿਤ ਸਿਰਜਣਾ ਲਈ ਸ਼ੁਰੂ ਤੋਂ ਲੋੜੀਂਦਾ ਮਾਹੌਲ ਸਿਰਜਿਆ ਹੋਇਆ ਸੀ। ਐੱਮਏ (ਪੰਜਾਬੀ) ਦੀਆਂ ਜਮਾਤਾਂ ਵਿਚ ਖ਼ੂਬ ਰੌਣਕ ਹੁੰਦੀ। ਕਲਾਸ ਰੂਮ ਤੋਂ ਬਾਹਰ ਵੱਧ ਕਲਾਸਾਂ ਲੱਗਦੀਆਂ ਸਨ। ਕੋਸੀ-ਕੋਸੀ ਧੁੱਪ ਵਿਚ ਵਿਭਾਗ ਦੇ ਮੁਖੀ ਡਾ. ਰਘਬੀਰ ਸਿੰਘ ਜੁੱਤੀ ਉਤਾਰਨ ਤੋਂ ਬਾਅਦ ਬੰਨੀ ’ਤੇ ਚੌਂਕੜਾ ਮਾਰ ਕੇ ਪੜ੍ਹਾਉਂਦੇ ਤਾਂ ਇਹ ਵੱਖਰੀ ਤਰ੍ਹਾਂ ਦਾ ਆਲਮ ਹੁੰਦਾ। ਕਿਸੇ ਵੇਲੇ ਖ਼ਾਲਸਾ ਕਾਲਜ ਵਿਚ ਅੰਤਰਰਾਸ਼ਟਰੀ ਪੱਧਰ ਦੇ ਨਾਮਵਰ ਸਾਹਿਤਕਾਰ ਪੜ੍ਹਾਉਂਦੇ ਸਨ ਜਿਨ੍ਹਾਂ ਦੀਆਂ ਕਿਤਾਬਾਂ ’ਤੇ ਅਣਗਿਣਤ ਖੋਜਾਰਥੀਆਂ ਨੇ ਡਾਕਟਰੇਟ ਕੀਤੀ ਸੀ। ਮੇਰੇ ਸਮੇਂ ਬਹੁਤੇ ਅਧਿਆਪਕ ਔਸਤ ਦਰਜੇ ਦੇ ਸਨ।
ਇਕ ਅਧਿਆਪਕ ਦੀ ਬਹੁਤੀ ਰੁਚੀ ਅਧਿਆਪਨ ਨਾਲੋਂ ਪ੍ਰਾਪਰਟੀ ਡੀਲਿੰਗ ਵਿਚ ਵੱਧ ਸੀ। ਉਹ ਚੁਗੱਤਿਆਂ ਵੇਲੇ ਦੇ ਨੋਟਿਸਾਂ ਤੋਂ ਡਿਕਟੇਸ਼ਨ ਦਿੰਦੇ ਸਨ। ਮੇਰਾ ਕਲਾਸਾਂ ਤੋਂ ਦਿਲ ਉਚਾਟ ਹੋ ਗਿਆ ਸੀ। ਜੇ ਕਲਾਸ ਲਾਉਂਦਾ ਤਾਂ ਘੱਟ-ਵੱਧ ਹੀ ਨੋਟ ਕਰਦਾ। ਪੈਂਤੀ ਪੈਸਿਆਂ ਵਾਲੀ ਕਾਪੀ ਮਰੋੜ ਕੇ ਜੇਬ ਵਿਚ ਪਾ ਲੈਂਦਾ। ਫਿਰ ਕਿਤੇ ਰੱਖ ਕੇ ਭੁੱਲ ਜਾਂਦਾ। ਐੱਮਏ ਭਾਗ ਦੂਜਾ ਵਿਚ ਲੱਗੇ ਪਿ੍ਰੰਸੀਪਲ ਸੁਜਾਨ ਸਿੰਘ ਦੇ ਕਹਾਣੀ ਸੰਗ੍ਰਹਿ ‘ਡੇਢ ਆਦਮੀ’ ਬਾਰੇ ਛਪੀ ਕਿਤਾਬ ਵਿਚ ਮੇਰਾ ਲੰਬਾ ਲੇਖ ਉਦੋਂ ਛਪਿਆ ਜਦੋਂ ਮੈਂ ਐੱਮਏ ਪਾਰਟ ਵਨ ਵਿਚ ਪੜ੍ਹਦਾ ਸਾਂ। ਇਸੇ ਸਮੇਂ ਪਿ੍ਰੰਸੀਪਲ ਸੁਜਾਨ ਸਿੰਘ ਦੇ ਅਭਿਨੰਦਨ ਗ੍ਰੰਥ ਦੇ ਸੰਪਾਦਕੀ ਮੰਡਲ ਵਿਚ ਵੀ ਮੈਂ ਸ਼ਾਮਲ ਸਾਂ।
ਪੜ੍ਹਨ ਦੀ ਚੇਟਕ ਲੱਗ ਗਈ। ਸਸਤਾ ਮਿਲਦਾ ਰੂਸੀ ਸਾਹਿਤ ਰੱਜ ਕੇ ਪੜ੍ਹਿਆ ਜਿਸ ਨੇ ਚੇਤਨਾ ਨੂੰ ਸਾਣ ’ਤੇ ਚਾੜ੍ਹਨ ਦਾ ਕੰਮ ਕੀਤਾ। ਖ਼ਾਲਸਾ ਕਾਲਜ ਦੇ ‘ਦਰਬਾਰ’ ਮੈਗਜ਼ੀਨ ਲਈ ਵਿਦਿਆਰਥੀ ਸੰਪਾਦਕ ਦੀ ਚੋਣ ਲਈ ਲਿਖਤੀ ਟੈਸਟ ਹੋਇਆ। ਯਕੀਨਨ ਮੈਂ ਬਹੁਤ ਵਧੀਆ ਲਿਖਿਆ ਸੀ। ਇਸ ਦੇ ਬਾਵਜੂਦ ਸੰਪਾਦਕ ਸਿਫ਼ਾਰਸ਼ੀ ਨੂੰ ਬਣਾਇਆ ਗਿਆ। ਮੈਂ ਵਟ ਖਾ ਕੇ ਆਪਣਾ ਮਾਸਿਕ ਮੈਗਜ਼ੀਨ ‘ਪੁਲਾਂਘ’ ਕੱਢ ਲਿਆ। ਪੁਲਾਂਘ ਦੇ ਸਹਿ ਸੰਪਾਦਕ ਮਨਮੋਹਨ ਤੇ ਰਵਿੰਦਰ ਸਨ। ਮਨਮੋਹਨ ਬਾਅਦ ਵਿਚ ਆਈਪੀਐੱਸ ਤੋਂ ਇਲਾਵਾ ਭਾਰਤੀ ਸਾਹਿਤ ਅਕਾਦਮੀ ਦਾ ਇਨਾਮ ਵਿਜੇਤਾ ਵੱਡਾ ਸਾਹਿਤਕਾਰ ਬਣਿਆ। ‘ਪੁਲਾਂਘ’ ਦਾ ਮੈਨੇਜਰ ਜਗਦੀਸ਼ ਸਚਦੇਵਾ ਨੂੰ ਬਣਾਇਆ ਜਿਸ ਨੇ ਬਾਅਦ ਵਿਚ ਨਾਟਕਾਂ ਤੇ ਪੰਜਾਬੀ ਫਿਲਮਾਂ ਵਿਚ ਵੱਡਾ ਨਾਂ ਕਮਾਇਆ।
ਵਿਦਿਆਰਥੀ ਜੀਵਨ ਦੌਰਾਨ ‘ਪੁਲਾਂਘ’ ਕੱਢ ਕੇ ਮੈਂ ਸਾਹਿਤ ਅਤੇ ਪੱਤਰਕਾਰੀ ਦੇ ਖੇਤਰ ਵਿਚ ਪਹਿਲੀ ਪੁਲਾਂਘ ਪੁੱਟੀ ਸੀ। ਇਸ ਤੋਂ ਬਾਅਦ ਐੱਮਏ (ਪੰਜਾਬੀ) ਕਰਦਿਆਂ ਮੈਂ ਦੋ ਹੋਰ ਹਫ਼ਤਾਵਾਰੀ ਅਖ਼ਬਾਰਾਂ ਦੀ ਸੰਪਾਦਨਾ ਕੀਤੀ। ਖ਼ਾਲਸਾ ਕਾਲਜ ਦੇ ਵਿਦਿਆਰਥੀ ਹੁੰਦਿਆਂ ਮੇਰਾ ਪਹਿਲਾ ਕਥਾ ਸੰਗ੍ਰਹਿ ‘ਖ਼ਬਰਨਾਮਾ’ ਛਪਿਆ। ਮੇਰਾ ਸਾਥੀ ‘ਵਿਦਿਆਰਥੀ ਸੰਪਾਦਕ’ ਬਾਅਦ ਵਿਚ ਪੰਜਾਬੀ ਵਿਭਾਗ ਦਾ ਮੁਖੀ ਬਣਿਆ। ਤਾਉਮਰ ਪੰਜਾਬੀ ਪੜ੍ਹਨ ਤੇ ਪੜ੍ਹਾਉਣ ਵਾਲਾ ਪੈੱਨ ਦਾ ਖੋਲ ਹਾਜ਼ਰੀ ਲਗਾਉਣ ਲਈ ਹੀ ਕੱਢਦਾ ਸੀ। ਮੈਂ ਪੰਜਾਬ ਸਿਵਲ ਸਕੱਤਰੇਤ ਵਿਚ ਸੂਚਨਾ ਅਫ਼ਸਰ ਬਣ ਕੇ ਲੋਕ ਸੰਪਰਕ ਵਿਭਾਗ ਦੇ ਅੰਗਰੇਜ਼ੀ ਮੈਗਜ਼ੀਨ ‘ਐਡਵਾਂਸ’ ਦਾ ਸੰਪਾਦਕ ਬਣਿਆ।
ਕਲਾਸ ਵਨ ਪੋਸਟ ਤੋਂ ਅਸਤੀਫ਼ਾ ਦੇ ਕੇ ਮੈਂ ‘ਦਿ ਟ੍ਰਿਬਿਊਨ’ ਦਾ ਪੱਤਰਕਾਰ ਬਣ ਗਿਆ। ਸਪੈਸ਼ਲ ਕਾਰਸਪਾਂਡੈਂਟ ਤੱਕ ਪੁੱਜ ਕੇ ਮੈਂ ਦੇਸ਼ ਦੇ ਕਈ ਸੂਬਿਆਂ ਤੋਂ ਇਲਾਵਾ ਕਈ ਦੇਸ਼ਾਂ ਤੋਂ ਰਿਪੋਰਟਿੰਗ ਕੀਤੀ। ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨਾਲ ਜਾ ਕੇ ਕੈਨੇਡਾ ਵਿਚ ਹੋਏ ਜੀ-20 ਸਿਖ਼ਰ ਸੰਮੇਲਨ ਦੀ ਰਿਪੋਰਟਿੰਗ ਕੀਤੀ। ਬਾਅਦ ਵਿਚ ਮੇਰੀ ਨਿਯੁਕਤੀ ਸੰਪਾਦਕ ਪੰਜਾਬੀ ਟ੍ਰਿਬਿਊਨ ਵਜੋਂ ਹੋਈ। ਪੰਜਾਬੀ ਯੂਨੀਵਰਸਿਟੀ ਵਿਚ ਬਤੌਰ ਪ੍ਰੋਫੈਸਰ ਪੜ੍ਹਾਉਣ ਦਾ ਮੌਕਾ ਵੀ ਨਸੀਬ ਹੋਇਆ। ਅੱਜ ਛਿਆਠਵੇਂ ਸਾਲ ਵਿਚ ਵੀ ਮੈਂ ‘ਪੰਜਾਬੀ ਜਾਗਰਣ’ ਦਾ ਸੰਪਾਦਕ ਹਾਂ। ਦੋਨਾਂ ਵੱਡੀਆਂ ਅਖ਼ਬਾਰਾਂ ਦੀ ਸੰਪਾਦਕੀ ਕਰਦਿਆਂ ਮੈਂ ਆਪਣੇ ਗੂੜ੍ਹੇ ਮਿੱਤਰ ਬਣ ਚੁੱਕੇ ‘ਵਿਦਿਆਰਥੀ ਸੰਪਾਦਕ’ ਨੂੰ ਕੁਝ ਨਾ ਕੁਝ ਲਿਖਣ ਲਈ ਪ੍ਰੇਰਦਾ ਹੀ ਨਹੀਂ ਬਲਕਿ ਜ਼ੋਰ ਵੀ ਦਿੰਦਾ ਰਿਹਾ। ਪਰ ਉਸ ਨੇ ਆਪਣੀ ਕਲਮ ਨੂੰ ਕਦੇ ਕਸ਼ਟ ਦੇਣਾ ਮੁਨਾਸਿਬ ਨਾ ਸਮਝਿਆ। ਇਸ ਦੇ ਬਾਵਜੂਦ ਮੈਂ ਉਸ ਦਾ ਅਹਿਸਾਨਮੰਦ ਹਾਂ ਕਿ ਜੇ ਮੈਂ ਉਸ ਦੀ ਜਗ੍ਹਾ ‘ਵਿਦਿਆਰਥੀ ਸੰਪਾਦਕ’ ਬਣ ਜਾਂਦਾ ਤਾਂ ਮੇਰਾ ਉਦੋਂ ਉਸ ਵਾਂਗ ਝੱਸ ਪੂਰਾ ਹੋ ਜਾਣਾ ਸੀ ਤੇ ਮੈਂ ਸ਼ਾਇਦ ਹੀ ਅਖ਼ਬਾਰੀ ਦੁਨੀਆ ਵਿਚ ਪ੍ਰਵੇਸ਼ ਕਰਦਾ।
ਖ਼ਾਲਸਾ ਕਾਲਜ ਨੇ ਮੈਨੂੰ ਸਾਬਤ ਕਦਮੀਂ ਤੁਰਨ ਦਾ ਵੱਲ ਸਿਖਾਇਆ। ਸੱਚੇ ਰੱਬ ਤੋਂ ਇਲਾਵਾ ਕਿਸੇ ਤੋਂ ਵੀ ਨਾ ਡਰਨ ਦਾ ਹੌਸਲਾ ਬਖ਼ਸ਼ਿਆ। ਖ਼ਾਲਸਾ ਕਾਲਜ ਦੀ ਇਸ ਦਾਤ ਸਦਕਾ ਮੈਂ ਪਹਿਲਾ ਭਾਰਤੀ ਪੱਤਰਕਾਰ ਬਣਿਆ ਜਿਸ ਨੇ ਪਾਕਿਸਤਾਨ ਦੀ ਬੇਹੱਦ ਖ਼ਤਰਨਾਕ ਤਨਜ਼ੀਮ ਲਸ਼ਕਰ-ਏ-ਤੋਇਬਾ ਵੱਲੋਂ ਚਲਾਏ ਜਾਂਦੇ ਟ੍ਰੇਨਿੰਗ ਕੈਂਪਾਂ ਦੀ ਰਿਪੋਰਟਿੰਗ ਕੀਤੀ। ਇਨ੍ਹਾਂ ਕੈਂਪਾਂ ਵਿਚ ਨਾਬਾਲਗ ਬੱਚਿਆਂ ਨੂੰ ਸਵੈ-ਚਾਲਕ ਅਗਨ ਹਥਿਆਰ ਚਲਾਉਣ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਸੀ। ਭਾਰਤ ਵੱਲੋਂ ਐਲਾਨੇ ਗਏ ‘ਮੋਸਟ ਵਾਂਟਿਡ’ ਅੱਤਵਾਦੀਆਂ ਨਾਲ ਇੰਟਰਵਿਊਜ਼ ਕੀਤੀਆਂ ਜੋ ਪ੍ਰਮੁੱਖਤਾ ਨਾਲ ‘ਦਿ ਟ੍ਰਿਬਿਊਨ’, ‘ਪੰਜਾਬੀ ਟ੍ਰਿਬਿਊਨ’ ਅਤੇ ‘ਦੈਨਿਕ ਟ੍ਰਿਬਿਊਨ’ ਵਿਚ ਛਪੀਆਂ।
ਮੈਨੂੰ ਇਸ ਗੱਲ ਦਾ ਵੀ ਮਾਣ ਹੈ ਕਿ ਮੈਂ ਪਹਿਲਾ ਭਾਰਤੀ ਪੱਤਰਕਾਰਾਂ ਸਾਂ ਜਿਸ ਨੇ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈਐੱਸਆਈ ਦੇ ਸਾਬਕਾ ਮੁਖੀ ਲੈਫਟੀਨੈਂਟ ਜਨਰਲ ਜਾਵੇਦ ਨਾਸਿਰ ਨਾਲ ਲੰਬੀ ਇੰਟਰਵਿਊ ਕੀਤੀ ਜੋ ‘ਦਿ ਟ੍ਰਿਬਿਊਨ’ ਦੇ ਪਹਿਲੇ ਸਫ਼ੇ ’ਤੇ ਅੱਠ ਕਾਲਮਾਂ ਵਿਚ ਬੈਨਰ ਹੈੱਡਲਾਈਨ ਨਾਲ ਛਪੀ। ਥਾਈਲੈਂਡ ਵਿਚ ਮੈਂ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਸਿਆਸੀ ਸਕੱਤਰ ਤਰਲੋਕ ਸਿੰਘ ਸੇਠ ਨਾਲ ਇੰਟਰਵਿਊ ਕੀਤੀ। ਵਿਸ਼ੇਸ਼ ਰਿਪੋਰਟਾਂ ਦੀ ਲੰਬੀ ਫ਼ਹਿਰਿਸਤ ਹੈ। ਦੇਸ਼-ਵਿਦੇਸ਼ ਤੋਂ ਮਿਲੇ ਮਾਣ-ਸਨਮਾਨ/ਐਵਾਰਡਾਂ; ਪੰਜਾਬੀ ਤੇ ਅੰਗਰੇਜ਼ੀ ਵਿਚ ਲਿਖੀਆਂ ਮੌਲਿਕ ਪੁਸਤਕਾਂ ਪਿੱਛੇ ਖ਼ਾਲਸਾ ਕਾਲਜ ਹੀ ਸੀ ਜੋ ਸਦਾ ਮੇਰਾ ਮਾਰਗ ਦਰਸ਼ਨ ਕਰਦਾ ਰਿਹਾ ਹੈ। ਇਸ ਮਹਾਨ ਸੰਸਥਾ ਦਾ ਰਿਣ ਕਦੇ ਵੀ ਨਹੀਂ ਚੁਕਾਇਆ ਜਾ ਸਕਦਾ।