VARINDER WALIA

ਵੱਖੋ–ਵੱਖਰੇ ਅਖ਼ਬਾਰਾਂ/ਰਸਾਲਿਆਂ 'ਚ ਛਪੇ ਲੇਖ ਤੇ ਹੋਰ ਸਾਹਿਤਕ ਕ੍ਰਿਤਾਂ / VARIOUS ARTICLES

ਆਖ਼ਰੀ ਉਮਰੇ ਢਲਿਆ ਫ਼ੌਲਾਦ – ਪ੍ਰਕਾਸ਼ ਸਿੰਘ ਬਾਦਲ (ਪੰਜਾਬੀ ਜਾਗਰਣ –– 7th December, 2023)

ਵਰਿੰਦਰ ਵਾਲੀਆ

ਪੰਜਾਬ ਦੇ ਪੰਜ ਵਾਰ (19 ਸਾਲ) ਮੁੱਖ ਮੰਤਰੀ ਬਣ ਕੇ ਨਿਵੇਕਲਾ ਇਤਿਹਾਸ ਰਚਣ ਵਾਲੇ ਪ੍ਰਕਾਸ਼ ਸਿੰਘ ਬਾਦਲ ਅਜਿਹੇ ਨੇਤਾ ਸਨ ਜਿਨ੍ਹਾਂ ਨੇ ਸਿੱਖ ਪੰਥ ਦਾ ‘ਸੁਨਹਿਰੀ ਕਾਲ’ ਅਤੇ ‘ਕਾਲਾ ਦੌਰ’ ਦੋਨਾਂ ਦਾ ਸਿਖ਼ਰ ਵੇਖਿਆ ਸੀ। ਲਾਹੌਰ ਦੇ ਮਕਬੂਲ ਐੱਫਸੀ ਕਾਲਜ ਤੋਂ ਗ੍ਰੈਜੂਏਸ਼ਨ ਦੀ ਡਿਗਰੀ ਹਾਸਲ ਕਰਨ ਤੋਂ ਬਾਅਦ ਉਹ ਮਾਲਵੇ ਦੇ ਸਭ ਤੋਂ ਵੱਧ ਪੜ੍ਹੇ-ਲਿਖੇ ਨੌਜਵਾਨ ਬਣੇ ਸਨ। ਉਪਰੰਤ ਉਨ੍ਹਾਂ ਨੇ ਨਾਇਬ ਤਹਿਸੀਲਦਾਰ ਬਣਨ ਦੀ ਇੱਛਾ ਜ਼ਾਹਰ ਕੀਤੀ ਤਾਂ ਸਿਆਸੀ ਮੁਰਸ਼ਦ ਤੇ ਟਕਸਾਲੀ ਆਗੂ ਗਿਆਨੀ ਕਰਤਾਰ ਸਿੰਘ ਨੇ ਸਿਆਸੀ ਗੁੜ੍ਹਤੀ ਦਿੰਦਿਆਂ ਭਵਿੱਖਬਾਣੀ ਕੀਤੀ, ‘ਪ੍ਰਕਾਸ਼, ਤੁਸੀਂ ਨੌਕਰੀ ਕਰਨ ਲਈ ਨਹੀਂ ਸਗੋਂ ਨੌਕਰੀਆਂ ਦੇਣ ਵਾਲੇ ਬਣੋਗੇ।’ ਸਿਆਸੀ ਟੇਵਾ ਸੱਚ ਸਾਬਿਤ ਹੋਇਆ। ਮਹਿਜ਼ 20 ਸਾਲਾਂ ਦਾ ਮੁੱਛ ਫੁੱਟ ਗੱਭਰੂ 1947 ਵਿਚ ਆਪਣੇ ਜੱਦੀ ਪਿੰਡ ਬਾਦਲ ਦਾ ਸਭ ਤੋਂ ਛੋਟੀ ਉਮਰ ਦਾ ਸਰਪੰਚ ਬਣ ਗਿਆ।

ਇਕ ਹੋਰ ਮੀਲ ਪੱਥਰ ਉਨ੍ਹਾਂ ਦਾ ਇੰਤਜ਼ਾਰ ਕਰ ਰਿਹਾ ਸੀ। ਬਾਦਲ ਹੁਰਾਂ ਨੂੰ ਸਭ ਤੋਂ ਛੋਟੀ ਉਮਰ ਵਾਲਾ ਵਿਧਾਇਕ ਬਣਨ ਲਈ ਕੇਵਲ 10 ਸਾਲ ਹੋਰ ਲੱਗੇ। ਸਾਬਤ-ਕਦਮੀਂ ਚੱਲਦਿਆਂ ਅਗਲੇ ਤੇਰਾਂ ਸਾਲਾਂ ਵਿਚ ਉਹ ਦੇਸ਼ ਦੇ ਸਭ ਤੋਂ ਛੋਟੀ ਉਮਰ ਵਾਲੇ ਮੁੱਖ ਮੰਤਰੀ ਬਣ ਗਏ। ਪ੍ਰਕਾਸ਼ ਸਿੰਘ ਬਾਦਲ ਦਾ ਜਨਮ ਚਾਲੀ ਮੁਕਤਿਆਂ ਦੇ ਨਾਮ ’ਤੇ ਹੋਂਦ ਵਿਚ ਆਏ ਮੁਕਤਸਰ ਜ਼ਿਲ੍ਹੇ ਦੇ ਪਿੰਡ ਅਬੁਲ ਖੁਰਾਣਾ ਵਿਚ ਅੱਠ ਦਸਬੰਰ 1927 ਨੂੰ ਮਾਤਾ ਜਸਵੰਤ ਕੌਰ ਦੀ ਕੁੱਖੋਂ ਸਰਦਾਰ ਰਘੂਜੀਤ ਸਿੰਘ ਦੇ ਗ੍ਰਹਿ ਵਿਖੇ ਨਾਨਕੇ ਘਰ ਹੋਇਆ ਸੀ। ਇਹ ਸਮਾਂ ‘ਮੈਂ ਮਰਾਂ, ਪੰਥ ਜੀਵੇ’ ਦੀ ਭਾਵਨਾ ਵਾਲੇ ਉੱਚ-ਦੁਮਾਲੜੇ ਵਾਲਿਆਂ ਦਾ ਸੀ। ਪੰਥ-ਪ੍ਰਸਤ ਜਿਊੜੇ ਸਿਰਾਂ ’ਤੇ ਕੱਫਣ ਬੰਨ੍ਹ ਆਪਣੇ ਕੱਚੇ ਘਰਾਂ ਨੂੰ ਅਲਵਿਦਾ ਕਹਿ ਕੇ ਗੁਰਧਾਮਾਂ ਨੂੰ ਪੱਕੇ ਕਰਨ ਲਈ ਰਣ-ਤੱਤੇ ਵਿਚ ਨਿੱਤਰੇ ਸਨ। ਇਨ੍ਹਾਂ ਦੀਆਂ ਲਾਸਾਨੀ ਕੁਰਬਾਨੀਆਂ ਦੀ ਬਦੌਲਤ ਸਿੱਖਾਂ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਸੀ।

ਪੰਥ ਦੇ ਇਸ ਸੁਨਹਿਰੀ ਦੌਰ ਵਿਚ ਬਾਦਲ ਸਾਹਿਬ ਨੇ ਅੱਖਾਂ ਖੋਲ੍ਹੀਆਂ ਸਨ। ਅਫ਼ਸੋਸ! ਅੱਖਾਂ ਮੀਟਣ ਤੋਂ ਪਹਿਲਾਂ ਉਹ ਅਕਾਲੀ ਦਲ ਤਿੰਨ ਸੀਟਾਂ ’ਤੇ ਸਿਮਟ ਗਿਆ ਜਿਸ ਦੇ ਉਹ ਸਰਪ੍ਰਸਤ ਸਨ। ਬਾਦਲ ਸਾਹਿਬ ਨੇ ਕਦੇ ਖ਼ਾਬ ਵਿਚ ਵੀ ਨਹੀਂ ਚਿਤਵਿਆ ਹੋਵੇਗਾ ਕਿ ਉਹ ਖ਼ੁਦ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ 2022 ਦੀਆਂ ਵਿਧਾਨ ਸਭਾ ਚੋਣਾਂ ਹਾਰ ਜਾਣਗੇ। ਪ੍ਰਕਾਸ਼ ਸਿੰਘ ਬਾਦਲ ਦੇਸ਼ ਦੇ ਉਨ੍ਹਾਂ ਉਂਗਲਾਂ ’ਤੇ ਗਿਣੇ ਜਾਣ ਵਾਲੇ ਨੇਤਾਵਾਂ ’ਚੋਂ ਇਕ ਸਨ ਜਿਹੜੇ ਅਰਸ਼ ’ਤੇ ਹੁੰਦੇ ਹੋਏ ਵੀ ਜ਼ਮੀਨ ’ਤੇ ਪੈਰ ਟਿਕਾਈ ਰੱਖਦੇ ਸਨ। ਮਾਲਵੇ ਨੂੰ ਮੈਂ ਆਪਣਾ ‘ਦੂਜਾ ਘਰ’ ਸਮਝਦਾ ਹਾਂ। ਲੰਬਾ ਸਮਾਂ ਇਹ ਮੇਰੀ ਕਰਮ-ਭੂਮੀ ਰਿਹਾ ਹੈ। ਅੰਮ੍ਰਿਤਸਰ ਦਾ ਜੰਮ-ਪਲ ਹੋਣ ਕਰਕੇ ਮੈਂ ਉਨ੍ਹਾਂ ਨੂੰ ਅਕਾਲ ਤਖ਼ਤ ਸਾਹਿਬ ਤੋਂ ਲੱਗਦੇ ‘ਧਰਮ-ਯੁੱਧ’ ਮੋਰਚਿਆਂ ਵਿਚ ਵੱਧ-ਚੜ੍ਹ ਕੇ ਹਿੱਸਾ ਲੈਂਦਿਆਂ ਵੇਖਿਆ ਸੀ।

ਸਰਕਾਰੀ ਨੌਕਰੀ ਤੇ ਪੱਤਰਕਾਰੀ ਕਰਨ ਵੇਲੇ ਵੀ ਉਨ੍ਹਾਂ ਨੂੰ ਬੇਹੱਦ ਕਰੀਬ ਤੋਂ ਵੇਖਣ ਦਾ ਸੁਭਾਗ ਪ੍ਰਾਪਤ ਹੋਇਆ। ਸੰਨ 1997 ਦੀ ਗੱਲ ਹੈ। ਬਠਿੰਡਾ ਦੇ ਸਰਕਟ ਹਾਊਸ ਵਿਚ ਨਵੇਂ ਬਣੇ ਅਕਾਲੀ ਮੰਤਰੀ ਨੇ ਸ਼ਿਕਾਇਤ ਕੀਤੀ ਕਿ ਬਾਦਲ ਸਾਹਿਬ, ਅਫ਼ਸਰ ਸਾਡਾ ਕਹਿਣਾ ਨਹੀਂ ਮੰਨਦੇ। ਉਨ੍ਹਾਂ ਤੁਰੰਤ ਜਵਾਬ ਦਿੱਤਾ, ‘‘ਤੁਹਾਨੂੰ ਕੰਮ ਲੈਣਾ ਹੀ ਨਹੀਂ ਆਉਂਦਾ। ਮੈਂ 16-17 ਸਾਲ ਸੱਤਾ ਤੋਂ ਬਾਹਰ ਰਿਹਾ ਹਾਂ। ਉਦੋਂ ਵੀ ਕਿਸੇ ਅਫ਼ਸਰ ਨੇ ਮੈਨੂੰ ਕਿਸੇ ਕੰਮ ਤੋਂ ਨਾਂਹ ਨਹੀਂ ਕੀਤੀ।’’ ਮੰਤਰੀ ਨੇ ਸ਼ਰਮਿੰਦਗੀ ਵਿਚ ਸਿਰ ਨੀਵਾਂ ਕਰ ਲਿਆ ਸੀ। ਅਜੋਕੇ ਨੇਤਾਵਾਂ ਵਾਂਗ ਮੈਂ ਬਾਦਲ ਹੁਰਾਂ ਨੂੰ ਵਿਰੋਧੀਆਂ ਖ਼ਿਲਾਫ਼ ਕਦੇ ਅਪਸ਼ਬਦ ਬੋਲਦਿਆਂ ਨਹੀਂ ਸੁਣਿਆ ਸੀ। ਚਿੱਕੜ-ਉਛਾਲੀ ਕਰਨੀ ਉਨ੍ਹਾਂ ਦੀ ਫ਼ਿਤਰਤ ਨਹੀਂ ਸੀ।

ਮੁੱਖ ਮੰਤਰੀ ਹੁੰਦਿਆਂ ਉਹ ਸਾਲ ਵਿਚ ਦੋ-ਤਿੰਨ ਵਾਰ ਘਰ ਜ਼ਰੂਰ ਪਧਾਰਦੇ। ਮੈਂ ਇਹ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਉਨ੍ਹਾਂ ਨੇ ਇਨ੍ਹਾਂ ਮੁਲਾਕਾਤਾਂ ਦੌਰਾਨ ਕਦੇ ਵੀ ਕਿਸੇ ਕਿਸਮ ਦਾ ਸਵਾਲ ਨਹੀਂ ਸੀ ਪਾਇਆ। ਰੱਬ ਦੀ ਹੀ ਕਿਰਪਾ ਸਮਝੋ, ਮੈਨੂੰ ਵੀ ਕਦੇ ਉਨ੍ਹਾਂ ਨਾਲ ਕੋਈ ਕੰਮ ਨਹੀਂ ਸੀ ਪਿਆ। ਹਾਂ, ਚਾਹ ਦੇ ਪਿਆਲੇ ’ਤੇ ਸਿਆਸੀ ਵਿਚਾਰ-ਵਟਾਂਦਰਾ ਜ਼ਰੂਰ ਹੋ ਜਾਂਦਾ ਸੀ। ਮੈਂ ਜਦੋਂ ਸੰਪਾਦਕ ਦਾ ਅਹੁਦਾ ਤਿਆਗ ਕੇ ਪਟਿਆਲਾ ਆ ਗਿਆ ਤਾਂ ਉਨ੍ਹਾਂ ਨੇ ਆਪਣੇ ਖ਼ਾਸ ਸਹਿਯੋਗੀ ਨੂੰ ਘਰ ਭੇਜ ਕੇ ਉਲਾਂਭਾ ਜ਼ਰੂਰ ਭੇਜਿਆ ਕਿ ਮੈਂ ਬਿਨਾਂ ਦੱਸੇ ਤੇ ਬਗ਼ੈਰ ਮਿਲੇ ਚਲਾ ਗਿਆ ਹਾਂ।

ਸੰਪਾਦਕ ਦਾ ਅਹੁਦਾ ਛੱਡਣ ਪਿੱਛੋਂ ਅਜਿਹੀ ਮੁਹੱਬਤ ਉਨ੍ਹਾਂ ਦੇ ਨਿਰਸਵਾਰਥ ਹੋਣ ਦਾ ਸਬੂਤ ਕਹੀ ਜਾ ਸਕਦੀ ਹੈ। ‘ਸੰਗਤ ਦਰਸ਼ਨ’ ਪ੍ਰੋਗਰਾਮਾਂ ਵੇਲੇ ਉਹ ਕਿਸੇ ਦੀ ਸਿਫ਼ਾਰਸ਼ ਕਰਦਿਆਂ ਕਹਿੰਦੇ, ‘‘ਡੀਸੀ ਸਾਹਿਬ, ਦੇਖ ਲੈਣਾ ਜੇ ਕੰਮ ਹੋ ਸਕੇ।’’ ਕੋਈ ਵੀ ਅਫ਼ਸਰ ਇਸ ਲਹਿਜ਼ੇ ਵਿਚ ਕੀਤੀ ਗਈ ਸਿਫ਼ਾਰਸ਼ ਦੀ ਅਣਦੇਖੀ ਨਾ ਕਰ ਸਕਦਾ। ਬਾਦਲ ਸਾਹਿਬ ਦਾ ਸਮੇਂ ਸਿਰ ਉੱਠਣਾ ਤੇ ਸਮੇਂ ਸਿਰ ਸਮਾਗਮਾਂ ਵਿਚ ਪੁੱਜਣਾ ਹਰ ਕਿਸੇ ਦੇ ਮਨ ਨੂੰ ਭਾਉਂਦਾ ਸੀ। ਮੀਡੀਆ ਸਲਾਹਕਾਰ ਦੀ ਡਿਊਟੀ ਸੀ ਕਿ ਸਭ ਅਖ਼ਬਾਰਾਂ ਦੀਆਂ ਕਾਤਰਾਂ ਉਨ੍ਹਾਂ ਨੂੰ ਸਾਝਰੇ ਹੀ ਪਹੁੰਚਾ ਦੇਵੇ। ਬਠਿੰਡੇ ਵਿਚ ਅਖ਼ਬਾਰ ਨਵੀਸੀ ਕਰਦਿਆਂ ਮੈਂ ਤੇ ਯੂਨੀਵਰਸਿਟੀ ਦਾ ਮੇਰਾ ਬੇਲੀ ਐੱਸਐੱਸਪੀ ਰਾਤ ਦੇਰ ਤੱਕ ਕਿਸੇ ਸਮਾਗਮ ਵਿਚ ਸ਼ਾਮਲ ਸਾਂ। ਮੈਂ ਇਕ ਕੁਰਖ਼ਤ ਸੀਆਈਏ ਇੰਸਪੈਕਟਰ ਖ਼ਿਲਾਫ਼ ਖ਼ਬਰ ਭੇਜੀ ਸੀ ਕਿ ਕਿਵੇਂ ਉਸ ਨੇ ਕਿਸੇ ਗੱਭਰੂ ਨੂੰ ਉਸ ਦੀ ਮਾਂ ਅੱਗੇ ਨਿਰਵਸਤਰ ਕੀਤਾ ਸੀ। ਖ਼ਬਰ ਅਖ਼ਬਾਰ ਦੇ ਪਹਿਲੇ ਪੰਨੇ ਦਾ ‘ਟੌਪ ਬਾਕਸ’ ਬਣੀ।

ਬਾਦਲ ਸਾਹਿਬ ਦੇ ਫੋਨ ਨੇ ਦੇਰ ਨਾਲ ਸੌਣ ਤੇ ਦੇਰ ਨਾਲ ਜਾਗਣ ਵਾਲੇ ਐੱਸਐੱਸਪੀ ਨੂੰ ਗੂੜ੍ਹੀ ਨੀਂਦ ’ਚੋਂ ਉਠਾ ਕੇ ਉਸ ਦੀ ਜਵਾਬ-ਤਲਬੀ ਕੀਤੀ। ਮੇਰਾ ਮਿੱਤਰ ਕਈ ਸਾਲ ਮੇਰੇ ਨਾਲ ਰੁੱਸਿਆ ਰਿਹਾ ਕਿ ਜੇ ਮੈਂ ਉਸ ਨੂੰ ਰਾਤ ਹੀ ਖ਼ਬਰ ਬਾਰੇ ਦੱਸ ਦਿੰਦਾ ਤਾਂ ਉਸ ਨੂੰ ਅਜਿਹੀ ਸਥਿਤੀ ਦਾ ਸਾਹਮਣਾ ਨਾ ਕਰਨਾ ਪੈਂਦਾ। ਇਨਸਾਨ ਗ਼ਲਤੀਆਂ ਦਾ ਪੁਤਲਾ ਹੈ। ਜਾਣੇ-ਅਣਜਾਣੇ ਕੀਤੀਆਂ ਭੁੱਲਾਂ ਬਖ਼ਸ਼ਾਉਣ ਦੀ ਹਰ ਸਿੱਖ ਰੋਜ਼ਾਨਾ ਅਰਦਾਸ ਕਰਦਾ ਹੈ। ‘ਫ਼ਖਰ-ਏ-ਕੌਮ’ ਦਾ ਖ਼ਿਤਾਬ ਹਾਸਲ ਕਰਨ ਵਾਲੇ ਬਾਦਲ ਹੁਰਾਂ ਕੋਲੋਂ ਵੀ ਆਪਣੇ ਲੰਬੇ ਸਿਆਸੀ ਜੀਵਨ ਵਿਚ ਕਈ ਗ਼ਲਤੀਆਂ ਹੋਈਆਂ ਹੋਣਗੀਆਂ।

‘ਪੰਥ ਅਤੇ ਗ੍ਰੰਥ’ ਦੀ ਚੱਤੋ ਪਹਿਰ ਪਰਿਕਰਮਾ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਨੂੰ 2015 ਵਿਚ ਹੋਏ ‘ਬੇਅਦਬੀ ਕਾਂਡ’ ਨੇ ਵੱਡਾ ਖੋਰਾ ਲਾਇਆ। ਉਸ ਨੂੰ ਇਸ ਦਾ ਖ਼ਮਿਆਜ਼ਾ 2017 ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਭੁਗਤਣਾ ਪਿਆ। ਇਹ ਝੋਰਾ ਬਾਦਲ ਸਾਹਿਬ ਵਾਸਤੇ ਅਸਹਿ ਸੀ। ਇਹੀ ਕਾਰਨ ਸੀ ਕਿ ਆਖ਼ਰੀ ਚੋਣ ਹਾਰਨ ਤੋਂ ਬਾਅਦ ਉਨ੍ਹਾਂ ਨੇ ਸਰਗਰਮ ਸਿਆਸਤ ਤੋਂ ਕਿਨਾਰਾ ਕਰ ਲਿਆ ਸੀ। ਭਾਜਪਾ ਨਾਲ ਨਹੁੰ-ਮਾਸ ਦਾ ਰਿਸ਼ਤਾ ਟੁੱਟਣਾ ਵੀ ਉਨ੍ਹਾਂ ਲਈ ਵੱਡੇ ਸਦਮੇ ਤੋਂ ਘੱਟ ਨਹੀਂ ਸੀ।

ਆਪਣੇ ਸਿਆਸੀ ਜੀਵਨ ਦੌਰਾਨ ਉਨ੍ਹਾਂ ਨੇ ਨਕਸਲਬਾੜੀ ਲਹਿਰ, ਪੰਜਾਬ ਦੀ ਕਤਲੋਗਾਰਤ, ਸਾਕਾ ਨੀਲਾ ਤਾਰਾ, ਸਿੱਖ ਵਿਰੋਧੀ ਦਿੱਲੀ ਦੇ ਦੰਗਿਆਂ ਤੋਂ ਇਲਾਵਾ ਅਣਗਿਣਤ ਸਿਆਸੀ ਵਾਵਰੋਲਿਆਂ, ਫ਼ਿਰਕੂ ਝੱਖੜਾਂ-ਹਨੇਰੀਆਂ ਤੇ ਚੁਣੌਤੀਆਂ ਦਾ ਸਾਹਮਣਾ ਦਲੇਰੀ ਨਾਲ ਕੀਤਾ ਸੀ ਪਰ ਆਖ਼ਰੀ ਸਮੇਂ ਉਨ੍ਹਾਂ ਦੇ ਅੰਦਰਲਾ ਫ਼ੌਲਾਦ ਢਲ ਗਿਆ ਸੀ।